ਵਰ, ਵਿਚੋਲੇ ਤੇ ਆਈਲੈੱਟਸ-10: ਆਈਲੈੱਟਸ ਕੇਂਦਰਾਂ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰ ਕੀ ਕਹਿੰਦੇ ਨੇ?

    • ਲੇਖਕ, ਸੁਨੀਲ ਕਟਾਰੀਆ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿੱਚ ਆਈਲੈੱਟਸ ਤੇ ਇਮੀਗ੍ਰੇਸ਼ਨ ਕੇਂਦਰਾਂ ਜਾਂ ਕੰਪਨੀਆਂ ਦੀ ਮਸ਼ਹੂਰੀ ਵਿੱਚ ਪੰਜਾਬੀ ਕਲਾਕਾਰ ਕਈ ਵਾਰ ਨਜ਼ਰ ਆਉਂਦੇ ਹਨ।

ਇਨ੍ਹਾਂ ਕਲਾਕਾਰਾਂ ਵਿੱਚੋਂ ਕੋਈ ਗਾਇਕ ਹੈ, ਕੋਈ ਅਦਾਕਾਰ ਤੇ ਕੋਈ ਅਦਾਕਾਰਾ।

ਇਨ੍ਹਾਂ ਮਸ਼ਹੂਰੀਆਂ ਵਿੱਚ ਆਪਣੇ ਚਹੇਤੇ ਕਲਾਕਾਰਾਂ ਨੂੰ ਦੇਖ ਕੇ ਪੰਜਾਬ ਦੇ ਨੌਜਵਾਨ ਵੱਖ-ਵੱਖ ਇਮੀਗ੍ਰੇਸ਼ਨ ਕੰਪਨੀਆਂ ਕੋਲ ਵਿਦੇਸ਼ ਜਾਣ ਦਾ ਸੁਪਨਾ ਲੈ ਕੇ ਕਈ ਕੋਰਸਾਂ 'ਚ ਦਾਖਲਾ ਲੈ ਲੈਂਦੇ ਹਨ।

ਕੁਝ ਦਾ ਸੁਪਨਾ ਤਾਂ ਪੂਰਾ ਹੋ ਜਾਂਦਾ ਹੈ ਪਰ ਕਈਆਂ ਦੇ ਹੱਥ ਲੱਗਦੀ ਹੈ ਨਿਰਾਸ਼ਾ।

ਇਮੀਗ੍ਰੇਸ਼ਨ ਕੇਂਦਰਾ ਅਤੇ ਆਈਲੈੱਟਸ ਕੇਂਦਰਾਂ ਨੂੰ ਪ੍ਰਮੋਟ ਕਰਨ ਤੋਂ ਪਹਿਲਾਂ ਜਾਂ ਫਿਰ ਇਸ਼ਤਿਹਾਰ ਵਿੱਚ ਦਿਖਣ ਤੋਂ ਪਹਿਲਾਂ ਕੀ ਇਹ ਕਲਾਕਾਰ ਸਬੰਧਤ ਕੇਂਦਰ ਬਾਰੇ ਜਾਣਕਾਰੀ ਹਾਸਲ ਕਰਦੇ ਹਨ।

ਕੀ ਸਬੰਧਤ ਆਈਲੈੱਟਸ ਕੇਂਦਰਾਂ ਦੀਆਂ ਸੇਵਾਵਾਂ ਦੇ ਪੱਧਰ ਬਾਰੇ ਕੁਝ ਜਾਣਦੇ ਹਨ।

ਪੰਜਾਬ ਦੇ ਆਈਲੈੱਟਸ ਕੇਂਦਰਾਂ ਅਤੇ ਇਮੀਗ੍ਰੇਸ਼ਨ ਕੰਪਨੀ ਦੀਆਂ ਮਸ਼ਹੂਰੀਆਂ 'ਚ ਨਜ਼ਰ ਆਉਣ ਵਾਲੇ ਇਨ੍ਹਾਂ ਕਲਾਕਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕੀ ਉਹ ਅਜਿਹੇ ਇਸ਼ਤਿਹਾਰਾਂ ਵਿੱਚ ਅਦਾਕਾਰੀ ਕਰਨ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਨੇ।

ਇਨ੍ਹਾਂ ਮਸ਼ਹੂਰੀਆਂ 'ਚ ਆਪਣੀ ਸ਼ਮੂਲੀਅਤ ਸਬੰਧੀ ਉਨ੍ਹਾਂ ਕੀ ਕੁਝ ਕਿਹਾ, ਆਓ ਜਾਣਦੇ ਹਾਂ.....

ਸ਼ੈਰੀ ਮਾਨ

'ਯਾਰ ਅਣਮੁੱਲੇ' ਤੇ 'ਤਿੰਨ ਪੈੱਗ' ਵਰਗੇ ਗੀਤਾਂ ਨਾਲ ਚਰਚਾ 'ਚ ਰਹਿਣ ਵਾਲੇ ਗਾਇਕ ਤੇ ਗੀਤਕਾਰ ਸ਼ੈਰੀ ਮਾਨ ਇੱਕ ਆਈਲੈੱਟਸ ਸੈਂਟਰ ਦੀ ਮਸ਼ਹੂਰੀ ਕਰਦੇ ਨਜ਼ਰ ਆਉਂਦੇ ਰਹੇ ਹਨ।

ਇੱਕ ਇਮੀਗ੍ਰੇਸ਼ਨ ਕੰਪਨੀ ਦੀਆਂ ਮਸ਼ਹੂਰੀਆਂ ਵਿੱਚ ਕਈ ਵਾਰ ਸ਼ੈਰੀ ਮਾਨ ਖੁੱਲ੍ਹੇ ਤੌਰ 'ਤੇ ਸਿਫ਼ਤਾਂ ਕਰਦੇ ਹਨ।

ਇਹ ਮਸ਼ਹੂਰੀਆਂ ਨਾ ਸਿਰਫ਼ ਵੱਖ-ਵੱਖ ਟੀਵੀ ਚੈਨਲਾਂ ਉੱਤੇ ਚੱਲਦੀਆਂ ਰਹੀਆਂ ਸਗੋਂ ਇਸ ਕੰਪਨੀ ਦੀਆਂ ਮਸ਼ਹੂਰੀਆਂ ਨੂੰ ਖੁੱਲ੍ਹੇ ਤੌਰ 'ਤੇ ਕਲਾਕਾਰ ਸ਼ੈਰੀ ਮਾਨ ਆਪਣੇ ਫੇਸਬੁੱਕ ਅਕਾਊਂਟ 'ਤੇ ਵੀ ਸਮੇਂ-ਸਮੇਂ ਉੱਤੇ ਹੁੰਗਾਰਾ ਦਿੰਦੇ ਰਹੇ ਹਨ।

ਦੱਸ ਦਈਏ ਕਿ ਇਹ ਉਹੀ ਇਮੀਗ੍ਰੇਸ਼ਨ ਕੰਪਨੀ ਹੈ ਜਿਸ ਉੱਤੇ ਪਿਛਲੇ ਸਾਲ ਅਕਤੂਬਰ ਵਿੱਚ ਈਡੀ ਦੇ ਛਾਪੇ ਪੈ ਚੁੱਕੇ ਹਨ।

ਕੰਪਨੀ ਖਿਲਾਫ਼ ਜਾਅਲਸਾਜੀ ਅਤੇ ਧੋਖਾਧੜੀ ਦਾ ਕੇਸ ਦਰਜ ਕਰਨ ਦੀ ਸਿਫ਼ਾਰਿਸ਼ ਵੀ ਈਡੀ ਵੱਲੋਂ ਕੀਤੇ ਜਾਣ ਦੀ ਖ਼ਬਰ ਸੀ।

ਬੀਬੀਸੀ ਵੱਲੋਂ ਸ਼ੈਰੀ ਮਾਨ ਦਾ ਪੱਖ ਲੈਣ ਲਈ ਉਨ੍ਹਾਂ ਦੇ ਮੈਨੇਜਰ ਕਮਲ ਢਿੱਲੋਂ ਨੂੰ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਾ ਹੋ ਸਕੀ।

ਯੋਗਰਾਜ ਸਿੰਘ

ਆਪਣੀ ਵੱਖਰੀ ਅਦਾਕਾਰੀ ਨਾਲ ਜਾਣੇ ਜਾਂਦੇ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਅਦਾਕਾਰ ਯੋਗਰਾਜ ਸਿੰਘ ਵੀ ਪੰਜਾਬ ਦੀ ਇੱਕ ਇਮੀਗ੍ਰੇਸ਼ਨ ਕੰਪਨੀ ਦੀਆਂ ਮਸ਼ਹੂਰੀਆਂ 'ਚ ਨਜ਼ਰ ਆਏ।

ਇਸ ਮਸ਼ਹੂਰੀ ਵਿੱਚ ਉਹ ਉਕਤ ਕੰਪਨੀ ਦੀ ਤਾਰੀਫ ਕਰਦੇ ਹੋਏ ਲੋਕਾਂ ਨੂੰ ਕੰਪਨੀ ਨਾਲ ਸੰਪਰਕ ਕਰਨ ਲਈ ਕਹਿ ਰਹੇ ਹਨ।

ਇਸੇ ਮਸ਼ਹੂਰੀ ਵਿੱਚ ਉਨ੍ਹਾਂ ਨਾਲ ਪੰਜਾਬੀ ਫਿਲਮਾਂ ਦੀ ਅਦਾਕਾਰਾ ਸਤਵੰਤ ਕੌਰ ਵੀ ਨਜ਼ਰ ਆ ਰਹੇ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਮਸ਼ਹੂਰੀਆਂ 'ਚ ਆਪਣੀ ਭੂਮਿਕਾ ਬਾਰੇ ਯੋਗਰਾਜ ਸਿੰਘ ਨੇ ਕਿਹਾ, ''ਬਤੌਰ ਅਦਾਕਾਰ ਮੈਂ ਆਪਣੇਂ ਕੰਮ ਦਾ ਸਤਿਕਾਰ ਕਰਦਾ ਹਾਂ ਅਤੇ ਮੈਨੂੰ ਨਹੀਂ ਲਗਦਾ ਕਿ ਮੈਂ ਅਜਿਹੀ ਕੋਈ ਐਡ ਕੀਤੀ ਹੈ ਜਿਸ ਦਾ ਨਾਕਾਰਾਤਮਿਕ ਪ੍ਰਭਾਵ ਜਾਂਦਾ ਹੈ।"

"ਮੈਂ ਉਹ ਐਡ ਕੀਤੀਆਂ ਜਿਨ੍ਹਾਂ ਬਾਰੇ ਲਗਦਾ ਸੀ ਕਿ ਮੈਨੂੰ ਕਰਨੀਆਂ ਚਾਹੀਦੀਆਂ ਹਨ, ਮੈਂ ਕਦੇ ਸ਼ਰਾਬ ਜਾਂ ਨਸ਼ਿਆਂ ਦੀ ਮਸ਼ਹੂਰੀ ਨਹੀਂ ਕੀਤੀ ਤੇ ਜੇ ਕੀਤੀ ਹੁੰਦੀ ਮੈਨੂੰ ਖੁਦ 'ਤੇ ਪਛਤਾਵਾ ਹੁੰਦਾ।"

ਉਨ੍ਹਾਂ ਅੱਗੇ ਕਿਹਾ, "ਮੈਂ ਪੁਸ਼ਟੀ ਕਰ ਕੇ ਹੀ ਕੋਈ ਐਡ ਕਰਦਾ ਹਾਂ ਅਤੇ ਜੇ ਕੋਈ ਕੰਪਨੀ ਜਾਅਲੀ ਨਿਕਲ ਆਵੇ ਤਾਂ ਮੈਂ ਪਹਿਲਾ ਇਨਸਾਨ ਹੋਵਾਂਗਾ ਜਿਹੜਾ ਮੀਡੀਆ 'ਚ ਆ ਕੇ ਅਜਿਹੇ ਲੋਕਾਂ ਅਤੇ ਕੰਪਨੀਆਂ ਦੇ ਭੇਤ ਖੋਲ੍ਹਾਂਗਾ।''

ਨਿਰਮਲ ਰਿਸ਼ੀ

ਪੰਜਾਬੀ ਫਿਲਮਾਂ ਦੀ 'ਬੇਬੇ' ਤੇ 'ਲੌਂਗ ਦਾ ਲਿਸ਼ਕਾਰਾ' ਦੀ 'ਗੁਲਾਬੋ ਮਾਸੀ' ਅਦਾਕਾਰਾ ਨਿਰਮਲ ਰਿਸ਼ੀ ਵੀ ਹੁਣ ਤਕ ਪੰਜਾਬ ਦੀਆਂ ਦੋ ਇਮੀਗ੍ਰੇਸ਼ਨ ਕੰਪਨੀਆਂ ਦੀ ਐਡ ਵਿੱਚ ਨਜ਼ਰ ਆ ਚੁੱਕੇ ਹਨ।

ਇਨ੍ਹਾਂ ਮਸ਼ਹੂਰੀਆਂ ਵਿੱਚ ਉਹ ਕੰਪਨੀਆਂ ਦੀ ਸਿਫਤ ਕਰਦੇ ਨਜ਼ਰ ਆਉਂਦੇ ਹਨ।

ਇਸ ਵਿੱਚੋਂ ਇੱਕ ਐਡ ਵਿੱਚ ਉਨ੍ਹਾਂ ਨਾਲ ਅਦਾਕਾਰ ਹਾਰਬੀ ਸੰਘਾ ਤੇ ਹਰਪਾਲ ਸਿੰਘ ਵੀ ਨਜ਼ਰ ਆਉਂਦੇ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਨਿਰਮਲ ਰਿਸ਼ੀ ਨੇ ਕਿਹਾ, ''ਮੈਂ ਇਸ ਤਰ੍ਹਾਂ ਦੀਆਂ ਜਿਹੜੀਆਂ ਮਸ਼ਹੂਰੀਆਂ ਕਰਦੀ ਹਾਂ, ਇਸ ਬਾਰੇ ਪਹਿਲਾਂ ਹੀ ਇਮੀਗ੍ਰੇਸ਼ਨ ਕੰਪਨੀਆਂ ਨੂੰ ਪੁੱਛਦੀ ਹਾਂ ਕਿ ਇਸ 'ਚ ਤੁਹਾਡੀ ਕੋਈ ਗੜਬੜ ਤਾਂ ਨਹੀਂ, ਕਿਉਂਕਿ ਮੈਂ ਉਹੀ ਕੰਮ ਕਰਨਾ ਚਾਹੁੰਦੀ ਹਾਂ ਜਿਸ 'ਚ ਸੱਚਾਈ ਹੋਵੇ।''

ਸ਼ੁਗਲੀ-ਜੁਗਲੀ

ਪੰਜਾਬੀ ਕਾਮੇਡੀ ਦੀ ਚਰਚਿਤ ਜੋੜੀ ਸ਼ੁਗਲੀ-ਜੁਗਲੀ ਜਲੰਧਰ ਦੀ ਇੱਕ ਇਮੀਗ੍ਰੇਸ਼ਨ ਕੰਪਨੀ ਲਈ ਕਈ ਟੀਵੀ ਮਸ਼ਹੂਰੀਆਂ ਵਿੱਚ ਬਤੌਰ ਅਦਾਕਾਰ ਨਜ਼ਰ ਆ ਚੁੱਕੇ ਹਨ ਤੇ ਆ ਵੀ ਰਹੇ ਹਨ।

ਸ਼ੁਗਲੀ-ਜੁਗਲੀ ਦੋ ਭਰਾਵਾਂ ਦੀ ਕਾਮੇਡੀ ਜੋੜੀ ਹੈ।

ਸ਼ੁਗਲੀ ਦਾ ਕਿਰਦਾਰ ਗੁਰਪ੍ਰੀਤ ਸਿੰਘ ਅਤੇ ਜੁਗਲੀ ਦਾ ਕਿਰਦਾਰ ਪ੍ਰਭਪ੍ਰੀਤ ਸਿੰਘ ਅਦਾ ਕਰਦੇ ਹਨ।

ਬੀਬੀਸੀ ਨਾਲ ਗੱਲਬਾਤ ਦੌਰਾਨ ਇਮੀਗ੍ਰੇਸ਼ਨ ਕੰਪਨੀ ਦੀਆਂ ਮਸ਼ਹੂਰੀਆਂ 'ਚ ਆਪਣੀ ਭੂਮਿਕਾ ਬਾਬਤ ਜੁਗਲੀ ਯਾਨਿ ਕਿ ਪ੍ਰਭਪ੍ਰੀਤ ਸਿੰਘ ਨੇ ਕਿਹਾ, ''ਅਸੀਂ ਇਹ ਮਸ਼ਹੂਰੀਆਂ ਕਰਨ ਤੋਂ ਪਹਿਲਾਂ ਸਰਵੇਖਣ ਕੀਤਾ, ਵੀਜ਼ੇ ਲੱਗਣ ਵਾਲੇ ਵਿਦਿਆਰਥੀਆਂ ਨੂੰ ਵੀ ਮਿਲੇ ਕਿ ਕਿਤੇ ਕੋਈ ਧੋਖੇਬਾਜੀ ਵਾਲਾ ਕੰਮ ਤਾਂ ਨਹੀਂ ਹੈ।''

''ਅਸੀਂ ਸਮੇਂ-ਸਮੇਂ 'ਤੇ ਵਿਦਿਆਰਥੀਆਂ ਨੂੰ ਮਿਲਦੇ ਰਹਿੰਦੇ ਹਾਂ ਤੇ ਸਾਨੂੰ ਕੋਈ ਧੋਖਾਧੜੀ ਵਾਲੀ ਗੱਲ ਨਹੀਂ ਲੱਗੀ। ਜਿਸ ਦਿਨ ਸਾਨੂੰ ਕੁਝ ਗਲਤ ਲੱਗੇਗਾ ਅਸੀਂ ਇਹ ਕੰਮ ਛੱਡ ਦੇਵਾਂਗੇ।''

ਅਰਵਿੰਦਰ ਭੱਟੀ

ਐਂਕਰ ਤੇ ਅਦਾਕਾਰ ਅਰਵਿੰਦਰ ਸਿੰਘ ਭੱਟੀ ਨੂੰ ਤੁਸੀਂ ਕਈ ਪੰਜਾਬੀ ਤੇ ਹਿੰਦੀ ਫਿਲਮਾਂ ਤੋਂ ਇਲਾਵਾ ਕਈ ਮਸ਼ਹੂਰੀਆਂ 'ਚ ਦੇਖਿਆ ਹੋਵੇਗਾ।

ਅੰਮ੍ਰਿਤਸਰ ਦੇ ਅਰਵਿੰਦਰ ਸਿੰਘ ਭੱਟੀ ਵੀ ਇੱਕ ਨਾਮੀ ਇਮੀਗ੍ਰੇਸ਼ਨ ਕੰਪਨੀ ਦੀ ਐਡ ਵਿੱਚ ਹੋਰਾਂ ਕਲਾਕਾਰਾਂ ਨਾਲ ਨਜ਼ਰ ਆਉਂਦੇ ਹਨ।

ਬੀਬੀਸੀ ਨਾਲ ਗੱਲਬਾਤ 'ਚ ਉਨ੍ਹਾਂ ਕਿਹਾ, ''ਮੈਂ ਇਸ ਤਰ੍ਹਾਂ ਦੀਆਂ ਮਸ਼ਹੂਰੀਆਂ ਸਿਰਫ਼ ਬਤੌਰ ਅਦਾਕਾਰ ਹੀ ਕਰਦਾ ਹਾਂ ਅਤੇ ਇਸ ਬਾਬਤ ਮੇਰਾ ਇਨ੍ਹਾਂ ਕੰਪਨੀਆਂ ਦੇ ਵਪਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)