You’re viewing a text-only version of this website that uses less data. View the main version of the website including all images and videos.
ਵਾਇਸਰਾਏ ਕਰਜ਼ਨ ਦੀਆਂ 3 ਧੀਆਂ ਤੇ ਪਤਨੀ ਬਾਰੇ ਕਿਤਾਬਾਂ ਵਿੱਚ ਸਾਹਮਣੇ ਆਏ ਸਨਸਨੀਖੇਜ਼ ਤੱਥ
- ਲੇਖਕ, ਵਕਾਰ ਮੁਸਤਫ਼ਾ
- ਰੋਲ, ਬੀਬੀਸੀ ਸਹਿਯੋਗੀ
ਟੌਮ ਨੇ ਇੱਕ ਸ਼ਾਮ ਸਾਰੇ ਰਾਜ਼ ਖੋਲ੍ਹਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਆਪਣੀ ਪਤਨੀ ਸਿਮੀ ਨੂੰ ਆਪਣੇ ਸਾਰੇ ਪ੍ਰੇਮ ਸਬੰਧਾਂ ਬਾਰੇ ਖੁੱਲ੍ਹ ਕੇ ਦੱਸ ਦਿੱਤਾ ਅਤੇ ਕਿਹਾ ਕਿ ਇਹ ਸਭ ਉਨ੍ਹਾਂ ਨੇ ਮਨ ਬਹਿਲਾਉਣ ਦੇ ਲਈ ਕੀਤਾ ਸੀ।
ਸਿਮੀ ਦਾ ਪੂਰਾ ਨਾਮ ਸਿੰਥੀਆ ਸੀ। ਸਿਮੀ ਵਾਇਸਰਾਏ ਕਰਜ਼ਨ ਦੀ ਬੇਟੀ ਸੀ। ਕਰਜ਼ਨ 1899 ਤੋਂ 1905 ਤੱਕ ਭਾਰਤ ਦੇ ਵਾਇਸਰਾਏ ਅਤੇ ਗਵਰਨਰ ਜਨਰਲ ਰਹੇ ਸਨ।
ਉਨ੍ਹਾਂ ਦੇ ਪਤੀ ਟੌਮ ਯਾਨੀ ਓਸਵਾਲਡ ਮੋਸਲੀ ਸਨ। ਟੌਮ ਨੇ ਬ੍ਰਿਟੇਨ ਦੀ ਰਾਜਨੀਤੀ ਤੋਂ ਮਾਯੂਸ ਹੋ ਕੇ ਫਾਸੀਵਾਦ ਦਾ ਰੁਖ ਕੀਤਾ ਸੀ।
ਮੋਸਲੀ ਦੀਆਂ ਗੱਲਾਂ ਸੁਣ ਕੇ ਸਿੰਥੀਆ ਨੇ ਰੋਂਦੇ ਹੋਏ ਕਿਹਾ, " ਇਹ ਸਾਰੀਆਂ ਮੇਰੀਆਂ ਬਿਹਤਰੀਨ ਦੋਸਤ ਰਹੀਆਂ ਹਨ।"
ਮੈਰੀ ਆਇਰੀਨ ਕਰਜ਼ਨ ਦੀ ਦੂਜੀ ਧੀ ਸੀ।
ਉਨ੍ਹਾਂ ਨੂੰ 'ਨੀਨਾ' ਦੇ ਨਾਂ ਨਾਲ ਵੀ ਬੁਲਾਇਆ ਜਾਂਦਾ ਸੀ। 1896 ਵਿੱਚ ਪੈਦਾ ਹੋਈ ਆਇਰੀਨ ਸਿਮੀ ਤੋਂ ਦੋ ਸਾਲ ਵੱਡੀ ਸੀ ਪਰ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਸੀ।
ਕਰਜ਼ਨ ਦੀ ਤੀਜੀ ਧੀ ਅਲੈਗਜ਼ੈਂਡਰਾ ਸੀ। ਉਨ੍ਹਾਂ ਦਾ ਉਪਨਾਮ 'ਬਾਬਾ' ਸੀ। ਉਨ੍ਹਾਂ ਦੇ ਸਬੰਧ ਆਪਣੀ ਭੈਣ ਦੇ ਪਤੀ ਟੌਮ ਯਾਨੀ ਓਸਵਾਲਡ ਮੋਸਲੀ ਨਾਲ ਵੀ ਸਨ।
ਮੋਸਲੀ ਨੇ ਸਿੰਥੀਆ ਦੀ ਮੌਤ ਤੋਂ ਬਾਅਦ ਆਪਣੀ ਪ੍ਰੇਮਿਕਾ ਡਾਇਨਾ ਗਨੇਸ ਨਾਲ ਵਿਆਹ ਕਰਵਾ ਲਿਆ।
ਇਹ ਵਿਆਹ ਹਿਟਲਰ ਦੇ ਸਹਿਯੋਗੀ ਜੋਸੇਫ ਗੋਏਬਲਜ਼ ਦੇ ਬਰਲਿਨ ਵਾਲੇ ਘਰ ਵਿੱਚ ਹੋਇਆ ਸੀ।
ਇਸ ਵਿਆਹ ਵਿੱਚ ਐਡੌਲਫ ਹਿਟਲਰ ਵਿਸ਼ੇਸ਼ ਮਹਿਮਾਨ ਸਨ।
ਸਨਸਨੀਖੇਜ਼ ਦਾਅਵੇ
ਜੇਨ ਡੀਲੀ, ਡਾਇਨਾ ਗਨੇਸ ਦੀ ਜੀਵਨੀ ਵਿੱਚ ਲਿਖਦੇ ਹਨ ਕਿ ਮੋਸਲੀ ਉਸ ਲਈ ਪਾਗ਼ਲ ਸੀ।
ਬਰਤਾਨਵੀ ਅਖ਼ਬਾਰ 'ਦਿ ਮੇਲ' ਵਿੱਚ ਡਾਇਨਾ ਮਿਟਫ੍ਰੇਡ ਦੀਆਂ ਚਿੱਠੀਆਂ ਦੇ ਆਧਾਰ 'ਤੇ ਸੇਬੇਸਟੀਅਨ ਮਰਫੀ-ਬੇਟਸ ਨੇ ਲਿਖਿਆ ਹੈ ਕਿ ਮੋਸਲੀ ਨੇ ਨਾ ਸਿਰਫ ਆਪਣੀ ਪਹਿਲੀ ਪਤਨੀ ਨਾਲ ਬੇਵਫ਼ਾਈ ਕੀਤੀ, ਸਗੋਂ ਉਸ ਦੀਆਂ ਦੋ ਭੈਣਾਂ ਅਤੇ ਮਤਰੇਈ ਮਾਂ ਨਾਲ ਵੀ ਸਬੰਧ ਰੱਖੇ।
ਇਹ ਸਨਸਨੀਖੇਜ਼ ਚਿੱਠੀਆਂ ਸਕਾਟਲੈਂਡ ਦੀ ਨੈਸ਼ਨਲ ਲਾਇਬ੍ਰੇਰੀ ਵਿੱਚ ਸੁਰੱਖਿਅਤ ਹਨ।
ਮੈਰੀ ਲਾਈਟਰ ਆਇਰੀਨ, ਸਿੰਥੀਆ ਅਤੇ ਅਲੈਗਜ਼ੈਂਡਰਾ ਦੀ ਮਾਂ ਸੀ। ਮੈਰੀ ਅਮਰੀਕਾ ਦੀਆਂ ਸਭ ਤੋਂ ਅਮੀਰ ਅਤੇ ਖੂਬਸੂਰਤ ਮੁਟਿਆਰਾਂ ਵਿੱਚੋਂ ਇੱਕ ਸੀ।
ਐਨ ਡੀ ਕੋਰਸੀ ਦੀ ਕਿਤਾਬ 'ਦਿ ਵਾਇਸਰਾਏਜ਼ ਡਾਟਰਜ਼' ਵਿੱਚ ਵੀ ਔਰਤਾਂ ਬਾਰੇ ਕਰਜ਼ਨ ਦੇ ਨਜ਼ਰੀਏ ਦਾ ਜ਼ਿਕਰ ਹੈ।
ਕਿਤਾਬ ਵਿੱਚ ਕਰਜ਼ਨ ਦੀ ਪ੍ਰੇਮਿਕਾ, ਐਲੇਨੋਰ ਗਲੇਨ ਦੇ ਹਵਾਲੇ ਨਾਲ ਲਿਖਿਆ ਹੈ, ''ਕਰਜ਼ਨ ਮੈਨੂੰ ਇਸ ਤਰ੍ਹਾਂ ਪਸੰਦ ਕਰਦਾ ਸੀ ਜਿਵੇਂ ਕਿ ਦੂਜੇ ਮਰਦ ਚੰਗੇ ਘੋੜੇ, ਵਧੀਆ ਵਾਈਨ ਜਾਂ ਸੁੰਦਰ ਚੀਜ਼ਾਂ ਨੂੰ ਪਸੰਦ ਕਰਦੇ ਹਨ। ਪਰ ਉਹ ਉਨ੍ਹਾਂ ਨੂੰ ਆਪਣੀ ਬਰਾਬਰੀ ਦਾ ਨਹੀਂ ਸਮਝਦੇ।''
ਗਲੇਨ ਦੇ ਨਾਲ ਕਰਜ਼ਨ ਦੇ ਸਬੰਧਾਂ ਦੀ ਸ਼ੁਰੂਆਤ ਉਨ੍ਹਾਂ ਦੀ ਪਹਿਲੀ ਪਤਨੀ ਮੈਰੀ ਲਾਈਟਰ ਦੀ ਮੌਤ ਦੇ ਕੁਝ ਮਹੀਨਿਆਂ ਤੋਂ ਬਾਅਦ ਸ਼ੁਰੂ ਹੋ ਗਈ ਸੀ।
ਆਪਣੀਆਂ ਧੀਆਂ ਪ੍ਰਤੀ ਕਰਜ਼ਨ ਦੇ ਰਵੱਈਏ ਬਾਰੇ ਹੁਣ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਹਨ।
ਖੋਜਕਾਰ ਜੋਅ ਕੇਸ ਬੋਰਨ ਲਿਖਦੇ ਹਨ, "ਲਾਰਡ ਕਰਜ਼ਨ ਦੀਆਂ ਆਪਣੀਆਂ ਧੀਆਂ ਨੂੰ ਲਿਖੀਆਂ ਕਈ ਪਿਆਰ ਭਰੀਆਂ ਚਿੱਠੀਆਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ ਕਿ ਉਹ ਕਿਸ ਹੱਦ ਤੱਕ ਪਿਆਰ ਕਰਨ ਵਾਲੇ ਪਿਤਾ ਸੀ। ਪਰ ਆਪਣੀ ਪਤਨੀ ਦੀ ਮੌਤ ਤੋਂ ਬਾਅਦ, ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਜਾਇਦਾਦ ਤੋਂ ਵਾਂਝਾ ਕਰ ਦਿੱਤਾ।"
'ਵਾਇਸਰਾਏਜ਼ ਡੌਟਰਜ਼' ਦੀ ਸਮੀਖਿਆ ਕਰਦੇ ਹੋਏ, ਮਿਰਾਂਡਾ ਕਾਰਟਰ ਨਿਊਯਾਰਕ ਟਾਈਮਜ਼ ਵਿੱਚ ਲਿਖਦੇ ਹਨ, "ਆਇਰੀਨ, ਸਿਮੀ ਅਤੇ ਬਾਬਾ ਦੇ ਪਿਤਾ ਨੇ ਉਨ੍ਹਾਂ ਦਾ ਬਚਪਨ ਨੈਨੀਜ਼ ਦੇ ਹਵਾਲੇ ਕਰ ਦਿੱਤਾ। ਕਰਜ਼ਨ ਆਪਣੀਆਂ ਧੀਆਂ ਨਾਲ ਕਠੋਰ ਸਾਬਤ ਹੋ ਰਹੇ ਸਨ। ਖਾਸ ਕਰਕੇ ਉਨ੍ਹਾਂ ਦੀ ਮਾਂ ਦੁਆਰਾ ਛੱਡੀ ਗਈ ਦੌਲਤ ਦੇ ਸਬੰਧ ਵਿੱਚ।"
ਦੌਲਤ ਅਤੇ ਰੁਤਬਾ
ਪਰ ਇਸ ਦੌਰਾਨ, ਕਰਜ਼ਨ ਅਮਰੀਕੀ ਦੌਲਤਮੰਦ ਵਿਧਵਾ ਗ੍ਰੇਸ ਡਿਗਨ ਨਾਲ ਆਪਣੀ ਨਵੀਂ ਕਹਾਣੀ ਸ਼ੁਰੂ ਕਰ ਚੁੱਕੇ ਸਨ। ਗਲੇਨ ਨੂੰ ਜਦੋਂ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਸ ਨੇ ਗੁੱਸੇ 'ਚ 500 ਪ੍ਰੇਮ ਪੱਤਰਾਂ ਨੂੰ ਸਾੜ ਦਿੱਤਾ।
ਪਹਿਲੇ ਵਿਆਹ ਤੋਂ ਗ੍ਰੇਸ ਡਿਗਨ ਦੇ ਤਿੰਨ ਬੱਚੇ ਸਨ। ਦੋ ਬੇਟੇ ਅਤੇ ਇੱਕ ਬੇਟੀ।
ਕਰਜ਼ਨ ਨੂੰ ਇੱਕ ਵਾਰਸ ਦੀ ਬਹੁਤ ਇੱਛਾ ਸੀ ਪਰ ਉਸਦੇ ਅਤੇ ਗ੍ਰੇਸ ਦੇ ਰਿਸ਼ਤੇ ਤੋਂ ਕੋਈ ਬੱਚਾ ਪੈਦਾ ਨਹੀਂ ਹੋਇਆ। ਇਸ ਤੋਂ ਬਾਅਦ ਦੋਵੇਂ ਵੱਖ ਹੋ ਗਏ, ਹਾਲਾਂਕਿ ਦੋਵਾਂ ਨੇ ਤਲਾਕ ਨਹੀਂ ਲਿਆ।
1920 ਦੇ ਸ਼ੁਰੂ ਵਿੱਚ ਗ੍ਰੇਸ ਡਿਗਨ ਨੂੰ ਲਿਖੀਆਂ ਕਰਜ਼ਨ ਦੀਆਂ ਚਿੱਠੀਆਂ ਦਰਸਾਉਂਦੀਆਂ ਹਨ ਕਿ ਉਹ ਇੱਕ ਦੂਜੇ ਪ੍ਰਤੀ ਵਫ਼ਾਦਾਰ ਰਹੇ।
ਪਰ ਓਸਵਾਲਡ ਮੋਸਲੀ ਨੇ ਬਾਅਦ ਵਿੱਚ ਨਿੱਜੀ ਤੌਰ 'ਤੇ ਮੰਨਿਆ ਕਿ ਉਸ ਦੇ ਲੇਡੀ ਕਰਜ਼ਨ ਅਤੇ ਉਸ ਦੀਆਂ ਮਤਰੇਈਆਂ ਧੀਆਂ ਆਇਰੀਨ ਅਤੇ ਅਲੈਗਜ਼ੈਂਡਰਾ ਨਾਲ ਵੀ ਸਬੰਧ ਸਨ।
ਡੀਐੱਨ ਕੋਰਸ ਦੀ ਕਿਤਾਬ ਵਿੱਚ ਆਇਰੀਨ ਦੇ ਬਾਰੇ ਵੀ ਕਈ ਦਿਲਚਸਪ ਜਾਣਕਾਰੀਆਂ ਹਨ।
ਕਿਤਾਬ ਵਿੱਚ ਲਿਖਿਆ ਹੈ, "ਆਇਰੀਨ ਇੱਕ ਹੁਨਰਮੰਦ ਸ਼ਿਕਾਰੀ, ਬ੍ਰਿਜ ਖਿਡਾਰੀ, ਵਾਈਨ ਪੀਣ ਵਾਲੀ ਅਤੇ ਪਿਆਰ ਦੇ ਮਾਮਲੇ ਵਿੱਚ ਵਿਅਸਤ ਰਹਿਣ ਵਾਲੀ ਮਹਿਲਾ ਸੀ। ਉਸ ਦੇ ਪ੍ਰੇਮੀਆਂ ਵਿੱਚ ਮਸ਼ਹੂਰ ਪਿਆਨੋਵਾਦਕ ਆਰਥਰ ਰੌਬਿਨਸਟਾਈਨ ਵੀ ਸ਼ਾਮਲ ਸਨ। ਪਰ ਵਿਆਹ ਦੇ ਕਈ ਪ੍ਰਸਤਾਵਾਂ ਦੇ ਬਾਵਜੂਦ, ਉਹ ਅਣਵਿਆਹੀ ਰਹੀ।"
ਆਇਰੀਨ ਨੂੰ ਇਹ ਚਿੰਤਾ ਸੀ ਕਿ ਕੋਈ ਉਨ੍ਹਾਂ ਦੀ ਦੌਲਤ ਅਤੇ ਰੁਤਬੇ ਦਾ ਇਸਤੇਮਾਲ ਆਪਣੇ ਰਾਜਨੀਤਕ ਕਰੀਅਰ ਲਈ ਕਰੇਗਾ।
ਅਲਫ਼ਾ ਗਰਲ
ਮਿਰਾਂਡਾ ਕਾਰਟਰ ਆਪਣੀ ਸਮੀਖਿਆ ਦੌਰਾਨ ਲਿਖਦੇ ਹਨ, "ਕਰਜ਼ਨ ਦੀ ਵਿਚਕਾਰਲੀ ਧੀ, ਸਿੰਥੀਆ 21 ਸਾਲ ਦੀ ਉਮਰ ਵਿੱਚ ਓਸੋਲਡ (ਟੌਮ) ਮੋਸਲੀ ਨਾਲ ਵਿਆਹ ਕਰਨ ਤੋਂ ਬਾਅਦ ਉਸ ਪ੍ਰਤੀ ਵਫ਼ਾਦਾਰ ਰਹੀ। ਪਰ ਮੋਸਲੀ ਬੇਵਫ਼ਾ ਸੀ ਅਤੇ ਸਿਆਸੀ ਤੌਰ 'ਤੇ ਮੌਕਾਪ੍ਰਸਤ ਸੀ। ਉਹ ਪਹਿਲਾਂ ਕੰਜ਼ਰਵੇਟਿਵ ਪਾਰਟੀ ਅਤੇ ਫਿਰ ਲੇਬਰ ਪਾਰਟੀ ਦੇ ਸੰਸਦ ਮੈਂਬਰ ਬਣੇ। ਆਖਰਕਾਰ ਬ੍ਰਿਟਿਸ਼ ਫਾਸ਼ੀਵਾਦੀ ਸੰਘ ਦੇ ਸੰਸਥਾਪਕ ਬਣੇ।"
1929 ਦੀਆਂ ਆਮ ਚੋਣਾਂ ਵਿੱਚ ਸਿੰਥੀਆ ਨੇ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਵਾਇਸਰਾਏ ਡਾਟਰਜ਼ ਮੁਤਾਬਕ ਸਿੰਥੀਆ ਆਪਣੇ ਪਤੀ ਮੋਸਲੀ ਕਾਰਨ ਲੇਬਰ ਪਾਰਟੀ 'ਚ ਆਏ ਸਨ। ਬਾਅਦ ਵਿੱਚ ਉਹ ਉਸੇ ਜੋਸ਼ ਨਾਲ ਫਾਸ਼ੀਵਾਦ ਦੇ ਸਮਰਥਨ ਵਿੱਚ ਦਿਖਾਈ ਦਿੱਤੇ।
ਕਿਤਾਬ ਦੀ ਲੇਖਿਕਾ ਐਨ ਡੀ ਕੋਰਸੀ ਨੇ ਉਸ ਨੂੰ 'ਨਰਮ ਮਿਜ਼ਾਜ ਵਾਲੀ' ਕਿਹਾ ਹੈ।
ਕਰਜ਼ਨ ਦੀ ਸਭ ਤੋਂ ਛੋਟੀ ਬੇਟੀ ਬਾਬਾ ਸੀ। ਕਾਰਟਰ ਦੇ ਅਨੁਸਾਰ ਬਾਬਾ ਇੱਕ ਅਲਫਾ ਗਰਲ ਸੀ।
ਆਤਮ-ਵਿਸ਼ਵਾਸ ਨਾਲ ਭਰੀ 'ਬਾਬਾ' ਨੇ 21 ਸਾਲ ਦੀ ਉਮਰ 'ਚ ਐਡਵਰਡ ਡੁਡਲੀ (ਫਰੂਟੀ) ਮਿਟਕਾਫ ਨਾਲ ਵਿਆਹ ਕਰਵਾ ਲਿਆ। ਡੁਡਲੀ ਉਸ ਤੋਂ ਉਮਰ ਵਿਚ ਕਾਫੀ ਵੱਡਾ ਸੀ।
ਡੁਡਲੀ ਇੱਕ ਸਲੀਕੇ ਵਾਲਾ ਆਦਮੀ ਸੀ ਅਤੇ ਬਹੁਤ ਪ੍ਰਤਿਭਾਸ਼ਾਲੀ ਨਹੀਂ ਸੀ। ਉਹ ਬਾਬਾ ਦੇ ਫੈਸ਼ਨ ਅਤੇ ਪਾਰਟੀਆਂ ਦੇ ਸ਼ੌਕ ਵਿੱਚ ਸ਼ਾਮਲ ਸੀ।
ਡਡਲੀ ਪ੍ਰਿੰਸ ਆਫ ਵੇਲਜ਼ ਦਾ ਬਹੁਤ ਚੰਗਾ ਮਿੱਤਰ ਸੀ। ਇਹੀ ਵੇਲਜ਼ ਦਾ ਪ੍ਰਿੰਸ ਬਾਅਦ ਵਿੱਚ ਐਡਵਰਡ ਅੱਠਵੇਂ ਵਜੋਂ ਇੰਗਲੈਂਡ ਦਾ ਸਮਰਾਟ ਬਣਿਆ।
ਇਸ ਕਾਰਨ ਉਨ੍ਹਾਂ ਨੂੰ ਤਾਜ ਤੋਂ ਵੱਖ ਹੋਣ ਦੇ ਸੰਕਟ ਅਤੇ ਵਿੰਡਸਰਜ਼ ਦੇ ਬਾਅਦ ਦੇ ਇਤਿਹਾਸ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਜਦੋਂ ਬਾਬਾ ਦਾ ਫਰੂਟੀ ਤੋਂ ਮਨ ਭਰ ਗਿਆ ਤਾਂ ਉਨ੍ਹਾਂ ਨੇ ਮੋਸਲੀ ਨਾਲ ਸਬੰਧ ਸ਼ੁਰੂ ਕਰ ਦਿੱਤੇ।
ਬਾਬਾ ਦਾ ਤਰਕ ਸੀ ਕਿ ਉਹ ਮੋਸਲੀ ਨੂੰ ਡਾਇਨਾ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਮੋਸਲੀ ਨੇ ਡਾਇਨਾ ਨਾਲ ਵਿਆਹ ਕਰ ਲਿਆ ਅਤੇ ਦੋ ਸਾਲ ਤੱਕ ਇਹ ਰਾਜ਼ ਬਾਬਾ ਤੋਂ ਲੁਕੋ ਕੇ ਰੱਖਿਆ।
ਜਦੋਂ ਵਿਸ਼ਵ ਯੁੱਧ ਦਾ ਖਤਰਾ ਵਧਿਆ ਤਾਂ ਦੋਵੇਂ ਭੈਣਾਂ ਨੇ ਫਾਸ਼ੀਵਾਦੀ ਅੰਦੋਲਨ ਤੋਂ ਖੁਦ ਨੂੰ ਵੱਖ ਕਰ ਲਿਆ। ਯੁੱਧ ਦੇ ਦੌਰਾਨ ਬਾਬਾ ਦੇ ਪ੍ਰਸ਼ੰਸਕਾਂ ਵਿੱਚ ਏਵਰੀਲ ਹੈਰੀਮੈਨ ਅਤੇ ਵਾਲਟਰ ਮਾਂਕਟਨ ਅਤੇ ਬ੍ਰਿਟਿਸ਼ ਵਿਦੇਸ਼ ਮੰਤਰੀ ਲਾਰਡ ਹੇਲੀਫੈਕਸ ਵੀ ਸ਼ਾਮਲ ਸਨ।
ਆਇਰੀਨ ਆਪਣੀ ਵਧਦੀ ਉਮਰ, ਸ਼ਰਾਬ ਦੀ ਲਤ ਅਤੇ ਵਿਆਹ ਨਾ ਕਰਵਾਉਣ ਤੋਂ ਨਿਰਾਸ਼ ਹੋ ਕੇ ਆਪਣੀ ਛੋਟੀ ਭੈਣ ਤੋਂ ਸੜਨ ਲੱਗੀ।
ਆਇਰੀਨ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਸਮਾਜ ਭਲਾਈ ਦੇ ਕੰਮਾਂ ਵਿੱਚ ਹਿੱਸਾ ਲਿਆ।
ਬਾਬਾ ਨੇ 'ਸੇਵ ਦ ਚਿਲਡਰਨ ਫੰਡ' ਨਾਲ 40 ਸਾਲ ਤੋਂ ਵੱਧ ਸਮੇਂ ਤੱਕ ਕੰਮ ਕੀਤਾ ਅਤੇ 1974 ਵਿੱਚ ਇਸ ਸੰਸਥਾ ਦੇ ਉਪ ਪ੍ਰਧਾਨ ਚੁਣੇ ਗਏ।
ਸਾਲ 1925 ਵਿੱਚ ਆਪਣੀ ਮੌਤ ਤੱਕ ਕਰਜ਼ਨ ਨੇ ਆਪਣੀ ਤਿੰਨਾਂ ਬੇਟੀਆਂ ਤੋਂ ਦੂਰੀ ਬਣਾਈ ਰੱਖੀ।
ਆਇਰੀਨ ਨੂੰ ਤਾਂ ਉਨ੍ਹਾਂ ਦੀ ਮੌਤ ਦੇ ਸਮੇਂ ਵੀ ਉਨ੍ਹਾਂ ਦੇ ਨੇੜੇ ਆਉਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ