‘ਮੇਰੇ ਤੇ ਤੁਹਾਡੇ ਵਰਗੇ ਲੋਕ ਜ਼ਿੰਦਾ ਹਨ’ ਸ਼ਾਹਰੁਖ ਦੇ ਇਸ ਬਿਆਨ ਮਗਰੋਂ ਹਾਲੀਵੁੱਡ ਹਸਤੀਆਂ ਨੂੰ ਕਿਉਂ ਚੇਤੇ ਕਰਨਾ ਲਾਜ਼ਮੀ ਹੈ

ਪਠਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫ਼ਿਲਮ ਪਠਾਨ ਦੇ ਅਦਾਕਾਰ ਸ਼ਾਹਰੁਖ਼ ਖ਼ਾਨ

‘ਚਾਹੇ ਕੁਝ ਵੀ ਹੋ ਜਾਵੇ, ਅਸੀਂ ਹਰ ਹਾਲ ਵਿੱਚ ਸਕਾਰਾਤਮਕ ਰਹਾਂਗੇ। ਮੇਰੇ ਅਤੇ ਤੁਹਾਡੇ ਵਰਗੇ ਲੋਕ ਜ਼ਿੰਦਾ ਹਨ’

ਇਹ ਕਹਿਣਾ ਸੀ ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦਾ। ਇਹਨੀ ਦਿਨੀਂ ਸ਼ਾਹਰੁਖ਼ ਖ਼ਾਨ ਆਫਣੀ ਫ਼ਿਲਮ ‘ਪਠਾਨ’ ਦੇ ਇੱਕ ਗੀਤ ‘ਬੇਸ਼ਰਮ ਰੰਗ’ ਕਰਕੇ ਅਲੋਚਨਾ ਦਾ ਸਾਹਮਣਾ ਕਰ ਰਹੇ ਹਨ। 28ਵੇਂ ਕੋਲਕਾਤਾ ਕੌਮਾਂਤਰੀ ਫ਼ਿਲਮ ਸਮਾਹੋਰ ਦੇ ਉਦਘਾਟਨੀ ਸਮਾਗਮ ਵਿੱਚ ਬੋਲਦਿਆਂ ਸ਼ਾਹਰੁਖ਼ ਨੇ ਆਪਣੀ ਚੁੱਪੀ ਤੋੜਦਿਆਂ ਸੋਸ਼ਲ ਮੀਡੀਆ ਦਾ ਸਿਨੇਮਾ ਉੱਤੇ ਮਾੜਾ ਅਸਰ ਦੱਸਿਆ।

ਫ਼ਿਲਮ ਪਠਾਨ ਵਿੱਚ ਅਦਾਕਾਰਾ ਦੀਪਿਕਾ ਪਾਦੂਕੋਣ ’ਤੇ ਫ਼ਿਲਮਾਏ ਗੀਤ ‘ਬੇਸ਼ਰਮ ਰੰਗ’ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।

ਇਸ ਗੀਤ ਵਿੱਚ ਉਨ੍ਹਾਂ ਵਲੋਂ ਭਗਵੇਂ ਰੰਗ ਦੇ ਕੱਪੜੇ ਪਾਏ ਗਏ ਹਨ ਜਿਸ ਕਾਰਨ ਵਿਵਾਦ ਭਖ ਗਿਆ ਹੈ।

ਗੰਭੀਰ ਮੁੱਦਿਆਂ ’ਤੇ ਚੁੱਪੀ ਨੂੰ ਲੈ ਕੇ ਸਵਾਲਾਂ ਵਿੱਚ ਘਿਰੇ ਰਹਿਣ ਵਾਲੇ ਬਾਲੀਵੁੱਡ ਦੇ ਕਿਸੇ ਅਦਾਕਾਰ ਦੀ ਅਜਿਹੀ ਪਹਿਲ ਨੇ ਸੋਸ਼ਲ ਮੀਡੀਆ ’ਤੇ ਨਵੀਂ ਬਹਿਸ ਛੇੜ ਦਿੱਤੀ ਹੈ।

ਕੁਝ ਲੋਕ ਸ਼ਾਹਰੁਖ਼ ਦੇ ਪੱਖ਼ ਵਿੱਚ ਉੱਤਰ ਰਹੇ ਹਨ ਤਾਂ ਕੁਝ ਹਾਲੇ ਵੀ ਫ਼ਿਲਮ ਦੇ ਬਾਈਕਾਟ ਦੀ ਮੰਗ ਨੂੰ ਲੈ ਕੇ ਆਪਣਾ ਪੱਖ਼ ਰੱਖ ਰਹੇ ਹਨ।

ਪਠਾਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕੋਲਕਾਤਾ ਫ਼ਿਲਮ ਸਮਾਰੋਹ ਦੌਰਾਨ ਅਮਿਤਾਭ ਬਚਨ ਅਤੇ ਸ਼ਾਹਰੁਖ ਖ਼ਾਨ

ਸ਼ਾਹਰੁਖ਼ ਖ਼ਾਨ ਨੇ ਕੀ ਕਿਹਾ

ਸ਼ਾਹਰੁਖ਼ ਖ਼ਾਨ ਨੇ ਸਕਾਰਤਮਕ ਰਹਿਣ ਦੀ ਗੱਲ ਕਹਿੰਦਿਆਂ ਇਹ ਪ੍ਰਭਾਵ ਦਿੱਤਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਹੋ ਰਹੀ ਟਰੋਲਿੰਗ ਨਾਲ ਬਹੁਤਾ ਫ਼ਰਕ ਨਹੀਂ ਪੈਂਦਾ।

ਸ਼ਾਹਰੁਖ ਨੇ ਸੋਸ਼ਲ ਮੀਡੀਆ 'ਤੇ ਨਕਾਰਾਤਮਕਤਾ ਦਾ ਜ਼ਿਕਰ ਕੀਤਾ।

ਸ਼ਾਹਰੁਖ਼ ਨੇ ਕਿਹਾ, “ਸੋਸ਼ਲ ਮੀਡੀਆ ਅਕਸਰ ਸੌੜੀ ਸੋਚ ਤੋਂ ਪ੍ਰੇਰਿਤ ਹੁੰਦਾ ਹੈ, ਜੋ ਮਨੁੱਖੀ ਸੁਭਾਅ ਨੂੰ ਉਸ ਦੇ ਸਭ ਤੋਂ ਹੇਠਲੇ ਪੱਧਰ ਤੱਕ ਸੀਮਿਤ ਕਰ ਦਿੰਦਾ ਹੈ।”

“ਅਜਿਹੀਆਂ ਕੋਸ਼ਿਸ਼ਾਂ ਅੱਗੇ ਜਾ ਕੇ ਵੰਡ ਪਾਉਣ ਵਾਲੀਆਂ ਜਾਂ ਵਿਨਾਸ਼ਕਾਰੀ ਹੋ ਸਕਦੀਆਂ ਹੈ।”

ਪਠਾਨ

ਤਸਵੀਰ ਸਰੋਤ, Getty Images

ਆਪਣੇ ਭਾਸ਼ਣ ਨੂੰ ਖ਼ਤਮ ਕਰਦਿਆਂ ਸ਼ਾਹਰੁਖ਼ ਨੇ ਕਿਹਾ, “ਇੱਕ ਸਮਾਂ ਸੀ, ਜਦੋਂ ਅਸੀਂ ਮਿਲ ਨਹੀਂ ਸੀ ਸਕਦੇ। ਪਰ ਦੁਨੀਆ ਹੁਣ ਨਾਰਮਲ ਹੁੰਦੀ ਜਾ ਰਹੀ ਹੈ। ਅਸੀਂ ਸਭ ਖ਼ੁਸ਼ ਹਾਂ ਤੇ ਮੈਂ ਸਭ ਤੋਂ ਵੱਧ ਖ਼ੁਸ਼ ਹਾਂ।”

“ਮੈਨੂੰ ਇਹ ਕਹਿਣ ਵਿੱਚ ਗੁਰੇਜ਼ ਨਹੀਂ ਕਿ ਦੁਨੀਆਂ ਚਾਹੇ ਕੁਝ ਵੀ ਕਰ ਲਵੇ, ਮੇਰੇ ਤੇ ਤੁਹਾਡੇ ਵਰਗੇ ਸਕਾਰਾਤਮਕ ਲੋਕ ਜ਼ਿੰਦਾ ਹਨ।”

ਉਨ੍ਹਾਂ ਕਿਹਾ, “ਸੋਸ਼ਲ ਮੀਡੀਆ ਦਾ ਫ਼ੈਲਾਅ ਸਿਨੇਮਾ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਤ ਕਰੇਗਾ, ਮੈਂ ਮੰਨਦਾ ਹਾਂ ਕਿ ਸਿਨੇਮਾ ਨੇ ਹੁਣ ਹੋਰ ਵੀ ਅਹਿਮ ਭੂਮਿਕਾ ਨਿਭਾਉਣੀ ਹੈ।”

ਪਠਾਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕੋਲਕਾਤਾ ਫ਼ਿਲਮ ਸਮਾਰੋਹ ਦੌਰਾਨ ਅਮਿਤਾਭ ਬਚਨ

ਅਮਿਤਾਭ ਬੱਚਨ ਵੀ ਬੋਲੇ

ਕੋਲਕਾਤਾ ਫ਼ਿਲਮ ਫੈਸਟੀਵਲ ਦੌਰਾਨ ਆਪਣੇ ਸਬੰਧੋਨ ਵਿੱਚ ਬੋਲਣ ਦੀ ਆਜ਼ਾਦੀ ਬਾਰੇ ਗੱਲ ਕਰਦਿਆਂ ਅਮਿਤਾਭ ਬੱਚਨ ਨੇ ਕਿਹਾ, “ਸਿਲਵਰ ਸਕਰੀਨ ਸਿਆਸੀ ਵਿਚਾਰਧਾਰਾ ਦਾ ਮੈਦਾਨ ਬਣਦੀ ਜਾ ਰਹੀ ਹੈ।”

ਉਨ੍ਹਾਂ ਕਿਹਾ, “ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਨਾਗਰਿਕਾਂ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ।”

ਅਮਿਤਾਬ ਬੱਚਨ ਦੇ ਇਸ ਬਿਆਨ ਨੂੰ ਫ਼ਿਲਮ ਪਠਾਨ ਵਿੱਚ ਗੀਤ ਦੇ ਬੋਲਾਂ ਤੇ ਅਦਾਕਾਰਾ ਦੀਪਿਕਾ ਪਾਦੋਕੂਨ ਦੇ ਪਹਿਰਾਵੇ ਨੂੰ ਲੈ ਕੇ ਚੱਲ ਰਹੇ ਵਿਵਾਦ ਨਾਲ ਜੋੜਿਆ ਗਿਆ।

ਪਠਾਨ

ਤਸਵੀਰ ਸਰੋਤ, Getty Images

ਅਮਿਤਾਭ ਬਚਨ ਨੇ ਸਤਿਆਜੀਤ ਰੌਇ ਦੀ ਫ਼ਿਲਮ ਦਾ ਹਵਾਲਾ ਦਿੱਤਾ। ਆਪਣੇ ਸੰਬੋਧਨ ਦੌਰਾਨ ਅਮਿਤਾਭ ਬੱਚਨ ਨੇ ਹੈਰਾਨੀ ਜਤਾਈ ਕਿ ਕੀ ਅੱਜ ਦੇ ਮਾਹੌਲ ਵਿੱਚ ਸੱਤਿਆਜੀਤ ਰੌਏ ਵੀ ਅਜਿਹੀ ਹੀ ਪ੍ਰਤੀਕ੍ਰਿਆ ਦਿੰਦੇ ਜਿਸ ਤਰ੍ਹਾਂ ਦੀ 1990 ਵਿੱਚ ਆਈ ਉਨ੍ਹਾਂ ਦੀ ਫ਼ਿਲਮ ‘ਗਣਸ਼ਤਰੂ’ ਦੇ ਨਾਇਕ ਨੇ ਦਿੱਤੀ ਸੀ।

ਅਮਿਤਾਭ ਬੱਚਨ ਨੇ ਕਿਹਾ, ''ਸ਼ੁਰੂ ਤੋਂ ਲੈ ਕੇ ਹੁਣ ਤੱਕ ਕੰਨਟੈਂਟ 'ਚ ਬਦਲਾਅ ਆਇਆ ਹੈ। ਹੁਣ ਕਈ ਵੱਖਹੀ ਤਰ੍ਹਾਂ ਦੇ ਵਿਸ਼ੇ ਹਨ। ਮਿਥਿਹਾਸਕ ਫਿਲਮਾਂ ਤੋਂ ਲੈ ਕੇ ਆਰਟ ਹਾਊਸ ਤੱਕ, ਐਂਗਰੀ ਯੰਗਮੈਨ ਦੀ ਭੂਮਿਕਾ ਵਾਲੀਆਂ ਫਿਲਮਾਂ ਬਣਦੀਆਂ ਹੀ ਰਹੀਆਂ ਹਨ।”

“ਹੁਣ ਕਾਲਪਨਿਕ, ਨੈਤਿਕ ਪੁਲਿਸਿੰਗ ਵਰਗੇ ਕਈ ਵਿਸ਼ੇ ਹਨ ਜਿਨ੍ਹਾਂ 'ਤੇ ਫ਼ਿਲਮਾਂ ਬਣ ਰਹੀਆਂ ਹਨ। ਸਿੰਗਲ ਸਕ੍ਰੀਨ ਅਤੇ ਓਟੀਟੀ ਪਲੇਟਫਾਰਮ 'ਤੇ ਇਨ੍ਹਾਂ ਸਾਰੇ ਵਿਸ਼ਿਆਂ 'ਤੇ ਫਿਲਮਾਂ ਬਣਾਈਆਂ ਜਾ ਰਹੀਆਂ ਹਨ।

ਪਠਾਨ

ਤਸਵੀਰ ਸਰੋਤ, CREDIT - YRF PR

‘ਬੇਸ਼ਰਮ ਰੰਗ’ ਅਤੇ ਵਿਵਾਦ

ਅਸਲ ’ਚ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਦੀ ਅਦਾਕਾਰੀ ਵਾਲੀ ਫ਼ਿਲਮ ਪਠਾਨ ਦਾ ਪਹਿਲਾ ਗੀਤ 'ਬੇਸ਼ਰਮ ਰੰਗ' ਦੀਪਿਕਾ ਵਲੋਂ ਭਗਵੇਂ ਰੰਗ ਦੀ ਬਿਕਨੀ ਪਹਿਨੀ ਹੋਣ ਕਾਰਨ ਰਿਲੀਜ਼ ਹੁੰਦੇ ਸਾਰ ਹੀ ਵਿਵਾਦਾਂ ਵਿੱਚ ਘਿਰ ਗਿਆ ਤੇ ਸੋਸ਼ਲ ਮੀਡੀਆ 'ਤੇ ਫਿਲਮ ਦੇ ਬਾਈਕਾਟ ਦੀ ਮੰਗ ਵੀ ਉੱਠਣ ਲੱਗੀ।

ਕੁਝ ਲੋਕਾਂ ਨੇ ਇਸ ਗੀਤ ਨੂੰ ਅਸ਼ਲੀਲ ਕਿਹਾ ਤੇ ਕੁਝ ਨੇ ਇਸ ਨੂੰ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ।

ਲੋਕਾਂ ਦਾ ਕਹਿਣਾ ਹੈ ਕਿ ਦੀਪਿਕਾ ਦੇ ਕੱਪੜਿਆਂ ਦਾ ਰੰਗ ਭਗਵਾ ਹੈ ਅਤੇ ਜਿਸ ਗੀਤ 'ਚ ਇਹ ਸੀਨ ਹੈ, ਉਸ ਦਾ ਨਾਂ 'ਬੇਸ਼ਰਮ ਰੰਗ' ਹੈ। ਉਨ੍ਹਾਂ ਵਲੋਂ ਭਗਵਾ ਰੰਗ ਅਕਸਰ ਹਿੰਦੂ ਧਰਮ ਦਾ ਪ੍ਰਤੀਕ ਸਮਝਿਆ ਜਾਂਦਾ ਹੈ।

ਅਮਿਤਾਬ ਤੇ ਸ਼ਾਹਰੁਖ਼ ਦੀ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਆਈਆਂ ਪ੍ਰਤੀਕ੍ਰਿਆਵਾਂ

ਪਠਾਨ

ਤਸਵੀਰ ਸਰੋਤ, Rohini Singh/Twitter

ਰੋਹਿਣੀ ਸਿੰਘ ਨੇ ਟਵੀਟ ਕੀਤਾ, “ਕਲਪਨਾ ਕਰੋ ਫ਼ਾਸੀਵਾਦ ਤੇ ਅਸਹਿਮਤੀ ਬਾਰੇ ਗੱਲ ਕਰਨ ਵਾਲੇ ਲੋਕਾਂ ਨੂੰ ਕੁਚਲਣਾ ਕਿਸ ਹੱਦ ਤੱਕ ਵੱਧ ਚੁੱਕਿਆ ਹੈ ਅਮਿਤਾਬ ਬਚਨ ਨੂੰ ਨਾਗਰਿਕਾਂ ਦੀ ਆਜ਼ਾਦੀ ਬਾਰੇ ਬੋਲਣਾ ਪਿਆ।”

ਪਠਾਨ

ਤਸਵੀਰ ਸਰੋਤ, Nidhi Razdan/Twitter

ਪੱਤਰਕਾਰ ਨਿਧੀ ਰਾਜ਼ਦਾਨ ਨੇ ਟਵਿੱਟਰ 'ਤੇ ਲਿਖਿਆ, ''ਅਮਿਤਾਭ ਬੱਚਨ ਨੇ ਨਾਗਰਿਕ ਆਜ਼ਾਦੀ 'ਤੇ ਦੁਰਲੱਭ ਟਿੱਪਣੀ ਕੀਤੀ ਹੈ। ਕੀ ਬਾਲੀਵੁੱਡ ਨੇ ਹੁਣ ਹਾਲਾਤ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ ਹੈ?

ਪਠਾਨ

ਤਸਵੀਰ ਸਰੋਤ, Kaushik Raj/Twitter

ਸ਼ਾਹਰੁਖ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਇੱਕ ਯੂਜ਼ਰ ਨੇ ਲਿਖਿਆ, ''ਜੇਕਰ ਸਿਨੇਮਾ ਖ਼ਿਲਾਫ਼ ਨਫ਼ਰਤ ਤੋਂ ਪ੍ਰੇਰਿਤ ਮੁਹਿੰਮ ਚੱਲ ਰਹੀ ਹੈ ਤਾਂ ਸ਼ਾਹਰੁਖ ਖ਼ਾਨ ਸਿਨੇਮਾ ਦਾ ਬਚਾਅ ਕਰ ਰਹੇ ਹਨ।''

ਪਠਾਨ

ਤਸਵੀਰ ਸਰੋਤ, Swara Bhaskar/Twitter

ਬਾਲੀਵੁੱਡ ਅਦਾਕਾਰਾ ਸਵਾਰਾ ਭਾਸਕਰ ਨੇ ਟਵੀਟ ਕੀਤਾ, “ਮਿਲੋ ਮੇਰੇ ਦੇਸ਼ ਦੇ ਸੱਤਾਧਾਰੀ ਸਿਆਸਤਦਾਨਾਂ ਨੂੰ...ਅਦਾਕਾਰਾਵਾਂ ਦੇ ਕੱਪੜੇ ਦੇਖਣ ਤੋਂ ਵਿਹਲ ਮਿਲਦੀ ਤਾਂ ਕੀ ਪਤਾ ਕੁਝ ਕੰਮ ਵੀ ਕਰ ਲੈਂਦੇ।”

ਸੋਸ਼ਲ ਮੀਡੀਆ ਇਸ ਬਹਿਸ ਬਾਰੇ ਵੰਡਿਆ ਹੋਇਆ ਹੈ, ਕਈ ਲੋਕ ਗਾਣੇ ਅਤੇ ਫਿਲਮ ਦੇ ਕਿਰਦਾਰਾਂ ਦੇ ਹੱਕ ਵਿੱਚ ਹਨ ਤਾਂ ਕਈ ਇਨ੍ਹਾਂ ਦੇ ਖਿਲਾਫ਼ ਵੀ ਹਨ।

ਮੱਧ ਪ੍ਰਦੇਸ਼ ਵਿੱਚ ਫ਼ਿਲਮ ’ਤੇ ਰੋਕ ਲਗਾਉਣ ਦੀ ਚੇਤਾਵਨੀ

ਪਠਾਨ

ਤਸਵੀਰ ਸਰੋਤ, Dr. Narottam Mishra/Twitter

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਫ਼ਿਲਮ ਪਠਾਨ ਬਾਰੇ ਟਵੀਟ ਕਰਦਿਆਂ ਲਿਖਿਆ, “ਫ਼ਿਲਮ ਪਠਾਨ ਦੇ ਗਾਣੇ ਵਿੱਚ ਟੁਕੜੇ-ਟੁਕੜੇ ਗੈਂਗ ਦੀ ਸਮਰਥਕ ਅਦਾਕਾਰ ਦੀਪਿਕਾ ਪਾਦੂਕੋਣ ਦੇ ਕੱਪੜੇ ਇਤਰਾਜ਼ਯੋਗ ਹਨ ਤੇ ਗਾਣਾ ਦੂਸ਼ਿਤ ਮਾਨਸਿਕਤਾ ਦੇ ਨਾਲ ਫ਼ਿਲਮਾਇਆ ਗਿਆ ਹੈ।”

“ਗਾਣੇ ਦੇ ਦ੍ਰਿਸ਼ਾਂ ਤੇ ਕੱਪੜਿਆਂ ਨੂੰ ਠੀਕ ਕੀਤਾ ਜਾਵੇ ਨਹੀਂ ਤਾਂ ਫ਼ਿਲਮ ਨੂੰ ਮੱਧ ਪ੍ਰਦੇਸ਼ ਵਿੱਚ ਇਜਾ਼ਜ਼ਤ ਦਿੱਤੀ ਜਾਵੇ ਜਾਂ ਨਾ ਇਹ ਵਿਚਾਰ ਦਾ ਵਿਸ਼ਾ ਹੋਵੇਗਾ।”

2017 ਵਿੱਚ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਛਿੜੀ ਸੀ ਬਹਿਸ

 ਮੇਰਿਲ ਸਟ੍ਰੀਪ

ਤਸਵੀਰ ਸਰੋਤ, Reuters

ਪੰਜ ਸਾਲ ਪਹਿਲਾਂ ਜੂਨ 2017 ਵਿੱਚ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮੇਰਿਲ ਸਟ੍ਰੀਪ ਨੇ ਗੋਲਡਨ ਗਲੋਬਰਜ਼ ਐਲਵਾਰਡਜ਼ ਵੇਲੇ ਖ਼ੁੱਲ੍ਹ ਕੇ ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਇੰਮੀਗ੍ਰੇਸ਼ਨ ਨੀਤੀ ਦੀ ਅਲੋਚਨਾ ਕੀਤੀ ਤਾਂ ਭਾਰਤ ਵਿੱਚ ਸੋਸ਼ਲ ਮੀਡੀਆ ’ਤੇ ਬਾਲੀਵੁੱਡ ਅਦਾਕਾਰਾਂ ਨੂੰ ਅਜਿਹੀ ਜ਼ੁਰਅਤ ਕਰਨ ਦੀਆਂ ਨਸੀਹਤਾਂ ਦਿੱਤੀਆਂ ਜਾਣ ਲੱਗੀਆਂ ਸਨ।

ਉਨ੍ਹਾਂ ਦਾ ਭਾਸ਼ਨ ਸੁਨਣ ਤੋਂ ਬਾਅਦ ਭਾਰਤੀ ਬਾਲੀਵੁੱਡ ਸੈਲੇਬਰਿਟੀਜ਼ ਦੀ ਅਲੋਚਣਾ ਹੋਈ ਕਿ ਉਹ ਕੌਮੀ ਤੇ ਸਮਾਜਿਕ ਮੁੱਦਿਆਂ ’ਤੇ ਆਪਣਾ ਪੱਖ ਨਹੀਂ ਰੱਖਦੇ।

ਪਠਾਨ

ਤਸਵੀਰ ਸਰੋਤ, Ankur Pathak/Twitter

ਅੰਕੁਰ ਪਾਠਕ ਨਾਮ ਦੇ ਇੱਕ ਟਵਿੱਟਰ ਯੂਜਰ ਨੇ ਲਿਖਿਆ ਸੀ, “ਮੇਰਿਲ ਸਟ੍ਰੀਪ ਦੀ ਸਪੀਚ ਬਾਲੀਵੁੱਡ ਨੂੰ ਸਿਖਾਉਂਦੀ ਹੈ ਕਿ ਸਪੀਚ ਕਿਵੇਂ ਲਿਖੀ ਜਾਂਦੀ ਹੈ, ਹਿੰਮਤ ਕਰਨਾ ਸਿੱਖੋ।”

ਪਠਾਨ

ਤਸਵੀਰ ਸਰੋਤ, Anurag Kashyap/Twitter

ਬਾਲੀਵੁੱਡ ਵਿੱਚੋਂ ਆਵਾਜ਼ਾਂ ਆਈਆਂ ਸਨ ਕਿ ਅਸੀਂ ਇਸ ਲਈ ਬੋਲ ਸਕਦੇ ਕਿਉਂਕਿ ਸਾਡੇ ਨਾਲ ਖੜ੍ਹੇ ਹੋਣ ਵਾਲੇ ਸਾਥੀ ਜਾਂ ਸਹਿਕਰਮੀ ਨਹੀਂ ਹਨ।

ਅਨੁਰਾਗ ਕਸ਼ਿਅਪ ਨੇ ਟਵੀਟ ਕੀਤਾ ਸੀ,“ਸਾਨੂੰ ਫ਼ਿਲਮ ਇੰਡਸਟਰੀ ਦੇ ਲੋਕਾਂ ਨੂੰ ਮਿਰਲ ਸਟ੍ਰੀਪ ਵਾਂਗ ਭਾਸ਼ਨ ਦੇਣ ਦੀ ਲੋੜ ਹੀ ਨਹੀਂ ਹੈ। ਜੇ ਅਸੀਂ ਮਹਿਜ਼ ਉਨ੍ਹਾਂ ਨਾਲ ਖੜੇ ਹੋਣ ਲੱਗ ਜਾਈਏ ਜੋ ਆਪਣੀ ਆਵਾਜ਼ ਚੁੱਕਦੇ ਹਨ।”

ਜੇਕਰ ਗੱਲ ਕਰੀਏ ਭਾਰਤ ਵਿੱਚ ਚੱਲੇ ਕਿਸਾਨੀ ਅੰਦੋਲਨ ਦੀ ਤਾਂ ਬਾਲੀਵੁੱਡ ਦੀ ਮੁਕਾਬਲੇ ਹਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਸੀ।

ਦੀਪਿਕਾ ਨੂੰ ਜੇਐੱਨਯੂ ਜਾਣ ਕਾਰਨ ਟ੍ਰੋਲ ਕੀਤਾ ਗਿਆ ਸੀ

ਜਨਵਰੀ 2020 ਵਿੱਚ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਇਮਾਰਤ ਅੰਦਰ ਕੁਝ ਨਕਾਬਪੋਸ਼ ਲੋਕਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਥੇ ਭੰਨਤੋੜ ਵੀ ਕੀਤੀ।

ਇਸ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਵਿਦਿਆਰਥੀਆਂ ਅਤੇ ਮਨੁੱਖੀ ਅਧਿਕਾਰ ਸਮਰਥਕਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਰੋਸ ਪ੍ਰਦਰਸ਼ਨ ਕੀਤੇ।

ਉਸ ਸਮੇਂ ਦੀਪਿਕਾ ਪਾਦੂਕੋਣ ਵੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਪਹੁੰਚੀ ਅਤੇ ਹਮਲੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਲਈ ਆਪਣਾ ਸਮਰਥਨ ਜ਼ਾਹਰ ਕੀਤਾ।

ਪਠਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇਐੱਨਯੂ ਵਿੱਚ ਵਿਦਿਆਰਥੀਆਂ ਦਰਮਿਆਨ ਦੀਪਿਕਾ ਪਾਦੂਕੋਨ

ਦੀਪਿਕਾ ਉਸ ਸਮੇਂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੂੰ ਵੀ ਮਿਲੀ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਸਨ।

ਹਾਲਾਂਕਿ ਦੀਪਿਕਾ ਪਾਦੁਕੋਣ ਨੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਿਤ ਨਹੀਂ ਕੀਤਾ ਤੇ ਉਹ ਕੁਝ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਵਾਪਸ ਪਰਤ ਗਈ।

ਉਸ ਸਮੇਂ ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਰਿਲੀਜ਼ ਹੋਣ ਵਾਲੀ ਸੀ।

ਲੋਕਾਂ ਨੇ ਉਸ ਦੇ ਜੇਐੱਨਯੂ ਪਹੁੰਚਣ ਨੂੰ ਫ਼ਿਲਮ ਦੇ ਪ੍ਰਚਾਰ ਨਾਲ ਜੋੜਿਆ ਅਤੇ ਉਸ ਸਮੇਂ ਫ਼ਿਲਮ ਛਪਾਕ ਦੇ ਬਾਈਕਾਟ ਦੀ ਮੰਗ ਵੀ ਹੋਣ ਲੱਗੀ ਸੀ।

ਪਠਾਨ

ਤਸਵੀਰ ਸਰੋਤ, Getty Images

ਉਮਰਾਹ ਤੋਂ ਬਾਅਦ ਸ਼ਾਹਰੁਖ਼ ਖ਼ਾਨ ਵੈਸ਼ਨੋ ਦੇਵੀ ਮੰਦਰ ਪਹੁੰਚੇ ਸਨ

ਆਪਣੀ ਫ਼ਿਲਮ ਪਠਾਨ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਰਹਿਣ ਵਾਲੇ ਅਭਿਨੇਤਾ ਸ਼ਾਹਰੁਖ ਖਾਨ ਹਾਲ ਹੀ ਵਿੱਚ ਉਮਰਾਹ ਕਰਨ ਮੱਕਾ ਜਾ ਕੇ ਆਏ ਹਨ।

ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਸਨ।

ਇਸ ਤੋਂ ਬਾਅਦ ਕੁਝ ਵੀਡੀਓ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ ਸ਼ਾਹਰੁਖ ਖ਼ਾਨ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵੀ ਗਏ ਸਨ। ਹਾਲਾਂਕਿ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਵੀਡੀਓ 'ਚ ਸ਼ਾਹਰੁਖ ਖਾਨ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ।

ਕੁਝ ਸੋਸ਼ਲ ਮੀਡੀਆ ਯੂਜ਼ਰਸ ਸ਼ਾਹਰੁਖ ਦੇ ਉਮਰਾਹ ਅਤੇ ਫ਼ਿਰ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਨੂੰ ਫ਼ਿਲਮ ਦੇ ਪ੍ਰਮੋਸ਼ਨ ਨਾਲ ਜੋੜ ਰਹੇ ਹਨ।

ਸ਼ਾਹਰੁਖ ਖਾਨ ਚਾਰ ਸਾਲ ਬਾਅਦ ਫ਼ਿਲਮ ਪਠਾਨ ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਪਠਾਨ ਅਗਲੇ ਸਾਲ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)