ਮੱਲਿੱਕਾ ਦੀ ਪੇਸ਼ਕਾਰੀ ਕਿਉਂ ‘ਖਾਮੋਸ਼’ ਕਰ ਦਿੰਦੀ ਹੈ?

ਕਲਪਨਾ ਕਰੋ ਇੱਕ ਔਰਤ ਸਟੇਜ 'ਤੇ ਬਿਨਾਂ ਕੱਪੜਿਆਂ ਦੇ ਪੇਸ਼ਕਾਰੀ ਕਰ ਰਹੀ ਹੈ। ਭਾਰਤ ਵਰਗੇ ਰੂੜੀਵਾਦ ਸਮਾਜ ਵਿੱਚ ਇਸ ਬਾਰੇ ਸੋਚਣਾ ਹੀ ਮੁਸ਼ਕਿਲ ਹੈ।

ਪਰ ਨਾਟਕਕਾਰ ਤੇ ਅਦਾਕਾਰਾ ਮਲਿਕਾ ਤਨੇਜਾ ਲਈ ਸਰੀਰ ਹੀ ਔਰਤਾਂ ਦੀ ਬਰਾਬਰਤਾ ਦੀ ਲੜਾਈ ਵਿੱਚ ਸਭ ਤੋਂ ਵੱਡਾ ਹਥਿਆਰ ਹੈ। ਬੀਬੀਸੀ ਪੱਤਰਕਾਰ ਆਇਸ਼ਾ ਪਰੈਰਾ ਨੇ ਉਨ੍ਹਾਂ ਨਾਲ ਗੱਲਬਾਤ ਕਰਕੇ ਜਾਣਿਆ ਕਿ ਆਖਰ ਕਿੱਥੋਂ ਉਨ੍ਹਾਂ ਨੂੰ ਪ੍ਰੇਰਣਾ ਮਿਲਦੀ ਹੈ।

ਮਲਿਕਾ ਤਨੇਜਾ ਹੱਸਦੇ ਹੋਏ ਦੱਸਦੀ ਹੈ, "ਲੋਕਾਂ ਵਿਚਾਲੇ ਪਹਿਲੀ ਵਾਰ ਨਗਨ ਹੋ ਕੇ ਪੇਸ਼ਕਾਰੀ ਕਰਨ ਵੇਲੇ ਮੈਨੂੰ ਬਹੁਤ ਮਜ਼ਾ ਆਇਆ ਸੀ।''

"ਉਸ ਦਿਨ ਕੈਮਰਾਮੈਨ ਵੀ ਸੀ। ਉਸ ਵਕਤ ਦੀ ਵੀਡੀਓ ਵੀ ਮੌਜੂਦ ਹੈ। ਤੁਸੀਂ ਦੇਖ ਸਕਦੇ ਵੀਡੀਓ ਵਿੱਚ ਇੱਕ ਝਟਕਾ ਹੈ। ਉਹ ਇਸ ਲਈ, ਕਿਉਂਕਿ ਕੈਮਰਾਮੈਨ ਸਦਮੇ ਕਰਕੇ ਡਿੱਗ ਗਿਆ ਸੀ। ਦਰਸ਼ਕਾਂ ਵਿੱਚੋਂ ਇੱਕ ਆਵਾਜ਼ ਆਈ ਸੀ 'ਆਈਓ'।''

ਭਾਵੇਂ 33 ਸਾਲਾ ਮਲਿਕਾ ਦੇ ਨਾਟਕ ਬਾਰੇ ਨਗਨਤਾ ਕਾਫ਼ੀ ਚਰਚਾ ਵਿੱਚ ਰਹਿੰਦੀ ਹੈ ਪਰ ਉਸ ਮੁਤਾਬਕ ਸਿਰਫ ਨਗਨਤਾ ਹੀ ਚਰਚਾ ਦਾ ਮੁੱਖ ਕੇਂਦਰ ਨਹੀਂ ਹੈ।

'ਥੋੜ੍ਹਾ ਧਿਆਨ ਨਾਲ'

'ਥੋੜ੍ਹਾ ਧਿਆਨ ਨਾਲ' ਇੱਕ ਅਜਿਹਾ ਵਾਕ ਹੈ ਜੋ ਲੋਕਾਂ ਨੂੰ ਇਹ ਸੋਚਣ ਨੂੰ ਮਜਬੂਰ ਕਰਦਾ ਹੈ ਕਿ ਆਖ਼ਰ ਔਰਤਾਂ ਦੇ ਕੱਪੜਿਆਂ ਨਾਲ ਸਰੀਰਕ ਸੋਸ਼ਣ ਜਾਂ ਹਿੰਸਾ ਦਾ ਕੋਈ ਰਿਸ਼ਤਾ ਹੈ।

ਮਲਿਕਾ ਮੁਤਾਬਕ ਇਸੇ ਸੋਚ ਨੇ ਉਸਦੇ ਕੰਮ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਕਿ ਆਖਰ ਇੱਕ ਹਾਲਾਤ ਵਿੱਚ ਇੱਕਲੇ ਸਰੀਰ ਦਾ ਅਸਰ ਹੁੰਦਾ ਹੈ।

ਮਲਿਕਾ ਨੇ ਕਿਹਾ, "ਜੇ ਇੱਕ ਗਰੁੱਪ ਵਿੱਚ ਇੱਕ ਸ਼ਖਸ ਦੇ ਵਿਚਾਰ ਵੱਖਰੇ ਹੋਣ ਤਾਂ ਪੂਰੇ ਸਮੂਹ ਨੂੰ ਖਿਲਾਰਿਆ ਜਾ ਸਕਦਾ ਹੈ। ਇੱਕਲਾ ਸ਼ਖਸ ਪੂਰੀ ਭੀੜ ਵਿੱਚ ਠਹਿਰਾਓ ਲਿਆ ਸਕਦਾ ਹੈ।''

"ਮੰਨ ਲਓ ਕੁਝ ਲੋਕ ਇੱਕ ਦਿਸ਼ਾ ਵੱਲ ਭੱਜ ਰਹੇ ਹਨ, ਜੇ ਇੱਕ ਸ਼ਖਸ ਪੁੱਠੇ ਪਾਸੇ ਭੱਜਣ ਲੱਗੇ ਤਾਂ ਉਹ ਉਨ੍ਹਾਂ ਲੋਕਾਂ ਦੀ ਰਫ਼ਤਾਰ ਰੋਕ ਸਕਦਾ ਹੈ।''

ਪਹਿਲਾ ਦ੍ਰਿਸ਼- ਜਿੱਥੇ ਮਲਿਕਾ ਨਗਨ ਖੜ੍ਹੀ ਦਰਸ਼ਕਾਂ ਨੂੰ ਪੂਰੇ ਅੱਠ ਮਿੰਟ ਤੱਕ ਦੇਖ ਰਹੀ ਹੈ। ਇਹ ਦ੍ਰਿਸ਼ ਉਸੇ ਤਰੀਕੇ ਦੀ ਇੱਕ ਉਦਾਹਰਣ ਹੈ।

ਖਾਮੋਸ਼ੀ ਛਾ ਜਾਂਦੀ ਹੈ

ਬੀਤੇ ਚਾਰ ਸਾਲਾਂ ਵਿੱਚ ਮਲਿਕਾ ਵੱਲੋਂ ਦਿੱਤੀ ਹਰ ਪੇਸ਼ਕਾਰੀ ਵਿੱਚ ਉਹ ਪਹਿਲੇ ਕੁਝ ਮਿੰਟ ਪੂਰੇ ਹਾਲ ਨੂੰ ਖਾਮੋਸ਼ੀ ਨਾਲ ਭਰ ਦਿੰਦੇ ਹਨ।

ਮਲਿਕਾ ਮੁਤਾਬਕ ਉਨ੍ਹਾਂ ਪਲ਼ਾਂ ਵਿੱਚ ਉਹ ਦਰਸ਼ਕਾਂ ਨੂੰ ਆਪਣੇ ਵੱਲ ਤੱਕਦਿਆਂ ਦੇਖਦੀ ਹੈ। ਉਹ ਜਾਣਦੀ ਹੈ ਕਿ ਉਨ੍ਹਾਂ ਦੀ ਗਿਣਤੀ ਵੱਧ ਹੈ ਤੇ ਸਾਰਿਆਂ ਵਿੱਚੋਂ ਉਸੇ ਦਾ ਸਭ ਤੋਂ ਤਾਕਤਵਰ ਸਰੀਰ ਹੈ।

ਇਸ ਨਾਲ ਹੀ ਮਲਿਕਾ ਨੂੰ ਇਹ ਵੀ ਪਤਾ ਹੈ ਕਿ ਉਸ ਨੂੰ ਨਿਸ਼ਾਨਾ ਬਣਾਉਣਾ ਸਭ ਤੋਂ ਸੌਖਾ ਹੈ।

ਮਲਿਕਾ ਦੱਸਦੀ ਹੈ, "ਔਰਤ ਵਜੋਂ ਮੈਨੂੰ ਇਹ ਪੂਰਾ ਵਿਸ਼ਾ ਕਾਫ਼ੀ ਦਿਲਚਸਪ ਲੱਗਦਾ ਹੈ। ਸਾਡੇ ਸਰੀਰ ਬਾਰੇ ਅਜਿਹੀ ਕੀ ਹੈ ਜੋ ਲੋਕਾਂ ਨੂੰ ਡਰਾਉਂਦਾ ਹੈ ਅਤੇ ਜਿਸ ਕਰਕੇ ਸਾਡੇ ਸਰੀਰ ਨੂੰ ਛੁਪਾਇਆ ਤੇ ਸਾਂਭਿਆ ਜਾਂਦਾ ਹੈ।''

ਸਟੇਜ 'ਤੇ ਨਗਨ ਹੋ ਕੇ ਪੇਸ਼ਕਾਰੀ ਕਰਨਾ ਅਜੇ ਵੀ ਮਲਿਕਾ ਲਈ ਇੱਕ ਮੁਸ਼ਕਿਲ ਅਨੁਭਵ ਹੈ। ਉਸ ਵੱਲੋਂ ਪੇਸ਼ਕਾਰੀ ਦੌਰਾਨ ਮੋਬਾਈਲ ਫੋਨਜ਼ ਜਾਂ ਕੋਈ ਹੋਰ ਰਿਕਾਰਡਿੰਗ ਡਿਵਾਈਸ ਹਾਲ ਵਿੱਚ ਲਿਆਉਣ ਦੀ ਸਖ਼ਤ ਮਨਾਹੀ ਹੈ।

ਕੱਪੜੇ ਨਾਟਕ 'ਚ ਅਹਿਮ

ਜ਼ਿਕਰ-ਏ-ਖ਼ਾਸ ਹੈ ਕਿ ਬੀਤੇ 4 ਸਾਲ ਵਿੱਚ ਮਲਿਕਾ ਦੀਆਂ ਪੇਸ਼ਕਾਰੀਆਂ ਦੌਰਾਨ ਇੱਕ ਵੀ ਤਸਵੀਰ ਖਿੱਚੀ ਨਹੀਂ ਗਈ ਅਤੇ ਨਾ ਹੀ ਉਸਦੀ ਨਗਨਤਾ ਦੀ ਕੋਈ ਵੀਡੀਓ ਔਨਲਾਈਨ ਮੌਜੂਦ ਹੈ।

ਜਿਵੇਂ-ਜਿਵੇਂ ਨਾਟਕ ਅੱਗੇ ਵੱਧਦਾ ਹੈ, ਤਨੇਜਾ ਹੋਰ ਕੱਪੜੇ ਪਾਉਣ ਲੱਗਦੀ ਹੈ। ਕਈ ਵਾਰ ਤਾਂ ਉਹ ਹੈੱਲਮੇਟ ਵੀ ਪਾ ਲੈਂਦੀ ਹੈ। ਇਹ ਸਭ ਨਾਲ ਉਹ ਇਹ ਦਿਖਾਉਣਾ ਚਾਹੁੰਦੀ ਹੈ ਕਿ ਔਰਤ ਵਜੋਂ ਉਸ ਨੂੰ 'ਜ਼ਿਆਦਾ ਸਾਵਧਾਨ' ਹੋਣ ਦੀ ਲੋੜ ਹੈ।

'ਜ਼ਰਾ ਸਾਵਧਾਨੀ ਨਾਲ' ਇੱਕ ਅਜਿਹਾ ਵਾਕ ਹੈ ਜਿਸ ਨੂੰ ਹਮੇਸ਼ਾ ਫ਼ਿਕਰ ਨਾਲ ਬੋਲਿਆ ਜਾਂਦਾ ਹੈ। ਇਸ ਵਾਕ ਨਾਲ ਸੂਖਮ ਤੌਰ 'ਤੇ ਸਰੀਰਕ ਸੋਸ਼ਣ ਦੇ ਪੀੜਤਾਂ ਨੂੰ ਸ਼ਰਮਿੰਦਾ ਕੀਤਾ ਜਾਂਦਾ ਹੈ।

ਔਰਤਾਂ ਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਤੁਸੀਂ ਇੰਨੀ ਦੇਰ ਰਾਤ ਕਿਉਂ ਬਾਹਰ ਹੋ? ਤੁਸੀਂ ਮਰਦਾਂ ਨਾਲ ਇੱਕਲੇ ਕਿਉਂ ਘੁੰਮ ਰਹੀ ਹੋ? ਤੁਸੀਂ ਕਿਉਂ ਅਜਿਹੇ ਕੱਪੜੇ ਪਾਏ ਹੋਏ ਹਨ?

ਉਨ੍ਹਾਂ ਨੂੰ ਇਹ ਵਾਰ-ਵਾਰ ਚੇਤਾਇਆ ਜਾਂਦਾ ਹੈ ਕਿ ਜੇ ਕੁਝ ਵੀ ਉਨ੍ਹਾਂ ਨਾਲ ਗਲਤ ਹੁੰਦਾ ਹੈ ਤਾਂ ਉਸ ਵਿੱਚ ਉਹ ਵੀ ਕਿਸੇ ਨਾ ਕਿਸੇ ਹੱਦ ਤੱਕ ਜ਼ਿੰਮੇਵਾਰ ਹੋਣਗੇ। ਇਸ ਲਈ 'ਜ਼ਿਆਦਾ ਸਾਵਧਾਨ' ਹੋਣ ਦੀ ਲੋੜ ਹੈ।

'ਮਰਦ ਹੋਣ 'ਤੇ ਸ਼ਰਮਿੰਦਗੀ'

ਮਲਿਕਾ ਤਨੇਜਾ ਆਪਣੇ ਸਰੀਰ ਨੂੰ ਹਥਿਆਰ ਬਣਾ ਕੇ ਇਸੇ ਸੋਚ ਦੀ ਬਦਲਣਾ ਚਾਹੁੰਦੇ ਹਨ।

"ਔਰਤਾਂ ਨਾਟਕ ਨੂੰ ਆਸਾਨੀ ਨਾਲ ਸਮਝ ਜਾਂਦੀਆਂ ਹਨ ਪਰ ਖਾਸ ਗੱਲ ਇਹ ਕਿ ਕਈ ਮਰਦਾਂ ਮੁਤਾਬਕ ਮਲਿਕਾ ਦੀ ਪੇਸ਼ਕਾਰੀ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੰਦੀ ਹੈ।''

"ਕੁਝ ਕਹਿੰਦੇ ਹਨ ਕਿ ਨਾਟਕ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਖੁਦ ਦੇ ਮਰਦ ਹੋਣ 'ਤੇ ਕਾਫ਼ੀ ਬੁਰਾ ਲੱਗਦਾ ਹੈ। ਪਰ ਮੈਂ ਉਨ੍ਹਾਂ ਨੂੰ ਬੁਰਾ ਮਹਿਸੂਸ ਨਹੀਂ ਕਰਾਉਣਾ ਚਾਹੁੰਦੀ ਹਾਂ ਮੈਂ ਤਾਂ ਸਿਰਫ਼ ਸੰਵਾਦ ਸ਼ੁਰੂ ਕਰਨਾ ਚਾਹੁੰਦੀ ਹਾਂ।''

ਮਲਿਕਾ ਦਾ ਕੰਮ ਉਸਦੇ ਰਹਿਣ-ਸਹਿਣ ਨਾਲ ਪ੍ਰਭਾਵਿਤ ਹੈ। ਮਲਿਕਾ ਨੇ ਵਿਆਹ ਨਹੀਂ ਕਰਵਾਇਆ ਹੈ। ਉਹ ਆਮ ਲੋਕਾਂ ਵਾਂਗ ਸਵੇਰੇ 9 ਵਜੇ ਤੋਂ 5 ਵਜੇ ਤੱਕ ਕੰਮ ਨਹੀਂ ਕਰਦੇ ਪਰ ਆਪਣੇ ਰੋਜ਼ਮਰਾ ਦੇ ਖਰਚੇ ਥਿਏਟਰ ਜ਼ਰੀਏ ਕੱਢ ਲੈਂਦੇ ਹਨ।

ਉਹ ਮੰਨਦੇ ਹਨ ਕਿ ਕਾਮਯਾਬੀ ਤੇ ਮਾਲੀ ਮਜਬੂਤੀ ਉਨ੍ਹਾਂ ਨੂੰ ਸਾਰਿਆਂ ਦਾ ਸਾਹਮਣਾ ਕਰਨ ਦੀ ਸ਼ਕਤੀ ਦਿੰਦੀ ਹੈ।

ਉਹ ਦੱਸਦੇ ਹਨ, "ਨਾ ਮੇਰੇ ਪਿਤਾ, ਮੇਰਾ ਪਰਿਵਾਰ ਮੇਰੇ ਰਹਿਣ-ਸਹਿਣ ਜਾਂ ਕੰਮ 'ਤੇ ਸਵਾਲ ਚੁੱਕਦਾ ਹੈ।

'ਨਾ ਕਰਨਾ ਜ਼ਰੂਰੀ'

ਅਜਿਹੀ ਅਜ਼ਾਦੀ ਪਹਿਲਾਂ ਵਾਂਗ ਦੁਰਲੱਭ ਨਹੀਂ ਪਰ ਭਾਰਤ ਵਿੱਚ ਇਸ ਸਭ ਰਿਵਾਜ਼ ਵੀ ਨਹੀਂ ਹੈ। ਜੇ ਔਰਤ ਅਣਵਿਆਹੀ ਹੈ ਤਾਂ ਇਹੀ ਮੰਨਿਆ ਜਾਂਦਾ ਹੈ ਕਿ ਉਹ ਆਪਣੇ ਮਾਪਿਆਂ ਦੇ ਘਰ ਰਹੇਗੀ।

ਇਹ ਬਗਾਵਤ ਅਣਦੇਖੀ ਪਰ ਅਹਿਮ ਹੈ, ਜੋ ਔਰਤਾਂ ਨੂੰ ਸਮਾਜ ਦੇ ਪਰਛਾਵਿਆਂ ਤੋਂ ਨਿਕਲ ਕੇ ਆਪਣੇ ਹੱਕਾਂ ਲਈ ਪ੍ਰੇਰਿਤ ਕਰਨਾ ਚਾਹੁੰਦੀ ਹੈ। ਇਸੇ ਬਗਾਵਤ ਨੂੰ ਹੀ ਮਲਿਕਾ ਆਪਣੇ ਕੰਮ ਵਿੱਚ ਦਿਖਾਉਣਾ ਚਾਹੁੰਦੀ ਹੈ।

"ਸਾਨੂੰ ਨਾ ਕਰਨ ਦਾ ਹੱਕ ਹੈ, ਮੰਨਦੀ ਹਾਂ ਇਸਦੇ ਮਾੜੇ ਨਤੀਜੇ ਹੋਣਗੇ। ਸਾਡੇ ਵਿੱਚੋਂ ਦੂਜਿਆਂ ਦੇ ਮੁਕਾਬਲੇ ਕੁਝ ਲਈ ਇਹ ਸਭ ਕਰਨਾ ਸੌਖਾ ਹੋਵੇਗਾ। ਪਰ ਆਖਰਕਾਰ ਇਹ ਸਾਡੇ 'ਤੇ ਨਿਰਭਰ ਕਰਦਾ ਹੈ।''

"ਜੇ ਅਸੀਂ ਸਾਡੇ ਨਾਲ ਹੋ ਰਹੀਆਂ ਚੀਜ਼ਾਂ ਲਈ ਮਨ੍ਹਾ ਨਹੀਂ ਕਰਾਂਗੇ ਤਾਂ ਕੌਣ ਕਰੇਗਾ? ' '

ਮਲਿਕਾ ਮੁਤਾਬਕ ਜੇ ਇੱਕ ਵੀ ਔਰਤ ਨਾ ਕਹਿੰਦੀ ਹੈ ਤਾਂ ਉਹ ਔਰਤਾਂ ਦੀ ਬਰਾਬਰਤਾ ਦੀ ਮੁਹਿੰਮ ਵਿੱਚ ਕੁਝ ਯੋਗਦਾਰ ਜ਼ਰੂਰ ਪਾਵੇਗੀ।

ਮਲਿਕਾ ਜ਼ਿਆਦਾ ਲੋਕਾਂ ਦੀ ਸ਼ਮੂਲੀਅਤ ਵਾਲੇ ਅੰਦੋਲਨਾਂ ਦੀ ਮਹੱਤਤ ਨੂੰ ਮੰਨਦੀ ਹੈ ਪਰ ਨਾਲ ਹੀ ਉਹ ਕਹਿੰਦੀ ਹੈ ਕਿ ਬਦਲਾਅ ਉਸ ਵੇਲੇ ਹੋਵੇਗਾ ਜਦੋਂ ਇੱਕਲਾ ਸ਼ਖਸ ਕਿਸੇ ਮਕਸਦ ਲਈ ਖੜ੍ਹਾ ਹੋਵੇਗਾ।

2012 ਵਿੱਚ ਭਾਰਤ ਨੇ ਅਜਿਹਾ ਕੁਝ ਦੇਖਿਆ। ਜਦੋਂ ਇੱਕ ਭਿਆਨਕ ਸਮੂਹਕ ਬਲਾਤਕਾਰ ਨੇ ਹਜ਼ਾਰਾਂ ਔਰਤਾਂ ਨੂੰ ਸੜਕਾਂ 'ਤੇ ਉਤਾਰਿਆ, ਜਦੋਂ ਉਨ੍ਹਾਂ ਨੇ ਕਿਹਾ ਕਿ 'ਹੁਣ ਹੱਦ ਹੋ ਗਈ'।

ਉਸੇ ਗੁੱਸੇ ਕਰਕੇ ਹੀ ਭਾਰਤ ਵਿੱਚ ਬਲਾਤਕਾਰ ਲਈ ਨਵੇਂ ਸਖ਼ਤ ਕਨੂੰਨ ਬਣੇ ਅਤੇ ਉਸੇ ਰੋਸ ਨੇ ਹੀ ਬਲਾਤਕਾਰ ਬਾਰੇ ਗੱਲ ਕਰਨ ਦੇ ਤਰੀਕੇ ਨੂੰ ਹੀ ਬਦਲ ਦਿੱਤਾ।

'ਕਈ ਮੁਸ਼ਕਿਲ ਸਵਾਲਾਂ ਦਾ ਸਾਹਮਣਾ'

ਮਲਿਕਾ ਦੇ ਨਾਟਕ ਪਿੱਛੇ ਵੀ ਅਜਿਹੀ ਹੀ ਘਟਨਾ ਨਾਲ ਸਬੰਧਿਤ ਗੁੱਸਾ ਸੀ ਜਿਸ ਵਿੱਚ ਮੁੰਬਈ ਦੀ ਇੱਕ ਫੋਟੋ ਪੱਤਰਕਾਰ ਦਾ ਸਮੂਹਕ ਬਲਾਤਕਾਰ ਕੀਤਾ ਗਿਆ, ਜਿਸ ਵੇਲੇ ਉਹ ਆਪਣੇ ਕੰਮ 'ਤੇ ਸੀ।

ਉਨ੍ਹਾਂ ਕਿਹਾ, "ਲੜਾਈ ਕਿਸ ਲਈ ਹੈ, ਸਾਡੇ ਸਰੀਰ ਲਈ ਅਤੇ ਉਹ ਸਭ ਕੁਝ ਜੋ ਅਸੀਂ ਲੈ ਕੇ ਚੱਲਦੇ ਹਾਂ।

ਮਲਿਕਾ ਤੋਂ ਕਈ ਮੁਸ਼ਕਿਲ ਸਵਾਲ ਵੀ ਪੁੱਛੇ ਜਾਂਦੇ ਹਨ।

ਨਾਟਕ ਦੇਖਣ ਤੋਂ ਬਾਅਦ ਇੱਕ ਮਹਿਲਾ ਨੇ ਮਲਿੱਕਾ ਤੋਂ ਪੁੱਛਿਆ ਕਿ ਉਹ ਪਤਲੀ ਨਾ ਹੋਣ ਦੇ ਬਾਵਜੂਦ ਇੱਕ ਪੇਸ਼ਕਾਰੀ ਕਰ ਸਕਦੀ ਹੈ।

ਉਸਨੇ ਸੋਚਦਿਆਂ ਹੋਇਆਂ ਕਿਹਾ, "ਮੈਨੂੰ ਇਸ ਬਾਰੇ ਨਹੀਂ ਪਤਾ। ਮੇਰੇ ਕੋਲ ਇਹੀ ਸਰੀਰ ਰਿਹਾ ਹੈ। ਮੈਂ ਸਿਰਫ ਇਹ ਕਹਿ ਸਕਦੀ ਹਾਂ ਕਿ ਮੈਨੂੰ ਉਮੀਦ ਹੈ। ਇਹ ਜਵਾਬ ਦਿੰਦਿਆਂ ਹੋਇਆਂ ਮੈਂ ਜਾਣਦੀ ਸੀ ਕਿ ਮੇਰੇ ਵਰਗਾ ਸਰੀਰ ਹੀ ਸਮਾਜ ਵਿੱਚ ਜ਼ਿਆਦਾ ਪ੍ਰਵਾਨ ਹੈ।''

'ਕਈ ਵਾਰ ਬੇਹੱਦ ਔਖਾ'

ਉਸ ਨੇ ਮੰਨਿਆ ਕਿ ਹਰ ਪੇਸ਼ਕਾਰੀ ਦੇ ਨਾਲ ਕੰਮ ਕਰਨਾ ਸੌਖਾ ਹੋ ਜਾਂਦਾ ਹੈ ਅਤੇ ਅਣਜਾਣ ਲੋਕਾਂ ਦੇ ਸਾਹਮਣੇ ਖੜ੍ਹੇ ਹੋਣਾ, ਪਛਾਣ ਦੇ ਦਰਸ਼ਕਾਂ ਦੇ ਸਾਹਮਣੇ ਖੜ੍ਹੇ ਹੋਣ ਤੋਂ ਕਾਫ਼ੀ ਬੇਹਤਰ ਹੈ ਪਰ ਕਾਫ਼ੀ ਬਾਰ ਪੇਸ਼ਕਾਰੀ ਬੇਹਤਰ ਨਹੀਂ ਹੁੰਦੀ।

ਮਲਿਕਾ ਨੇ ਕਿਹਾ, "ਕਈ ਵਾਰ ਮੈਨੂੰ ਚੰਗਾ ਨਹੀਂ ਲੱਗਦਾ। ਕਈ ਵਾਰ ਮੈਨੂੰ ਮਹਾਵਾਰੀ ਆਈ ਹੁੰਦੀ ਹੈ ਪਰ ਫ਼ਿਰ ਵੀ ਮੈਨੂੰ ਦਰਸ਼ਕਾਂ ਦੇ ਸਾਹਮਣੇ ਜਾ ਕੇ ਸਿੱਧਾ ਖੜ੍ਹਾ ਰਹਿਣਾ ਹੁੰਦਾ ਹੈ।''

"ਪਰ ਇਹ ਮੇਰਾ ਸਰੀਰ ਹੈ ਅਤੇ ਮੈਂ ਇਸ 'ਤੇ ਕਾਬੂ ਨਹੀਂ ਖੋਹਣ ਦਿੰਦੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)