You’re viewing a text-only version of this website that uses less data. View the main version of the website including all images and videos.
ਕਿੱਥੇ ਕਮਾਦ ਬਣ ਰਹੇ ਹਨ ਤੇਂਦੁਆ ਜਾਤੀ ਦੇ ‘ਨਵੇਂ ਘਰ’?
8 ਨਵੰਬਰ ਨੂੰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਬ੍ਰਾਹਮਣਵਾੜਾ ਪਿੰਡ ਦੇ ਕਮਾਦ ਤੋਂ ਤਿੰਨ ਤੇਂਦੁਏ ਦੇ ਬੱਚੇ ਮਿਲੇ।
ਪਿੰਡਵਾਸੀਆਂ ਨੇ ਉਹ ਬੱਚੇ ਜੰਗਲਾਤ ਮਹਿਕਮੇ ਨੂੰ ਸੌਂਪ ਦਿੱਤੇ।
ਜੰਗਲਾਤ ਮਹਿਕਮੇ ਦੇ ਅਫ਼ਸਰਾਂ ਨੇ ਚਾਰ ਦਿਨਾਂ ਤੱਕ ਤੇਂਦੁਏ ਦੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਨਾਲ ਮਿਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੇ।
ਫ਼ਿਰ ਜੰਗਲਾਤ ਮਹਿਕਮੇ ਨੇ ਵੈਟਰਨਰੀ ਡਾਕਟਰ ਅਜੇ ਦੇਸ਼ਮੁਖ ਨਾਲ ਸੰਪਰਕ ਕੀਤਾ ਜੋ ਐੱਸਓਐੱਸ ਵਾਈਲਡ ਲਾਈਫ ਸੰਗਠਨ ਨਾਲ ਜੁੜੇ ਹਨ।
ਡਾ. ਅਜੇ ਦੇਸ਼ਮੁਖ ਕਮਾਦ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਨੂੰ ਮਾਦਾ ਤੇਂਦੁਏ ਦੀਆਂ ਪੈੜਾਂ ਮਿਲੀਆਂ। ਡਾ. ਦੇਸ਼ਮੁਖ ਨੇ ਅੰਦਾਜ਼ਾ ਲਾਇਆ ਕਿ ਇਸੇ ਥਾਂ 'ਤੇ ਹੀ ਮਾਦਾ ਤੇਂਦੁਆ ਨੇ ਬੱਚਿਆਂ ਨੂੰ ਜਨਮ ਦਿੱਤਾ ਹੋਣਾ ਹੈ।
ਡਾ ਦੇਸ਼ਮੁਖ ਨੇ ਕਿਹਾ, "ਅਸੀਂ ਤੇਂਦੁਏ ਦੇ ਬੱਚਿਆਂ ਨੂੰ ਉਸੇ ਥਾਂ 'ਤੇ 12 ਨਵੰਬਰ ਨੂੰ ਸ਼ਾਮ 5.30 ਵਜੇ ਰੱਖਿਆ। ਬੱਚਿਆਂ ਦੀ ਮਾਂ ਪੂਰੇ ਇੱਕ ਘੰਟੇ ਬਾਅਦ ਉੱਥੇ ਪਹੁੰਚੀ ਤੇ ਬੱਚਿਆਂ ਨੂੰ ਆਪਣੇ ਨਾਲ ਲੈ ਗਈ।
ਕਿਵੇਂ ਵਿਛੁੜਦੇ ਹਨ ਬੱਚੇ?
ਮਹਾਰਾਸ਼ਟਰ ਦੇ ਕਮਾਦ ਤੇਂਦੁਏ ਲਈ ਬੱਚਿਆਂ ਨੂੰ ਜਨਮ ਦੇਣ ਦੀ ਪਸੰਦੀਦਾ ਥਾਂ ਬਣਦੇ ਜਾ ਰਹੇ ਹਨ।
ਅਕਤੂਬਰ ਤੋਂ ਜਨਵਰੀ ਦੇ ਵਿਚਾਲੇ ਕਮਾਦ ਕੱਟਣ ਦਾ ਵਕਤ ਹੁੰਦਾ ਹੈ। ਇਹੀ ਵਕਤ ਮਾਦਾ ਤੇਂਦੁਏ ਦੇ ਪ੍ਰਜਨਨ ਦਾ ਹੁੰਦਾ ਹੈ।
ਕਈ ਬੱਚਿਆਂ ਨੂੰ ਆਪਣੀਆਂ ਮਾਵਾਂ ਨਾਲ ਵੱਖ ਹੋਣਾ ਪਿਆ ਹੈ। ਡਾ. ਦੇਸ਼ਮੁਖ ਅਤੇ ਉਨ੍ਹਾਂ ਦੀ ਸੰਸਥਾਂ 40 ਤੇਂਦੁਏ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਨਾਲ ਮਿਲਾਉਣ ਵਿੱਚ ਕਾਮਯਾਬ ਹੋਏ।
ਮਾਦਾ ਤੇਂਦੁਆ ਨੂੰ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਸ਼ਿਕਾਰ ਲਈ ਘੁੰਮਣਾ ਪੈਂਦਾ ਹੈ ਇਸੇ ਕਰਕੇ ਤੇਂਦੁਏ ਦੇ ਬੱਚੇ ਆਪਣੀਆਂ ਮਾਵਾਂ ਤੋਂ ਵਿਛੁੜ ਜਾਂਦੇ ਹਨ। ਕਿਸਾਨਾਂ ਨੂੰ ਇਹ ਬੱਚੇ ਕਮਾਦ ਦੀ ਕਟਾਈ ਵੇਲੇ ਮਿਲੇ ਸੀ।
ਕਿਸਾਨਾਂ ਨੇ ਇਨ੍ਹਾਂ ਬੱਚਿਆਂ ਨੂੰ ਜੰਗਲਾਤ ਮਹਿਕਮੇ ਨੂੰ ਸੌਂਪ ਦਿੱਤਾ। ਮਹਿਕਮੇ ਵੱਲੋਂ ਅਜਿਹੇ ਬੱਚਿਆਂ ਦੇ ਲਈ ਜੁੱਨਰ ਵਿੱਚ ਅਨਾਥ ਆਸ਼ਰਮ ਬਣਾਇਆ ਗਿਆ ਹੈ। ਐੱਸਓਐੱਸ ਸੰਗਠਨ ਇਸ ਨੂੰ ਚਲਾ ਰਿਹਾ ਹੈ।
ਬੱਚਿਆਂ ਦੀ ਸਾਂਭ ਸੰਭਾਲ ਇੱਕ ਚੁਣੌਤੀ
ਡਾ. ਅਜੇ ਦੇਸ਼ਮੁਖ ਨੇ ਹੁਣ ਇਨ੍ਹਾਂ ਤੇਂਦੁਏ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਨਾਲ ਮਿਲਾਉਣ ਦੀ ਮੁਹਿੰਮ ਛੇੜ ਦਿੱਤੀ ਹੈ।
ਉਨ੍ਹਾਂ ਕਿਹਾ, "ਇਹ ਭਰਮ ਹੈ ਕਿ ਕਿਸੇ ਇਨਸਾਨ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਮਾਦਾ ਤੇਂਦਆ ਆਪਣੇ ਬੱਚਿਆਂ ਦੇ ਨੇੜੇ ਨਹੀਂ ਜਾਂਦੀਆਂ।''
ਉਨ੍ਹਾਂ ਅੱਗੇ ਕਿਹਾ, "ਜਦੋਂ ਅਜਿਹੇ ਬੱਚੇ ਮਿਲਦੇ ਹਨ ਤਾਂ ਉਨ੍ਹਾਂ ਨੂੰ ਬਚਾਉਣਾ ਇੱਕ ਵੱਡੀ ਚੁਣੌਤੀ ਹੁੰਦਾ ਹੈ। ਅਸੀਂ ਲਗਾਤਾਰ ਉਨ੍ਹਾਂ ਦੀ ਜਾਂਚ ਕਰਦੇ ਹਾਂ, ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਤੇ ਉਨ੍ਹਾਂ ਨੂੰ ਕੋਈ ਬਿਮਾਰੀ ਤਾਂ ਨਹੀਂ।''
"ਇਨ੍ਹਾਂ ਬੱਚਿਆਂ ਨੂੰ ਆਪਣੀ ਮਾਂ ਨਾਲ ਮਿਲਾਉਣ ਤੋਂ ਪਹਿਲਾਂ ਉਨ੍ਹਾਂ ਦਾ ਖਿਆਲ ਰੱਖਣਾ ਕਾਫੀ ਮੁਸ਼ਕਿਲ ਹੈ। ਅਸੀਂ ਉਨ੍ਹਾਂ ਨੂੰ ਬਕਰੀ ਦਾ ਦੁੱਧ ਦਿੰਦੇ ਹਾਂ। ਬੱਚੇ ਦੋ ਮਹੀਨਿਆਂ ਤੋਂ ਪਹਿਲਾਂ ਦੂਜਾ ਖਾਣਾ ਨਹੀਂ ਖਾਂਦੇ।''
ਮੁਹਿੰਮ ਜ਼ਰੀਏ ਟਕਰਾਅ ਘੱਟ ਕਰਨ ਦੀ ਕੋਸ਼ਿਸ਼
ਵਾਈਲਡ ਲਾਈਫ ਕਾਰਕੁਨ ਸੰਜੇ ਭੰਡਾਰੀ ਨੇ ਕਿਹਾ, "ਮਾਦਾ ਤੇਂਦੁਆ ਆਪਣੇ ਬੱਚਿਆਂ ਤੋਂ ਵੱਖ ਹੋਣ ਕਰਕੇ ਹਿੰਸਕ ਹੋ ਜਾਂਦੀ ਹੈ। ਉਸ ਹਮਲਾ ਵੀ ਕਰ ਸਕਦੀ ਹੈ। ਅਜਿਹੇ ਹਮਲਿਆਂ ਨੂੰ ਰੋਕਣ ਦੇ ਲਈ ਇਨ੍ਹਾਂ ਬੱਚਿਆਂ ਨੂੰ ਆਪਣੀਆਂ ਮਾਵਾਂ ਦੇ ਨਾਲ ਮਿਲਾਉਣਾ ਜ਼ਰੂਰੀ ਹੈ।''
ਡਾ ਅਜੇ ਦੇਸ਼ਮੁਖ ਨੇ ਕਿਹਾ, "ਨਾਸਿਕ ਤੇ ਪੂਣੇ ਵਿੱਚ ਕਾਫ਼ੀ ਵੱਡੇ ਪੱਧਰ 'ਤੇ ਕਮਾਦ ਹਨ। ਇਹ ਕਮਾਦ ਤੇਂਦੁਏ ਦੀ ਜਾਤੀ ਲਈ ਨਵਾਂ ਘਰ ਬਣ ਚੁੱਕੇ ਹਨ।''
"ਕਈ ਵਾਰ ਇਸ ਇਲਾਕੇ ਵਿੱਚ ਮਨੁੱਖਾਂ ਤੇ ਜੰਗਲੀ ਜਾਨਵਰਾਂ ਵਿਚਾਲੇ ਟਕਰਾਅ ਹੋ ਚੁੱਕਿਆ ਹੈ ਪਰ ਬੱਚਿਆਂ ਨੂੰ ਮਿਲਾਉਣ ਦੇ ਇਸ ਕਾਰੇ ਨੇ ਲੋਕਾਂ ਨੂੰ ਤੇਂਦੁਏ ਦੀ ਜਾਤੀ ਨਾਲ ਮਿਲ ਕੇ ਰਹਿਣ ਲਈ ਪ੍ਰੇਰਿਤ ਕੀਤਾ ਹੈ।''