You’re viewing a text-only version of this website that uses less data. View the main version of the website including all images and videos.
ਕਿਸ ਚਮਤਕਾਰ ਦੀ ਉਮੀਦ ਵਿੱਚ ਪੁੱਤਰ ਨੇ ਮਾਂ ਦੀ ਲਾਸ਼ ਤਿੰਨ ਸਾਲ ਸੰਭਾਲੀ ਰੱਖੀ?
- ਲੇਖਕ, ਅਮਿਤਾਭ ਭਟਾਸਾਲੀ
- ਰੋਲ, ਬੀਬੀਸੀ ਪੱਤਰਕਾਰ, ਕੋਲਕਤਾ
ਤਿੰਨ ਸਾਲ ਪਹਿਲਾਂ ਉਨ੍ਹਾਂ ਦੀ 87 ਸਾਲਾ ਮਾਂ ਦੀ ਮੌਤ ਹੋ ਗਈ। ਉਹ ਲਾਸ਼ ਘਰ ਲੈ ਆਏ।
ਉਸ ਮਗਰੋਂ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਲਾਸ਼ ਦਾ ਕੀ ਹੋਇਆ। ਉਹ ਦਫ਼ਨਾਈ ਗਈ ਜਾਂ ਉਸਦਾ ਸਸਕਾਰ ਕੀਤਾ ਗਿਆ। ਨਾ ਤਾਂ ਕਿਸੇ ਗੁਆਂਢੀ ਨੂੰ ਕੋਈ ਸ਼ੱਕ ਹੋਇਆ ਤੇ ਨਾ ਉਨ੍ਹਾਂ ਨੂੰ ਪੁੱਛਣ ਦੀ ਲੋੜ ਮਹਿਸੂਸ ਹੋਈ।
ਅਚਾਨਕ ਲੰਘੇ ਬੁੱਧਵਾਰ ਦੀ ਅੱਧੀ ਰਾਤ ਨੂੰ ਪੁਲਿਸ ਨੇ ਕਿਸੇ ਫੋਨ ਕਾਲ ਦੇ ਆਧਾਰ 'ਤੇ ਇਸ ਘਰ ਵਿੱਚ ਛਾਪਾ ਮਾਰਿਆ।
ਦੱਖਣੀ ਕੋਲਕਾਤਾ ਦੇ ਬੇਹਾਲਾ ਦੇ ਮੱਧ ਵਰਗੀ ਇਲਾਕੇ ਵਿੱਚ ਇੱਕ ਦੋ ਮੰਜ਼ਿਲੀ ਇਮਾਰਤ ਦੀ ਜਾਂਚ ਤੋਂ ਜੋ ਖੁਲਾਸੇ ਹੋਏ ਉਹ ਕਿਸੇ ਰੁਮਾਂਚਕ ਕਹਾਣੀ ਤੋਂ ਘੱਟ ਨਹੀਂ ਸਨ।
ਡੀਐਸਪੀ ਨਿਲੰਜਨ ਬਿਸਵਾਸ ਨੇ ਕਿਹਾ, "ਸਾਨੂੰ ਸਾਡੇ ਸੂਤਰਾਂ ਤੋ ਜਾਣਕਾਰੀ ਮਿਲੀ ਕਿ ਇਸ ਇਮਾਰਤ ਵਿੱਚ ਇੱਕ ਲਾਸ਼ ਸਾਲਾਂ ਤੋਂ ਸੰਭਾਲ ਕੇ ਰੱਖੀ ਹੋਈ ਹੈ। ਜਦੋਂ ਅਸੀਂ ਛਾਪਾ ਮਾਰਿਆ ਤਾਂ ਸਾਨੂੰ ਫਰੀਜ਼ਰ ਵਿੱਚ ਇੱਕ ਔਰਤ ਦੀ ਲਾਸ਼ ਮਿਲੀ। ਜਿਸਨੂੰ ਕੈਮੀਕਲਾਂ ਨਾਲ ਸਾਂਭਿਆ ਹੋਇਆ ਸੀ।"
ਜਾਂਚ ਤੋਂ ਪਤਾ ਲੱਗਿਆ ਕਿ ਮਰਹੂਮ ਬੀਨਾ ਮਜੂਮਦਾਰ ਦੀ ਅਪ੍ਰੈਲ 2015 ਵਿੱਚ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਉਸਦਾ ਪੁੱਤਰ ਸ਼ੁਭਬ੍ਰਤ ਮਜੂਮਦਾਰ ਲਾਸ਼ ਨੂੰ ਹਸਪਤਾਲ ਤੋਂ ਲੈ ਆਇਆ ਸੀ ਪਰ ਉਸਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਇੱਕ ਵੱਡਾ ਫਰੀਜ਼ਰ ਖਰੀਦਿਆ ਅਤੇ ਕੈਮੀਕਲ ਦੀ ਵਰਤੋਂ ਕਰਕੇ ਆਪਣੀ ਮਾਂ ਦੀ ਲਾਸ਼ ਨੂੰ ਉਸ ਵਿੱਚ ਰੱਖਿਆ। ਲਾਸ਼ ਸਾਂਭਣ ਤੋਂ ਪਹਿਲਾਂ ਉਸ ਵਿੱਚੋਂ ਕਾਲਜਾ ਅਤੇ ਆਂਦਰਾਂ ਕੱਢ ਲਈਆਂ ਗਈਆਂ ਤੇ ਪੇਟ 'ਤੇ ਟਾਂਕੇ ਲਾ ਦਿੱਤੇ ਗਏ।
ਵਿਗਿਆਨਕ ਤਰੀਕੇ ਨਾਲ ਲਾਸ਼ ਦੀ ਸੰਭਾਲ ਕੀਤੀ
ਪੁਲਿਸ ਨੇ ਇਮਾਰਤ ਵਿੱਚੋਂ ਕੁਝ ਬੋਤਲਾਂ ਵੀ ਬਰਾਮਦ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਮਨੁੱਖੀ ਅੰਗ ਸਨ।
ਪ੍ਰਾਚੀਨ ਮਿਸਰ ਵਿੱਚ ਮਨੁੱਖੀ ਲਾਸ਼ ਨੂੰ ਸੰਭਾਲਣ ਲਈ ਕੁਝ ਖ਼ਾਸ ਤਕਨੀਕਾਂ ਵਰਤੀਆਂ ਜਾਂਦੀਆਂ ਸਨ। ਸ਼ੁਭਬ੍ਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਕਿਸੇ ਚਮੜਾ ਸੰਭਾਲਣ ਦੀ ਤਕਨੀਕ ਦੇ ਜਾਣਕਾਰ ਹਨ।
ਫੌਰੈਂਸਿਕ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਾਇਦ ਉਨ੍ਹਾਂ ਨੂੰ ਆਪਣੀ ਪੜ੍ਹਾਈ ਦੌਰਾਨ ਚਮੜਾ ਸੰਭਾਲਣ ਦੇ ਤਰੀਕਿਆਂ ਬਾਰੇ ਪੜ੍ਹਿਆ ਹੋਵੇ ਅਤੇ ਉਹੀ ਗਿਆਨ ਵਰਤਿਆ ਹੋਵੇ।
ਕਿਹਾ ਜਾਂਦਾ ਹੈ ਕਿ ਜਾਂਚ ਦੌਰਾਨ ਸ਼ੁਭਬ੍ਰਤ ਨੇ ਕਿਹਾ, "ਮੈਂ ਆਪਣੀ ਮਾਂ ਨੂੰ ਮੁੜ ਜਿਉਂਦੇ ਕਰਨਾ ਚਾਹੁੰਦਾ ਹਾਂ, ਜੋ ਮੇਰੇ ਦਿਲ ਦੇ ਬਹੁਤ ਜ਼ਿਆਦਾ ਨਜ਼ਦੀਕ ਹੈ।"
ਪੁਲਿਸ ਅਧਿਕਾਰੀ ਨੇ ਦੱਸਿਆ, "ਉਨ੍ਹਾਂ ਨੂੰ ਲਗਦਾ ਹੈ ਕਿ ਜੇ ਉਹ ਲਾਸ਼ ਸਾਂਭ ਲੈਣਗੇ ਤਾਂ ਉਨ੍ਹਾਂ ਦੀ ਮਾਂ ਇਸੇ ਸ਼ਰੀਰ ਨਾਲ ਜਿਉਂ ਉਠੇਗੀ। ਅਸੀਂ ਕੁਝ ਕਿਤਾਬਾਂ ਅਤੇ ਜਰਨਲ ਵੀ ਬਰਾਮਦ ਕੀਤੇ ਹਨ ਜਿਨ੍ਹਾ ਵਿੱਚ ਲਾਸ਼ ਸੰਭਾਲਣ ਅਤੇ ਪੁਨਰਜੀਵਨ ਦੇ ਸਿਧਾਂਤ ਸਨ।"
ਗੁਆਂਢੀਆਂ ਨੂੰ ਮੌਤ ਬਾਰੇ ਤਾਂ ਪਤਾ ਸੀ ਪਰ ਲਾਸ਼ ਬਾਰੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਇਸ ਗੱਲ ਦੀ ਪੜਤਾਲ ਨਹੀਂ ਕੀਤੀ।
ਕੀ ਪੈਨਸ਼ਨ ਕਰਕੇ ਕਤਲ ਕੀਤਾ ਗਿਆ?
ਇਸ ਮਾਮਲੇ ਵਿੱਚ ਕਤਲ ਦਾ ਮਕਸਦ ਹੈਰਾਨ ਕਰਨ ਵਾਲਾ ਹੈ। ਕੀ ਸ਼ੁਭਬ੍ਰਤ ਸੱਚੀਂ ਆਪਣੀ ਮਾਂ ਨੂੰ ਸੁਰਜੀਤ ਕਰਨਾ ਚਾਹੁੰਦੇ ਸਨ ਜਾਂ ਇਸ ਪਿੱਛੇ ਕੋਈ ਹੋਰ ਇਰਾਦਾ ਸੀ।
ਪੁਲਿਸ ਨੇ ਕਤਲ ਨਾਲ ਹੋਣ ਵਾਲੇ ਲਾਭ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ।
ਡੀਐਸਪੀ ਬਿਸਵਾਸ ਕਹਿੰਦੇ ਹਨ,"ਸ਼ੁਭਬ੍ਰਤ ਦੇ ਮਾਤਾ-ਪਿਤਾ ਫੂਡ ਕਾਰਪੋਰੇਸ਼ਨ ਵਿੱਚ ਕੰਮ ਕਰਦੇ ਸਨ ਅਤੇ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੂੰ ਪੈਨਸ਼ਨ ਮਿਲ ਰਹੀ ਸੀ। ਜੋ ਪੈਨਸ਼ਨਰ ਦੀ ਮੌਤ ਮਗਰੋਂ ਬੰਦ ਹੋ ਜਾਂਦੀ ਹੈ।"
"ਜਦਕਿ ਇਸ ਮਾਮਲੇ ਵਿੱਚ ਮਹਿਲਾ ਦੀ ਮੌਤ ਦੇ ਬਾਅਦ ਵੀ ਐਨੇ ਸਾਲਾਂ ਤੱਕ ਪੈਨਸ਼ਨ ਕੱਢੀ ਜਾਂਦੀ ਰਹੀ ਹੈ। ਉਨ੍ਹਾਂ ਦੇ ਪੁੱਤਰ ਕੋਲ ਡੈਬਿਟ ਕਾਰਡ ਹੈ ਅਤੇ ਉਹ ਆਪਣੀ ਮਾਂ ਦੀ ਮੌਤ ਦੇ ਬਾਅਦ ਵੀ ਲਗਾਤਾਰ ਪੈਸੇ ਕਢਾਉਂਦੇ ਰਹੇ ਹਨ।"
ਇੱਕ ਮਰਹੂਮ ਵਿਅਕਤੀ ਦੇ ਖਾਤੇ ਵਿੱਚੋਂ ਕਿੰਨੇ ਪੈਸੇ ਕਢਵਾਏ ਜਾਂਦੇ ਰਹੇ ਹਨ ਇਹ ਗੱਲ ਹਾਲੇ ਸਾਫ਼ ਨਹੀਂ ਹੋ ਸਕੀ।
ਕੀ ਉਨ੍ਹਾਂ ਨੇ ਮਾਂ ਦਾ ਖਾਤਾ ਚੱਲਦਾ ਰੱਖਣ ਲਈ ਝੂਠੇ ਲਾਈਫ ਸਰਟੀਫਿਕੇਟ ਦਿੱਤੇ? ਕੀ ਉਨ੍ਹਾਂ ਨੇ ਇਸ ਲਈ ਆਪਣੀ ਮਾਂ ਦੇ ਅੰਗੂਠੇ ਦੀ ਵਰਤੋਂ ਕੀਤੀ ਅਤੇ ਇਸੇ ਲਈ ਲਾਸ਼ ਸਾਂਭ ਕੇ ਰੱਖੀ ਹੋਈ ਸੀ।? ਕੀ ਇਸ ਮਾਮਲੇ ਵਿੱਚ ਬੈਂਕ ਵੀ ਸ਼ਾਮਲ ਹੈ?
ਡੀਐਸਪੀ ਬਿਸਵਾਸ ਕਹਿੰਦੇ ਹਨ," ਇਸ ਬਾਰੇ ਹਾਲੇ ਸਾਨੂੰ ਵਧੇਰੇ ਜਾਣਕਾਰੀ ਨਹੀਂ ਹੈ। ਅਸੀਂ ਬੈਂਕ ਨੂੰ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਤੋਂ ਪੂਰੀ ਜਾਣਕਾਰੀ ਮਿਲਣ ਮਗਰੋਂ ਹੀ ਟਿੱਪਣੀ ਕਰ ਸਕਾਂਗੇ।"
ਰਾਬਿਨਸਨ ਸਟ੍ਰੀਟ ਕੇਸ
ਕੁਝ ਸਾਲ ਪਹਿਲਾਂ ਕੇਂਦਰੀ ਕਲਕੱਤੇ ਵਿੱਚ ਇਸੇ ਤਰ੍ਹਾਂ ਦੀ ਘਟਨਾ ਚਰਚਾ ਵਿੱਚ ਆਈ ਸੀ।
ਇੱਕ ਸਾਬਕਾ ਸਾਫਟਵੇਅਰ ਇੰਜੀਨੀਅਰ ਪ੍ਰਾਥ ਨੇ ਆਪਣੀ ਵੱਡੀ ਭੈਣ ਦੀ ਲਾਸ਼ ਦੇ ਨਾਲ ਲਗਪਗ ਛੇ ਮਹੀਨੇ ਤੱਕ ਰਹੇ ਸਨ। ਇਸ ਘਟਨਾ ਨੂੰ ਰਾਬਿਨਸਨ ਸਟ੍ਰੀਟ ਕੇਸ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਬੇਹਾਲਾ ਮਾਮਲੇ ਦੇ ਉਲਟ ਪ੍ਰਾਥ ਡੇ ਦੀ ਭੈਣ ਦੀ ਲਾਸ਼ ਵਿਗਿਆਨਕ ਤਰੀਕੇ ਨਾਲ ਨਹੀਂ ਸੀ ਸਾਂਭੀ ਗਈ ਜਿਸ ਕਰਕੇ ਸੜ ਕੇ ਕੰਕਾਲ ਬਣ ਗਈ ਸੀ।
ਬਾਅਦ ਵਿੱਚ ਪ੍ਰਾਥ ਡੇ ਨੂੰ ਮਾਨਸਿਕ ਰੋਗੀ ਪਾਇਆ ਗਿਆ। ਲੰਬੇ ਸਮੇਂ ਤੱਕ ਇਲਾਜ ਮਗਰੋਂ ਉਹ ਠੀਕ ਹੋ ਗਏ। ਹਾਲਾਂਕਿ ਬੀਤੇ ਸਾਲ ਅਚਾਨਕ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ।