ਬਰਨਾਲਾ ਦੀ ਮਹਿਲਾ ਅਕਾਲੀ ਆਗੂ ਦੀ ਕੁੱਟਮਾਰ ਦੇ ਮਾਮਲੇ ਦੀ ਚੁਫੇਰਿਓ ਨਿੰਦਾ

ਬਰਨਾਲਾ ਦੀ ਅਕਾਲੀ ਆਗੂ ਜਸਵਿੰਦਰ ਕੌਰ ਦੀ ਕੁੱਟਮਾਰ ਤੇ ਬੇ-ਇੱਜ਼ਤੀ ਕਰਨ ਦੇ ਮਾਮਲੇ ਵਿੱਚ ਸਿਆਸੀ, ਸਮਾਜਿਕ ਅਤੇ ਧਾਰਮਿਕ ਸੰਗਠਨ ਇਕਜੁਟ ਹੋ ਗਏ ਹਨ। ਜਿੱਥੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਧੜ੍ਹੇਬੰਦੀ ਤੋਂ ਉੱਪਰ ਉੱਠ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਉੱਥੇ ਸ਼ੇਰਾ ਖੁੱਬਣ ਗਿਰੋਹ ਵਲੋਂ ਆਪਣੇ ਗਰੁੱਪ ਦੇ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ ਉਹ 'ਸ਼੍ਰੋਮਣੀ ਅਕਾਲੀ ਦਲ' ਦੇ ਇਸਤਰੀ ਵਿੰਗ ਦੀ ਸੂਬਾ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿੱਲ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਬਖਸ਼ਣਗੇ ਨਹੀਂ।

ਗੈਂਗਸਟਰ ਵਿੱਕੀ ਗੌਂਡਰ ਵਲੋਂ ਲਿਖੀ ਇਸ ਧਮਕੀ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ।

ਇਸ ਬਾਰੇ ਪੀੜਤ ਜਸਵਿੰਦਰ ਕੌਰ ਨੇ ਪੰਜਾਬ ਨਿਉਜ਼ ਟਰੈਂਡ ਨਾਂ ਦੇ ਇੱਕ ਯੂ-ਟਿਊਬ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਸ਼ੇਰਾ ਖੁੱਬਣ ਗਰੁੱਪ ਦੇ ਕਿਸੇ ਬੰਦੇ ਨੂੰ ਨਹੀਂ ਜਾਣਦੀ ਅਤੇ ਉਨ੍ਹਾਂ ਜੋ ਵੀ ਬਿਆਨ ਦਿੱਤਾ ਹੈ ਉਹ ਇਨਸਾਨੀਅਤ ਦੇ ਨਾਤੇ ਦਿੱਤਾ ਹੈ।

ਜਸਵਿੰਦਰ ਕੌਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਕਾਨੂੰਨ ਵਿੱਚ ਭਰੋਸਾ ਹੈ ਤੇ ਉਹ ਇਸ ਬਾਰੇ ਕਾਨੂੰਨੀ ਲੜਾਈ ਹੀ ਲੜ੍ਹਨਗੇ। ਉੱਧਰ ਬਰਨਾਲਾ ਪੁਲਿਸ ਦੇ ਐੱਸਐੱਸਪੀ ਹਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੁਲਿਸ ਫੇਸਬੁੱਕ ਪੇਜ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਪੀੜ੍ਹਤ ਦੇ ਗੈਂਗ ਨਾਲ ਕਿਸੇ ਤਰ੍ਹਾਂ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ।

ਕੀ ਹੋਇਆ ਸੀ ਜਸਵਿੰਦਰ ਕੌਰ ਸ਼ੇਰਗਿੱਲ ਨਾਲ?

ਬਰਨਾਲਾ ਤੋਂ ਸੁਖਚਰਨਪ੍ਰੀਤ ਦੀ ਰਿਪੋਰਟ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਸੂਬਾ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿੱਲ ਦੀ ਕੁੱਟਮਾਰ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਾਸਲਾ ਗਰਮ ਹੋ ਗਿਆ ਸੀ

ਲੰਘੀ 30 ਨਵੰਬਰ ਨੂੰ ਬਰਨਾਲੇ ਜ਼ਿਲ੍ਹੇ ਦੇ ਸ਼ਹਿਰ ਤਪੇ ਨਾਲ ਜੁੜੇ ਇਸ ਆਗੂ ਦੀ 'ਸੋਲਾਂ ਵਾਲਾ ਮੱਠ' ਮੰਦਰ ਵਿੱਚ ਮੱਥਾ ਟੇਕਣ ਸਮੇਂ ਕੁੱਟਮਾਰ ਕੀਤੀ ਗਈ ਸੀ।

ਬੀਤੇ ਦਿਨੀਂ ਇਸ ਘਟਨਾ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ ਜਿਸ ਵਿੱਚ ਇਸ ਆਗੂ ਦੀ ਕੁੱਝ ਬੰਦੇ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਹਨ।

ਵੀਡੀਓ ਵਿੱਚ ਪੀੜ੍ਹਤ ਔਰਤ ਤੋਂ ਇਲਾਵਾ ਕੁੱਟਮਾਰ ਕਰਨ ਵਾਲਿਆਂ ਵਿੱਚੋਂ ਇੱਕ ਔਰਤ ਦਾ ਚਿਹਰਾ ਵੀ ਦਿਖਾਈ ਦੇ ਰਿਹਾ ਹੈ ਜਦਕਿ ਕੁੱਝ ਮਰਦਾਵਾਂ ਅਵਾਜਾਂ ਵੀ ਵੀਡੀਓ ਵਿੱਚ ਸੁਣ ਰਹੀਆਂ ਹਨ।

ਕੀ ਕਹਿਣਾ ਹੈ ਡਾਕਟਰਾਂ ਦਾ ?

ਪੀੜ੍ਹਤ ਔਰਤ ਬਰਨਾਲੇ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ। ਬਰਨਾਲੇ ਦੇ ਸਿਵਲ ਮੈਡੀਕਲ ਅਫਸਰ 'ਡਾ.ਜਸਬੀਰ ਸਿੰਘ ਔਲਖ' ਮੁਤਾਬਕ ਪੀੜਤਾ ਦੀ ਬਾਂਹ ਟੁੱਟੀ ਹੋਈ ਸੀ ਜਿਸਦਾ ਆਪਰੇਸ਼ਨ ਕਰਕੇ ਪਲਤਰ ਕਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਕੁੱਝ ਗੁੱਝੀਆ ਸੱਟਾਂ ਹਨ।

ਡਾ.ਔਲਖ ਮੁਤਾਬਕ ਮਰੀਜ ਸਰੀਰਕ ਸੱਟਾਂ ਨਾਲੋਂ ਜਿਆਦਾ ਮਾਨਸਿਕ ਸਦਮੇ ਵਿੱਚ ਹੈ।

ਪੀੜ੍ਹਤ ਔਰਤ ਦਾ ਕਹਿਣਾ ਸੀ ਕਿ ਉਹ ਆਂਮ ਵਾਂਗ ਮੰਦਰ ਵਿੱਚ ਮੱਥਾ ਟੇਕਣ ਗਈ ਸੀ ਜਿਥੇ ਕੁੱਝ ਲੋਕਾਂ ਵੱਲੋਂ ਉਸ 'ਤੇ ਹਮਲਾ ਕਰ ਦਿੱਤਾ ਗਿਆ।

ਪੀੜਤਾ ਮੁਤਾਬਕ ਹਮਲਾਵਾਰਾਂ ਵੱਲੋਂ ਉਸਦੇ ਵਾਲ ਕੱਟੇ ਗਏ, ਸੱਟਾਂ ਮਾਰੀਆਂ ਗਈਆਂ ਅਤੇ ਕੱਪੜੇ ਲਾਹ ਕੇ ਜ਼ਲੀਲ ਵੀ ਕੀਤਾ ਗਿਆ।

ਪੰਜਾਬ ਰਾਜ ਮਹਿਲਾ ਆਯੋਗ

'ਪੰਜਾਬ ਰਾਜ ਮਹਿਲਾ ਆਯੋਗ' ਦੀ ਸੂਬਾ ਕਮੇਟੀ ਮੈਂਬਰ ਵੀਰਪਾਲ ਕੌਰ ਤਰਮਾਲਾ ਨੇ ਪੀੜਤ ਔਰਤ ਨਾਲ ਮੁਲਾਕਾਤ ਕੀਤੀ ਵੀਰਪਾਲ ਕੌਰ ਤਰਮਾਲਾ ਦਾ ਕਹਿਣਾ ਸੀ ਕਿ ਹਮਲਾਵਾਰਾਂ ਵੱਲੋਂ ਔਰਤ ਦੀ ਸ਼ਾਨ, ਜਜ਼ਬਾਤਾਂ ਅਤੇ ਇੱਜ਼ਤ 'ਤੇ ਹਮਲਾ ਕੀਤਾ ਗਿਆ ਹੈ ਜਿਸ ਨਾਲ ਹਰ ਕਿਸੇ ਦੀਆਂ ਅੱਖਾਂ ਸ਼ਰਮ ਨਾਲ ਝੁੱਕ ਗਈਆਂ ਹਨ।

ਉੱਨ੍ਹਾਂ ਮੁਤਾਬਕ ਕਮਿਸ਼ਨ ਪੀੜ੍ਹਤ ਔਰਤ ਦੀ ਹਰ ਤਰ੍ਹਾਂ ਮਦਦ ਕਰੇਗਾ।

ਕਾਰਾ ਮੰਦਭਾਗਾ ਤੇ ਸ਼ਰਮਨਾਕ

ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਦਾ ਕਹਿਣਾ ਸੀ ਕਿ ਇਹ ਕਾਰਾ ਮੰਦਭਾਗਾ ਹੋਣ ਦੇ ਨਾਲ-ਨਾਲ ਇਨਸਾਨੀਅਤ ਦੇ ਤੌਰ 'ਤੇ ਇਹ ਬਹੁਤ ਸ਼ਰਮਨਾਕ ਹੈ।

ਉੱਨ੍ਹਾਂ ਕਿਹਾ ਕਿ ਪਾਰਟੀ ਦੇ ਇਸਤਰੀ ਵਿੰਗ ਦੀ ਆਗੂ ਹੋਣ ਦੇ ਨਾਤੇ ਪੂਰੀ ਪਾਰਟੀ ਉੱਨ੍ਹਾਂ ਦੇ ਨਾਲ ਹੈ।

ਇਸ ਮਾਸਲੇ ਵਿੱਚ ਮਜ਼ਦੂਰ ਮੁਕਤੀ ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਂਓ ਦਾ ਕਹਿਣਾ ਸੀ ਕਿ ਇੱਥੇ ਔਰਤ ਦੀ ਇੱਜ਼ਤ 'ਤੇ ਹਮਲਾ ਕਰਕੇ ਗਲਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਸਮਾਂਓ ਮੁਤਾਬਕ ਜੇ ਇਹ ਆਗੂ ਦਲਿਤ ਨਾ ਹੁੰਦੀ ਤਾਂ ਰਾਜਨੀਤਿਕ ਪਾਰਟੀਆਂ ਅਤੇ ਪ੍ਰਸ਼ਾਸ਼ਨ ਦਾ ਰਵੱਈਆ ਹੋਰ ਹੋਣਾ ਸੀ, ਇਸ ਲਈ ਉਹ ਆਪਣੀ ਜਥੇਬੰਦੀ ਵੱਲੋਂ ਬਰਨਾਲਾ ਪੁਲਿਸ ਦੀ ਢਿੱਲੀ ਕਾਰਵਾਈ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਬਰਨਾਲੇ ਵਿੱਚ 12 ਦਸੰਬਰ ਨੂੰ ਅਰਥੀ ਫੂਕ ਮੁਜ਼ਾਹਰਾ ਕਰਨਗੇ।

ਕੀ ਕਹਿਣਾ ਹੈ ਪੁਲਿਸ ਦਾ?

ਬਰਨਾਲੇ ਦੇ ਐਸ. ਐਸ. ਪੀ. ਹਰਜੀਤ ਸਿੰਘ ਮੁਤਾਬਕ ਉੱਨ੍ਹਾਂ ਵੱਲੋਂ 7 ਦੋਸ਼ੀਆਂ ਖਿਲਾਫ਼ ਪੀੜ੍ਹਤਾ ਦੇ ਬਿਆਨਾਂ ਦੇ ਅਧਾਰ 'ਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 324, 354, 354-ਬੀ, 506, 148, 149 ਸਮੇਤ ਇਰਾਦਾ ਕਤਲ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਐਸ. ਸੀ. ਐਸ. ਟੀ. ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਅਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)