ਨਾਗਾਲੈਂਡ ਦੀ ਸਿਆਸਤ ਵਿੱਚ ‘ਚਰਚ ਦੀ ਚਿੱਠੀ ਦਾ ਭੂਚਾਲ’

ਨਾਗਾਲੈਂਡ ਦੇਸ ਦਾ ਅਜਿਹਾ ਸੂਬਾ ਹੈ ਜਿਸ ਦੀ 90 ਫੀਸਦ ਤੋਂ ਵੱਧ ਆਬਾਦੀ ਈਸਾਈ ਹੈ।

ਜ਼ਾਹਿਰ ਹੈ ਕਿ ਨਾਗਾ ਲੋਕਾਂ ਦੇ ਇਸ ਸੂਬੇ ਵਿੱਚ ਚਰਚ ਦੀ ਰਾਇ ਆਮ ਜ਼ਿੰਦਗੀ ਵਿੱਚ ਵੀ ਜ਼ਿਆਦਾ ਮਾਅਨੇ ਰੱਖਦੀ ਹੈ ਅਤੇ ਸਿਆਸਤ ਵਿੱਚ ਵੀ।

ਚਰਚ ਕਾਰਨ ਹੀ ਇੱਕ ਰਾਇ ਦੀ ਵਜ੍ਹਾ ਨਾਲ 27 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਕਾਰਨ ਸੂਬੇ ਵਿੱਚ ਸਿਆਸੀ ਭੂਚਾਲ ਆਇਆ ਹੈ।

ਨਾਗਾਲੈਂਡ ਦੀ 1500 ਤੋਂ ਵੱਧ ਚਰਚਾਂ ਦੀ ਮੁੱਖ ਜਥੇਬੰਦੀ ਕਹੀ ਜਾਣ ਵਾਲੀ 'ਨਾਗਾਲੈਂਡ ਬੈਪਟਿਸਟ ਚਰਚ ਕਾਊਂਸਲ' ਦੇ ਜਨਰਲ ਸਕੱਤਰ ਰੇਵਹਰੰਡ ਡਾ. ਝੇਲਹੂ ਕਿਹੋ ਨੇ 9 ਫਰਵਰੀ ਨੂੰ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਬੀਜੇਪੀ ਅਤੇ ਆਰਐਸਐਸ ਦੀ ਹਿੰਦੁਤਵ ਦੀ ਵਿਚਾਰਧਾਰਾ 'ਤੇ ਹਮਲਾ ਕੀਤਾ।

ਖੁੱਲ੍ਹੀ ਚਿੱਠੀ ਵਿੱਚ ਲਿਖਿਆ, "ਆਰਐਸਐਸ ਦੀ ਸਿਆਸੀ ਵਿੰਗ ਭਾਜਪਾ, ਜਦੋਂ ਤੋਂ ਮੁਲਕ ਦੀ ਸੱਤਾ ਵਿੱਚ ਆਈ ਹੈ ਉਸ ਵੇਲੇ ਤੋਂ ਹੀ ਹਿੰਦੁਤਵਵਾਦੀ ਤਾਕਤ ਵਧੀ ਹੈ ਅਤੇ ਇਹੀ ਵਜ੍ਹਾ ਹੈ ਕਿ ਇਸਦਾ ਅਕਸ ਹਮਲਾਵਰ ਹੋਇਆ ਹੈ।''

"ਤੁਸੀਂ ਆਮ ਆਦਮੀ ਨੂੰ ਕਿੰਨਾ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਅਸਲ ਵਿੱਚ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।''

'ਈਸਾਈ ਸਿਧਾਂਤਾਂ ਨਾਲ ਸਮਝੌਤਾ ਨਾ ਹੋਵੇ'

ਚਿੱਠੀ ਵਿੱਚ ਅੱਗੇ ਲਿਖਿਆ, "ਤੁਸੀਂ ਇਹ ਵੀ ਨਕਾਰ ਨਹੀਂ ਸਕਦੇ ਕਿ ਸੱਤਾ ਦੇ ਕੇਂਦਰ ਵਿੱਚ ਰਹਿਣ ਵਾਲੀ ਇਹ ਪਾਰਟੀ ਪੂਰੀ ਤਾਕਤ ਨਾਲ ਨਾਗਾਲੈਂਡ, ਜਿੱਥੇ ਈਸਾਈ ਭਾਈਚਾਰਾ ਵਧ ਗਿਣਤੀ ਵਿੱਚ ਹੈ, ਆਪਣਾ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ।''

"ਕੀ ਤੁਸੀਂ ਇਹ ਸੋਚਿਆ ਹੈ ਕਿ ਇਸ ਦੇ ਪਿੱਛੇ ਉਨ੍ਹਾਂ ਦਾ ਮੰਤਵ ਕੀ ਹੈ? ਜੇ ਨਹੀਂ ਤਾਂ ਬੇਵਕੂਫ ਨਾ ਬਣੋ।''

ਇਸ ਖੁੱਲ੍ਹੀ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਭਾਜਪਾ ਸਰਕਾਰ ਆਉਣ ਤੋਂ ਬਾਅਦ ਈਸਾਈ ਮਿਸ਼ਨਰੀ ਪਾਸਟਰਸ 'ਤੇ ਹਮਲੇ ਵਧ ਰਹੇ ਹਨ।

ਅਜਿਹਾ ਦੱਸਦਿਆਂ ਚਿੱਠੀ ਦੇ ਅੰਤ ਵਿੱਚ ਰੇਵਹਰੰਡ ਕੀਹੋ ਇਹ ਨਾਅਰਾ ਦਿੰਦੇ ਹਨ, "ਜੋ ਈਸਾ ਨੂੰ ਜ਼ਖਮੀ ਕਰਨਾ ਚਾਹੁੰਦੇ ਹਨ ਉਨ੍ਹਾਂ ਦੇ ਹੱਥੋਂ ਪੈਸੇ ਅਤੇ ਵਿਕਾਸ ਲਈ ਆਪਣੇ ਈਸਾਈ ਸਿਧਾਂਤਾਂ ਅਤੇ ਧਰਮ ਨਾਲ ਸਮਝੌਤਾ ਨਾ ਕਰੋ।''

'ਭਾਜਪਾ ਆਰਐਸਐਸ ਦੀ ਸਿਆਸੀ ਸ਼ਾਖਾ'

ਨਾਗਾਲੈਂਡ ਵਿੱਚ ਚਰਚ ਬੀਜੇਪੀ ਦੇ ਖਿਲਾਫ ਹੈ ਅਤੇ ਉਸ ਨੂੰ ਵੋਟ ਨਾ ਕਰਨ ਦੀ ਸਲਾਹ ਦੇ ਰਿਹਾ ਹੈ। ਇਸ ਖੁੱਲ੍ਹੀ ਚਿੱਠੀ ਕਾਰਨ ਸੂਬੇ ਦੀ ਸਿਆਸਤ ਵਿੱਚ ਹੜਕੰਪ ਮੱਚ ਗਿਆ ਹੈ।

ਭਾਜਪਾ ਇਨ੍ਹਾਂ ਚੋਣਾਂ ਵਿੱਚ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਨਿੰਫਿਊ ਰਿਓ ਦੀ ਪਾਰਟੀ ਐਨਡੀਪੀਪੀ ਦੇ ਨਾਲ ਗਠਜੋੜ ਵਿੱਚ ਹੈ ਅਤੇ 20 ਥਾਂਵਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰ ਚੁੱਕੀ ਹੈ।

ਰੇਵਹਰੰਡ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਮੈਂ ਚਿੱਠੀ ਵਿੱਚ ਅਜਿਹਾ ਕਦੇ ਨਹੀਂ ਲਿਖਿਆ ਕਿ ਲੋਕ ਭਾਜਪਾ ਨੂੰ ਵੋਟ ਨਾ ਦੇਣ। ਮੈਂ ਕਿਹਾ ਕਿ ਭਾਜਪਾ ਆਰਐਸਐਸ ਦੀ ਸਿਆਸੀ ਸ਼ਾਖਾ ਹੈ ਅਤੇ ਉਹ ਫਿਰਕੂ ਪਾਰਟੀ ਹੈ।''

"ਪੂਰੇ ਦੇਸ ਨੂੰ ਅਜਿਹਾ ਤਜ਼ਰਬਾ ਹੋ ਰਿਹਾ ਹੈ ਅਤੇ ਚਰਚ ਵਿੱਚ ਸਾਨੂੰ ਇਹ ਲੱਗਾ ਕਿ ਸਾਨੂੰ ਆਪਣੇ ਲੋਕਾਂ ਨੂੰ ਅਗਾਹ ਕਰ ਦੇਣਾ ਸਾਡੀ ਜ਼ਿੰਮੇਵਾਰੀ ਹੈ ਕਿ ਜੋ ਬਾਹਰ ਹੋ ਰਿਹਾ ਹੈ ਉਹ ਨਾਗਾਲੈਂਡ ਵਿੱਚ ਵੀ ਹੋ ਸਕਦਾ ਹੈ।''

ਉਨ੍ਹਾਂ ਅੱਗੇ ਕਿਹਾ, "ਸਿਆਸੀ ਪਾਰਟੀਆਂ ਧਰਮ ਨਿਰਪੱਖ ਹੋਣੀਆਂ ਚਾਹੀਦੀਆਂ ਹਨ, ਫਿਰਕੂ ਨਹੀਂ।

ਅਜਿਹਾ ਹੀ ਮੈਂ ਕਿਹਾ ਅਤੇ ਇਸ ਲਈ ਮੇਰੀ ਆਲੋਚਨਾ ਹੋ ਰਹੀ ਹੈ।''

ਪਰ ਫਿਰ ਵੀ ਇਸ ਚਿੱਠੀ ਦਾ ਚੋਣਾਂ ਦੇ ਮਾਹੌਲ ਵਿੱਚ ਜੋ ਹਸ਼ਰ ਹੋਣਾ ਸੀ ਉਹ ਹੋ ਗਿਆ।

'ਈਸਾਈਆਂ ਨਾਲ ਧੋਖਾ ਨਹੀਂ ਹੋ ਰਿਹਾ'

ਭਾਜਪਾ ਦੇ ਨਾਲ ਗਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨਿੰਫਿਊ ਰਿਓ ਨੇ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਨਾਗਾਲੈਂਡ ਦੀ ਈਸਾਈ ਭਾਈਚਾਰੇ ਨੂੰ ਕਿਸੇ ਤਰ੍ਹਾਂ ਦਾ ਧੋਖਾ ਹੋ ਰਿਹਾ ਹੈ ਪਰ ਫਿਰ ਵੀ ਭਵਿੱਖ ਵਿੱਚ ਜੇ ਧਰਮ ਅਤੇ ਨਾਗਾ ਪਹਿਚਾਣ 'ਤੇ ਕੋਈ ਸੰਕਟ ਆਇਆ ਤਾਂ ਭਾਜਪਾ ਨਾਲ ਗਠਜੋੜ ਤੋੜ ਦਿੱਤਾ ਜਾਵੇਗਾ।

ਭਾਜਪਾ ਵੀ ਇਸ ਚਿੱਠੀ ਵਿੱਚ ਕੀਤੇ ਦਾਅਵਿਆਂ ਨੂੰ ਨਕਾਰਦਿਆਂ ਰੈਲੀਆਂ ਵਿੱਚ ਖੁਦ ਦਾ ਬਚਾਅ ਕਰ ਰਹੀ ਹੈ।

ਭਾਜਪਾ ਦੇ ਨਾਗਾਲੈਂਡ ਦੇ ਜਨਰਲ ਸਕੱਤਰ ਏਡੂਝੂ ਥੇਲੁਓ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਕਿ ਚਰਚ ਨੇ ਕਿਸੇ ਇੱਕ ਪਾਰਟੀ ਦੇ ਖਿਲਾਫ਼ ਕੁਝ ਨਹੀਂ, ਉਹ ਸਿਰਫ਼ ਹਾਲਾਤ 'ਤੇ ਆਪਣੀ ਰਾਇ ਦੇ ਰਹੇ ਹਨ।

'ਅਸੀਂ ਧਰਮ ਨਿਰਪੱਖ ਹਾਂ'

ਉਨ੍ਹਾਂ ਕਿਹਾ, "ਮੈਂ ਖੁਦ ਇੱਕ ਈਸਾਈ ਹਾਂ ਅਤੇ ਮੈਨੂੰ ਭਾਜਪਾ ਵਿੱਚ ਰਹਿਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਭਾਜਪਾ ਇੱਕ ਸਿਆਸੀ ਪਾਰਟੀ ਹੈ ਅਤੇ ਅਸੀਂ ਆਪਣੇ ਸੰਵਿਧਾਨ ਦੇ ਤਹਿਤ ਕੰਮ ਕਰਦੇ ਹਾਂ।''

"ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਲਿਖਿਆ ਕਿ ਅਸੀਂ ਸਾਰੇ ਘੱਟ ਗਿਣਤੀ ਲੋਕਾਂ ਦਾ ਖਿਆਲ ਰੱਖਦੇ ਹਾਂ ਅਤੇ ਧਰਮ ਨਿਰਪੱਖ ਹਾਂ।''

ਥੇਲੁਓ ਇਹ ਮੰਨਦੇ ਹਨ ਕਿ ਚਿੱਠੀ ਨਾਲ ਪਾਰਟੀ ਨੂੰ ਚੋਣਾਂ ਵਿੱਚ ਕੁਝ ਨੁਕਸਾਨ ਹੋ ਸਕਦਾ ਹੈ।

ਦੂਜੇ ਪਾਸੇ ਬੀਜੇਪੀ ਨੇ ਜਿਨ੍ਹਾਂ ਥਾਂਵਾਂ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ ਉਹ ਸਾਰੇ ਈਸਾਈ ਧਰਮ ਨਾਲ ਸੰਬੰਧਿਤ ਹਨ।

ਇਮਤੀ ਜ਼ਮੀਰ ਦਿਮਾਪੁਰ ਦੇ ਐਸਡੀ ਜੈਨ ਕਾਲਜ ਵਿੱਚ ਰਾਜਨੀਤੀ ਸ਼ਾਸ਼ਤਰ ਪੜ੍ਹਾਉਂਦੇ ਹਨ।

'ਚਰਚ ਦਾ ਅਸਰ ਨਵੀਂ ਗੱਲ ਨਹੀਂ'

ਉਨ੍ਹਾਂ ਨੂੰ ਲੱਗਦਾ ਹੈ ਕਿ ਈਸਾਈਆਂ ਨਾਲ ਜੋ ਕੁਝ ਹੋ ਰਿਹਾ ਹੈ ਉਸ ਨਾਲ ਚਰਚ ਦੇ ਸੀਨੀਅਰ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੋਵੇਗੀ ਇਸ ਲਈ ਇਹ ਚਿੱਠੀ ਲਿਖੀ ਗਈ ਹੈ।

ਜ਼ਮੀਰ ਅਨੁਸਾਰ, "ਚਰਚ ਦਾ ਅਸਰ ਹਮੇਸ਼ਾ ਤੋਂ ਨਾਗਾਲੈਂਡ ਦੀ ਸਿਆਸਤ 'ਤੇ ਰਿਹਾ ਹੈ। 1972 ਤੋਂ ਹੀ ਚਰਚ ਕਲੀਨ ਚੋਣ ਮੁਹਿੰਮ ਚਲਾ ਰਿਹਾ ਹੈ ਇਸ ਲਈ 2018 ਵਿੱਚ ਕੁਝ ਨਵਾਂ ਨਹੀਂ ਹੈ ਕਿ ਉਹ ਸਿਆਸਤ 'ਤੇ ਅਸਰ ਪਾ ਰਿਹਾ ਹੈ।''

"ਜੇ ਕੋਈ ਪਾਰਟੀ ਨਾਗਾ ਲੋਕਾਂ ਦੀ ਪਹਿਚਾਣ, ਜਾਂ ਸਿਆਸੀ ਝੁਕਾਅ 'ਤੇ ਕੋਈ ਪ੍ਰਭਾਵ ਪਾਉਂਦੀ ਹੈ ਤਾਂ ਜ਼ਾਹਿਰ ਹੈ ਕਿ ਉਸ ਦਾ ਅਸਰ ਚਰਚ 'ਤੇ ਵੀ ਪਵੇਗਾ ਕਿਉਂਕਿ ਨਾਗਾਲੈਂਡ ਦੀ 90 ਫੀਸਦ ਤੋਂ ਵੱਧ ਆਬਾਦੀ ਈਸਾਈ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ।''

"ਇਸ ਕਾਰਨ ਬਣੇ ਅਸੁਰੱਖਿਅਤ ਮਾਹੌਲ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਨੂੰ ਮਜਬੂਰ ਕੀਤਾ ਹੋਵੇਗਾ ਪਰ ਮੈਨੂੰ ਲੱਗਦਾ ਹੈ ਕਿ ਆਖਰੀ ਫੈਸਲਾ ਨਾਗਾ ਵੋਟਰ ਹੀ ਲੈਣਗੇ ਚਰਚ ਨਹੀਂ।''

ਲੋਕ ਕਰਨਗੇ ਆਖਰੀ ਫੈਸਲਾ

ਚਰਚ ਦੀ ਇਸ ਖੁੱਲ੍ਹੀ ਚਿੱਠੀ ਵਿੱਚ ਆਮ ਜਨਤਾ ਦੀ ਰਾਏ ਵੰਡੀ ਹੋਈ ਹੈ। ਸੁਝਨ ਲੋਥਾ ਜੁਵੈਨਾਈਲ ਜਸਟਿਸ ਵਿੱਚ ਕੰਮ ਕਰਨ ਵਾਲੀ ਇੱਕ ਮਨੋਵਿਗਿਆਨੀ ਹਨ।

ਉਹ ਕਹਿੰਦੀ ਹੈ, "ਚਰਚ ਕਹਿ ਰਿਹਾ ਹੈ ਕਿ ਸਾਨੂੰ ਹਿੰਸਾ ਨਹੀਂ ਚਾਹੀਦੀ। ਉਹ ਇਹ ਨਹੀਂ ਕਹਿ ਰਿਹਾ ਕਿ ਇਸ ਨੂੰ ਵੋਟ ਦਿਓ ਜਾਂ ਇਸ ਨੂੰ ਨਾ ਦਿਓ।''

"ਐਨਬੀਸੀਸੀ ਨੇ ਭਾਜਪਾ ਬਾਰੇ ਜ਼ਰੂਰ ਕੁਝ ਕਿਹਾ ਹੈ ਪਰ ਭਾਜਪਾ ਨੇ ਤਾਂ ਹਮੇਸ਼ਾ ਹੀ ਧਰਮ ਦੇ ਨਾਂ 'ਤੇ ਸਿਆਸਤ ਕੀਤੀ ਹੈ।''

"ਉਹ ਭਾਰਤ ਨੂੰ ਹਿੰਦੁਸਤਾਨ ਕਹਿੰਦੇ ਹਨ ਪਰ ਭਾਰਤ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਸਿਰਫ਼ ਹਿੰਦੂਆਂ ਦੇ ਲਈ ਹੈ। ਅਜਿਹਾ ਕਹਿਣ ਨਾਲ ਤੁਸੀਂ ਲੋਕਤੰਤਰ ਦੀ ਹੱਤਿਆ ਕਰ ਰਹੇ ਹੋ।''

ਫੇਸਬੁੱਕ ਬਲਾਗਰ ਕਵਿਤੋ ਕੇਰਾ ਆਪਣੀ ਰਾਇ ਵਿੱਚ ਕਹਿੰਦੇ ਹਨ, "ਕੋਈ ਵੀ ਜਥੇਬੰਦੀ ਮੈਨੂੰ ਇਹ ਨਹੀਂ ਕਹਿ ਸਕਦੀ ਕਿ ਮੈਨੂੰ ਕਿਸ ਨੂੰ ਵੋਟ ਦੇਣ ਚਾਹੀਦਾ ਹੈ।"

"ਧਰਮ ਨਿਰਪੱਖਤਾ ਨਾਲ ਕਿਸੇ ਤਰੀਕੇ ਦਾ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਫਿਰ ਉਹ ਮੋਦੀ ਹੀ ਕਿਉਂ ਨਾ ਹੋਣ।"

ਨਾਗਾਲੈਂਡ ਦੀਆਂ ਚੋਣਾਂ ਦੇ ਨਤੀਜੇ 3 ਮਾਰਚ ਨੂੰ ਨਤੀਜੇ ਨੂੰ ਸਾਹਮਣੇ ਆਉਣਗੇ। ਉਸ ਵੇਲੇ ਹੀ ਪਤਾ ਚੱਲੇਗਾ ਕਿ ਚਰਚ ਦੀ ਇਸ ਚਿੱਠੀ ਦੀ ਸਿਆਸੀ ਕੀਮਤ ਕਿੰਨੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)