ਨਜ਼ਰੀਆ꞉ ਜਿੱਥੇ ਰਾਜੀਵ ਨਾਕਾਮ ਰਹੇ ਉੱਥੇ ਰਾਹੁਲ ਸਫ਼ਲ ਹੋਣਗੇ?

    • ਲੇਖਕ, ਰਾਸ਼ੀਦ ਕਿਦਵਈ
    • ਰੋਲ, ਸੀਨੀਅਰ ਪੱਤਰਕਾਰ

ਕਾਂਗਰਸ ਦੇ 84 ਵੇਂ ਮਹਾਂ ਇਜਲਾਸ ਵਿੱਚ ਐਤਵਾਰ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਪਿਤਾ ਰਾਜੀਵ ਗਾਂਧੀ ਦੀ ਯਾਦ ਤਾਜ਼ਾ ਕਰਾ ਦਿੱਤੀ।

ਰਾਜੀਵ ਗਾਂਧੀ ਨੇ ਵੀ ਪਾਰਟੀ ਦੇ ਢਾਂਚੇ ਤੇ ਸਿਆਸਤ ਵਿੱਚ ਬਦਲਾਅ ਲਿਆਉਣ ਦੀ ਗੱਲ ਕੀਤੀ ਸੀ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਰਾਹੁਲ ਇਸ ਵਿੱਚ ਸਫ਼ਲ ਹੋਣਗੇ?

ਕੀ ਉਹ ਸੀਨੀਅਰ ਆਗੂਆਂ ਤੇ ਕਾਰਕੁਨਾਂ ਵਿਚਾਲੇ ਖੜ੍ਹੀ ਕੰਧ ਡੇਗ ਸਕਣਗੇ?

ਅਮੀਰ-ਗਰੀਬ ਦਾ ਪਾੜਾ ਮਿਟਾ ਸਕਣਗੇ?

ਕਿਸਾਨਾਂ ਅਤੇ ਨੌਜਵਾਨਾਂ ਦੀ ਜ਼ਿੰਦਗੀ ਸੁਧਾਰਨ ਲਈ ਉਨ੍ਹਾਂ ਦਾ ਦਾਅਵਾ ਉ ਵੇਲੇ ਪੂਰਾ ਹੋਵੇਗਾ ਜਦੋਂ ਕੇਂਦਰ ਵਿੱਚ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਬਣੇਗੀ ਜਿਸ ਵਿੱਚ ਹਾਲੇ ਸਮਾਂ ਲੱਗੇਗਾ।

ਉਸ ਤੋਂ ਪਹਿਲਾਂ ਉਨ੍ਹਾਂ ਨੂੰ ਕਾਰਜ ਸਮਿਤੀ ਵਿੱਚ ਪੁਰਾਣੇ ਵੱਡੇ ਆਗੂਆਂ ਨੂੰ ਨਰਾਜ਼ ਕੀਤੇ ਬਿਨਾਂ ਢੁੱਕਵੀਂ ਥਾਂ ਦਿਵਾਉਣੀ ਪਵੇਗੀ।

ਸੋਨੀਆ ਤੇ ਰਾਹੁਲ

ਕਹਿਣਾ ਸੌਖਾ ਹੁੰਦਾ ਹੈ ਪਰ ਕਰਨਾ ਮੁਸ਼ਕਿਲ।

ਰਾਹੁਲ ਭਾਵੇਂ ਪਾਰਟੀ ਦੇ ਅੰਦਰੂਨੀ ਲੋਕਤੰਤਰ ਦੀ ਗੱਲ ਕਰਦੇ ਹਨ ਪਰ ਕਾਰਜ ਸਮਿਤੀ ਦੇ ਸਾਰੇ 24 ਮੈਂਬਰ ਉਨ੍ਹਾਂ ਨੇ ਨੌਮੀਨੇਟ ਕਰਕੇ ਪਸੰਦ ਕੀਤੇ।

ਇਸ 84 ਵੇਂ ਮਹਾਂ ਇਜਲਾਸ ਮਗਰੋਂ ਇਹ ਤਾਂ ਸਾਫ਼ ਹੈ ਕਿ ਸੋਨੀਆ ਤੇ ਰਾਹੁਲ ਦੀ ਜੁਗਲਬੰਦੀ 2019 ਤੱਕ ਤਾਂ ਜਾਰੀ ਰਹੇਗੀ।

ਕਾਂਗਰਸ ਦੀਆਂ ਦੋਹਾਂ ਪੀੜ੍ਹੀਆਂ ਨੂੰ ਇਹ ਪਸੰਦ ਆਵੇਗਾ।

ਕੌਮੀ ਲੋਕਤੰਤਰੀ ਗੱਠਜੋੜ ਤੋਂ ਦੂਰੀ ਬਰਕਰਾਰ ਰੱਖਣ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਵੀ ਇਹ ਰਾਸ ਆਵੇਗਾ।

ਕਿਸੇ ਸਮੇਂ ਰਿਟਾਇਰਮੈਂਟ ਵੱਲ ਵੱਧ ਰਹੀ ਸੋਨੀਆ ਨੇ ਜਾਪਦਾ ਹੈ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰ ਲਿਆ ਹੈ।

ਕੌੜੀ ਸੱਚਾਈ

ਪਹਿਲੀ ਗੱਲ ਤਾਂ ਇਹ ਕਿ ਹੋ ਸਕਦਾ ਹੈ ਉਹ ਮਾਂ ਵਜੋਂ ਰਾਹੁਲ ਨੂੰ ਸਫ਼ਲ ਦੇਖਣਾ ਚਾਹੁੰਦੇ ਹੋਣ।

ਦੂਜਾ ਸ਼ਾਇਦ ਉਨ੍ਹਾਂ ਨੂੰ ਲੱਗਦਾ ਹੋਵੇ ਕਿ ਉਹ ਦ੍ਰਾਮੁਕ, ਆਰਜੇਡੀ, ਤ੍ਰਿਣਮੂਲ, ਐਨਸੀਪੀ, ਸਪਾ, ਬੀਐਸਪੀ, ਲੈਫ਼ਟ ਤੇ ਦੂਜੀਆਂ ਪਾਰਟੀਆਂ ਕਾਂਗਰਸ ਨਾਲ ਜੋੜ ਕੇ ਇੱਕ ਗੱਠਜੋੜ ਬਣਾ ਸਕਦੇ ਹੋਣ।

ਅੱਖੜ ਸੁਭਾਅ ਦੇ ਮਮਤਾ ਬੈਨਰਜੀ, ਮਾਇਆਵਤੀ ਅਤੇ ਅਖਿਲੇਸ਼ ਯਾਦਵ, ਐਮ ਕਰੁਣਾਨਿਧੀ, ਲਾਲੂ ਯਾਦਵ ਅਤੇ ਸ਼ਰਦ ਪਵਾਰ ਵਰਗੇ ਧਾਕੜਾਂ ਦਾ ਹੰਕਾਰ ਵੀ ਇੱਕ ਸੱਚਾਈ ਹੈ।

1975-76 ਵਿੱਚ ਜੋ ਰੁਤਬਾ ਜੈ ਪ੍ਰਕਾਸ਼ ਨਾਰਾਇਣ ਦਾ ਸੀ ਜਾਂ ਸਾਂਝੇ ਮੋਰਚੇ ਦੀਆਂ ਸਰਕਾਰਾਂ ਵੇਲੇ ਹਰਕਰਿਸ਼ਨ ਸਿੰਘ ਸੁਰਜੀਤ ਦੀ ਜਿਹੜੀ ਕਦਰ ਸੀ, ਸੋਨੀਆ ਗਾਂਧੀ ਨੂੰ ਵੀ ਲਗਭਗ ਓਹੀ ਦਰਜਾ ਹਾਸਲ ਹੈ।

ਹੋ ਸਕਦਾ ਹੈ ਵਿਰੋਧੀ ਪਾਰਟੀਆਂ ਉਨ੍ਹਾਂ ਦੇ ਨਾਂ 'ਤੇ ਇਕੱਠੀਆਂ ਹੋ ਜਾਣ।

ਤਾਕਤਵਰ ਤੇ ਪ੍ਰਸੰਗਕ

ਸਾਲ 2004 ਤੋਂ 2014 ਦੌਰਾਨ ਸੋਨੀਆ ਨੇ ਦਿਖਾਇਆ ਕਿ ਉਹ ਪ੍ਰਧਾਨ ਮੰਤਰੀ ਬਣੇ ਬਿਨਾਂ ਵੀ ਤਾਕਤਵਰ ਤੇ ਪ੍ਰਸੰਗਕ ਹਨ।

ਰਾਹੁਲ ਵੀ 43 ਸਾਲ ਦੀ ਉਮਰੇ ਡਾ਼ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਮੰਤਰੀ ਬਣਨ ਤੋਂ ਪਾਸੇ ਹੀ ਰਹੇ।

ਉਹ ਹਾਲੇ ਵੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਨਹੀਂ ਪੇਸ਼ ਨਹੀਂ ਕਰ ਰਹੇ।

ਦੂਜੇ ਪਾਸੇ ਜਦੋਂ ਉਨ੍ਹਾਂ ਦੀ ਨਰਿੰਦਰ ਮੋਦੀ ਨਾਲ ਤੁਲਨਾ ਹੁੰਦੀ ਹੈ ਤਾਂ ਇਹੀ ਝਿਜਕ ਉਨ੍ਹਾਂ ਦੇ ਰਾਹ ਦੀ ਰੁਕਾਵਟ ਹੈ।

ਚਿਹਰਿਆਂ ਦੁਆਲੇ ਘੁੰਮਦੀ ਸਿਆਸਤ

1951-52 ਦੀਆਂ ਪਹਿਲੀਆਂ ਆਮ ਚੋਣਾਂ ਤੋਂ ਲੈ ਕੇ ਹੁਣ ਤੱਕ ਸਾਰੀਆਂ ਚੋਣਾਂ ਕਿਸੇ ਨਾ ਕਿਸੇ ਚਿਹਰੇ ਦੇ ਦੁਆਲੇ ਘੁੰਮਦੀਆਂ ਰਹੀਆਂ ਹਨ।

1951-52, 1957 ਅਤੇ 1962 ਵਿੱਚ ਕਾਂਗਰਸ ਨਹਿਰੂ ਕਰਕੇ ਸਫ਼ਲ ਹੋਈ।

1984 ਵਿੱਚ ਆਪਣੀ ਮੌਤ ਤੱਕ ਇੰਦਰਾ ਗਾਂਧੀ ਨੇ ਆਪਣੀ ਧਮਕ ਬਣਾ ਕੇ ਰੱਖੀ।

ਰਾਜੀਵ ਗਾਂਧੀ, ਵਾਜਪੇਈ ਅਤੇ ਸੋਨੀਆ ਦੀ ਜ਼ਿੰਦਗੀ ਵਿੱਚ ਵੀ ਅਜਿਹੇ ਮੌਕੇ ਆਏ ਪਰ ਪੀਵੀ ਨਰਸਿਮ੍ਹਾਂ ਰਾਓ ਤੇ ਮਨਮੋਹਨ ਸਿੰਘ ਉਸ ਤਰ੍ਹਾਂ ਨਹੀਂ ਚਮਕ ਸਕੇ।

ਵਿਰੋਧੀ ਧਿਰ ਦੀ ਕਮਜ਼ੋਰੀ

2019 ਦੀਆਂ ਚੋਣਾਂ ਵਿੱਚ ਵਿਰੋਧੀ ਧਿਰ ਦੀ ਇਹ ਕਮਜ਼ੋਰੀ ਬਣ ਸਕਦੀ ਹੈ ਕਿ ਉਨ੍ਹਾਂ ਕੋਲ ਕੋਈ ਸਿਰਕੱਢ ਆਗੂ ਨਹੀਂ ਹੈ।

ਮੋਦੀ ਵਿੱਚ ਇੰਦਰਾ ਵਰਗਾ ਹੀ ਮਾਦਾ ਹੈ ਕਿ ਉਹ ਸਿਆਸਤ ਨੂੰ ਮੈਂ ਤੇ ਮੇਰੇ ਖਿਲਾਫ਼ ਵਿੱਚ ਬਦਲ ਦੇਣ।

ਜਦੋਂ ਸਮਾਜਵਾਦੀ ਧੜੇ ਅਤੇ ਪਿਛੜੇ ਵਰਗ ਲੋਹੀਆ ਦੀ ਕਮਾਂਡ ਵਿੱਚ ਲਾਮਬੰਦ ਹੋਣ ਲੱਗੇ ਤਾਂ ਇੰਦਰਾ ਨੇ ਆਪਣੇ ਔਰਤ ਹੋਣ ਦਾ ਸਹਾਰਾ ਲਿਆ।

20 ਜਨਵਰੀ 1967 ਨੂੰ ਰਾਏਬਰੇਲੀ ਵਿੱਚ ਇੱਕ ਭਾਸ਼ਨ ਵਿੱਚ ਉਨ੍ਹਾਂ ਕਿਹਾ ਕਿ ਕਿਉਂਕਿ ਸਾਰਾ ਦੇਸ ਉਨ੍ਹਾਂ ਦਾ ਪਰਿਵਾਰ ਹੈ ਤਾਂ ਉਨ੍ਹਾਂ ਨੂੰ 'ਮਦਰ ਇੰਡੀਆ' ਕਿਹਾ ਜਾਵੇ।

ਕਾਂਗਰਸ ਦਾ ਇਤਿਹਾਸ

1962 ਵਿੱਚ ਲੋਕ ਸਭਾ ਚੋਣਾਂ ਵੱਡੇ ਫ਼ਰਕ ਨਾਲ ਜਿੱਤਣ ਵਾਲੀ ਗਾਇਤਰੀ ਦੇਵੀ, ਇੰਦਰਾ ਦੀ ਕੱਟੜ ਵਿਰੋਧੀ ਤੇ ਜਨ ਸੰਘ ਦੇ ਨਜ਼ਦੀਕੀ ਸਨ।

ਇੰਦਰਾ ਨੇ ਲੋਕਾਂ ਨੂੰ ਸਿੱਧਾ ਪੁੱਛਿਆ ਕਿ ਆਪਣੇ ਰਾਜਿਆਂ ਮਹਾਂਰਾਜਿਆਂ ਨੂੰ ਪੁੱਛੋ ਕਿ ਆਪਣੇ ਰਾਜ ਦੌਰਾਨ ਉਨ੍ਹਾਂ ਨੇ ਲੋਕਾਂ ਲਈ ਕੀ ਕੀਤਾ ਤੇ ਆਜ਼ਾਦੀ ਦੇ ਘੋਲ ਵਿੱਚ ਉਨ੍ਹਾਂ ਦਾ ਕੀ ਯੋਗਦਾਨ ਹੈ?

ਦਹਾਕਿਆਂ ਬਾਅਦ ਮੋਦੀ ਨੇ ਆਪਣੀ "ਚਾਹ ਵਾਲੇ" ਦੇ ਅਕਸ ਨੂੰ ਕਾਂਗਰਸ ਦੀ 'ਕੁਲੀਨ ਅਗਵਾਈ' ਖਿਲਾਫ਼ ਵਰਤਿਆ।

ਕਾਂਗਰਸ ਦਾ 84ਵੇਂ ਮਹਾਂ-ਇਜਲਾਸ ਕਈ ਗੱਲਾਂ ਯਾਦ ਕਰਵਾਏਗਾ।

ਸਟੇਜ 'ਤੇ ਪਾਰਟੀ ਦੇ ਇਤਿਹਾਸ ਨੂੰ ਦਰਸਾਉਣ ਵਾਲਾ ਕੋਈ ਬੈਨਰ ਨਹੀਂ ਸੀ।

ਉੱਥੇ ਨਾ ਤਾਂ ਮਹਾਤਮਾ ਗਾਂਧੀ ਦੀ, ਨਾ ਜਵਾਹਰ ਲਾਲ ਨਹਿਰੂ, ਨਾ ਪਟੇਲ, ਨਾ ਸੁਭਾਸ਼ ਚੰਦਰ ਬੋਸ, ਨਾ ਮੌਲਾਨਾ ਆਜ਼ਾਦ ਅਤੇ ਨਾ ਹੀ ਇੰਦਰਾ ਗਾਂਧੀ ਦੀ ਤਸਵੀਰ ਸੀ।

ਸਟੇਟਸ ਕੋ ਮੁਖੀ ਰਵੱਈਆ

ਸੀਨੀਅਰ ਆਗੂਆਂ ਨੂੰ ਸਟੇਜ 'ਤੇ ਬੈਠਣ ਲਈ ਥਾਂ ਨਹੀਂ ਦਿੱਤੀ ਗਈ।

ਸ਼ਾਇਦ ਇਸ ਨਾਲ ਰਾਹੁਲ ਦੀ ਪਸੰਦਗੀ ਅਤੇ ਨਾ ਪਸੰਦਗੀ ਦੇ ਉਜਾਗਰ ਹੋਣ ਦਾ ਡਰ ਸੀ।

ਪਾਰਟੀ ਵਿੱਚ ਅੰਦਰੂਨੀ ਲੋਕਤੰਤਰ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਉਸ ਵੇਲੇ ਧਰੀਆਂ ਰਹਿ ਗਈਆਂ ਜਦੋਂ ਰਾਹੁਲ ਨੂੰ ਕਾਰਜ ਸਮਿਤੀ ਦੇ ਸਾਰੇ 24 ਮੈਂਬਰ ਨਾਮਜ਼ਦ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ।

ਪਾਰਟੀ ਦੀ ਲੀਡਰਸ਼ਿੱਪ ਨੇ ਦਰਪੇਸ਼ ਦਿੱਕਤਾਂ ਦੀ ਚਰਚਾ ਨਾ ਹੋਣ ਦਿੱਤੀ। ਇਸ ਵਿੱਚ ਵਿਚਾਰਧਾਰਾ ਨਾਲ ਜੁੜੇ ਸਵਾਲ ਸਨ।

ਸੂਬਿਆਂ ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਨ ਦਾ ਸਵਾਲ ਸੀ।

ਵੋਟਿੰਗ ਮਸ਼ੀਨਾਂ ਦਾ ਵਿਰੋਧ ਕੀਤਾ ਜਾਵੇ ਜਾਂ ਨਾ ਅਤੇ ਪੁਰਾਣੇ ਬੈਲਟ ਪੱਤਰਾਂ ਦੀ ਮੰਗ ਕੀਤੀ ਜਾਵੇ ਜਾਂ ਨਾ, ਇਹ ਸਾਰੇ ਸਵਾਲ ਸਨ।

ਵੋਟਿੰਗ ਮਸ਼ੀਨਾਂ ਦਾ ਮੁੱਦਾ ਮਮਤਾ ਬੈਨਰਜੀ ਤੇ ਮਾਇਆਵਤੀ ਨੂੰ ਪਸੰਦ ਆ ਸਕਦਾ ਸੀ ਪਰ ਇਸ ਤੋਂ ਪਹਿਲਾਂ ਤਾਂ ਕਾਂਗਰਸ ਨੂੰ ਆਪਣੇ ਹਮਾਇਤੀਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਨੂੰ ਇਨ੍ਹਾਂ ਮਸ਼ੀਨਾਂ ਤੋਂ ਦਿੱਕਤ ਹੈ ਜਾਂ ਨਹੀਂ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)