You’re viewing a text-only version of this website that uses less data. View the main version of the website including all images and videos.
ਕੱਟੜਪੰਥੀ ਹਮਲੇ ਵਿੱਚ ਮਾਰੇ ਗਏ ਪੁਲਿਸ ਮੁਲਾਜ਼ਮ ਬਾਬਰ ਦੇ ਘਰ ਦਾ ਹਾਲ
- ਲੇਖਕ, ਮਾਜਿਦ ਜਹਾਂਗੀਰ
- ਰੋਲ, ਬੀਬੀਸੀ ਹਿੰਦੀ ਲਈ
ਕੱਟੜਪੰਥੀ ਹਮਲੇ ਵਿੱਚ ਮਾਰੇ ਗਏ ਜੰਮੂ-ਕਸ਼ਮੀਰ ਦੇ ਜਵਾਨ ਬਾਬਰ ਅਹਿਮਦ ਦੇ ਪਿੰਡ ਵਿੱਚ ਦਾਖਲ ਹੁੰਦੇ ਹੀ ਲੋਕਾਂ ਦੀ ਭਾਰੀ ਭੀੜ ਨਜ਼ਰ ਆਉਂਦੀ ਹੈ।
ਇਹ ਲੋਕ ਬਾਬਰ ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਦੇ ਲਈ ਸੜਕ ਦੇ ਦੋਵੇਂ ਪਾਸੇ ਇੰਤਜ਼ਾਰ ਕਰ ਰਹੇ ਸੀ।
ਸੜਕ ਤੋਂ ਪੈਦਲ ਚੱਲ ਕੇ ਕਰੀਬ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਪਹਾੜੀ 'ਤੇ ਬਣੇ ਬਾਬਰ ਦੇ ਘਰ ਵਿੱਚ ਔਰਤਾਂ ਦੀਆਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸੀ।
ਮੰਗਲਵਾਰ ਨੂੰ ਬਾਬਰ ਅਹਿਮਦ ਅਤੇ ਉਨ੍ਹਾਂ ਦੇ ਹੋਰ ਸਾਥੀ ਮੁਸ਼ਤਾਕ ਅਹਿਮਦ ਦੀ ਸ਼੍ਰੀਨਗਰ ਦੇ ਸ਼੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ਵਿੱਚ ਇੱਕ ਕੱਟੜਪੰਥੀ ਹਮਲੇ ਵਿੱਚ ਮੌਤ ਹੋ ਗਈ ਸੀ।
ਹਮਲੇ ਤੋਂ ਬਾਅਦ ਕੱਟੜਪੰਥੀਆਂ ਨਾਲ ਫਰਾਰ ਹੋਇਆ ਪਾਕਿਸਤਾਨੀ ਕੈਦੀ ਲਸ਼ਕਰ-ਏ-ਤਾਇਬਾ ਦਾ ਹਾਈ ਪ੍ਰੋਫਾਈਲ ਕਮਾਂਡਰ ਨਾਵੇਦ ਜੱਟ ਸੀ।
ਐਤਵਾਰ ਨੂੰ ਆਖਰੀ ਵਾਰ ਵੇਖਿਆ
ਬਾਬਰ ਸਾਲ 2011 ਵਿੱਚ ਪੁਲਿਸ ਵਿੱਚ ਭਰਤੀ ਹੋਇਆ ਸੀ। ਉਨ੍ਹਾਂ ਦਾ ਇੱਕ ਹੋਰ ਭਰਾ ਵੀ ਪੁਲਿਸ ਵਿੱਚ ਹੈ।
ਬਾਬਰ ਦੱਖਣੀ ਕਸ਼ਮੀਰ ਦੇ ਅਨੰਤਨਾਗ ਦੇ ਬਰਾਰੀ ਆਂਗਨ ਦਾ ਨਿਵਾਸੀ ਸੀ ਜਦਕਿ ਮੁਸ਼ਤਾਕ ਉੱਤਰੀ ਕਸ਼ਮੀਰ ਦੇ ਕਰਨਹ ਇਲਾਕੇ ਤੋਂ ਸੀ।
ਬਾਬਰ ਦੇ ਇੱਕ ਮੰਜ਼ਿਲਾ ਮਕਾਨ ਵਿੱਚ ਦਾਖਲ ਹੋਣ 'ਤੇ ਘਰ ਦੇ ਅੰਦਰ ਅਫਰਾ-ਤਫ਼ਰੀ ਦਾ ਮਾਹੌਲ ਵੇਖਣ ਨੂੰ ਮਿਲਦਾ ਹੈ।
ਬਾਬਰ ਦੀ ਪਤਨੀ ਸ਼ਕੀਲਾ ਰੌਂਦੇ ਹੋਏ ਕਹਿੰਦੀ ਹੈ, "ਤੇਰੇ 'ਤੇ ਕੁਰਬਾਨ ਜਾਵਾਂ, ਕਿੱਥੇ ਗਿਆ, ਕਿਸ ਨੇ ਮਾਰਿਆ ਮੇਰੇ ਗੁਲਾਬ ਨੂੰ?''
ਸ਼ਕੀਲਾ ਨੇ ਆਪਣੇ ਪਤੀ ਨੂੰ ਆਖਰੀ ਵਾਰ ਬੀਤੇ ਐਤਵਾਰ ਨੂੰ ਵੇਖਿਆ ਸੀ।
ਪੁਲਿਸ ਮੁਲਾਜ਼ਮਾਂ ਕੋਲ ਹਥਿਆਰ ਕਿਉਂ ਨਹੀਂ ਸਨ?
ਉਹ ਕਹਿੰਦੀ ਹੈ, "ਮੰਗਲਵਾਰ ਸਵੇਰੇ ਉਨ੍ਹਾਂ ਨੇ ਮੇਰੇ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਮੈਂ ਕੱਲ੍ਹ ਘਰ ਆਵਾਂਗਾ। ਫੋਨ 'ਤੇ ਮੇਰੇ ਨਾਲ ਇਹ ਵੀ ਕਿਹਾ ਕਿ ਧੀ ਨਾਲ ਗੱਲ ਕਰਵਾ ਦਿਓ।''
ਉਨ੍ਹਾਂ ਨੇ ਧੀ ਨਾਲ ਗੱਲ ਵੀ ਕੀਤੀ ਪਰ ਦਸ ਵਜੇ ਤੋਂ ਬਾਅਦ ਉਨ੍ਹਾਂ ਦਾ ਫੋਨ ਬੰਦ ਹੋ ਗਿਆ।
ਆਪਣੇ ਜਜ਼ਬਾਤਾਂ ਤੋਂ ਬੇਕਾਬੂ ਹੋ ਕੇ ਸ਼ਕੀਲਾ ਸਵਾਲੀਆ ਅੰਦਾਜ਼ ਵਿੱਚ ਪੁੱਛਦੀ ਹੈ, "ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਪੁਲਿਸ ਮੁਲਾਜ਼ਮਾਂ ਕੋਲ ਹਥਿਆਰ ਕਿਉਂ ਨਹੀਂ ਸਨ?''
"ਮੈਂ ਸਾਹਬ ਨੂੰ ਪੁੱਛਾਂਗੀ ਕਿ ਜਦੋਂ ਉਨ੍ਹਾਂ ਨੂੰ ਪਤਾ ਸੀ ਕਿ ਉੱਥੇ ਕੱਟੜਪੰਥੀ ਹਨ ਤਾਂ ਫ਼ਿਰ ਦੋ ਹੀ ਲੋਕਾਂ ਨੂੰ ਕਿਉਂ ਭੇਜਿਆ?''
ਇਸ ਦੇ ਬਾਅਦ ਸ਼ਕੀਲਾ ਗੱਲ ਕਰਨ ਤੋਂ ਇਨਕਾਰ ਕਰ ਦਿੰਦੀ ਹੈ ਅਤੇ ਆਪਣੀ ਧੀ ਨੂੰ ਸੀਨੇ ਨਾਲ ਲਗਾ ਕੇ ਰੋਣ ਲੱਗਦੀ ਹੈ।
ਸਰਕਾਰ ਕੁਝ ਹੱਲ ਕੱਢੇ
ਬਾਬਰ ਦੀਆਂ ਦੋ ਧੀਆਂ ਹਨ। ਇੱਕ ਤਿੰਨ ਸਾਲ ਦੀ ਅਤੇ ਦੂਜੀ ਇੱਕ ਸਾਲ ਦੀ ਹੈ। ਪੂਰੇ ਘਰ ਵਿੱਚ ਰੋਣ ਦੀਆਂ ਆਵਾਜ਼ਾਂ ਹੀ ਸੁਣਾਈ ਦੇ ਰਹੀਆਂ ਸਨ।
ਬਾਬਾਰ ਦੇ ਵੱਡੇ ਭਰਾ ਭਾਈ ਮਨਜ਼ੂਰ ਅਹਿਮਦ ਕਹਿੰਦੇ ਹਨ, "ਅਸੀਂ ਤਾਂ ਕਦੇ ਵੀ ਨਹੀਂ ਸੋਚਿਆ ਸੀ ਕਿ ਭਰਾ ਦੀ ਲਾਸ਼ ਇਸ ਤਰ੍ਹਾਂ ਘਰ ਆਵੇਗੀ।''
ਮੰਜ਼ੂਰ ਅਹਿਮਦ ਦਾ ਕਹਿਣਾ ਸੀ, "ਮੁੱਖ ਮੰਤਰੀ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ, ਕੱਟੜਪੰਥੀ ਵੀ ਮੁਸਲਮਾਨ ਹਨ ਅਤੇ ਉਹ ਪੁਲਿਸ ਦੇ ਲੋਕ ਵੀ।''
"ਦੋਵੇਂ ਪਾਸਿਓਂ ਮੁਸਲਮਾਨ ਹੀ ਮਰ ਰਹੇ ਹਨ। ਇਸ ਮਸਲੇ ਦਾ ਕੁਝ ਤਾਂ ਫੈਸਲਾ ਹੋਣਾ ਚਾਹੀਦਾ ਹੈ।''
ਇੱਕ ਹੋਰ ਰਿਸ਼ਤੇਦਾਰ ਸ਼ਾਬਿਰ ਅਹਿਮਦ ਖ਼ਾਨ ਕਹਿੰਦੇ ਹਨ ਕਿ ਦੋਵੇਂ ਪਾਸਿਓਂ ਕਸ਼ਮੀਰੀ ਭਾਈ ਮਰ ਰਹੇ ਹਨ। ਸਰਕਾਰ ਕੁਝ ਸੋਚਦੀ ਨਹੀਂ ਹੈ।
ਜੰਮੂ ਅਤੇ ਕਸ਼ਮੀਰ ਪੁਲਿਸ
ਬਾਬਰ ਦੇ ਇੱਕ ਹੋਰ ਰਿਸ਼ਤੇਦਾਰ ਅਬਦੁੱਲ ਰਸ਼ੀਦ ਕਹਿੰਦੇ ਹਨ, "ਜਦੋਂ ਤੱਕ ਦੋਵੇਂ ਦੇਸ ਗੱਲਬਾਤ ਨਹੀਂ ਕਰਨਗੇ ਉਦੋਂ ਤੱਕ ਅਸੀਂ ਇੰਝ ਹੀ ਮਰਦੇ ਰਹਾਂਗੇ, ਅਸੀਂ ਕਦੋਂ ਤੱਕ ਬਰਦਾਸ਼ਤ ਕਰਾਂਗੇ।''
ਅਬਦੁੱਲ ਰਸ਼ੀਦ ਅੱਗੇ ਕਹਿੰਦੇ ਹਨ, "ਇੱਥੇ ਕਈ ਮਸਲੇ ਹਨ, ਰੋਜ਼ਗਾਰ ਦਾ ਮਸਲਾ, ਜ਼ਿੰਦਗੀ ਦਾ ਮਸਲਾ। ਇਨ੍ਹਾਂ ਮਸਲਿਆਂ ਦਾ ਹੱਲ ਕੱਢਣਾ ਤਾਂ ਸਰਕਾਰਾਂ ਦਾ ਕੰਮ ਹੈ।''
"ਜਿੱਥੇ ਵੇਖੋ ਉੱਥੇ ਸਿਰਫ਼ ਕਬਰਾਂ ਮਿਲਦੀਆਂ ਹਨ। ਕਦੋਂ ਤੱਕ ਅਸੀਂ ਇਹ ਖੂਨ ਵੇਖਦੇ ਰਹਾਂਗੇ?''
ਕੱਟੜਪੰਥੀ ਹਮਲਿਆਂ ਵਿੱਚ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਜਵਾਨਾਂ ਦੇ ਮਾਰੇ ਜਾਣ 'ਤੇ ਪਿੰਡ ਦੇ ਇੱਕ ਬਜ਼ੁਰਗ ਨੇ ਆਪਣਾ ਨਾਂ ਲੁਕਾਉਣ ਦੀ ਸ਼ਰਤ ਤੇ ਕਿਹਾ, "ਜਿਸ ਤਰ੍ਹਾਂ ਬੀਤੇ ਕੁਝ ਸਾਲਾਂ ਵਿੱਚ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਦਸਤੇ ਨੇ ਕੱਟੜਪੰਥੀਆਂ ਦੇ ਖਿਲਾਫ਼ ਆਪਰੇਸ਼ਨ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਹੈ ਉਸੇ ਵੇਲੇ ਤੋਂ ਪੁਲਿਸ ਦੇ ਜਵਾਨ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ।''
ਬੀਤੇ ਕੁਝ ਸਾਲਾਂ ਵਿੱਚ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਦਰਜਨਾਂ ਮੁਲਾਜ਼ਮ ਕੱਟੜਪੰਥੀਆਂ ਦੇ ਹਮਲੇ ਵਿੱਚ ਮਾਰੇ ਗਏ ਹਨ।