You’re viewing a text-only version of this website that uses less data. View the main version of the website including all images and videos.
ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ 'ਤੇ ਖਾਲਿਸਤਾਨ ਤੇ ਜਗਮੀਤ ਐੱਨਡੀਪੀ ਬਾਰੇ ਚਰਚਾ
ਪਰਜਾ ਮੰਡਲ ਲਹਿਰ ਦੇ ਮੂਰੀ ਆਗੂ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੇ ਬਰਸੀ ਸਮਾਗਮ ਉੱਤੇ ਗਰਮ ਪੱਖੀ ਸਿਆਸਤ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਖਾਲਿਸਤਾਨੀ ਬੱਘੀ ਵਾਇਆ ਬਰਨਾਲਾ ਟੋਰੰਟੋ ਵੱਲ ਭਜਾਉਣ ਦੀ ਕੋਸ਼ਿਸ਼ ਕੀਤੀ।
ਸੇਵਾ ਸਿੰਘ ਠੀਕਰੀਵਾਲਾ ਦੇ ਜੱਦੀ ਪਿੰਡ ਵਿੱਚ ਹੋਏ ਇਸ 84ਵੇਂ ਬਰਸੀ ਸਮਾਗਮ ਦੇ ਤੀਜੇ ਦਿਨ ਸਿਮਰਨਜੀਤ ਮਾਨ ਨੇ ਅਗਲੀਆਂ ਲੋਕਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਖਾਲਿਸਤਾਨ ਦੇ ਮੁੱਦੇ 'ਤੇ ਵੋਟਾਂ ਪਾਉਣ ਦੀ ਗੱਲ ਕਹੀ।
ਇਸ ਦੇ ਨਾਲ ਹੀ ਉਨ੍ਹਾਂ ਸੰਗਰੂਰ ਤੋਂ ਮੌਜੂਦਾ ਲੋਕਸਭਾ ਮੈਂਬਰ ਭਗਵੰਤ ਮਾਨ ਨੂੰ ਵੀ ਵਿੱਚੇ ਲਪੇਟ ਲਿਆ।
ਉਨ੍ਹਾਂ ਕੈਨੇਡੀਅਨ ਸਿਆਸੀ ਦਲ ਨੈਸ਼ਨਲ ਡੈਮੋਕਰੇਟਿਕ ਪਾਰਟੀ ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਦੇ ਬਹਾਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਲਾਇਆ।
ਕੌਣ ਸਨ ਸੇਵਾ ਸਿੰਘ ਠੀਕਰੀਵਾਲਾ?
ਸੇਵਾ ਸਿੰਘ ਠੀਕਰੀਵਾਲਾ ਦਾ ਜਨਮ 1882 ਵਿੱਚ ਹੋਇਆ ਸੀ। ਮੁੱਢਲੇ ਦੌਰ ਵਿੱਚ ਸੇਵਾ ਸਿੰਘ ਠੀਕਰਵਾਲਾ ਪਟਿਆਲਾ ਰਿਆਸਤ ਵਿੱਚ ਪਲੇਗ ਅਫਸਰ ਦੇ ਤੌਰ 'ਤੇ ਤਾਇਨਾਤ ਰਹੇ ਸੀ।
ਜਲਿਆਂ ਵਾਲਾ ਬਾਗ ਅਤੇ ਨਨਕਾਣਾ ਸਾਹਿਬ ਦੇ ਸਾਕੇ ਵਰਗੀਆਂ ਘਟਨਾਵਾਂ ਕਰਕੇ ਉਨ੍ਹਾਂ ਦਾ ਝੁਕਾਅ ਪਹਿਲਾਂ ਅਕਾਲੀ ਦਲ ਵੱਲ ਹੋ ਗਿਆ ਅਤੇ ਬਾਅਦ ਵਿੱਚ ਉਹ ਪਰਜਾ ਮੰਡਲ ਲਹਿਰ ਦੇ ਮੁੱਢਲੇ ਆਗੂਆਂ ਵਿੱਚ ਸ਼ੁਮਾਰ ਹੋ ਗਏ ਸੀ।
ਆਪਣੇ ਸੰਘਰਸ਼ੀ ਜੀਵਨ ਵਿੱਚ ਉਹ ਤਕਰੀਬਨ 11 ਸਾਲ ਜੇਲ੍ਹ ਵਿੱਚ ਰਹੇ ਸੀ ਅਤੇ ਜਨਵਰੀ 1935 ਵਿੱਚ ਪਟਿਆਲਾ ਜੇਲ੍ਹ ਵਿੱਚ ਹੀ ਲੰਬੀ ਭੁੱਖ ਹੜਤਾਲ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।
ਮਾਨ 'ਤੇ ਨਿਸ਼ਾਨਾ
ਸਿਮਰਨਜੀਤ ਸਿੰਘ ਨੇ ਭਗਵੰਤ ਮਾਨ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ, "ਬੇਸ਼ੱਕ ਮੌਜੂਦਾ ਐੱਮਪੀ ਨੂੰ ਖਾਲਿਸਤਾਨ ਦੇ ਮੁੱਦੇ 'ਤੇ ਚੁਣ ਲਿਆ ਜਾਵੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।''
ਭਗਵੰਤ ਮਾਨ ਦਾ ਜਵਾਬ
ਸਿਮਰਨਜੀਤ ਸਿੰਘ ਮਾਨ ਨੂੰ ਜਵਾਬ ਦਿੰਦਿਆਂ ਲੋਕਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਜਿਹੀਆਂ ਸਟੇਜਾਂ ਤੋਂ ਸ਼ਖਸ਼ੀਅਤਾਂ ਦੀਆਂ ਕੁਰਬਾਨੀਆਂ ਤੇ ਸੁਪਨਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ ਅਤੇ ਸਿਆਸੀ ਭਾਸ਼ਣ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਸ਼ਾਇਦ ਅਜਿਹੇ ਆਗੂਆਂ ਨੂੰ ਇੱਕਠ ਵੇਖਣ ਨੂੰ ਘੱਟ ਮਿਲਦਾ ਹੋਵੇਗਾ ਇਸ ਲਈ ਹਰ ਥਾਂ 'ਤੇ ਸਿਆਸੀ ਭਾਸ਼ਣ ਦੇਣ ਲੱਗਦੇ ਹਨ।''
ਐੱਨਡੀਪੀ ਆਗੂ ਦੀ ਸਭ ਨੇ ਕੀਤੀ ਚਰਚਾ
ਇਸ ਬਰਸੀ ਸਮਾਗਮ ਮੌਕੇ ਐੱਨਡੀਪੀ ਆਗੂ ਜਗਮੀਤ ਸਿੰਘ ਸਿਆਸੀ ਭਾਸ਼ਣਾਂ ਦਾ ਹਿੱਸਾ ਰਹੇ।
ਜਗਮੀਤ ਸਿੰਘ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਵੱਈਏ ਬਾਰੇ ਭਗਵੰਤ ਮਾਨ ਨੇ ਕਿਹਾ, "ਇਹ ਕੈਪਟਨ ਦੀ ਨਿੱਜੀ ਸੋਚ ਹੋ ਸਕਦੀ ਹੈ ਪਰ ਵਿਦੇਸ਼ੀ ਧਰਤੀ 'ਤੇ ਜਾ ਕੇ ਵਸਣਾ ਤੇ ਕੈਨੇਡਾ ਦੀ ਇੱਕ ਵੱਡੀ ਪਾਰਟੀ ਦਾ ਪ੍ਰਧਾਨ ਬਣਨਾ ਵੱਡੀ ਪ੍ਰਾਪਤੀ ਹੈ।''
"ਇਹ ਪਿੰਡ ਠੀਕਰੇਵਾਲ ਤੇ ਬਰਨਾਲਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ।''
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਰਿੰਦਰ ਸਿੰਘ ਸਿਬੀਆ ਨੇ ਕਿਹਾ, "ਜੋ ਲੋਕ ਸੇਵਾ ਸਿੰਘ ਠੀਕਰੀਵਾਲਾ ਦੀ ਮੌਤ ਲਈ ਜ਼ਿੰਮੇਵਾਰ ਹਨ ਉਹੀ ਲੋਕ ਜਗਮੀਤ ਸਿੰਘ ਦਾ ਵਿਰੋਧ ਕਰ ਰਹੇ ਹਨ।''