You’re viewing a text-only version of this website that uses less data. View the main version of the website including all images and videos.
ਦੇਸ ਵਿੱਚ ਕਈ ਥਾਂਵਾਂ 'ਤੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹੋਈਆਂ ਹਿੰਸਕ ਝੜਪਾਂ
ਸੁਪਰੀਮ ਕੋਰਟ ਵੱਲੋਂ ਐੱਸਸੀ/ਐੱਸਟੀ ਕਾਨੂੰਨ ਵਿੱਚ ਬਦਲਾਅ ਕਰਨ ਬਾਰੇ ਫੈਸਲਾ ਸੁਣਾਉਣ 'ਤੇ ਅਸਹਿਮਤੀ ਜਤਾਉਂਦੇ ਹੋਏ ਐਸਸੀ/ਐਸਟੀ ਭਾਈਚਾਰੇ ਨਾਲ ਜੁੜੀਆਂ ਜਥੇਬੰਦੀਆਂ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਥਾਵਾਂ 'ਤੇ ਮੁਜ਼ਾਹਰੇ ਕਰ ਰਹੀਆਂ ਹਨ।
ਮੁਲਕ ਦੇ ਕਈ ਹਿੱਸਿਆਂ 'ਚ ਤਣਾਅ
ਸੋਮਵਾਰ ਨੂੰ ਦੇਸ ਦੇ ਕਈ ਹਿੱਸਿਆਂ ਵਿੱਚ ਦਲਿਤ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਵਿੱਚ ਹੁਣ ਤੱਕ ਪ੍ਰਦਰਸ਼ਨ ਦੌਰਾਨ 6 ਮੌਤਾਂ ਹੋ ਚੁੱਕੀਆਂ ਹਨ।
ਰਾਜਸਥਾਨ ਦੇ ਅਲਵਰ ਵਿੱਚ ਵੀ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਯੂਪੀ ਦੇ ਮੁਜ਼ੱਫਰਨਗਰ ਵਿੱਚ ਵੀ ਇੱਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ।
ਰਾਂਚੀ ਵਿੱਚ ਹੋਈ ਪੱਥਰਬਾਜ਼ੀ ਵਿੱਚ ਇੱਕ ਐਸਪੀ ਜ਼ਖਮੀ ਹੋਏ ਹਨ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੇ ਵਾਰਾਣਸੀ ਵਿੱਚ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤੇ ਜਾਣ ਦੀ ਖ਼ਬਰ ਹੈ।
ਹਰਿਆਣਾ ਵਿੱਚ ਝੜਪਾਂ
ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਵੀ ਦਲਿਤ ਭਾਈਚਾਰੇ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ। ਸੂਤਰਾਂ ਅਨੁਸਾਰ ਕੈੱਥਲ ਦੇ ਛੋਟੂ ਰਾਮ ਚੌਂਕ ਤੇ ਪੁਲਿਸ ਦੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਦੌਰਾਨ 40 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।
ਫਰੀਦਾਬਾਦ ਵਿੱਚ ਵੀ ਪ੍ਰਦਰਸ਼ਨ ਦੌਰਾਨ ਪੁਲਿਸ ਤੇ ਪੱਥਰਾਅ ਕੀਤਾ ਗਿਆ ਅਤੇ ਜਨਤਕ ਜਾਇਦਾਦ ਦੀ ਭੰਨਤੋੜ ਕੀਤੀ ਗਈ।
ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਛੱਤੀਸਗੜ੍ਹ ਐੱਕਸਪ੍ਰੈੱਸ ਨੂੰ ਦੋ ਘੰਟਿਆਂ ਤੋਂ ਵੱਧ ਵਕਤ ਲਈ ਰੋਕਿਆ ਗਿਆ। ਮੱਧ ਪ੍ਰਦੇਸ਼ ਵਿੱਚ ਵੀ ਭਾਰੀ ਪੁਲਿਸ ਫੋਰਸ ਤਾਇਨਾਤ ਹੈ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲ ਤੇ ਕਾਲਜਾਂ ਨੂੰ ਸੋਮਵਾਰ ਲਈ ਬੰਦ ਕਰ ਦਿੱਤਾ ਗਿਆ ਸੀ।
ਵਿਦਿਆਰਥੀਆਂ ਦੇ ਇਮਤਿਹਾਨ ਵੀ ਮੁਲਤਵੀ ਕਰ ਦਿੱਤੇ ਗਏ ਹਨ।
ਸੰਗਰੂਰ 'ਚ ਬੀਬੀਸੀ ਦੇ ਸਥਾਨਕ ਪੱਤਰਕਾਰ ਸੁਖਚਰਨ ਪ੍ਰੀਤ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੁਜਾਹਰੇ ਕੀਤੇ ਜਾ ਰਹੇ ਹਨ।
ਹਾਈਵੇਅ ਜਾਮ ਕਰ ਦਿੱਤੇ ਗਏ ਹਨ ਅਤੇ ਆਵਾਜਾਈ ਠੱਪ ਹੈ। ਸੰਗਰੂਰ ਦੇ ਬਾਜ਼ਾਰ ਵੀ ਬੰਦ ਹਨ।
ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਨੇ ਦੱਸਿਆ ਕਿ ਸਕੂਲ, ਕਾਲਜ ਅਤੇ ਬੈਂਕ ਬੰਦ ਹਨ।
ਹਾਈਵੇਅ ਤੇ ਮੁਜ਼ਾਹਰੇ ਹੋ ਰਹੇ ਹਨ ਜਿਸ ਕਾਰਨ ਜਾਮ ਲੱਗਿਆ ਹੋਇਆ ਹੈ। ਇੰਟਰਨੈਟ ਸੇਵਾਵਾਂ ਠੱਪ ਪਈਆਂ ਹਨ।
ਹਿਸਾਰ ਤੋਂ ਸ਼ਸ਼ੀ ਕਾਂਤਾ ਨੇ ਕਿਹਾ ਕਿ ਥਾਂ-ਥਾਂ 'ਤੇ ਜੱਥੇਬੰਦੀਆਂ ਇੱਕਠੀਆਂ ਹੋ ਕੇ ਮੁਜਾਹਰੇ ਕਰ ਰਹੀਆਂ ਹਨ।
ਉਨ੍ਹਾਂ ਕਿਹਾ, "ਇਸ ਵਾਰੀ ਪਾਰਟੀਆਂ ਤੋਂ ਵੱਖ ਹੋ ਕੇ ਦਲਿਤ ਜੱਥੇਬੰਦੀਆਂ ਮੁਜਾਹਰੇ ਕਰ ਰਹੀਆਂ ਹਨ। ਲੋਕ ਕਾਫੀ ਗਿਣਤੀ ਵਿੱਚ ਸੜਕਾਂ 'ਤੇ ਹਨ।"