ਕੀ ਹੈ ਚੀਫ਼ ਖ਼ਾਲਸਾ ਦੀਵਾਨ ਦਾ ਟੀਚਾ?

ਚੀਫ਼ ਖਾਲਸਾ ਦੀਵਾਨ

ਤਸਵੀਰ ਸਰੋਤ, BBC/RAVINDERSINGHROBIN

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਸਦੀ ਤੋਂ ਵੀ ਵੱਧ ਪੁਰਾਣੀ ਸੰਸਥਾ ਚੀਫ਼ ਖ਼ਾਲਸਾ ਦੀਵਾਨ ਨੂੰ ਅੱਜ ਆਪਣਾ ਨਵਾਂ ਪ੍ਰਧਾਨ ਮਿਲ ਜਾਵੇਗਾ।

ਪ੍ਰਧਾਨਗੀ ਅਹੁਦੇ ਲਈ ਤਿੰਨ ਸਿੱਖ ਵਿਦਵਾਨ ਮੈਦਾਨ ਵਿੱਚ ਹਨ।

ਪਰ ਆਓ ਪਹਿਲਾਂ ਜਾਣਦੇ ਹਾਂ ਇਸ ਸੰਸਥਾ ਬਾਰੇ

ਪਿਛੋਕੜ ਤੇ ਮੰਤਵ

1902 ਵਿੱਚ ਸਥਾਪਿਤ ਇਸ ਸੰਸਥਾ ਨੂੰ ਸਿੱਖਾਂ ਦੇ ਰੂਹਾਨੀ, ਸਮਾਜਿਕ, ਵਿਦਿਅਕ ਮਸਲਿਆਂ ਲਈ ਸ਼ੁਰੂ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਇਸ ਸੰਸਥਾ ਨੂੰ ਸਿੱਖਾਂ ਦੀਆਂ ਸਮੱਸਿਆਵਾਂ, ਲੋੜਾਂ ਅਤੇ ਸ਼ਿਕਾਇਤਾਂ ਬਾਰੇ ਸਰਕਾਰ ਨੂੰ ਜਾਗਰੂਕ ਕਰਕੇ ਉਨ੍ਹਾਂ ਦੇ ਸਿਆਸੀ ਅਧਿਕਾਰਾਂ ਦੀ ਰਾਖੀ ਲਈ ਵੀ ਸਥਾਪਿਤ ਕੀਤਾ ਗਿਆ ਸੀ।

ਉਸ ਸਮੇਂ ਦੌਰਾਨ ਸਿੱਖ ਵਿਦਵਾਨਾਂ ਤੇ ਸਮਾਜ ਸ਼ਾਸਤਰੀਆਂ ਨੇ ਆਪਣੇ ਭਾਈਚਾਰੇ ਦੇ ਮੈਂਬਰਾਂ ਦੀ ਵਧ ਰਹੀ ਗੱਲਬਾਤ ਨੂੰ ਦੂਜੇ ਧਰਮਾਂ ਤੋਂ ਚਿੰਤਤ ਸਮਝਿਆ ਤੇ ਉਨ੍ਹਾਂ ਆਪਣੇ ਸਮਾਜ ਨੂੰ ਸਿੱਖਿਆ ਤੇ ਸਭਿਆਚਾਰਕ ਕਦਰਾਂ ਕੀਮਤਾਂ ਬਾਰੇ ਜਾਗਰੂਕ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ।

1901 ਦੀ ਮਰਦਮਸ਼ੁਮਾਰੀ ਅਨੁਸਾਰ 8 ਫ਼ੀਸਦੀ ਸਿੱਖਾਂ ਦੀ ਸਾਹਿਤਕ ਦਰ 1911 ਵਿੱਚ ਵੱਧ ਕੇ 20 ਫ਼ੀਸਦੀ ਹੋ ਗਈ।

1947 ਤੱਕ ਚੀਫ਼ ਖ਼ਾਲਸਾ ਦੀਵਾਨ 300 ਸਕੂਲਾਂ ਨੂੰ ਚਲਾ ਰਹੀ ਸੀ ਅਤੇ ਇਸ ਸੰਸਥਾ ਨੇ ਗੁਰਦੁਆਰਾ ਸੁਧਾਰ ਅੰਦੋਲਨ ਅਤੇ ਇਨਕਲਾਬੀ ਗਤੀਵਿਧੀਆਂ 'ਚ ਹਿੱਸਾ ਲਿਆ।

ਪਰ 1947 ਦੀ ਵੰਡ ਦੌਰਾਨ ਚੀਫ਼ ਖਾਲਸਾ ਦੀਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਈ ਅਤੇ ਇਸ ਨੂੰ ਦੁਬਾਰਾ ਸਵੈ-ਸੰਗਠਿਤ ਕੀਤਾ ਗਿਆ।

1967 ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਨੇ ਚੀਫ਼ ਖ਼ਾਲਸਾ ਦੀਵਾਨ ਨੂੰ ਸਿੱਖਿਆ ਦੇਣ 'ਚ ਹੋਰ ਜ਼ਿਆਦਾ ਕੰਮ ਕਰਨ ਲਈ ਇੱਕ ਨਵਾਂ ਰਾਹ ਦਿਖਾਇਆ।

ਮੌਜੂਦਾ ਸਮੇਂ 'ਚ ਇਸ ਸੰਸਥਾ ਅਧੀਨ 51 ਸਕੂਲ, ਤਿੰਨ ਕਾਲਜ, ਦੋ ਬਿਰਧ ਆਸ਼ਰਮ ਤੇ ਇੱਕ ਯਤੀਮਖ਼ਾਨਾ ਚੱਲਦੇ ਹਨ।

ਹਾਲ ਹੀ 'ਚ ਚੀਫ਼ ਖ਼ਾਲਸਾ ਦੀਵਾਨ ਚਰਚਾ 'ਚ ਉਦੋਂ ਆਇਆ ਜਦੋਂ ਇਸ ਸੰਸਥਾ ਦੇ ਉਦੋਂ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇੱਕ ਵੀਡੀਓ ਸਕੂਲ ਦੀ ਪ੍ਰਿੰਸੀਪਲ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ।

ਇਸ ਕਾਰਨ ਚਰਨਜੀਤ ਸਿੰਘ ਚੱਢਾ ਨੂੰ ਆਪਣੀ ਕੁਰਸੀ ਛੱਡਣੀ ਪਈ। ਬੁੱਧੀਜੀਵੀ ਮੰਨਦੇ ਹਨ ਕਿ ਇਸ ਘਟਨਾ ਨਾਲ ਸੰਸਥਾ ਦਾ ਨਾਂ ਖ਼ਰਾਬ ਹੋਇਆ।

ਚੀਫ਼ ਖਾਲਸਾ ਦੀਵਾਨ

ਤਸਵੀਰ ਸਰੋਤ, BBC/RAVINDERSINGHROBIN

ਅੱਜ ਪੈ ਰਹੀਆਂ ਹਨ ਵੋਟਾਂ

ਅੱਜ (25 ਮਾਰਚ) ਲਗਭਗ 500 ਮੈਂਬਰ ਸੰਸਥਾਂ ਦੇ ਨਵੇ ਪ੍ਰਧਾਨ ਲਈ ਵੋਟ ਪਾਉਣਗੇ।

ਇਸ ਦੌਰਾਨ ਪ੍ਰਧਾਨਗੀ ਦੇ ਅਹੁਦੇ ਲਈ ਤਿੰਨ ਮੁੱਖ ਉਮੀਦਵਾਰ ਵਾਅਦਾ ਕਰ ਰਹੇ ਹਨ ਕਿ ਉਹ ਸੰਸਥਾ ਦੀ ਗੁਆਚੀ ਹੋਈ ਸ਼ਾਨ ਨੂੰ ਮੁੜ ਵਾਪਿਸ ਲਿਆਉਣਗੇ।

ਚੋਣਾਂ ਦਾ ਮੁੱਖ ਮਕਸਦ ਚੀਫ਼ ਖ਼ਾਲਸਾ ਦੀਵਾਨ ਦੀ ਪੁਰਾਣੀ ਸ਼ਾਨ ਨੂੰ ਮੁੜ ਹਾਸਲ ਕਰਨਾ ਹੈ, ਜੋ ਕਿ ਪੰਥ ਦੀ ਸਭ ਤੋਂ ਪੁਰਾਣੀ ਸੰਸਥਾ ਹੈ।

ਸਾਲਾਨਾ 250 ਕਰੋੜ ਦੇ ਬਜਟ ਨਾਲ, ਚੀਫ਼ ਖ਼ਾਲਸਾ ਦੀਵਾਨ ਇੱਕ ਪ੍ਰਮੁਖ ਸੰਸਥਾ ਹੈ ਜਿਸ ਦੇ ਕਈ ਸਕੂਲ ਤੇ ਚੈਰੀਟੇਬਲ ਟਰੱਸਟ ਪੰਜਾਬ ਅਤੇ ਪੰਜਾਬ ਤੋਂ ਬਾਹਰ ਚੱਲਦੇ ਹਨ।

ਪ੍ਰਧਾਨਗੀ ਦੇ ਉਮੀਦਵਾਰ

ਸਾਬਕਾ ਪ੍ਰਧਾਨ ਅਤੇ ਖ਼ਾਲਸਾ ਕਾਲਜ ਗਰਵਰਨਿੰਗ ਕੌਂਸਲ ਦੇ ਮੌਜੂਦਾ ਚਾਂਸਲਰ ਰਾਜ ਮੋਹਿੰਦਰ ਸਿੰਘ ਮਜੀਠਾ ਪ੍ਰਧਾਨਗੀ ਦੀ ਚੋਣ ਲੜ ਰਹੇ ਹਨ।

ਇਹ ਦਾਅਵਾ ਕੀਤਾ ਜਾ ਰਿਹਾ ਕਿ ਉਹ ਸ਼ਹਿਰ ਦੇ ਵੱਡੇ ਅਕਾਲੀ ਤੇ ਕਾਂਗਰਸੀ ਨੇਤਾਵਾਂ ਦੇ ਸਹਿਯੋਗ ਨਾਲ ਧੜੇਬੰਦੀ ਦੀ ਅਗਵਾਈ ਕਰ ਰਹੇ ਹਨ।

ਚੀਫ਼ ਖਾਲਸਾ ਦੀਵਾਨ

ਤਸਵੀਰ ਸਰੋਤ, BBC/RAVINDER SINGH ROBIN

ਉਹ ਚੀਫ਼ ਖ਼ਾਲਸਾ ਦੀਵਾਨ ਹੇਠ ਚੱਲਦੇ ਕਈ ਸਕੂਲਾਂ ਦੀ ਸ਼ਾਨ ਦੀ ਬਹਾਲੀ ਅਤੇ ਪ੍ਰਸ਼ਾਸਨ ਵਿੱਚ ਸਪਸ਼ਟਤਾ ਦਾ ਵਾਅਦਾ ਕਰਦੇ ਹਨ।

ਦੂਜੇ ਪਾਸੇ, ਪ੍ਰਧਾਨਗੀ ਦੀ ਇਸ ਦੌੜ ਵਿੱਚ ਨਾਮੀਂ ਡਾਕਟਰ ਡਾ. ਸੰਤੋਖ ਸਿੰਘ ਵੀ ਸ਼ਾਮਿਲ ਹਨ।

ਇਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਸੰਸਥਾ ਦੀ ਗੁਆਚੀ ਹੋਈ ਸ਼ਾਨ ਦੀ ਬਹਾਲੀ ਲਈ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ।

ਉਹ ਪਹਿਲਾਂ ਸੰਸ਼ਥਾ ਦੇ ਉਪ-ਪ੍ਰਧਾਨ ਸਨ।

ਚੀਫ਼ ਖਾਲਸਾ ਦੀਵਾਨ

ਤਸਵੀਰ ਸਰੋਤ, BBC/RAVINDER SINGH ROBIN

ਉਨ੍ਹਾਂ ਤੇ ਇਹ ਵੀ ਇਲਜ਼ਾਮ ਲੱਗਦੇ ਹਨ ਕਿ ਉਨ੍ਹਾਂ ਚੱਢਾ ਦੀ ਹਿਮਾਇਤ ਕੀਤੀ ਪਰ ਉਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ।

ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ, ਜਿਨ੍ਹਾਂ ਨੂੰ ਚੱਢਾ ਦੇ ਪ੍ਰਧਾਨਗੀ ਅਹੁਦੇ ਤੋਂ ਜਾਣ ਤੋਂ ਬਾਅਦ ਅਕਾਲ ਤਖ਼ਤ ਦੇ ਹੁਕਮਾਂ 'ਤੇ ਪ੍ਰਧਾਨ ਲਗਾਇਆ ਗਿਆ ਸੀ, ਉਹ ਵੀ ਇਸ ਦੌੜ 'ਚ ਸ਼ਾਮਿਲ ਹਨ। ਉਹ ਇੱਕ ਸਮਾਜ ਸੇਵਕ ਹਨ।

ਧਨਰਾਜ ਸਿੰਘ ਸਕੂਲੀ ਕਿਤਾਬਾਂ ਦੇ ਨਾਲ-ਨਾਲ ਸਕੂਲ ਦੀ ਫੀਸ ਘਟਾਉਣ ਦੇ ਵਾਅਦੇ ਨਾਲ ਮੈਦਾਨ ਵਿੱਚ ਹਨ।

ਚੀਫ਼ ਖਾਲਸਾ ਦੀਵਾਨ

ਤਸਵੀਰ ਸਰੋਤ, BBC/RAVINDER SINGH ROBIN

ਮੁੱਖ ਦੋਸ਼ ਇਹ ਸੀ ਕਿ ਚੀਫ਼ ਖ਼ਾਲਸਾ ਦੀਵਾਨ ਅਧੀਨ ਸਕੂਲੀ ਸਿੱਖਿਆ ਲਈ ਆਮ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪੜਾਉਣਾ ਬਹੁਤ ਮਹਿੰਗਾ ਹੋ ਗਿਆ ਸੀ।

ਪ੍ਰਧਾਨਗੀ ਤੋਂ ਇਲਾਵਾ ਉਪ-ਪ੍ਰਧਾਨ ਅਤੇ ਆਨਰੇਰੀ ਸਕੱਤਰ ਦੇ ਅਹੁਦਿਆਂ ਲਈ ਵੀ ਇੱਕੋ ਸਮੇਂ ਹੀ ਚੋਣਾਂ ਹੋਣਗੀਆਂ।

ਆਮ ਤੌਰ 'ਤੇ ਚੋਣਾਂ ਸਰਬਸੰਮਤੀ ਨਾਲ ਹੁੰਦੀਆਂ ਹਨ ਅਤੇ ਮਤਦਾਨਾਂ ਰਾਹੀਂ ਚੋਣਾਂ 1994 ਵਿੱਚ ਆਖਰੀ ਵਾਰ ਹੋਈਆਂ ਸਨ।

ਅੱਜ ਹੋ ਰਹੀਆਂ ਇਨ੍ਹਾਂ ਚੋਣਾਂ ਲਈ ਆਮ ਜਨਤਾ ਵਿੱਚ ਵੱਧ ਦਿਲਚਸਪੀ ਹੈ।

ਪੰਜਾਬ ਤੋਂ ਇਲਾਵਾ ਦਿੱਲੀ, ਮੁੰਬਈ ਅਤੇ ਚੰਡੀਗੜ੍ਹ ਤੋਂ ਵੀ ਵੋਟਰ ਆਪਣਾ ਵੋਟ ਪਾਉਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)