ਕਠੂਆ: ਆਖ਼ਿਰ ਕੌਣ ਹਨ ਬਕਰਵਾਲ?

    • ਲੇਖਕ, ਮੋਹਿਤ ਕੰਧਾਰੀ
    • ਰੋਲ, ਜੰਮੂ ਤੋਂ ਬੀਬੀਸੀ ਪੰਜਾਬੀ ਲਈ

ਜਦੋਂ ਦਾ ਕਠੂਆ ਰੇਪ ਅਤੇ ਹੱਤਿਆ ਦਾ ਮਾਮਲਾ ਭਖਿਆ ਹੈ ਜੰਮੂ-ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿੱਚ ਰਹਿਣ ਵਾਲੇ ਬਕਰਵਾਲ ਭਾਈਚਾਰੇ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮੰਨ ਰਹੇ ਹਨ।

ਉਨ੍ਹਾਂ ਨੂੰ ਲਗਾਤਾਰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਕਿਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ ਅਤੇ ਉਨ੍ਹਾਂ ਨੂੰ ਇਸ ਦਾ ਖਾਮਿਆਜ਼ਾ ਨਾ ਭੁਗਤਨਾ ਪੈ ਜਾਵੇ।

ਜ਼ਮੀਨੀ ਹਾਲਾਤ ਨੂੰ ਦੇਖਦੇ ਹੋਏ ਅਤੇ ਲਗਾਤਾਰ ਪਾਰਾ ਚੜਨ ਕਾਰਨ ਇਸ ਸਾਲ ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਹੀ ਜੰਮੂ ਛੱਡ ਠੰਢੇ ਇਲਾਕੇ ਵਿੱਚ ਜਾਣ ਦਾ ਫੈਸਲਾ ਕਰ ਲਿਆ ਹੈ।

ਅਜਿਹਾ ਕਰਨਾ ਉਨ੍ਹਾਂ ਲਈ ਜਰੂਰੀ ਸੀ ਕਿਉਂਕਿ ਮੀਂਹ ਦੇ ਇੰਤਜ਼ਾਰ ਵਿੱਚ ਉਨ੍ਹਾਂ ਦੇ ਮਾਲ-ਮਵੇਸ਼ੀਆਂ ਲਈ ਪਾਣੀ ਅਤੇ ਚਾਰੇ ਦਾ ਇੰਤਜ਼ਾਮ ਕਰਨਾ ਮੁਸ਼ਕਲ ਹੋ ਰਿਹਾ ਸੀ।

8 ਸਾਲ ਦੀ ਮਾਸੂਮ ਬੱਚੀ ਦੇ ਪਰਿਵਾਰ ਦੇ ਮੈਂਬਰ ਵੀ ਕਠੂਆ ਦੇ ਰਸਾਨਾ ਪਿੰਡ 'ਚ ਆਪਣੇ ਘਰ ਨੂੰ ਤਾਲਾ ਲਾ ਕੇ ਮਾਲ ਮਵੇਸ਼ੀਆਂ ਨਾਲ ਅਗਲੇ ਪੜਾਅ ਲਈ ਵਧ ਗਏ ਹਨ।

ਉਨ੍ਹਾਂ ਦੇ ਨਾਲ ਨਾਲ ਬਾਕੀ ਇਲਾਕਿਆਂ ਵਿੱਚ ਡੇਰਾ ਲਾਏ ਅਜਿਹੇ ਸੈਂਕੜੇ ਗੁੱਜਰ ਬਕਰਵਾਲ ਪਰਿਵਾਰ ਇਸ ਵੇਲੇ ਜੰਮੂ ਦੇ ਮੈਦਾਨੀ ਇਲਾਕਿਆਂ ਤੋਂ ਕਸ਼ਮੀਰ ਅਤੇ ਦੂਜੇ ਪਹਾੜੀ ਇਲਕਾਇਆਂ ਵੱਲ ਰਵਾਨਾ ਹੋ ਰਹੇ ਹਨ।

ਗਰਮੀਆਂ ਦੇ ਦਿਨ ਕੱਟ ਕੇ ਲੋਕ ਨਵੰਬਰ ਮਹੀਨੇ ਵਿੱਚ ਵਾਪਸ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੇ ਹਨ।

ਉਪਰੀ ਇਲਾਕਿਆਂ ਵਿੱਚ ਬਰਫ਼ ਪੈਣ ਨਾਲ ਹੀ ਇਹ ਆਪਣਾ ਡੇਰਾ ਬਦਲ ਲੈਂਦੇ ਹਨ।

ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ 'ਤੇ ਥਾਂ ਥਾਂ ਇਹ ਲੋਕ ਆਪਣੇ ਮਾਲ ਮਵੇਸ਼ੀਆਂ ਨਾਲ ਤੁਰਦੇ ਦਿਖਣਗੇ।

ਕੁਝ ਲੋਕ ਸੜਕ ਮਾਰਗ ਛੱਡ ਕੇ ਸਿੱਧਾ ਪਹਾੜੀ ਰਸਤਿਆਂ ਰਾਹੀਂ ਆਪਣੀ ਮੰਜ਼ਿਲ ਦਾ ਰਸਤਾ ਤੈਅ ਕਰਦੇ ਹਨ।

ਜਿੱਥੇ ਕਿਤੇ ਰੁਕਣ ਦੀ ਥਾਂ ਮਿਲਦੀ ਹੈ, ਕੁਝ ਸਮੇਂ ਲਈ ਇਹ ਲੋਕ ਉੱਥੇ ਹੀ ਆਪਣਾ ਡੇਰਾ ਜਮਾ ਲੈਂਦੇ ਹਨ।

ਕੁਝ ਦੇਰ ਆਰਾਮ ਕਰਕੇ ਆਪਣੇ ਮਾਲ ਮਵਾਸ਼ੀਆਂ ਨੂੰ ਪਾਣੀ ਪਿਆ ਕਿ ਫੇਰ ਅੱਗੇ ਤੁਰ ਪੈਂਦੇ ਹਨ।

ਉਨ੍ਹਾਂ ਦੇ ਜੀਵਨ ਦਾ ਚੱਕਰ ਇਸ ਤਰ੍ਹਾਂ ਹੀ ਲਗਾਤਾਰ ਚਲਦਾ ਰਹਿੰਦਾ ਹੈ, ਕਦੇ ਰੁਕਦਾ ਨਹੀਂ।

ਆਖ਼ਿਰ ਬਕਰਵਾਲ ਹੈ ਕੌਣ?

ਬੁਨਿਆਦੀ ਤੌਰ 'ਤੇ ਗੁੱਜਰ ਸਮਾਜ ਦੇ ਇੱਕ ਵੱਡੇ ਅਤੇ ਰਸੂਕਦਾਰ ਤਬਕੇ ਨੂੰ 'ਬਕਰਵਾਲ' ਕਿਹਾ ਜਾਂਦਾ ਹੈ।

ਉਨ੍ਹਾਂ ਨੂੰ ਇਹ ਨਾਮ ਕਸ਼ਮੀਰੀ ਬੋਲਣ ਵਾਲੇ ਵਿਦਵਾਨਾਂ ਨੇ ਦਿੱਤਾ ਹੈ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਗੁੱਜਰ ਭਾਈਚਾਰੇ ਦੇ ਲੋਕਾਂ ਦਾ ਦੂਜਾ ਨਾਮ ਬਕਰਵਾਲ ਵੀ ਹੈ।

ਬਕਰਵਾਲ ਭਾਈਚਾਰੇ ਨਾਲ ਜੁੜੇ ਲੋਕਾਂ ਦੀ ਵੱਡੀ ਗਿਣਤੀ ਭੇਡ-ਬੱਕਰੀਆਂ ਚਰਾਉਣ ਦਾ ਕੰਮ ਕਰਦੀ ਹੈ।

ਅਜਿਹੇ ਬਹੁਤ ਸਾਰੇ ਨੇਤਾ ਹਨ ਜੋ ਬਕਰਵਾਲ ਹੁੰਦੇ ਹੋਏ ਵੀ ਆਪਣੇ ਆਪ ਨੂੰ ਗੁੱਜਰ ਨੇਤਾ ਕਹਾਉਣਾ ਪਸੰਦ ਕਰਦੇ ਹਨ।

ਇਨ੍ਹਾਂ ਵਿੱਚ ਕੁਝ ਲੋਕ ਹਨ ਜੋ ਥੋੜਾ ਪੜ੍ਹ ਲਿਖ ਗਏ ਹਨ ਅਤੇ ਲਗਾਤਾਰ ਇਸ ਕੋਸ਼ਿਸ਼ ਵਿੱਚ ਹਨ ਕਿ ਉਨ੍ਹਾਂ ਦੇ ਭਾਈਚਾਰੇ ਨਾਲ ਜੁੜੇ ਲੋਕ ਵੀ ਹੌਲੀ-ਹੌਲੀ ਹੀ ਸਹੀ ਆਪਣੇ ਕੰਮ ਕਾਜ ਠੀਕ ਢੰਗ ਨਾਲ ਚਲਾਉਣ ਲਈ ਥੋੜ੍ਹਾ ਬਹੁਤ ਪੜ੍ਹ ਲਿਖ ਜਾਣ ਅਤੇ ਦੁਨੀਆਂ ਦੀ ਖ਼ਬਰ ਰਖਣ।

ਆਜ਼ਾਦੀ ਦੇ 70 ਸਾਲ ਲੰਘਣ ਤੋਂ ਬਾਅਦ ਵੀ ਇਹ ਲੋਕ ਆਪਣਾ ਗੁਜਾਰਾ ਖੁੱਲ੍ਹੇ ਅਸਮਾਨ ਅਤੇ ਪਹਾੜੀ ਇਲਾਕਿਆਂ ਵਿੱਚ ਕਰਦੇ ਹਨ ਅਤੇ ਆਪਣੇ ਮਾਲ ਮਵੇਸ਼ੀਆਂ ਨਾਲ ਰਹਿੰਦੇ ਹਨ।

ਇੱਕ ਲੰਮੇ ਸਮੇਂ ਤੋਂ ਗੁੱਜਰ ਅਤੇ ਬਕਰਵਾਲਾਂ ਦੇ ਜੀਵਨ ਨਾਲ ਜੁੜੇ ਪਹਿਲੂਆਂ 'ਤੇ ਖੋਜ ਕਰ ਰਹੇ ਜਾਵੇਦ ਰਾਹੀ ਜੋ ਕਿ ਇੱਕ ਸਕੱਤਰ ਦੀ ਹੈਸੀਅਤ ਤੋਂ ਟ੍ਰਾਈਬਲ ਰਿਸਰਚ ਅਤੇ ਕਲਚਰਲ ਫਾਊਂਡੇਸ਼ਨ ਨਾਲ ਵੀ ਜੁੜੇ ਹਨ।

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਗੁੱਜਰ ਅਤੇ ਬਕਰਵਾਲ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।

ਉਨ੍ਹਾਂ ਦੇ ਮੁਤਾਬਕ ਕੁਝ ਗੁਜਰ ਅਤੇ ਬਕਰਵਾਲ ਪੂਰੀ ਤਰ੍ਹਾਂ ਨਾਲ ਖਾਨਾਬਦੋਸ਼ ਹੁੰਦੇ ਹਨ, ਉਨ੍ਹਾਂ ਨੂੰ ''FULLY NOMAD' ਕਿਹਾ ਜਾਂਦਾ ਹੈ।

ਇਹ ਲੋਕ ਸਿਰਫ਼ ਜੰਗਲਾਂ ਵਿੱਚ ਗੁੱਜਰ ਬਸਰ ਕਰਦੇ ਅਤੇ ਉਨ੍ਹਾਂ ਕੋਲ ਟਿਕਾਣਾ ਨਹੀਂ ਹੁੰਦਾ।

ਦੂਜੀ ਸ਼੍ਰੇਣੀ ਵਿੱਚ 'SEMI NOMAD' ਆਉਂਦੇ ਹਨ। ਜਾਵੇਦ ਰਾਹੀ ਮੁਤਾਬਕ ਇਹ ਉਹ ਲੋਕ ਹਨ, ਜਿਨ੍ਹਾਂ ਦੇ ਕੋਲ ਕਿਤੇ ਇੱਕ ਥਾਂ ਰਹਿਣ ਦਾ ਟਿਕਾਣਾ ਹੈ। ਉਹ ਆਲੇ-ਦੁਆਲੇ ਦੇ ਜੰਗਲਾਂ ਵਿੱਚ ਕੁਝ ਸਮੇਂ ਲਈ ਚਲੇ ਜਾਂਦੇ ਹਨ ਤੇ ਕੁਝ ਸਮਾਂ ਬਿਤਾ ਕੇ ਵਾਪਸ ਆਪਣੇ ਡੇਰੇ 'ਤੇ ਆ ਜਾਂਦੇ ਹਨ।

ਤੀਜੀ ਸ਼੍ਰੇਣੀ ਵਿੱਚ 'MIGRATORY NOMAD' ਆਉਂਦੇ ਹਨ ਜਿਨ੍ਹਾਂ ਕੋਲ ਪਹਾੜੀ ਇਲਾਕੇ ਵਿੱਚ ਧੋਕ ਮਜੂਦ ਹੈ ਅਤੇ ਇੱਥੇ ਮੈਦਾਨੀ ਇਲਾਕਿਆਂ ਵਿੱਚ ਵੀ ਰਹਿਣ ਦਾ ਟਿਕਾਣਾ ਹੈ।

ਗੁੱਜਰ ਅਤੇ ਬਕਰਵਾਲ ਹਿੰਦੁਸਤਾਨ ਵਿੱਚ 12 ਸੂਬਿਆਂ ਵਿੱਚ ਹਨ। ਇਸ ਤੋਂ ਇਲਾਵਾ ਇਹ ਕਬੀਲਾ ਵੱਡੀ ਗਿਣਤੀ ਵਿੱਚ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਵੀ ਮੌਜੂਦ ਹੈ।

ਜਾਵੇਦ ਰਹੀ ਮੁਤਾਬਕ ਇਨ੍ਹਾਂ ਦੀ ਜ਼ੁਬਾਨ, ਇਨ੍ਹਾਂ ਦਾ ਲਿਬਾਸ, ਇਨ੍ਹਾਂ ਦਾ ਖ਼ਾਨ ਪਾਨ ਅਤੇ ਰਹਿਣ ਸਹਿਣ ਇਨ੍ਹਾਂ ਦੀ ਪਛਾਣ ਹੈ। ਇੰਨਾਂ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਉਨ੍ਹਾਂ ਵਿੱਚ ਕੋਈ ਬਦਲਾਅ ਨਹੀਂ ਆਇਆ।

ਇਸ ਦਾ ਇੱਕ ਕਾਰਨ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਨਾਲ ਉਨ੍ਹਾਂ ਦਾ ਸਿੱਧਾ ਸੰਪਰਕ ਨਾ ਹੋਣਾ ਮੰਨਿਆ ਜਾਂਦਾ ਹੈ।

ਜਾਵੇਦ ਰਾਹੀ ਦੱਸਦੇ ਹਨ, "ਇੱਕ ਲੰਮੇ ਸੰਘਰਸ਼ ਤੋਂ ਬਾਅਦ 1991 ਵਿੱਚ ਬਕਰਵਾਲਾਂ ਨੂੰ ਟ੍ਰਾਈਬਸ ਦਾ ਸਟੇਟਸ ਮਿਲਿਆ ਹੈ।"

2011 ਦੀ ਮਰਦਸ਼ੁਮਾਰੀ ਮੁਤਾਬਕ ਰਿਆਸਤ ਜੰਮੂ-ਕਸ਼ਮੀਰ ਵਿੱਚ ਗੁੱਜਰ ਬਕਰਵਾਲ ਦੀ ਕੁਲ ਆਬਾਦੀ ਲਗਬਗ 12 ਲੱਖ ਦੇ ਕਰੀਬ ਹੈ ਜੋ ਕਿ ਰਿਆਸਤ ਦੀ ਜਨਸੰਖਿਆ ਦਾ 11 ਫੀਸਦ ਹਿੱਸਾ ਹੈ।

ਜਾਵੇਦ ਰਾਹੀ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਦੱਸਿਆ ਕਿ ਮਰਦਸ਼ੁਮਾਰੀ ਮੁਤਾਬਕ 9.80 ਲੱਖ ਗੁੱਜਰ ਅਤੇ 2.17 ਬਕਰਵਾਲ ਜੰਮੂ-ਕਸ਼ਮੀਰ ਵਿੱਚ ਰਹਿ ਰਹੇ ਹਨ।

ਜਾਵੇਦ ਰਾਹੀ ਕਹਿੰਦੇ ਹਨ, "ਇੱਹ ਅੰਕੜਾ ਵੀ ਸਟੀਕ ਨਹੀਂ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਜਿਸ ਵੇਲੇ ਅਧਿਕਾਰੀ ਜ਼ਮੀਨ 'ਤੇ ਇਸ ਕਾਰਵਾਈ ਨੂੰ ਅੰਜ਼ਾਮ ਦੇ ਰਹੇ ਸਨ ਉਸ ਵੇਲ ਵੱਡੀ ਗਿਣਤੀ ਵਿੱਚ ਬਕਰਵਾਲ ਲੋਕ ਆਪਣੀ ਧੋਕ ਵਿੱਚ ਸਨ ਅਤੇ ਕੁਝ ਖਾਨਾਬਦੋਸ਼ ਸਨ। ਇਸ ਕਾਰਨ ਗਿਣਤੀ ਠੀਕ ਢੰਗ ਨਾਲ ਨਹੀਂ ਹੋ ਸਕੀ।"

ਉਨ੍ਹਾਂ ਦੇ ਅੰਦਾਜ਼ੇ ਮੁਤਾਬਕ ਅਜਿਹੇ ਬਕਰਵਾਲ/ਗੁੱਜਰ ਲੋਕ ਕਰੀਬ 5-6 ਲੱਖ ਵਿਚਾਲੇ ਹਨ।"

ਬਕਰਵਾਲਾਂ ਦੀ ਮਾਲੀ ਹਾਲਤ

ਆਪਣੇ ਮਾਲ ਮਵੇਸ਼ੀਆਂ ਨੂੰ ਵੇਚ ਕੇ ਆਪਣਾ ਗੁਜਾਰਾ ਕਰਨ ਵਾਲੇ ਬਕਰਵਾਲ ਲੋਕ ਮੋਟੇ ਤੌਰ 'ਤੇ ਭੇਡ-ਬੱਕਰੀਆਂ, ਘੋੜੇ ਅਤੇ ਕੁੱਤਿਆਂ ਨੂੰ ਪਾਲਦੇ ਹਨ।

ਰਿਆਸਤ ਜੰਮੂ ਅਤੇ ਕਸ਼ਮੀਰ ਵਿੱਚ ਜੋ ਗੋਸ਼ਤ (ਮਟਨ) ਦੀ ਮੰਗ ਹੈ ਉਹ ਰਾਜਸਥਾਨ ਦੇ ਰਸਤੇ ਮੰਗਵਾਏ ਗਏ ਜਾਨਵਰਾਂ ਤੋਂ ਪੂਰੀ ਕੀਤੀ ਜਾਂਦੀ ਹੈ। ਰਿਆਸਤ ਵਿੱਚ ਵਸੇ ਗੁੱਜਰ-ਬਕਰਵਾਲ ਮੋਟੇ ਤੌਰ 'ਤੇ ਈਦ ਦੇ ਮੌਕੇ 'ਤੇ, ਤਿਓਹਾਰ ਵੇਲੇ ਅਤੇ ਪਾਰੰਪਰਿਕ ਰੀਤੀ ਰਿਵਾਜ਼ਾਂ ਵੇਲੇ ਸਥਾਨਕ ਲੋਕਾਂ ਦੀ ਮੰਗ ਪੂਰੀ ਕਰਦੇ ਹਨ।

ਜਾਵੇਦ ਰਾਹੀ ਮੁਤਾਬਕ ਅਜਿਹਾ ਇਸ ਲਈ ਹੈ ਕਿ ਬਕਰਵਾਲਾਂ ਕੋਲ ਜੋ ਮਾਲ ਮਵੇਸ਼ੀ ਹੁੰਦਾ ਹੈ, ਉਸ ਨੂੰ ਸਥਾਨਕ ਲੋਕ ਆਪਣੇ ਰਸੋਈ ਵਿੱਚ ਪਕਾਉਣਾ ਪਸੰਦ ਕਰਦੇ ਹਨ।

ਜਾਵੇਦ ਰਾਹੀ ਦੱਸਦੇ ਹਨ ਕਿ ਬਕਰਵਾਲ ਭਾਈਚਾਰੇ ਦੇ ਲੋਕ ਅੱਜ ਵੀ ਆਪਣੀ ਵਰਤੋਂ ਲਈ ਕੰਮ ਆਉਣ ਵਾਲੇ ਸਮਾਨ ਬਾਰਟਰ ਸਿਸਟਮ ਨਾਲ ਹੀ ਖਰੀਦਦੇ ਹਨ।

ਇਨ੍ਹਾਂ ਲੋਕਾਂ ਦੇ ਬੈਂਕ ਖਾਤੇ ਨਹੀਂ ਹੁੰਦੇ ਅਤੇ ਨਾ ਹੀ ਬੈਂਕਿੰਗ ਸਿਸਟਮ ਵਿੱਤ ਇਨ੍ਹਾਂ ਦੇ ਭਾਈਚਾਰੇ ਲੋਕਾਂ ਨੂੰ ਵਿਸ਼ਵਾਸ ਹੁੰਦਾ ਹੈ।

ਉਨ੍ਹਾਂ ਮੁਤਾਬਕ ਇੱਕ ਲੰਮੇ ਸਮੇਂ ਤੋਂ ਉਨ੍ਹਾਂ ਦੀ ਇਹ ਮੰਗ ਰਹੀ ਹੈ ਕਿ ਲੋੜ ਮੁਤਾਬਕ ਉਨ੍ਹਾਂ ਨੂੰ 'ਫੂਡ ਸਿਕਿਓਰਿਟੀ' ਦਿੱਤੀ ਜਾਵੇ ਪਰ ਸਰਕਾਰ ਅਜੇ ਤੱਰ ਕੋਈ ਠੋਸ ਪਾਲਿਸੀ ਨਹੀਂ ਬਣਾ ਸਕੀ ਜਿਸ ਨਾਲ ਉਨ੍ਹਾਂ ਦੀ ਇਹ ਮੰਗ ਪੂਰੀ ਕੀਤੀ ਜਾ ਸਕੇ।

ਜਾਵੇਦ ਰਾਹੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਨੂੰ ਇਸ ਦੀ ਸਿਫ਼ਾਰਿਸ਼ ਵੀ ਕੀਤੀ ਪਰ ਅਜੇ ਤੱਕ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਸਰਕਾਰ ਅਜੇ ਤੱਕ ਇਸ ਗੱਲ ਨੂੰ ਸਮਝ ਨਹੀਂ ਸਕੀ ਕਿ ਇਹ ਲੋਕ ਇੱਕ ਥਾਂ ਨਹੀਂ ਵਸੇ ਹੋਏ। ਜੇਕਰ ਸਰਕਾਰ ਨੂੰ ਇਨ੍ਹਾਂ ਦੀ ਮਦਦ ਕਰਨੀ ਹੈ ਤਾਂ ਕੋਈ ਅਣੋਖੀ ਸਕੀਮ ਬਣਾਉਣੀ ਪਵੇਗੀ ਜਿਸ ਵਿੱਚ ਇਨ੍ਹਾਂ ਦੀ ਮਦਦ ਕਰਨ ਵਾਲਾ ਮੋਬਾਈਲ ਰਹੇ ਪਰ ਅੱਜ ਤੱਕ ਅਜਿਹਾ ਨਹੀਂ ਹੋ ਸਕਿਆ ਹੈ।"

ਸਮਾਜਕ ਸੁਰੱਖਿਆ ਅਤੇ ਸਿਹਤ

ਬਕਰਵਾਲ ਭਾਈਚਾਰੇ ਦੇ ਲੋਕ ਅੱਜ ਵੀ ਗਿਣਤੀ ਵਿੱਚ ਪੜ੍ਹਾਈ ਤੋਂ ਮਹਿਰੂਮ ਹਨ। ਸਰਕਾਰ ਨੇ ਆਪਣੇ ਵੱਲੋਂ ਵੱਡੀ ਗਿਣਤੀ ਵਿੱਚ ਮੋਬਾਈਲ ਸਕੂਲਾਂ ਦਾ ਇੰਤੇਜ਼ਾਮ ਕੀਤਾ। ਥੋੜ੍ਹਾ ਬਹੁਤ ਪੜ੍ਹ ਲਿਖ ਕੇ ਨਿਕਲੇ ਨੌਜਵਾਨਾਂ ਨੂੰ ਇਨ੍ਹਾਂ ਮੌਬਾਈਲ ਸਕੂਲਾਂ ਵਿੱਚ ਨੌਕਰੀ ਵੀ ਦਿੱਤੀ ਪਰ ਅੱਜ ਤੱਕ ਇਸ ਸਕੀਮ ਦੀ ਸਫਲਤਾ 'ਤੇ ਪ੍ਰਸ਼ਨ ਚਿਨ੍ਹ ਲੱਗੇ ਹੋਏ ਹਨ।

ਉਨ੍ਹਾਂ ਨੇ ਤਾਜ਼ਾ ਹਾਲਾਤ ਦੇ ਹਵਾਲੇ ਨਾਲ ਸਰਕਾਰ ਤੋਂ ਬਸ ਇੱਕ ਹੀ ਮੰਗ ਰੱਖੀ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਡੇਰਿਆਂ ਨੂੰ ਉਜਾੜਿਆਂ ਨਾ ਜਾਵੇ।

ਬਸ਼ਾਰਤ ਹੁਸੈਨ ਨੇ ਦੱਸਿਆ ਕਿ ਜਦੋਂ-ਜਦੋਂ ਉਹ ਸੜਕ ਦੇ ਰਸਤੇ ਆਪਣੇ ਟਿਕਾਣਿਆਂ ਵੱਲ ਜਾਂਦੇ ਹਨ ਤਾਂ ਰਸਤੇ ਵਿੱਚ ਆਵਾਜਾਈ ਕਾਰਨ ਬੜੀ ਪਰੇਸ਼ਾਨੀ ਆਉਂਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮਾਲ ਮਵੇਸ਼ੀ ਕਾਰਨ ਲੰਮਾ ਸਫ਼ਰ ਤੈਅ ਕਰਨਾ ਹੁੰਦਾ ਹੈ, ਇਸ ਲਈ ਜੇਕਰ ਸਰਕਾਰ ਚਾਹੇ ਤਾਂ ਉਨ੍ਹਾਂ ਦੀ ਮਦਦ ਕਰ ਸਕਦੀ ਹੈ।

ਜਿਵੇਂ ਹਾਈਵੇ 'ਤੇ ਟ੍ਰੈਫਿਕ ਕੰਟ੍ਰੋਲ ਕੀਤਾ ਜਾਂਦਾ ਹੈ ਓਵੇਂ ਹੀ ਉਨ੍ਹਾਂ ਦੇ ਡੇਰਿਆਂ ਲਈ ਕੁਝ ਸਮੇਂ ਲਈ ਟ੍ਰਾਫਿਕ ਨੂੰ ਬੰਦ ਕੀਤਾ ਦਾ ਸਕਦਾ ਹੈ।

ਜਾਵੇਦ ਰਾਹੀ ਨੇ ਦੱਸਿਆ ਕਿ ਵੱਡੀ ਗਿਣਤਾ ਵਿੱਚ ਖੋਲ੍ਹੇ ਗਏ ਮੋਬਾਈਲ ਸਕੂਲ ਬਿਨਾ ਕਿਸੇ ਬੁਨਿਆਦੀ ਸੁਵਿਧਾ ਕਾਰਨ ਸਿਰਫ ਸਰਕਾਰੀ ਕਾਗਜਾਂ ਵਿੱਚ ਹੀ ਚਲ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਵੱਲ ਥੋੜ੍ਹਾ ਧਿਆਨ ਦੇਣ ਦੀ ਲੋੜ ਹੈ।

ਉਨ੍ਹਾਂ ਨੇ ਦੱਸਿਆ ਕਿ ਸਕੂਲ ਬਿਨਾ ਕਿਸੇ ਸ਼ੈਲਟਰ ਦੇ ਹਨ, ਕੋਈ ਮਿਡ ਡੇ ਮੀਲ ਦੀ ਸੁਵਿਧਾ ਨਹੀਂ ਹੈ, ਕਾਪੀਆਂ-ਕਿਤਾਬਾਂ ਨਹੀਂ ਮਿਲਦੀਆਂ, ਅਜਿਹੇ ਵਿੱਚ ਬੱਚਿਆਂ ਦਾ ਪੜਣਾ ਸੰਭਵ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਖੁਦ ਘਟ ਪੜ੍ਹਿਆ ਲਿਖਿਆ ਨੌਜਵਾਨ ਦੂਜੀ ਪੀੜੀ ਨੂੰ ਕਿਵੇਂ ਤਾਲੀਮ ਦੇ ਸਕਦਾ ਹੈ।

ਉੱਥੇ ਬਕਰਵਾਲ ਬੱਚਿਆਂ ਅਤੇ ਔਰਤਾਂ ਦੀ ਸਿਹਤ ਦੀ ਗੱਲ ਕਰਦੇ ਹੋਏ ਜਾਵੇਦ ਰਾਹੀ ਨੇ ਦੱਸਿਆ ਕਿ ਗਿਣੇ ਚੁਣੇ ਪਰਿਵਾਰ ਹੋਣਗੇ, ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਇਆਂ ਹੋਵੇਗਾ।

ਉਨ੍ਹਾਂ ਦਾ ਕਹਿਣਾ ਹੈ, "ਇਹ ਲੋਕ ਨਾ ਤਾਂ ਆਪਣੇ ਮਾਲ ਮਵੇਸ਼ੀਆਂ ਨੂੰ ਟੀਕਾ ਲਗਵਾਉਂਦੇ ਹਨ ਅਤੇ ਨਾ ਹੀ ਆਪਣੇ ਬੱਚਿਆਂ ਨੂੰ।"

ਜਾਵੇਦ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਇੱਕ ਸਰਵੇਖਣ ਕੀਤਾ ਸੀ ਜਿਸ ਵਿੱਚ ਪਤਾ ਲੱਗਾ ਸੀ 90 ਫੀਸਦ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕੋਈ ਟੀਕਾ ਨਹੀਂ ਲਗਵਾਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਜੰਗਲਾਂ ਵਿੱਚ ਘੁੰਮਦੇ ਹੋਏ ਇਹ ਲੋਕ ਜੜੀ-ਬੂਟੀਆਂ ਕਰਦੇ ਰਹਿੰਦੇ ਹਨ ਅਤੇ ਆਪਣੀ ਹਰ ਬਿਮਾਰੀ ਦਾ ਇਲਾਜ ਆਪਣੀ ਸਮਝ ਅਤੇ ਤਜਰਬੇ ਦੇ ਹਿਸਾਬ ਨਾਲ ਕਰ ਲੈਂਦੇ ਹਨ।

ਉਨ੍ਹਾਂ ਦਾ ਮੰਨਣਾ ਸੀ ਕਿਉਂਕਿ ਇਹ ਲੋਕ ਪਹਾੜਾਂ ਵਿੱਚ ਘੁੰਮਦੇ ਹਨ, ਤਾਜ਼ਾ ਹਵਾ ਵਿੱਚ ਰਹਿੰਦੇ ਹਨ, ਇਨ੍ਹਾਂ ਨੂੰ ਆਮ ਬਿਮਾਰੀਆਂ ਪਰੇਸ਼ਾਨ ਨਹੀਂ ਕਰਦੀਆਂ।

ਇਹੀ ਕਾਰਨ ਹੈ ਕਿ ਉਹ ਤਬਕਾ ਅੱਜ ਤੱਕ ਬਿਨਾ ਕਿਸੇ ਸਰਕਾਰੀ ਸਮਰਥਨ ਦੇ ਚੱਲ ਰਿਹਾ ਹੈ।

ਜਾਵੇਦ ਰਾਹੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਹੱਕਾਂ ਲਈ ਜੋ ਕਾਨੂੰਨ ਪੂਰੇ ਭਾਰਤ ਵਿੱਚ ਪਾਸ ਕੀਤੇ ਗਏ ਹਨ, ਰਿਆਸਤ ਜੰਮੂ-ਕਸ਼ਮੀਰ ਵਿੱਚ ਅਜੇ ਤੱਕ ਉਨ੍ਹਾਂ ਨੂੰ ਅਪਣਾਇਆ ਨਹੀਂ ਗਿਆ।

ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਪੂਰੇ ਦੇਸ ਵਿੱਚ ਫੌਰੈਸਟ ਰਾਈਟਜ਼ ਐਕਟ 2006 ਵਿੱਚ ਲਾਗੂ ਕੀਤਾ ਪਰ ਰਿਆਸਤ ਜੰਮੂ-ਕਸ਼ਮੀਰ ਅਤੇ ਕਸ਼ਮੀਰ ਵਿੱਚ ਉਹ ਅਜੇ ਤੱਕ ਲਾਗੂ ਨਹੀਂ ਹੋ ਸਕਿਆ।

ਇਸੇ ਤਰ੍ਹਾਂ ਐੱਸਸੀ/ਐੱਸਟੀ ਐਟਰੋਸੀਟੀਜ਼ ਐਕਟ ਅਜੇ ਤੱਕ ਰਿਆਸਤ ਵਿੱਚ ਲਾਗੂ ਨਹੀਂ ਹੋ ਸਕਿਆ।

ਜਾਵੇਦ ਰਾਹੀ ਮੁਤਾਬਕ ਜੇਕਰ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਰਾਖਵਾਂਕਰਨ ਮਿਲਦਾ ਹੈ ਤਾਂ ਸਾਨੂੰ ਆਪਣੇ ਹੱਕ ਦੀ ਲੜਾਈ ਲੜਨ ਵਿੱਚ ਆਸਾਨੀ ਹੋ ਜਾਵੇਗੀ।

ਦੇਸ ਭਗਤ ਹਨ ਗੁੱਜਰ ਬਕਰਵਾਲ

ਦੇਸ ਦੀ ਸੀਮਾ ਨਾਲ ਲਗਦੇ ਇਲਾਕਿਆਂ ਵਿੱਚ ਰਹਿਣ ਵਾਲੇ ਗੁੱਜਰ ਬਕਰਵਾਲ ਭਾਈਚਾਰੇ ਦੇ ਲੋਕ ਦੇਸ ਦੀ ਰੱਖਿਆ ਵਿੱਚ ਲਗਾਤਾਰ ਆਪਣਾ ਯੋਗਦਾਨ ਦਿੰਦੇ ਰਹੇ ਹਨ।

ਜਾਵੇਦ ਰਾਹੀ ਨੇ ਦੱਸਿਆ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਸੀਮਾ 'ਤੇ ਸੈਨਾ ਨੂੰ ਕਿਸੇ ਮਦਦ ਦੀ ਲੋੜ ਪਈ ਤਾਂ ਗੁੱਜਰ ਬਕਰਵਾਲ ਪਰਿਵਾਰਾਂ ਨੇ ਅਗੇ ਹੋ ਕੇ ਸੈਨਾ ਦੀ ਮਦਦ ਕੀਤੀ ਅਤੇ ਅੱਗੇ ਦੀਆਂ ਚੌਂਕੀਆਂ ਤੱਕ ਰਸਦ ਪਹੁੰਚਾਉਣ ਵਿੱਚ ਸਦਾ ਆਹਿਮ ਭੂਮਿਕਾ ਨਿਭਾਈ।

ਜਿੱਥੇ ਜਿੱਥੇ ਗੁੱਜਰ ਬਕਰਵਾਲ ਭਾਈਚਾਰੇ ਦੇ ਲੋਕ ਮੈਦਾਨ ਜਾਂ ਪਹਾੜੀ ਇਲਾਕਿਆਂ ਵਿੱਚ ਵਸੇ ਹਨ, ਕਦੇ ਵੀ ਉਨ੍ਹਾਂ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਹੋਈ।

ਹਮੇਸ਼ਾ ਤੋਂ ਹੀ ਇਸ ਭਾਈਚਾਰੇ ਨੇ ਅਮਨ ਅਤੇ ਸ਼ਾਂਤੀ ਬਹਾਲੀ ਲਈ ਕੁਰਬਾਨੀ ਦਿੱਤੀ ਅਤੇ ਸਮਾਜਕ ਰਿਸ਼ਤਾ ਮਜ਼ਬੂਤ ਰੱਖਣ ਲਈ ਮਹੱਤਵਪੂਰਨ ਯੋਗਦਾਨ ਦਿੱਤਾ।

ਇੱਕ ਵੱਡੀ ਸੰਖਿਆ ਵਿੱਚ ਰਿਆਸਤ ਜੰਮੂ ਅਤੇ ਕਸ਼ਮੀਰ ਦੇ ਪੁਲਿਸ ਵਿਭਾਗ ਵਿੱਚ, ਯੂਨੀਵਰਸਿਟੀ ਵਿੱਚ, ਸਰਕਾਰੀ ਅਦਾਰਿਆਂ ਵਿੱਚ ਪੜ੍ਹੇ ਲਿਖੇ ਗੁੱਜਰ ਭਾਈਚਾਰੇ ਦੇ ਲੋਕ ਆਪਣਾ ਯੋਗਦਾਨ ਦੇ ਰਹੇ ਹਨ ਅਤੇ ਰਿਆਸਤ ਦੀ ਬਿਹਤਰੀ ਲਈ ਮੋਢੋ ਨਾਲ ਮੋਢਾ ਮਿਲਾ ਕੇ ਤੁਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)