ਇੰਗਲੈਂਡ: ਨਸਲੀ ਨਫ਼ਰਤ, ਬਲਾਤਕਾਰ ਦੀਆਂ ਘਟਨਾਵਾਂ ਨੇ ਏਸ਼ੀਆ ਮੂਲ ਦੀਆਂ ਔਰਤਾਂ 'ਤੇ ਕੀ ਅਸਰ ਪਾਇਆ, "ਹੁਣ ਡਰ ਦੀ ਭਾਵਨਾ ਅਸਲੀ ਹੈ"

    • ਲੇਖਕ, ਰਾਜ ਕੌਰ ਬਿਲਖੂ ਅਤੇ ਐਲੀਨੋਰ ਲੌਸਨ
    • ਰੋਲ, ਬੀਬੀਸੀ ਲਈ

ਮੇਕ-ਅੱਪ ਆਰਟਿਸਟ ਰਵਿਤਾ ਪੰਨੂ ਨੇ ਵਾਲਸਾਲ ਵਿੱਚ ਆਪਣੇ ਬਿਊਟੀ ਸਲੂਨ ਦੀ ਸਥਾਪਤੀ ਲਈ ਕਈ ਸਾਲਾਂ ਦੀ ਸਖ਼ਤ ਘਾਲਾਣਾ ਘਾਲੀ ਹੈ।

ਨਜ਼ਦੀਕ ਹੀ ਵੁਲਵਰਹੈਂਪਟਨ ਵਿੱਚ ਜਨਮੇ ਰਵਿਤਾ ਇੱਕ ਸਥਾਪਿਤ ਕਾਰੋਬਾਰੀ ਹੋਣ ਤੋਂ ਇਲਾਵਾ ਇੱਕ ਮਾਂ ਵੀ ਹਨ।

ਲੇਕਿਨ ਉਹ ਵੈਸਟ ਮਿਡਲੈਂਡਸ ਦੀਆਂ ਉਨ੍ਹਾਂ ਕਈ ਏਸ਼ੀਆਈ ਔਰਤਾਂ ਵਿੱਚੋਂ ਵੀ ਇੱਕ ਹਨ, ਜਿਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਹੁਣ ਉਹ ਨਿਰੰਤਰ ਆਪਣੇ ਪਿੱਛੇ ਧਿਆਨ ਰੱਖਕੇ ਤੁਰਦੀਆਂ ਹਨ। ਜਦੋਂ ਉਨ੍ਹਾਂ ਦੀ ਬੇਟੀ ਘਰੋਂ ਬਾਹਰ ਜਾਂਦੀ ਹੈ ਤਾਂ ਰਵਿਤਾ ਨੂੰ ਡਰ ਲਗਦਾ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਪਿਛਲੇ ਦੋ ਮਹੀਨਿਆਂ ਦੌਰਾਨ ਉਨ੍ਹਾਂ ਤੋਂ ਸਿਰਫ਼ 16 ਕਿਲੋਮੀਟਰ ਦੂਰੋਂ ਪੁਲਿਸ ਨੂੰ ਨਸਲੀ ਨਫ਼ਰਤ ਕਾਰਨ ਵਾਪਰੀਆਂ ਬਲਾਤਕਾਰ ਦੀਆਂ ਦੋ ਘਟਨਾਵਾਂ ਦੀ ਸੂਚਨਾ ਮਿਲੀ।

ਸਤੰਬਰ ਨੌਂ ਦੀ ਸਵੇਰ, ਵੀਹ ਕੁ ਸਾਲਾਂ ਦੀ ਇੱਕ ਸਿੱਖ ਮੁਟਿਆਰ ਦਾ ਓਲਡਬਰੀ ਵਿੱਚ ਥੇਮ ਰੋਡ ਉੱਤੇ ਬਲਾਤਕਾਰ ਕੀਤਾ ਗਿਆ। ਫਿਰ 25 ਅਕਤੂਬਰ ਨੂੰ ਵਾਲਸਾਲ ਦੇ ਪਾਰਕ ਹਾਲ ਇਲਾਕੇ ਵਿੱਚ ਇੱਕ ਹੋਰ ਸਿੱਖ ਮੁਟਿਆਰ, ਜੋ ਅਜੇ ਆਪਣੇ ਉਮਰ ਦੇ ਦੂਜੇ ਹੀ ਦਹਾਕੇ ਵਿੱਚ ਸੀ, ਦਾ ਰੇਪ ਹੋਇਆ। ਪੁਲਿਸ ਵੱਲੋਂ, ਮਾਮਲੇ ਵਿੱਚ ਇੱਕ 32 ਸਾਲਾ ਪੁਰਸ਼ ਜੌਹਨ ਐਸ਼ਲੀ ਨੂੰ ਨਾਮਜ਼ਦ ਕੀਤਾ ਗਿਆ ਹੈ।

ਦੋਵਾਂ ਹੀ ਮਾਮਲਿਆਂ ਵਿੱਚ ਅਪਰਾਧੀ ਆਪਣੇ ਪੀੜਤਾਂ ਲਈ ਅਜਨਬੀ ਸਨ।

ਇੱਕ ਹੋਰ ਔਰਤ ਉੱਪਰ 27 ਅਕਤੂਬਰ ਨੂੰ ਵੁਲਵਰਹੈਂਪਟਨ ਵਿੱਚ ਬਿਜਲੀ ਦੇ ਝਟਕੇ ਨਾਲ ਸੁੰਨ ਕਰ ਦੇਣ ਵਾਲੇ ਉਪਕਰਣ ਨਾਲ ਹਮਲਾ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਜਿਣਸੀ ਹਮਲਾ ਨਹੀਂ ਸਗੋਂ ਇੱਕ ਨਸਲੀ ਹਮਲਾ ਸੀ।

ਸਿੱਖ ਵੂਮਿਨਜ਼ ਏਡ ਦੇ ਮੁੱਖੀ ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਸੰਸਥਾ ਦੀ ਹੈਲਪਲਾਈਨ ਉੱਤੇ ਹੁਣ ਡਰੀਆਂ ਹੋਈਆਂ ਔਰਤਾਂ ਦੇ ਫ਼ੋਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆ ਰਹੇ ਹਨ।

ਵਾਲਸਾਲ ਵਿੱਚ ਇੱਕ ਇਕੱਲੀ ਮਾਂ ਆਪਣੀਆਂ ਤਿੰਨ ਬੇਟੀਆਂ ਨਾਲ ਰਹਿੰਦੀ ਹੈ। ਉਸ ਮਹਿਲਾ ਨੂੰ ਆਪਣੀਆਂ ਬੇਟੀਆਂ ਦੀ ਫਿਕਰ ਸੀ, ਜਿਨ੍ਹਾਂ ਦੇ ਸਕੂਲ ਦਾ ਰਸਤਾ ਵਾਲਸਾਲ ਹਮਲੇ ਵਾਲੀ ਥਾਂ ਵਿੱਚੋਂ ਹੋ ਕੇ ਗੁਜ਼ਰਦਾ ਹੈ। ਇਸ ਲਈ ਮਹਿਲਾ ਨੇ ਸੰਸਥਾ ਤੋਂ ਮਦਦ ਦੀ ਮੰਗ ਕੀਤੀ ਸੀ।

ਕੌਰ ਨੇ ਕਿਹਾ, "ਹੁਣ ਡਰ ਦੀ ਭਾਵਨਾ ਅਸਲੀ ਹੈ, ਇਹ ਟੀਵੀ ਉੱਤੇ ਫੈਲਾਇਆ ਜਾ ਰਿਹਾ ਕੋਈ ਸੱਜੇ ਪੱਖੀ ਨਰੇਟਿਵ ਨਹੀਂ ਹੈ। ਇਹ ਕੋਈ ਸੋਸ਼ਲ ਮੀਡੀਆ ਦੀ ਚੀਜ਼ ਨਹੀਂ ਹੈ। ਇਹ ਹੁਣ ਸਾਡੀਆਂ ਸੜਕਾਂ ਉੱਤੇ ਆ ਗਈ ਹੈ।"

ਵੈਸਟ ਮਿਡਲੈਂਡਸ ਦੀ ਪੁਲਿਸ ਨੇ ਕਿਹਾ ਕਿ ਇਸ ਇਲਾਕੇ ਨੂੰ "ਸਾਡੇ ਭਾਈਚਾਰਿਆਂ ਅਤੇ ਖਾਸ ਕਰਕੇ ਲੜਕੀਆਂ" ਲਈ ਸੁਰੱਖਿਅਤ ਬਣਾਉਣਾ ਸਾਡੀ ਪਹਿਲਾਤਾ ਹੈ।

ਪੁਲਿਸ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ "ਔਰਤਾਂ ਦੀਆਂ ਸਵੈਸੇਵੀ ਸੰਸਥਾਵਾਂ, ਸਮੁਦਾਇ ਦੀਆਂ ਮੁਹਤਬਰ ਔਰਤਾਂ, ਸਮੁਦਾਇਕ ਸੁਰੱਖਿਆ ਦੇ ਹਿੱਸੇਦਾਰਾਂ, ਸੁਤੰਤਰ ਸਲਾਹਕਾਰ ਸਮੂਹਾਂ ਅਤੇ ਸਥਾਨਕ ਸਿਆਸਤਦਾਨਾਂ ਨਾਲ ਔਰਤਾਂ ਦੀ ਸੁਰੱਖਿਆ ਬਾਰੇ ਚਰਚਾ ਕਰਨ ਲਈ ਸੰਪਰਕ ਕੀਤਾ ਹੈ।"

ਵਾਲਸਾਲ ਹਮਲੇ ਵਿੱਚ ਪਿਛਲੇ ਹਫ਼ਤੇ ਇਲਜ਼ਾਮ ਦਾਇਰ ਹੋਣ ਤੋਂ ਬਾਅਦ ਚੀਫ਼ ਸੁਪਰਡੈਂਟ ਫਿਲ ਡੌਲਬੀ ਨੇ ਬੋਲਦਿਆਂ ਕਿਹਾ ਕਿ ਫੋਰਸ ਇਹ ਹਮਲਾ "ਸਾਡੇ ਸਮੁਦਾਇਆਂ ਵਿੱਚ ਜਿਸ ਚਿੰਤਾ ਅਤੇ ਡਰ ਦਾ ਕਾਰਨ ਬਣਿਆ ਹੈ, ਉਸਨੂੰ ਸਮਝੀ ਹੈ।"

ਅਸੀਂ ਬਰਮਿੰਘਮ ਅਤੇ ਬਲੈਕ ਕੰਟਰੀ ਵਿੱਚ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਨਾਲ ਸੰਬੰਧਿਤ ਏਸ਼ੀਆਈ ਔਰਤਾਂ ਨਾਲ ਗੱਲਬਾਤ ਕੀਤੀ।

ਕੁਝ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਇਸ ਇਲਾਕੇ ਵਿੱਚ ਰਹਿਣਾ ਸੁਰੱਖਿਅਤ ਲਗਦਾ ਸੀ ਲੇਕਿਨ ਹੁਣ ਉਨ੍ਹਾਂ ਨੂੰ ਆਪਣੇ ਘਰੋਂ ਨਿਕਲਣ ਜਾਂ ਘਰ ਵਿੱਚ ਇਕੱਲੇ ਰਹਿਣ ਤੋਂ ਡਰ ਲਗਦਾ ਹੈ।

ਡਬਲੀ ਦੀ ਇੱਕ ਮੁਸਲਮਾਨ ਔਰਤ ਸ਼ਬਨਮ ਅਨਸਾਰੀ ਨੇ ਕਿਹਾ, ''ਮੈਂ ਹਿਜਾਬ ਪਾਉਂਦੀ ਹਾਂ, ਸੋ ਮੈਨੂੰ ਹਮੇਸ਼ਾ ਤੋਂ ਪਤਾ ਸੀ ਕਿ ਮੈਂ ਨਸਲੀ ਹਮਲੇ ਦੀ ਸ਼ਿਕਾਰ ਹੋ ਸਕਦੀ ਹਾਂ।''

ਉਹ ਦੱਸਦੇ ਹਨ, "ਲੇਕਿਨ ਓਲਡਬਰੀ ਅਤੇ ਵਾਲਸਾਲ ਵਿੱਚ ਜੋ ਹੋਇਆ ਉਸ ਤੋਂ ਮੈਨੂੰ ਲਗਦਾ ਹੈ ਕਿ ਸਿਰਫ਼ ਭੂਰੇ ਹੋਣਾ ਹੀ ਸਰੀਰਕ ਅਤੇ ਜਿਣਸੀ ਹਮਲੇ ਦਾ ਨਿਸ਼ਾਨਾ ਬਣਨ ਲਈ ਕਾਫ਼ੀ ਹੈ।"

ਜੇਜ਼ੀ ਕੁੱਲਰ (51 ਸਾਲਾ) ਜੋ ਕਿ ਬਰਮਿੰਘਮ ਵਿੱਚ ਹੀ ਇੱਕ ਅਧਿਆਪਕ ਹਨ, ਉਹ ਕਹਿੰਦੇ ਹਨ ਕਿ ਬਲਾਤਕਾਰ ਦੀਆਂ ਘਟਨਾਵਾਂ ਤੋਂ ਬਾਅਦ ਉਨ੍ਹਾਂ ਨੂੰ ਅਜਨਬੀਆਂ ਲਈ ਘਰ ਦੇ ਬੂਹੇ ਖੋਲ੍ਹਣ ਤੋਂ ਡਰ ਲਗਦਾ ਹੈ।

ਕਾਊਂਸਲ ਵਰਕਰ ਕਵਿਤਾ ਮਸਵਾਲਾ (41) ਜੋ ਕਿ ਦੱਖਣੀ ਬਰਮਿੰਘਮ ਤੋਂ ਹਨ। ਉਨ੍ਹਾਂ ਮੁਤਾਬਕ, "ਬਰਮਿੰਘਮ ਵਿੱਚ ਜੰਮੀ-ਪਲੀ ਇੱਕ ਏਸ਼ੀਆਈ ਔਰਤ ਵਜੋਂ, ਇਨ੍ਹਾਂ ਘਟਨਾਵਾਂ ਬਾਰੇ ਸੁਣਨਾ ਦਿਲ ਦੁਖਾਉਣ ਵਾਲਾ ਹੈ।"

ਉਹ ਅੱਗੇ ਦੱਸਦੇ ਹਨ, "ਅਸੀਂ 2025 ਵਿੱਚ ਹਾਂ ਅਤੇ ਫਿਰ ਵੀ ਆਪਣੇ ਪਿੱਛੇ ਅਤੇ ਆਪਣੀ ਚਮੜੀ ਦੇ ਰੰਗ ਦਾ ਧਿਆਨ ਰੱਖਣਾ ਪੈਂਦਾ ਹੈ। ਹੁਣ ਮੈਨੂੰ, ਸੈਰ ਉੱਤੇ ਜਾਣ ਤੋਂ ਪਹਿਲਾਂ ਦੋ ਵਾਰ ਸੋਚਣਾ ਪੈਂਦਾ ਹੈ।"

ਮਾਹਸੂਮਾ ਵੀ ਬਰਮਿੰਘਮ ਤੋਂ ਹੀ ਇੱਕ ਮਾਂ ਹੈ। ਉਨ੍ਹਾਂ ਨੇ ਆਪਣਾ ਗੋਤ ਨਹੀਂ ਦੱਸਿਆ। ਉਹ ਵਾਲਸਾਲ ਦੀਆਂ ਖੇਡਣ ਵਾਲੀਆਂ ਥਾਵਾਂ ਉੱਤੇ ਜਾਂਦੇ ਰਹੇ ਹਨ "ਪਰ ਹੁਣ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਆਪਣੇ ਬੱਚਿਆਂ ਨੂੰ ਨਾਲ ਲਿਜਾ ਸਕਣਗੇ।"

ਉਹ ਅੱਗੇ ਕਹਿੰਦੇ ਹਨ, "ਮੈਂ ਪਹਿਲਾਂ ਕਦੇ ਇਸ ਤਰ੍ਹਾਂ ਮਹਿਸੂਸ ਨਹੀਂ ਕੀਤਾ।"

ਰਵਿਤਾ ਦਾ ਕਹਿਣਾ ਹੈ ਕਿ ਇਹ ਬਹੁਤ ਸਾਰੇ ਲੋਕਾਂ ਲਈ ਇੱਕ ਭਾਵੁਕ ਸਮਾਂ ਹੈ। ਇਨ੍ਹਾਂ ਦੋ ਹਮਲਿਆਂ ਨੇ "ਸਮੁਦਾਇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਭਰ ਦਿੱਤਾ ਹੈ।"

ਬਿਊਟੀ ਸਲੂਨ ਮਾਲਕ ਰਵਿਤਾ ਨਾਲ ਇੰਸਟਾਗ੍ਰਾਮ ਉੱਤੇ ਦੁਨੀਆਂ ਭਰ ਤੋਂ 30,000 ਲੋਕ ਜੁੜੇ ਹੋਏ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਮਰੀਕਾ, ਕੈਨੇਡਾ ਅਤੇ ਦੁਬਈ ਦੀਆਂ ਸਿੱਖ ਔਰਤਾਂ ਹਨ।

"ਮੈਨੂੰ ਵਿਦੇਸ਼ ਤੋਂ ਫਾਲਵਰਾਂ ਨੇ ਫੋਨ ਕਰਕੇ ਪੁੱਛਿਆ, ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਹੋ ਕੀ ਰਿਹਾ ਹੈ। ਉਹ ਇੱਥੇ ਬ੍ਰਿਟੇਨ ਵਿੱਚ ਆਪਣੀਆਂ ਭੈਣਾਂ ਦੀ ਚਿੰਤਾ ਅਤੇ ਤਣਾਅ ਨੂੰ ਮਹਿਸੂਸ ਕਰਦੀਆਂ ਹਨ।"

ਘਰ ਵਿੱਚ ਇਸ 45 ਸਾਲਾ ਮਹਿਲਾ ਨੂੰ ਆਪਣੀ ਬੇਟੀ, ਜਿਸਦੀ ਉਮਰ ਵਾਲਸਾਲ ਅਤੇ ਓਲਡਬਰੀ ਦੀਆਂ ਪੀੜਤਾਂ ਜਿੰਨੀ ਹੀ ਹੈ, ਦੀ ਸੁਰੱਖਿਆ ਦੀ ਫਿਕਰ ਰਹਿੰਦੀ ਹੈ।

ਰਵਿਤਾ ਦੱਸਦੇ ਹਨ, ਅਸੀਂ ਆਪਣੀਆਂ ਧੀਆਂ ਨੂੰ ਕਹਿ ਦਿੱਤਾ ਹੈ, ਬੱਸਾਂ ਨਹੀਂ ਲੈਣੀਆਂ, ਅਸੀਂ ਤੁਹਾਨੂੰ ਕੰਮ ਤੋਂ ਘਰ ਲੈ ਆਵਾਂਗੇ।

ਉਹ ਆਪਣੇ ਬੱਚਿਆਂ ਉੱਤੇ ਬਹੁਤ ਜ਼ਿਆਦਾ ਦਬਾਅ ਪਾਉਣ ਤੋਂ ਸੁਚੇਤ ਹਨ ਅਤੇ ਇੱਕ ਸਮਤੋਲ ਬਣਾ ਕੇ ਰੱਖਣਾ ਚਾਹੁੰਦੇ ਹਨ। ਤਾਜ਼ਾ ਘਟਨਾਵਾਂ ਤੋਂ ਉਨ੍ਹਾਂ ਨੂੰ ਡਰ ਹੈ ਕਿ ਕਈ ਏਸ਼ੀਆਈ ਪਰਿਵਾਰ ਆਪਣੇ ਬੱਚਿਆਂ ਨਾਲ ਬਹੁਤ ਜ਼ਿਆਦਾ ਸਖ਼ਤ ਹੋ ਸਕਦੇ ਹਨ।

"ਇੱਕ ਮਾਂ ਵਜੋਂ, ਕੀ ਮੈਂ ਚਾਹੁੰਦੀ ਹਾਂ ਕਿ ਮੇਰੀ ਬੇਟੀ ਇਸ ਸਮੇਂ ਬਾਹਰ ਹੋਵੇ? ਬਿਲਕੁਲ ਵੀ ਨਹੀਂ।"

"ਮੈਂ ਬਸ ਉਸ ਨੂੰ ਰੂੰ ਵਿੱਚ ਵਲ੍ਹੇਟ ਕੇ ਆਪਣੇ ਕੋਲ ਰੱਖਣਾ ਚਾਹਾਂਗੀ। ਲੇਕਿਨ ਅਸੀਂ ਅਜਿਹਾ ਵੀ ਨਹੀਂ ਕਰ ਸਕਦੇ ਕਿਉਂਕਿ ਉਸ ਕੋਲ ਜਿਉਣ ਲਈ ਇੱਕ ਜ਼ਿੰਦਗੀ ਹੈ ਅਤੇ ਉਹ ਇਸਦੇ ਯੋਗ ਹੋਣੀ ਚਾਹੀਦੀ ਹੈ।"

ਮਾਹਸੂਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਾਲਸਾਲ ਵਿੱਚ ਆਪਣੇ ਬੱਚੇ ਪਾਲਣ ਤੋਂ ਡਰ ਲੱਗ ਰਿਹਾ ਹੈ।

ਜਦੋਂਕਿ ਔਰਤਾਂ ਇਹ ਸੋਚ ਰਹੀਆਂ ਹਨ ਕਿ ਉਹ ਸੜਕਾਂ ਉੱਤੇ ਜਾਂ ਆਪਣੇ ਘਰਾਂ ਵਿੱਚ ਕਿੰਨੀਆਂ ਕੁ ਸੁਰੱਖਿਅਤ ਹਨ, ਸਮੁਦਾਇਕ ਸੰਗਠਨ ਉਨ੍ਹਾਂ ਨੂੰ ਹਮਲੇ ਸਮੇਂ ਵਜਾਉਣ ਵਾਲੇ ਅਲਾਰਮ ਵੰਡਣ ਬਾਰੇ ਵਿਚਾਰ-ਵਟਾਂਦਰੇ ਕਰ ਰਹੀਆਂ ਹਨ।

ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਔਰਤਾਂ ਮਹਿਸੂਸ ਕਰਨ ਲੱਗ ਪਈਆਂ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਅਤੇ ਨਿੱਜੀ ਅਜ਼ਾਦੀ ਨਵੇਂ ਸਿਰੇ ਤੋਂ ਢਾਲਣੀ ਪਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)