You’re viewing a text-only version of this website that uses less data. View the main version of the website including all images and videos.
ਆਈਪੀਐੱਲ 2023: ਅਰਸ਼ਦੀਪ ਸਿੰਘ ਦੀ ਗੇਂਦਬਾਜ਼ੀ ਨੇ ਇਸ ਤਰ੍ਹਾਂ ਸੰਭਾਲਿਆ ਪੰਜਾਬ ਕਿੰਗਜ਼ ਦਾ ਮੋਰਚਾ
- ਲੇਖਕ, ਵਾਤਸਲਿਆ ਰਾਏ
- ਰੋਲ, ਬੀਬੀਸੀ ਪੱਤਰਕਾਰ
ਆਈਪੀਐੱਲ ਦੇ ਸ਼ਨੀਵਾਰ ਨੂੰ ਹੋਏ ਮੈਚਾਂ ਵਿੱਚ ਇੱਕ ਪਾਸੇ ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਪ੍ਰਸ਼ੰਸਾ ਹੋ ਰਹੀ ਹੈ ਤੇ ਦੂਜੇ ਪਾਸੇ ਮਾਰਕ ਵੁਡ ਦੀ ਸ਼ਾਨਦਾਰ ਖੇਡ ਨੂੰ ਸਰਾਹਿਆ ਜਾ ਰਿਹਾ ਹੈ।
ਇਹ ਮੈਚ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਤੇ ਲਖਨਊ ਸੁਪਰ ਜਾਇੰਟਸ ਅਤੇ ਦਿੱਲੀ ਕੈਪਿਟਲ ਵਿਚਕਾਰ ਸਨ।
ਪੰਜਾਬ ਕਿੰਗਜ਼ ਦਾ ਕਮਾਲ
ਸ਼ਨੀਵਾਰ ਨੂੰ ਮੋਹਾਲੀ 'ਚ ਖੇਡੇ ਗਏ ਮੈਚ 'ਚ ਮੋਰਚਾ ਪੰਜਾਬ ਕਿੰਗਜ਼ ਨੇ ਫਤਿਹ ਕੀਤਾ।
ਮੀਂਹ ਕਾਰਨ ਪ੍ਰਭਾਵਿਤ ਹੋਏ ਇਸ ਮੈਚ ਦਾ ਫੈਸਲਾ ਡਕਵਰਥ ਲੁਈਸ ਤਰੀਕੇ ਨਾਲ ਹੋਇਆ ਅਤੇ ਪੰਜਾਬ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ 'ਤੇ ਸੱਤ ਦੌੜਾਂ ਨਾਲ ਜਿੱਤ ਦਰਜ ਕੀਤੀ।
ਕੋਲਕਾਤਾ ਨੂੰ ਹਾਰ ਦਾ ਸੁਆਦ ਚਖਾਉਣ 'ਚ ਵੱਡਾ ਯੋਗਦਾਨ ਰਿਹਾ ਅਰਸ਼ਦੀਪ ਸਿੰਘ ਦਾ। ਉਨ੍ਹਾਂ ਨੇ ਸਿਰਫ਼ 19 ਦੌੜਾਂ ਦੇ ਕੇ 3 ਵਿਕਟਾਂ ਝਟਕੀਆਂ।
ਇਸ ਤੋਂ ਪਹਿਲਾਂ ਭਾਨੁਕਾ ਰਾਜਪਕਸ਼ੇ (50 ਦੌੜਾਂ) ਅਤੇ ਕਪਤਾਨ ਸ਼ਿਖਰ ਧਵਨ (40 ਦੌੜਾਂ) ਦੀਆਂ ਪਾਰੀਆਂ ਦੇ ਦਮ 'ਤੇ ਪੰਜਾਬ ਦੀ ਟੀਮ 20 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 191 ਦੌੜਾਂ ਬਣਾਉਣ 'ਚ ਕਾਮਯਾਬ ਰਹੀ।
ਕੋਲਕਾਤਾ ਵੱਲੋਂ ਆਂਦਰੇ ਰਸਲ (35 ਦੌੜਾਂ) ਅਤੇ ਵੈਂਕਟੇਸ਼ ਅਈਅਰ (34 ਦੌੜਾਂ) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਫਾਈਟ ਕਰਦਾ ਨਜ਼ਰ ਨਹੀਂ ਆਇਆ।
ਕੋਲਕਾਤਾ ਦੀ ਪਾਰੀ ਦੇ 16ਵੇਂ ਓਵਰ ਤੋਂ ਬਾਅਦ ਮੀਂਹ ਕਾਰਨ ਖੇਡ ਨੂੰ ਰੋਕਣਾ ਪਿਆ। ਉਦੋਂ ਤੱਕ ਕੋਲਕਾਤਾ ਦੇ ਖਾਤੇ 'ਚ ਸੱਤ ਵਿਕਟਾਂ 'ਤੇ 146 ਦੌੜਾਂ ਜੁੜ ਗਈਆਂ ਸਨ।
ਕੇਕੇਆਰ ਦੇ ਸੁਨੀਲ ਨਾਰਾਇਣ ਗੇਂਦ ਅਤੇ ਬੱਲੇ ਨਾਲ ਬਹੁਤਾ ਕਮਾਲ ਨਹੀਂ ਕਰ ਸਕੇ ਪਰ ਮੈਚ ਦੀ ਭੋਜਪੁਰੀ ਕੁਮੈਂਟਰੀ ਕਰਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਉਨ੍ਹਾਂ ਦਾ ਜ਼ਿਕਰ ਕੁਝ ਇਸ ਅੰਦਾਜ਼ 'ਚ ਕੀਤਾ ਕਿ ਉਹ ਸੋਸ਼ਲ ਮੀਡੀਆ 'ਤੇ ਚਰਚਾ 'ਚ ਬਣੇ ਰਹੇ।
ਆਈਪੀਐੱਲ ਦੇ ਪ੍ਰਸ਼ੰਸਕਾਂ ਨੂੰ ਕੁਮੈਂਟਰੀ ਦਾ ਇਹ ਨਵਾਂ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ।
ਆਈਪੀਐੱਲ 16 : ਦੂਸਰਾ ਮੈਚ - ਪੰਜਾਬ ਕਿੰਗਜ਼ ਬਨਾਮ ਕੇਕੇਆਰ
ਪੰਜਾਬ ਕਿੰਗਜ਼ ਨੇ ਕੇਕੇਆਰ ਨੂੰ ਸੱਤ ਦੌੜਾਂ (ਡਕਵਰਥ ਲੂਇਸ ਨਿਯਮ ਤਹਿਤ) ਨਾਲ ਹਰਾਇਆ
- ਪੰਜਾਬ ਕਿੰਗਜ਼ - 191/5 (20 ਓਵਰ)
ਸਭ ਤੋਂ ਵੱਧ ਦੌੜਾਂ - ਰਾਜਪਕਸ਼ਾ (50), ਸਭ ਤੋਂ ਵੱਧ ਵਿਕਟਾਂ - ਅਰਸ਼ਦੀਪ ਸਿੰਘ (19/3)
- ਕੇਕੇਆਰ - 146/7 (16 ਓਵਰ)
ਸਭ ਤੋਂ ਵੱਧ ਦੌੜਾਂ - ਆਂਦ੍ਰੇ ਰਸੇਲ (35), ਸਭ ਤੋਂ ਵੱਧ ਵਿਕਟਾਂ - ਟਿਮ ਸਾਊਦੀ (52/2)
ਮੈਨ ਆਫ਼ ਦਿ ਮੈਚ - ਅਰਸ਼ਦੀਪ ਸਿੰਘ
ਦਿੱਲੀ ਕੈਪਿਟਲ ਨੂੰ ਮਹਿਸੂਸ ਹੋਈ ਪੰਤ ਦੀ ਘਾਟ
ਦਿੱਲੀ ਕੈਪੀਟਲਸ ਨੇ ਆਈਪੀਐਲ-16 ਦੇ ਆਪਣੇ ਪਹਿਲੇ ਮੈਚ ਦੀ ਪਹਿਲੀ ਗੇਂਦ ਸੁੱਤੇ ਜਾਣ ਤੋਂ ਠੀਕ ਪਹਿਲਾਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਤਸਵੀਰ ਸਾਂਝਾ ਕੀਤੀ।
ਇਹ ਤਸਵੀਰ ਜਰਸੀ ਦੀ ਸੀ। ਇਸ 17 ਨੰਬਰ ਵਾਲੀ ਜਰਸੀ 'ਤੇ 'ਰਿਸ਼ਭ' ਲਿਖਿਆ ਹੋਇਆ ਸੀ।
ਨਾਲ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਸੀ, "ਹਮੇਸ਼ਾ ਸਾਡੇ ਡਗਆਊਟ ਵਿੱਚ ਹੋ। ਹਮੇਸ਼ਾ ਸਾਡੀ ਟੀਮ ਵਿੱਚ ਹੋ।"
ਰਿਸ਼ਭ ਪੰਤ ਦਿੱਲੀ ਕੈਪੀਟਲਸ ਲਈ ਇਸ 17 ਨੰਬਰ ਦੀ ਜਰਸੀ ਪਹਿਨਦੇ ਹਨ। ਪਿਛਲੇ ਸਾਲ ਇੱਕ ਸੜਕ ਹਾਦਸੇ 'ਚ ਜ਼ਖਮੀ ਹੋਏ ਪੰਤ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਅਤੇ ਫਿਲਹਾਲ ਟੀਮ ਦਾ ਹਿੱਸਾ ਨਹੀਂ ਹਨ।
ਟੀਮ ਵੱਲੋਂ ਰਿਸ਼ਭ ਦੀ ਜਰਸੀ ਵਾਲੀ ਪੋਸਟ 'ਤੇ ਕਈ ਟਵਿਟਰ ਯੂਜ਼ਰਸ ਨੇ ਇਸ ਕਦਮ ਦੀ ਤਾਰੀਫ ਕੀਤੀ ਹੈ।
ਦਿੱਲੀ ਕੈਪੀਟਲਸ ਦੀ ਇੱਕ ਸੋਚ ਸ਼ਾਇਦ ਇਹ ਵੀ ਰਹੀ ਹੋਵੇ ਕਿ ਇਸ ਤਰ੍ਹਾਂ ਟੀਮ ਦੇ ਬਾਕੀ ਸਟਾਰ ਬੱਲੇਬਾਜ਼ਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਬੱਲੇਬਾਜ਼ੀ ਦਾ ਪੱਧਰ ਉੱਚਾ ਕਰੋ ਤੇ ਰਿਸ਼ਭ ਦੀ ਗੈਰਹਾਜ਼ਰੀ ਦੀ ਭਰਪਾਈ ਕਰੋ।
ਵੁਡ ਦਾ ਸ਼ਾਨਦਾਰ ਪ੍ਰਦਰਸ਼ਨ
ਪਰ, ਗੱਲ ਜੜੀਂ ਭਰਪਾਈ ਦੀ ਆਈ ਤਾਂ ਇਹ ਵਿਰੋਧੀ ਟੀਮ ਦੇ ਇੱਕ ਖਿਡਾਰੀ ਨੇ ਕੀਤੀ ਜਿਨ੍ਹਾਂ ਦਾ ਨਾਮ ਹੈ ਮਾਰਕ ਵੁੱਡ।
ਲਖਨਊ ਸੁਪਰ ਜਾਇੰਟਸ ਲਈ ਖੇਡਦੇ ਹੋਏ ਸਿਰਫ 14 ਦੌੜਾਂ 'ਤੇ ਪੰਜ ਵਿਕਟਾਂ ਲੈ ਕੇ ਦਿੱਲੀ ਦੀਆਂ ਜਿੱਤ ਦੀਆਂ ਉਮੀਦਾਂ ਨੂੰ ਤਬਾਹ ਕਰਨ ਵਾਲੇ ਮਾਰਕ ਵੁਡ ਨੇ ਵੀ ਇਸ ਦਾ ਜ਼ਿਕਰ ਵੀ ਕੀਤਾ।
ਉਨ੍ਹਾਂ ਕਿਹਾ, "ਪਿਛਲੀ ਵਾਰ ਜਦੋਂ ਮੈਂ ਇੱਥੇ (ਆਈਪੀਐਲ ਵਿੱਚ) ਸੀ, ਤਾਂ ਮੈਂ ਸੀਐਸਕੇ (ਚੇਨਈ ਸੁਪਰ ਕਿੰਗਜ਼) ਲਈ ਖੇਡ ਰਿਹਾ ਸੀ ਅਤੇ ਮੇਰਾ ਪ੍ਰਦਰਸ਼ਨ ਚੰਗਾ ਨਹੀਂ ਸੀ। ਇਸ ਲਈ ਮੈਂ ਪ੍ਰਭਾਵ ਛੱਡਣਾ ਚਾਹੁੰਦਾ ਸੀ।"
ਸ਼ਨੀਵਾਰ ਦੇ ਦੂਜੇ ਮੈਚ ਵਿੱਚ ਮਾਰਕ ਵੁਡ ਨੇ ਵਾਕਈ ਸ਼ਾਨਦਾਰ ਪ੍ਰਭਾਵ ਛੱਡਿਆ।
ਜਦੋਂ ਲਖਨਊ ਟੀਮ ਦੇ ਕਪਤਾਨ ਕੇਐੱਲ ਰਾਹੁਲ 193 ਦੌੜਾਂ ਦੇ ਸਕੋਰ ਦਾ ਬਚਾਅ ਕਰ ਰਹੇ ਸਨ ਤਾਂ ਉਨ੍ਹਾਂ ਨੇ ਪੰਜਵੇਂ ਗੇਂਦਬਾਜ਼ ਵਜੋਂ ਮਾਰਕ ਵੁਡ ਨੂੰ ਅਜ਼ਮਾਇਆ, ਪਰ ਉਹ ਸ਼ਨੀਵਾਰ ਨੂੰ ਦੋ ਮੈਚਾਂ ਵਿੱਚ ਸ਼ਾਮਲ ਚਾਰ ਟੀਮਾਂ ਵਿੱਚੋਂ ਸਰਵੋਤਮ ਗੇਂਦਬਾਜ਼ ਸਾਬਤ ਹੋਏ।
ਤੂਫ਼ਾਨੀ ਰਫ਼ਤਾਰ, ਸਟੀਕ ਲਾਈਨ ਅਤੇ ਵਿਰੋਧੀ ਬੱਲੇਬਾਜ਼ ਦੇ ਮਨ 'ਤੇ ਡਰਾਉਣ ਵਾਲਾ ਪ੍ਰਭਾਵ।
ਆਪਣੇ ਪਹਿਲੇ ਹੀ ਓਵਰ ਤੋਂ ਹੀ ਉਨ੍ਹਾਂ ਨੇ ਦਿੱਲੀ ਦੇ ਉਨ੍ਹਾਂ ਬੱਲੇਬਾਜ਼ਾਂ ਨੂੰ ਉਖਾੜ ਸੁੱਟਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਤੋਂ ਰਿਸ਼ਭ ਪੰਤ ਦੀ ਕਮੀ ਨੂੰ ਭਰਨ ਦੀ ਉਮੀਦ ਸੀ।
ਪਹਿਲੇ ਓਵਰ ਦੀ ਤੀਜੀ ਗੇਂਦ 'ਤੇ ਉਨ੍ਹਾਂ ਨੇ ਪ੍ਰਿਥਵੀ ਸ਼ਾਅ ਨੂੰ ਆਊਟ ਕਰ ਦਿੱਤਾ। ਅਗਲੀ ਗੇਂਦ 'ਤੇ ਮਿਸ਼ੇਲ ਮਾਰਸ਼ ਦਾ ਸਟੰਪ ਹਿੱਲ ਗਿਆ। ਉਹ ਤਾਂ ਖਾਤਾ ਵੀ ਨਹੀਂ ਖੋਲ੍ਹ ਸਕੇ।
ਘਰੇਲੂ ਕ੍ਰਿਕਟ 'ਚ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੇ ਸਰਫਰਾਜ਼ ਖਾਨ ਕੋਲ ਵੀ ਮਾਰਕ ਵੁਡ ਦੀ ਕੋਈ ਕਾਟ ਨਹੀਂ ਸੀ। ਵੂਡ ਨੇ ਉਨ੍ਹਾਂ ਨੂੰ ਵੀ ਆਪਣੇ ਦੂਜੇ ਓਵਰ ਵਿੱਚ ਪਵੇਲੀਅਨ ਮੋੜ ਦਿੱਤਾ। ਸਰਫਰਾਜ਼ ਆਪਣੀ ਇਸ ਪਾਰੀ ਵਿੱਚ ਸਿਰਫ਼ ਚਾਰ ਦੌੜਾਂ ਹੀ ਬਣਾ ਸਕੇ।
ਫਰਵਰੀ 'ਚ ਹੋਈ ਨਿਲਾਮੀ ਦੌਰਾਨ ਜਦੋਂ ਲਖਨਊ ਦੀ ਟੀਮ ਸਾਢੇ ਸੱਤ ਕਰੋੜ ਦੀ ਕੀਮਤ 'ਤੇ ਉਨ੍ਹਾਂ ਨੂੰ ਆਪਣੀ ਟੀਮ ਨਾਲ ਜੋੜਿਆ ਸੀ ਤਾਂ ਵੁੱਡ ਨੇ ਕਿਹਾ ਸੀ, 'ਇਹ ਬਿਲਕੁਲ ਸੁਪਨਾ ਲੱਗ ਰਿਹਾ ਹੈ।'
ਲਖਨਊ ਲਈ ਆਪਣੇ ਪਹਿਲੇ ਮੈਚ 'ਚ ਵੁਡ ਨੇ ਦਿਖਾਇਆ ਕਿ ਉਹ ਕਿੰਨਾ ਕਮਾਲ ਦਾ ਪ੍ਰਦਰਸ਼ਨ ਕਰ ਸਕਦੇ ਹਨ।
ਕਪਤਾਨ ਕੇਐੱਲ ਰਾਹੁਲ ਤਾਂ ਤਰ੍ਹਾਂ ਉਨ੍ਹਾਂ ਤੋਂ ਖੁਸ਼ ਨਜ਼ਰ ਆਏ।
'ਮੈਨ ਆਫ ਦ ਮੈਚ' ਚੁਣੇ ਗਏ ਵੁਡ ਲਈ ਕੇਐੱਲ ਰਾਹੁਲ ਨੇ ਕਿਹਾ, "ਇਹ ਵੁਡ ਦਾ ਦਿਨ ਸੀ। ਇਹ ਕਿਸੇ ਵੀ ਤੇਜ਼ ਗੇਂਦਬਾਜ਼ ਦਾ ਸੁਪਨਾ ਹੁੰਦਾ ਹੈ। ਜਦੋਂ ਕੋਈ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਦਾ ਹੈ, ਤਾਂ ਇਸ ਦਾ ਟੀਮ ਅਤੇ ਮੈਚ ਦੇ ਨਤੀਜੇ 'ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ।"