You’re viewing a text-only version of this website that uses less data. View the main version of the website including all images and videos.
ਓਮ ਪੁਰੀ ਦੇ ਹੰਗਾਮਾ ਖੜ੍ਹਾ ਕਰਨ ਵਾਲੇ ਉਹ 6 ਬਿਆਨ
ਆਕਰੋਸ਼, ਅਰੱਧਸਤਿਆ ਅਤੇ ਆਰੋਹਣ ਵਰਗੀਆਂ ਸਾਰਥਕ ਫ਼ਿਲਮਾਂ ਵਿੱਚ ਸੁਲਝੀ ਅਦਾਕਾਰੀ ਨਾਲ ਆਪਣੀ ਪਛਾਣ ਬਣਾਉਣ ਵਾਲੇ ਓਮ ਪੁਰੀ 6 ਜਨਵਰੀ ਨੂੰ ਸਾਲ 2017 ਵਿੱਚ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ।
ਉਨ੍ਹਾਂ ਦੀ ਮੌਤ 66 ਸਾਲ ਦੀ ਉਮਰ ਵਿੱਚ ਹੋਈ ਸੀ। ਓਮ ਪੁਰੀ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਵੇਲੇ ਤੱਕ ਕਈ ਵਿਵਾਦ ਵੀ ਜੁੜੇ ਰਹੇ।
ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਤਰ੍ਹਾਂ ਦੇ ਹੀ ਚਰਚਿਤ 6 ਬਿਆਨ:
- ਇੱਕ ਟੀਵੀ ਬਹਿਸ ਵਿੱਚ ਓਮ ਪੁਰੀ ਨੇ ਬਾਰਡਰ ਉੱਤੇ ਭਾਰਤੀ ਜਵਾਨਾਂ ਦੇ ਮਾਰੇ ਜਾਣ ਉੱਤੇ ਕਿਹਾ ਸੀ, "ਉਨ੍ਹਾਂ ਨੂੰ ਆਰਮੀ ਵਿੱਚ ਭਰਤੀ ਹੋਣ ਲਈ ਕਿਸ ਨੇ ਕਿਹਾ ਸੀ? ਉਨ੍ਹਾਂ ਨੂੰ ਕਿਸ ਨੇ ਕਿਹਾ ਸੀ ਕਿ ਹਥਿਆਰ ਚੁੱਕੋ?" ਇਸ ਬਿਆਨ ਤੋਂ ਬਾਅਦ ਓਮ ਪੁਰੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਇਸ ਮਾਮਲੇ ਵਿੱਚ ਉਨ੍ਹਾਂ ਮਾਫ਼ੀ ਮੰਗਦੇ ਹੋਏ ਕਿਹਾ ਸੀ, "ਮੈਂ ਜੋ ਕਿਹਾ ਉਸ ਦੇ ਲਈ ਕਾਫ਼ੀ ਸ਼ਰਮਿੰਦਾ ਹਾਂ। ਮੈਂ ਇਸ ਲਈ ਸਜ਼ਾ ਦਾ ਭਾਗੀਦਾਰ ਹਾਂ। ਮੈਨੂੰ ਮਾਫ਼ ਨਹੀਂ ਕੀਤਾ ਜਾਣਾ ਚਾਹੀਦਾ। ਮੈਂ ਉੜੀ ਹਮਲੇ ਵਿੱਚ ਮਾਰੇ ਗਏ ਭਾਰਤੀ ਸੈਨਿਕਾਂ ਦੇ ਪਰਿਵਾਰਾਂ ਤੋਂ ਮਾਫ਼ੀ ਮੰਗਦਾ ਹਾਂ।"
- ਰਾਮਲੀਲਾ ਮੈਦਾਨ ਵਿੱਚ ਅੰਨਾ ਹਜਾਰੇ ਦੇ ਮੰਚ ਤੋਂ ਓਮ ਪੁਰੀ ਨੇ ਸਿਆਸੀ ਆਗੂਆਂ 'ਤੇ ਤਿੱਖਾ ਹਮਲਾ ਕੀਤਾ ਸੀ। ਉਨ੍ਹਾਂ ਹਜ਼ਾਰਾਂ ਲੋਕਾਂ ਦੀ ਭੀੜ ਦੇ ਸਾਹਮਣੇ ਕਿਹਾ ਸੀ, "ਜਦੋਂ ਆਈਐੱਸ ਅਤੇ ਆਈਪੀਐੱਸ ਅਫ਼ਸਰ ਅਨਪੜ੍ਹ ਆਗੂਆਂ ਨੂੰ ਸਲਾਮ ਕਰਦੇ ਹਨ ਤਾਂ ਮੈਨੂੰ ਸ਼ਰਮ ਆਉਂਦੀ ਹੈ। ਇਹ ਅਨਪੜ੍ਹ ਹਨ, ਇਨ੍ਹਾਂ ਦਾ ਕੀ ਬੈਕਗਰਾਊਡ ਹੈ? ਅੱਧ ਤੋਂ ਵੱਧ ਸੰਸਦ ਮੈਂਬਰ ਗਵਾਰ ਹਨ।" ਇਸ ਬਿਆਨ ਤੋਂ ਬਾਅਦ ਜਦੋਂ ਵਿਵਾਦ ਵਧਿਆ ਤਾਂ ਓਮ ਪੁਰੀ ਨੇ ਮਾਫ਼ੀ ਮੰਗ ਲਈ। ਉਨ੍ਹਾਂ ਕਿਹਾ, ਮੈਂ ਸੰਸਦ ਅਤੇ ਸੰਵਿਧਾਨ ਦੀ ਇੱਜ਼ਤ ਕਰਦਾ ਹਾਂ। ਮੈਨੂੰ ਭਾਰਤੀ ਹੋਣ 'ਤੇ ਮਾਣ ਹੈ।
- ਆਮਿਰ ਖ਼ਾਨ ਨੇ ਕਥਿਤ ਤੌਰ 'ਤੇ ਭਾਰਤ ਵਿੱਚ ਵਧਦੀ ਅਸਹਿਣਸ਼ੀਲਤਾ ਉੱਤੇ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਨੇ ਇੱਕ ਦਿਨ ਦੇਸ਼ ਛੱਡਣ ਦਾ ਜ਼ਿਕਰ ਕੀਤਾ ਸੀ। ਇਸ 'ਤੇ ਓਮ ਪੁਰੀ ਨੇ ਕਿਹਾ ਸੀ, "ਮੈਂ ਹੈਰਾਨ ਹਾਂ ਕਿ ਆਮਿਰ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਇਸ ਤਰ੍ਹਾਂ ਸੋਚਦੇ ਹਨ। ਅਸਹਿਣਸ਼ੀਲਤਾ 'ਤੇ ਆਮਿਰ ਖ਼ਾਨ ਦਾ ਬਿਆਨ ਬਰਦਾਸ਼ਤ ਕਰਨ ਲਾਇਕ ਨਹੀਂ ਹੈ। ਆਮਿਰ ਨੇ ਬਿਲਕੁਲ ਗੈਰ-ਜ਼ਿੰਮੇਵਾਰ ਬਿਆਨ ਦਿੱਤਾ ਹੈ। ਤੁਸੀਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਉਕਸਾ ਰਹੇ ਹੋ ਕਿ ਭਾਈ, ਜਾਂ ਤਾਂ ਤਿਆਰ ਹੋ ਜਾਓ, ਲੜੋ ਜਾਂ ਮੁਲਕ ਛੱਡ ਕੇ ਜਾਓ।"
- ਭਾਰਤ ਵਿੱਚ ਗਾਵਾਂ ਨੂੰ ਮਾਰਨ 'ਤੇ ਰੋਕ ਲਾਉਣ ਤੋਂ ਸ਼ੁਰੂ ਹੋਏ ਵਿਵਾਦ 'ਤੇ ਓਮ ਪੁਰੀ ਨੇ ਕਿਹਾ ਸੀ, "ਜਿਸ ਦੇਸ਼ ਵਿੱਚ ਬੀਫ਼ ਦਾ ਐਕਸਪੋਰਟ ਕਰ ਕੇ ਡਾਲਰ ਕਮਾਏ ਜਾ ਰਹੇ ਹੋਣ ਉੱਥੇ ਗਾਵਾਂ ਨੂੰ ਮਾਰਨ 'ਤੇ ਰੋਕ ਦੀ ਗੱਲ ਇੱਕ ਪਾਖੰਡ ਹੈ।"
- ਓਮ ਪੁਰੀ ਨੇ ਕਿਹਾ ਸੀ ਕਿ ਨਕਸਲੀ ਫਾਈਟਰ ਹਨ ਅੱਤਵਾਦੀ ਨਹੀਂ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ, "ਇਹ ਅੱਤਵਾਦੀ ਨਹੀਂ ਹਨ ਕਿਉਂਕਿ ਇਹ ਗੈਰ-ਜ਼ਿੰਮੇਵਾਰ ਕੰਮ ਨਹੀਂ ਕਰਦੇ। ਨਕਸਲੀ ਆਪਣੇ ਹੱਕਾਂ ਲਈ ਲੜ ਰਹੇ ਹਨ। ਇਹ ਆਮ ਆਦਮੀ ਨੂੰ ਤੰਗ ਨਹੀਂ ਕਰਦੇ।"
- ਓਮ ਪੁਰੀ ਦਾ ਮੋਦੀ ਉੱਤੇ ਬਿਆਨ ਵੀ ਕਾਫ਼ੀ ਚਰਚਿਤ ਹੋਇਆ ਸੀ। ਉਨ੍ਹਾਂ ਕਿਹਾ ਸੀ, "ਹੁਣ ਵੇਖੋ ਸਾਡੇ ਕੋਲ ਕੋਈ ਚੁਆਇਸ ਨਹੀਂ ਹੈ, ਮੋਦੀ ਜੀ ਦੀ ਗੋਦੀ ਵਿੱਚ ਬੈਠਣ ਤੋਂ ਇਲਾਵਾ ਬਾਕੀ ਗੋਦੀਆਂ ਅਸੀਂ ਵੇਖ ਲਈਆਂ ਹਨ।"