780 ਭਾਰਤੀ ਭਾਸ਼ਾਵਾਂ ਦੀ ‘ਖੋਜ’ ਕਰਨ ਵਾਲਾ ਸ਼ਖ਼ਸ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਡਾ. ਗਣੇਸ਼ ਦੇਵੀ, ਅੰਗਰੇਜ਼ੀ ਦੇ ਸਾਬਕਾ ਪ੍ਰੋਫੈਸਰ ਨੇ ਜਦੋਂ ਭਾਰਤੀ ਭਾਸ਼ਾਵਾਂ ਦੀ ਖੋਜ ਕੀਤੀ ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਕਬਰਾਂ ਹੇਠ ਦੱਬੀਆਂ ਹੋਈਆਂ ਅਤੇ ਖ਼ਤਮ ਹੋ ਰਹੀਆਂ ਮਾਂ ਬੋਲੀਆਂ ਵੀ ਮਿਲਣਗੀਆਂ।

ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ 16 ਭਾਸ਼ਾਵਾਂ ਵਿੱਚ ਬਰਫ਼ ਲਈ ਤਕਰੀਬਨ 200 ਸ਼ਬਦ ਹਨ। ਇਨ੍ਹਾਂ ਸ਼ਬਦਾਂ ਵਿੱਚੋਂ ਕੁਝ ਦੇ ਵਰਨਣ ਸ਼ਾਇਦ ਤੁਹਾਨੂੰ ਅਜੀਬ ਜਾਂ ਖ਼ੂਬਸੁਰਤ ਲੱਗਣ। ਜਿਵੇਂ ਪਾਣੀ 'ਤੇ ਡਿੱਗਣ ਵਾਲੇ ਗੁੱਛੇ।

ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਰਾਜਸਥਾਨ ਦੇ ਖਾਨਾਬਦੋਸ਼ ਭਾਈਚਾਰੇ ਬੰਜਰ ਜ਼ਮੀਨ ਲਈ ਬਹੁਤ ਸਾਰੇ ਸ਼ਬਦਾਂ ਦਾ ਇਸਤੇਮਾਲ ਕਰਦੇ ਸਨ।

ਇਹ ਵੀ ਪੜ੍ਹੋ:

ਉਹ ਖਾਨਾਬਦੋਸ਼ ਜੋ ਕਦੇ ਬ੍ਰਿਟਿਸ਼ ਭਾਈਚਾਰੇ ਵੱਲੋਂ 'ਅਪਰਾਧਿਕ ਕਬੀਲੇ' ਕਰਾਰ ਦਿੱਤੇ ਗਏ ਸੀ ਅਤੇ ਅੱਜ-ਕੱਲ੍ਹ ਇੱਕ ਗੁਪਤ ਭਾਸ਼ਾ ਬੋਲਦੇ ਹਨ ਕਿਉਂਕਿ ਉਨ੍ਹਾਂ ਦੇ ਭਾਈਚਾਰੇ ਨਾਲ ਇੱਕ ਕਲੰਕ ਜੁੜਿਆ ਹੋਇਆ ਹੈ।

ਮਹਾਰਾਸ਼ਟਰ ਦੇ ਪੱਛਮੀ ਕੰਡੇ 'ਤੇ, ਮੁੰਬਈ ਦੇ ਨੇੜੇ ਹੀ, ਲੋਕ 'ਪੁਰਾਣੀ' ਪੁਰਤਗਾਲੀ ਭਾਸ਼ਾ ਬੋਲਦੇ ਹਨ।

ਅੰਡਮਾਨ ਅਤੇ ਨਿਕੋਬਾਰ ਦੇ ਪੂਰਬੀ ਦੀਪ ਸਮੂਹ 'ਤੇ ਕੁਝ ਲੋਕ ਕੈਰਨ ਭਾਸ਼ਾ ਬੋਲਦੇ ਹਨ, ਜੋ ਕਿ ਮਿਆਂਮਾਰ ਦੀ ਭਾਸ਼ਾ ਹੈ। ਗੁਜਰਾਤ 'ਚ ਰਹਿਣ ਵਾਲੇ ਕੁਝ ਭਾਰਤੀ ਜਪਾਨੀ ਭਾਸ਼ਾ ਬੋਲਦੇ ਹਨ। ਉਨ੍ਹਾਂ ਨੂੰ ਪਤਾ ਲੱਗਿਆ ਕਿ ਭਾਰਤੀ 125 ਵਿਦੇਸ਼ੀ ਭਾਸ਼ਾਵਾਂ ਮਾਂ ਬੋਲੀ ਵਜੋਂ ਬੋਲਦੇ ਹਨ।

ਕੌਣ ਹਨ ਗਣੇਸ਼ ਦੇਵੀ?

ਡਾ. ਦੇਵੀ, ਭਾਸ਼ਾ ਦੇ ਗੈਰ-ਸਿੱਖਿਅਤ ਮਾਹਿਰ, ਮਿੱਠਾ ਬੋਲਣ ਵਾਲੇ ਪੱਕੇ ਇਰਾਦੇ ਵਾਲੇ ਸ਼ਖ਼ਸ ਹਨ। ਉਨ੍ਹਾਂ ਗੁਜਰਾਤ ਦੀ ਇੱਕ ਯੂਨੀਵਰਸਿਟੀ ਵਿੱਚ 16 ਸਾਲ ਤੱਕ ਅੰਗਰੇਜ਼ੀ ਭਾਸ਼ਾ ਪੜ੍ਹਾਈ।

ਫਿਰ ਉਹ ਕਬੀਲੇ ਦੇ ਲੋਕਾਂ ਨਾਲ ਕੰਮ ਕਰਨ ਲਈ ਦੂਰ ਇੱਕ ਪਿੰਡ ਵਿੱਚ ਚਲੇ ਗਏ। ਉਨ੍ਹਾਂ 11 ਕਬਾਇਲੀ ਭਾਸ਼ਾਵਾਂ ਵਿੱਚ ਜਰਨਲ ਵੀ ਛਾਪਿਆ।

ਭਾਰਤ ਦੀਆਂ ਭਾਸ਼ਾਵਾਂ

  • 1961 ਦੀ ਮਰਦਸ਼ੁਮਾਰੀ ਮੁਤਾਬਕ 1652 ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ।
  • ਪੀਪਲਜ਼ ਲਿੰਗੁਇਸਟਿਕ ਸਰਵੇ ਆਫ਼ ਇੰਡੀਆ ਮੁਤਾਬਕ 2010 ਵਿੱਚ 780 ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ।
  • ਯੂਨੈਸਕੋ ਮੁਤਾਬਕ 197 ਭਾਸ਼ਾਵਾਂ ਖਤਰੇ ਵਿੱਚ ਹਨ, 42 ਜ਼ਿਆਦਾ ਖ਼ਤਰੇ ਵਿੱਚ ਹਨ।
  • ਉੱਤਰ-ਪੂਰਬ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਅਸਮ, ਪੱਛਮ ਵਿੱਚ ਮਹਾਰਾਸ਼ਟਰ ਤੇ ਗੁਜਰਾਤ, ਪੂਰਬ ਵਿੱਚ ਓੜੀਸਾ ਤੇ ਬੰਗਾਲ, ਉੱਤਰ ਵਿੱਚ ਰਾਜਸਥਾਨ ਵਿੱਚ ਸਭ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
  • ਭਾਰਤ ਦੀਆਂ 68 ਜਿਉਂਦੀਆਂ ਲਿਪੀਆਂ ਹਨ।
  • ਭਾਰਤ 'ਚ 35 ਭਾਸ਼ਾਵਾਂ 'ਚ ਅਖ਼ਬਾਰ ਛਪਦੇ ਹਨ।
  • ਹਿੰਦੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੀ ਜਾਣ ਵਾਲੀ ਭਾਸ਼ਾ ਹੈ। 40 ਫੀਸਦੀ ਭਾਰਤੀ ਹਿੰਦੀ ਬੋਲਦੇ ਹਨ। 8.0% ਬੰਗਾਲੀ ਬੋਲਦੇ ਹਨ, 7.1% ਤੇਲੁਗੂ ਬੋਲਦੇ ਹਨ, 6.9% ਮਰਾਠੀ ਬੋਲਦੇ ਹਨ, 5.9% ਤਮਿਲ ਬੋਲਦੇ ਹਨ।
  • ਆਲ ਇੰਡੀਆ ਰੇਡੀਓ ਵੱਲੋਂ 120 ਖੇਤਰੀ ਭਾਸ਼ਵਾਂ 'ਚ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ।
  • ਸਿਰਫ਼ 4% ਭਾਸ਼ਾਵਾਂ ਹੀ ਭਾਰਤੀ ਸੰਸਦ ਵਿੱਚ ਪ੍ਰਤੀਨਿੱਧਤਾ ਕਰਦੀਆਂ ਹਨ।

(ਰੋਤ: 2001, 1962 ਦੀ ਮਰਦਮਸ਼ੁਮਾਰੀ, ਯੂਨੈਸਕੋ, ਪੀਪਲਜ਼ ਲਿੰਗੁਇਸਟਿਕ ਸਰਵੇ ਆਫ਼ ਇੰਡੀਆ 2010)

1998 ਵਿੱਚ ਉਨ੍ਹਾਂ ਨੇ ਆਪਣੇ ਜਰਨਲ ਦੀਆਂ ਸਥਾਨਕ ਕਬੀਲਾਈ ਭਾਸ਼ਾ ਵਿੱਚ 700 ਕਾਪੀਆਂ ਲਈਆਂ। ਕੋਈ ਵੀ ਪਿੰਡਵਾਸੀ ਜੋ ਪੜ੍ਹਨਾ ਚਾਹੁੰਦਾ ਸੀ ਤੇ 10 ਰੁਪਏ ਅਦਾ ਕਰ ਸਕਦਾ ਸੀ, ਉਨ੍ਹਾਂ ਇੱਕ ਜਰਨਲ ਦੀ ਇੱਕ ਕਾਪੀ ਉਸ ਨੂੰ ਦੇ ਦਿੱਤੀ।

ਦਿਨ ਖਤਮ ਹੋਣ ਤੱਕ ਉਨ੍ਹਾਂ ਦੀਆਂ ਸਾਰੀਆਂ ਕਾਪੀਆਂ ਵਿੱਕ ਗਈਆਂ ਸਨ।

ਇਹ ਵੀ ਪੜ੍ਹੋ:

ਡਾ. ਦੇਵੀ ਨੇ ਦੱਸਿਆ, "ਆਪਣੀ ਭਾਸ਼ਾ ਵਿੱਚ ਛਪਿਆ ਇਹ ਪਹਿਲਾ ਖਰੜਾ ਹੋਏਗਾ ਜੋ ਉਨ੍ਹਾਂ ਨੇ ਦੇਖਿਆ ਹੋਏਗਾ। ਉਹ ਦਿਹਾੜੀ 'ਤੇ ਕੰਮ ਕਰਨ ਵਾਲੇ ਅਨਪੜ੍ਹ ਲੋਕ ਸਨ ਜਿੰਨ੍ਹਾਂ ਨੇ ਜਰਨਲ ਖਰੀਦਿਆ ਸੀ, ਜਿਸ ਨੂੰ ਉਹ ਪੜ੍ਹ ਵੀ ਨਹੀਂ ਸਕਦੇ ਸੀ। ਮੈਂ ਭਾਸ਼ਾ ਦੇ ਮਾਣ 'ਤੇ ਸ਼ਕਤੀ ਦਾ ਅਹਿਸਾਸ ਕੀਤਾ।"

ਸੱਤ ਸਾਲ ਪਹਿਲਾਂ, ਉਨ੍ਹਾਂ ਪੀਪਲਜ਼ ਲਿੰਗੁਇਸਟਿਕ ਸਰਵੇ ਆਫ਼ ਇੰਡੀਆ ਲਾਂਚ ਕੀਤਾ, ਜਿਸ ਨੂੰ ਉਨ੍ਹਾਂ ਨੇ ਭਾਰਤੀ ਭਾਸ਼ਾਵਾਂ ਦਾ ਸਰਵੇ ਕਰਨ ਲਈ ਹੱਕ ਅਧਾਰਿਤ ਮੁਹਿੰਮ ਦੱਸਿਆ।

60 ਸਾਲ ਦੀ ਉਮਰ ਵਿੱਚ ਵੀ ਭਾਸ਼ਾਵਾਂ ਦੀ ਖੋਜ ਕਰਨ ਦੀ ਇੱਛਾ ਜਾਗਦੀ ਰਹੀ। ਉਨ੍ਹਾਂ ਨੇ 18 ਮਹੀਨਿਆਂ ਵਿੱਚ 300 ਵਾਰ ਸਫ਼ਰ ਕੀਤੇ। ਉਨ੍ਹਾਂ ਦਿਨ ਰਾਤ ਸਫ਼ਰ ਕੀਤਾ। ਯੂਨੀਵਰਸਿਟੀ ਵਿੱਚ ਪੜ੍ਹਾ ਕੇ ਜੋ ਕਮਾਈ ਕੀਤੀ ਸੀ ਉਹ ਇੰਨ੍ਹਾਂ ਸਫ਼ਰਾਂ 'ਤੇ ਖਰਚ ਕੀਤੀ।

ਉਨ੍ਹਾਂ ਨੇ 3500 ਸਕੌਲਰ, ਅਧਿਆਪਕ, ਕਾਰਕੁੰਨ, ਬੱਸ ਡਰਾਈਵਰਾਂ, ਖਾਨਾਬਦੋਸ਼ਾਂ ਦਾ ਇੱਕ ਨੈੱਟਵਰਕ ਬਣਾ ਲਿਆ ਜੋ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਘੁੰਮਦੇ ਸਨ।

ਪੀਪਲਜ਼ ਲਿੰਗੁਇਸਟਿਕ ਸਰਵੇ ਆਫ਼ ਇੰਡੀਆ ਨੇ 2011 ਤੱਕ 780 ਭਾਸ਼ਾਵਾਂ ਦੀ ਜਾਣਕਾਰੀ ਹਾਸਿਲ ਕਰ ਲਈ।

ਸਰਕਾਰੀ ਦੇਖ-ਰੇਖ ਦੀ ਘਾਟ, ਘੱਟ ਬੋਲਣ ਵਾਲੇ, ਸਥਾਨਕ ਭਸ਼ਾਵਾਂ ਵਿੱਚ ਮੁੱਢਲੀ ਸਿੱਖਿਆ ਘੱਟ ਮਿਲਣ ਅਤੇ ਕਬੀਲਿਆਂ ਦੇ ਪਰਵਾਸ ਦੀ ਵਜ੍ਹਾ ਕਰਕੇ ਕਈ ਭਾਰਤੀ ਭਾਸ਼ਾਵਾਂ ਲੁਪਤ ਹੋ ਚੁੱਕੀਆਂ ਹਨ।

'ਭਾਸ਼ਾਈ ਲੋਕਤੰਤਰ'

ਡਾ. ਦੇਵੀ ਮੌਜੂਦਾ ਹਿੰਦੂ ਰਾਸ਼ਟਰਵਾਦੀ ਬੀਜੇਪੀ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਚਿੰਤਿਤ ਹਨ, ਜੋ ਕਿ ਪੂਰੇ ਮੁਲਕ ਵਿੱਚ ਹਿੰਦੀ ਭਾਸ਼ਾ ਲਾਗੂ ਕਰਨ 'ਚ ਲੱਗੀ ਹੈ, ਜਿਸ ਨੂੰ ਉਹ 'ਭਾਸ਼ਾਈ ਬਹੁਮਤ 'ਤੇ ਸਿੱਧਾ ਹਮਲਾ' ਕਹਿੰਦੇ ਹਨ।

ਕਰਨਾਟਕ ਦੇ ਧਰਵਦ ਵਿੱਚ ਆਪਣੇ ਘਰ 'ਚ ਬੈਠੇ ਹੋਏ ਉਨ੍ਹਾਂ ਕਿਹਾ, "ਮੈਨੂੰ ਹਰ ਵਾਰ ਬੁਰਾ ਲਗਦਾ ਹੈ ਜਦੋਂ ਕੋਈ ਭਾਸ਼ਾ ਮਰਦੀ ਹੈ, ਪਰ ਅਸੀਂ ਹੋਰਨਾਂ ਭਿੰਨਤਾਵਾਂ ਵਿੱਚ ਵੱਡੇ ਨੁਕਸਾਨ ਝੱਲੇ ਹਨ ਜਿਵੇਂ ਕਿ-ਮਛਲੀ ਤੇ ਚੌਲ।"

ਇਹ ਵੀ ਪੜ੍ਹੋ:

"ਸਾਡੀਆਂ ਭਾਸ਼ਾਵਾਂ ਪੱਕੇ ਇਰਾਦੇ ਨਾਲ ਬਚੀਆਂ ਹਨ। ਅਸੀਂ ਭਾਸ਼ਾਈ ਲੋਕਤੰਤਰ ਹਾਂ। ਆਪਣੇ ਲੋਕਤੰਤਰ ਨੂੰ ਜ਼ਿੰਦਾ ਰੱਖਣ ਲਈ ਸਾਨੂੰ ਆਪਣੀਆਂ ਭਾਸ਼ਾਵਾਂ ਜ਼ਿੰਦਾ ਰੱਖਣੀਆਂ ਪੈਣਗੀਆਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)