ਕਾਂਗਰਸ ਤੇ ‘ਆਪ’ ਦਾ ਕੌਮੀ ਸਿਆਸਤ ਵਿੱਚ ਨਾਲ ਆਉਣਾ ਪੰਜਾਬ ਦੀ ਸਿਆਸਤ ’ਤੇ ਕੀ ਅਸਰ ਪਾਵੇਗਾ

2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਭਾਜਪਾ ਖ਼ਿਲਾਫ਼ ਇਕਜੁੱਟ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਸ ਕੋਸ਼ਿਸ਼ ਵਿੱਚ ਕੁਝ ਦਿਨਾਂ ਪਹਿਲਾਂ ਪਟਨਾ ‘ਚ ਹੋਈ ਬੈਠਕ ਤੋਂ ਬਾਅਦ ਹੁਣ 17-18 ਜੁਲਾਈ ਨੂੰ ਬੈਂਗਲੁਰੂ ਵਿੱਚ ਬੈਠਕ ਹੋ ਰਹੀ ਹੈ, ਜਿਸ 'ਚ 24 ਵਿਰੋਧੀ ਪਾਰਟੀਆਂ ਦੇ ਸ਼ਾਮਲ ਹੋਣ ਦੀਆਂ ਰਿਪੋਰਟਾਂ ਹਨ।

ਆਮ ਆਦਮੀ ਪਾਰਟੀ ਨੇ ਵੀ ਐਤਵਾਰ ਨੂੰ ਹੋਣ ਵਾਲੀ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈ।

ਹਾਲਾਂਕਿ, ਇਸ ਤੋਂ ਪਹਿਲਾਂ ਪਟਨਾ 'ਚ ਹੋਈ ਮੀਟਿੰਗ 'ਚ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਹੋਰ ਪਾਰਟੀਆਂ ਦੇ ਮਤਭੇਦ ਹੋਣ ਦੀਆਂ ਖ਼ਬਰਾਂ ਆਈਆਂ ਸਨ।

ਹੁਣ, ਕਾਂਗਰਸ ਨੇ ਐਤਵਾਰ ਨੂੰ 'ਆਪ' ਸਰਕਾਰ ਦੀ ਇਸ ਮੰਗ 'ਤੇ ਸਹਿਮਤੀ ਪ੍ਰਗਟ ਕਰ ਦਿੱਤੀ ਹੈ ਤੇ ‘ਆਪ’ ਨੇ ਵੀ ਇਸ ਬੈਠਕ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈ।

ਅਜਿਹੇ 'ਚ ਸਵਾਲ ਇਹ ਹੈ ਕਿ ਜਦੋਂ ਇਹ 24 ਵਿਰੋਧੀ ਪਾਰਟੀਆਂ ਬੈਂਗਲੁਰੂ 'ਚ ਇਕੱਠੀਆਂ ਹੋਣਗੀਆਂ ਤਾਂ ਉਨ੍ਹਾਂ ਦਾ ਉਦੇਸ਼ ਕੀ ਹੋਵੇਗਾ ਅਤੇ ਕੀ ਦੇਸ਼ ਦੀ ਸਿਆਸਤ ਨੇ ਨਾਲ-ਨਾਲ ਇਸ ਦਾ ਪੰਜਾਬ ਦੀ ਸਿਆਸਤ 'ਤੇ ਵੀ ਅਸਰ ਪਵੇਗਾ?

ਪੰਜਾਬ 'ਚ 'ਆਪ' ਤੇ ਕਾਂਗਰਸ ਆਹਮੋ-ਸਾਹਮਣੇ ਪਰ...

ਪਹਿਲਾਂ ਪੰਜਾਬ ਦੀ ਹੀ ਗੱਲ ਕਰ ਲੈਂਦੇ ਹਾਂ, ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਆਹਮੋ-ਸਾਹਮਣੇ ਹਨ।

ਪਰ ਦਿੱਲੀ ਸਰਵਿਸ ਆਰਡੀਨੈਂਸ ਮੁੱਦੇ ਉੱਤੇ ‘ਆਪ’ ਨੂੰ ਕਾਂਗਰਸ ਦਾ ਸਾਥ ਮਿਲਣ ਤੋਂ ਬਾਅਦ, ਘੱਟੋ-ਘੱਟ ਵਿਰੋਧੀ ਪਾਰਟੀਆਂ ਦੀ ਬੈਠਕ ਵਿੱਚ ਤਾਂ ਹੁਣ ‘ਆਪ’ ਅਤੇ ਕਾਂਗਰਸ ਇੱਕਠੇ ਨਜ਼ਰ ਰਹੇ ਹਨ।

ਹਾਲਾਂਕਿ, ਪਟਨਾ 'ਚ ਹੋਈ ਬੈਠਕ ਦੇ ਅਗਲੇ ਹੀ ਦਿਨ ਆਮ ਆਦਮੀ ਪਾਰਟੀ ਨੇ ਆਪਣਾ ਸੁਰ ਬਦਲ ਲਿਆ ਸੀ ਅਤੇ ਕਾਂਗਰਸ ਵੱਲੋਂ ਦਿੱਲੀ ਆਰਡੀਨੈਂਸ 'ਤੇ ਸਪੱਸ਼ਟ ਤੌਰ 'ਤੇ ਕੁਝ ਨਾ ਕਹਿਣ 'ਤੇ ਨਾਰਾਜ਼ਗੀ ਪ੍ਰਗਟਾਈ ਸੀ।

ਪਰ ਹੁਣ ਦੋਵਾਂ ਪਾਰਟੀਆਂ ਦੇ ਸੁਰ ਮਿਲਣ ਦੀਆਂ ਖ਼ਬਰਾਂ ਹਨ।

ਖ਼ਬਰ ਏਜੰਸੀ ਏਐਨਐਈ ਨਾਲ ਗੱਲ ਕਰਦਿਆਂ ਆਮ ਆਦਮੀ ਪਾਰਟੀ ਆਗੂ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ‘ਇੰਦਰਾ ਗਾਂਧੀ ਦੇ ਸਮੇਂ ਵੀ ਦੇਸ਼ ਦੇ ਲੋਕ ਇਕੱਠੇ ਉਨ੍ਹਾਂ ਖਿਲਾਫ਼ ਆਏ ਸਨ ਤੇ ਹੁਣ ਦੇਸ਼ ਦੇ ਲੋਕ ਇੱਕ ਵਾਰ ਫਿਰ ਮੋਦੀ ਨੂੰ ਬਾਏ-ਬਾਏ ਬੋਲਣ ਲਈ ਇਕੱਠੇ ਹੋ ਰਹੇ ਹਨ।’

ਹਾਲਾਂਕਿ ਜਦੋਂ ਪੱਤਰਕਾਰ ਨੇ ਰਾਘਵ ਚੱਢਾ ਨੂੰ ਪੰਜਾਬ 'ਚ 'ਆਪ' ਅਤੇ ਕਾਂਗਰਸ ਦੀ ਸਿਆਸਤ ਬਾਰੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਰਾਘਵ ਨੇ ਇਸ ਮੁੱਦੇ 'ਤੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਦਿੱਤਾ।

ਉਨ੍ਹਾਂ ਕਿਹਾ ਕਿ 'ਮੈਂ ਸੂਬੇ-ਸੂਬੇ ਦੀ ਗੱਲ ਨਹੀਂ ਕਰਾਂਗਾ, ਤੁਸੀਂ ਮੇਰੇ ਮੂੰਹ 'ਚ ਸ਼ਬਦ ਪਾਉਣ ਦੀ ਕੋਸ਼ਿਸ਼ ਨਾ ਕਰੋ।'

ਕਾਂਗਰਸ ਪ੍ਰਧਾਨ ਮੱਲਿਕਾਅਰਜੁਨ ਖੜਗੇ ਨੇ ਵੀ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ''ਕੋਈ ਵੀ ਵਿਅਕਤੀ ਦੇਸ਼ ਤੇ ਸੰਵਿਧਾਨ ਤੋਂ ਵੱਡਾ ਨਹੀਂ ਹੈ। ਦੇਸ਼ ਅਤੇ ਦੇਸ਼ ਦੇ ਸੰਵਿਧਾਨ ਨੂੰ ਜੇ ਧੱਕਾ ਲੱਗਦਾ ਹੈ ਤਾਂ ਸਾਡਾ ਫਰਜ਼ ਹੈ ਕਿਸ ਅਸੀਂ ਇੱਕਜੁੱਟ ਹੋ ਕੇ ਮਿਲ ਕੇ ਕੰਮ ਕਰੀਏ।''

ਭਾਜਪਾ-ਅਕਾਲੀ ਦਲ ਨੇ ਚੁੱਕੇ ਸਵਾਲ

ਅਜਿਹੇ ਵਿੱਚ ਜੇਕਰ ਕੌਮੀ ਸਿਆਸਤ ਦੇ ਮੰਚ 'ਤੇ ਵਿਰੋਧੀ ਪਾਰਟੀਆਂ ਭਾਜਪਾ ਖ਼ਿਲਾਫ਼ ਇੱਕਜੁਟ ਹੋਣ 'ਚ ਕਾਮਯਾਬ ਹੋ ਜਾਂਦੀਆਂ ਹਨ ਤਾਂ ਕੀ ਪੰਜਾਬ 'ਚ ਵੀ ਇਸ ਨੂੰ 'ਆਪ' ਅਤੇ ਕਾਂਗਰਸ ਦੇ ਗਠਜੋੜ ਵਜੋਂ ਦੇਖਿਆ ਜਾਵੇਗਾ।

ਹਾਲਾਂਕਿ ਇਹ ਸਥਿਤੀ ਸਪੱਸ਼ਟ ਹੋਣੀ ਅਜੇ ਬਾਕੀ ਹੈ ਪਰ ਭਾਜਪਾ ਅਤੇ ਆਕਲੀ ਦਲ ਨੇ ਇਸ 'ਤੇ ਪਹਿਲਾਂ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਇੱਕ ਟਵੀਟ ਕਰਦਿਆਂ 'ਆਪ' ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ।

ਉਨ੍ਹਾਂ ਆਪਣੇ ਟਵੀਟ 'ਚ ਲਿਖਿਆ, ''ਆਪ-ਕਾਂਗਰਸ “ਸਮਝੌਤਾ” “ਹਤਾਸ਼ਾ, ਨਿਰਾਸ਼ਾ ਅਤੇ ਮਾਯੂਸੀ” ਦਾ ਸਮਝੌਤਾ ਹੈ!

ਇੱਕ ਹੋਰ ਟਵੀਟ 'ਚ ਉਨ੍ਹਾਂ ਲਿਖਿਆ, ''ਦਿੱਲੀ ਸਰਵਿਸ ਆਰਡੀਨੈਂਸ ਮੁੱਦੇ 'ਤੇ ''ਆਪ'' ਨੂੰ ਕਾਂਗਰਸ ਦਾ ਸਮਰਥਨ, ਚੋਰ-ਚੋਰ ਮੌਸੇਰੇ ਭਾਈ ਵਾਲੀ ਗੱਲ ਨੂੰ ਪੇਸ਼ ਕਰਦਾ ਹੈ।''

''ਪੰਜਾਬ 'ਚ ਰੁੱਸਾਂਗੇ ਤੇ ਦਿੱਲੀ 'ਚ ਸਾਥ ਦਿਆਂਗੇ, ਫਿਕਸ ਮੈਚ 'ਚ ਵੀ ''ਆਪ'' ਤੇ ਕਾਂਗਰਸ ਮਿਲ ਕੇ ਭਾਜਪਾ ਨੂੰ ਮਾਤ ਨਹੀਂ ਦੇ ਸਕਣਗੇ।’’

ਉਨ੍ਹਾਂ ਕਾਂਗਰਸ 'ਤੇ ਤੰਜ ਕੱਸਦਿਆਂ ਲਿਖਿਆ, ''ਆਪ ਦੀ ਸਟੈਪਨੀ ਬਣਨ 'ਤੇ ਕਾਂਗਰਸ ਨੂੰ ਵਧਾਈ।''

ਇਸੇ ਤਰ੍ਹਾਂ ਭਾਜਪਾ ਦੇ ਪੁਰਾਣੇ ਸਾਥੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸਵਾਲ ਚੁੱਕੇ ਹਨ ਕਿ ਕਾਂਗਰਸ ਅਤੇ 'ਆਪ' ਦਾ ਪਹਿਲਾਂ ਤੋਂ ਹੀ ਗੱਠਜੋੜ ਹੈ।

ਇੱਕ ਟਵੀਟ 'ਚ ਉਨ੍ਹਾਂ ਇਸ ਬਾਰੇ ਲ਼ਿਖਿਆ, 'ਨਾਪਾਕ ਗੱਠਜੋੜ ਇੱਕ ਵਾਰ ਫਿਰ ਬੇਨਕਾਬ'।

ਉਨ੍ਹਾਂ ਲਿਖਿਆ, ''ਦਿੱਲੀ ਵਿੱਚ ਆਰਡੀਨੈਂਸ ਦੇ ਮੁੱਦੇ 'ਤੇ ਕਾਂਗਰਸ ਦਾ 'ਆਪ' ਨੂੰ ਸਮਰਥਨ ਇਹ ਦਰਸਾਉਂਦਾ ਹੈ ਕਿ ਦੋਵੇਂ ਪਾਰਟੀਆਂ ਵਿਚਕਾਰ ਇੱਕ ਛੁਪਿਆ ਹੋਇਆ ਗੱਠਜੋੜ ਹੈ, ਜੋ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ।''

ਉਨ੍ਹਾਂ ਅੱਗੇ ਕਿਹਾ, ''ਪੰਜਾਬੀ ਅਜਿਹੀਆਂ ਪਾਰਟੀਆਂ 'ਤੇ ਕਦੇ ਵੀ ਭਰੋਸਾ ਨਹੀਂ ਕਰ ਸਕਦੇ ਜੋ ਲੋਕਾਂ ਦੇ ਸਾਹਮਣੇ ਇੱਕ-ਦੂਜੇ ਦਾ ਵਿਰੋਧ ਕਰਦੀਆਂ ਹਨ ਪਰ ਆਪਣੇ ਵੋਟਰਾਂ ਦੀਆਂ ਭਾਵਨਾਵਾਂ ਦੇ ਵਿਰੁੱਧ ਹੱਥੀਂ ਸੌਦਾ ਕਰਦੀਆਂ ਹਨ।''

''ਪੰਜਾਬ ਵਿੱਚ ਆਪਣੇ ਹਿੱਤਾਂ ਲਈ ਲੜਨ ਵਾਲੀ ਕਾਂਗਰਸ ਪਾਰਟੀ 'ਤੇ ਪੰਜਾਬੀਆਂ ਨੂੰ ਕਦੇ ਵੀ ਭਰੋਸਾ ਨਹੀਂ ਹੋ ਸਕਦਾ ਕਿਉਂਕਿ ਅਜਿਹਾ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਆਪਣੇ ਭ੍ਰਿਸ਼ਟ ਆਗੂਆਂ ਵਿਰੁੱਧ ਕਾਰਵਾਈ ਨੂੰ ਰੋਕਣ ਲਈ 'ਆਪ' ਦਾ ਸਮਰਥਨ ਕਰਨਾ ਚੁਣਿਆ ਹੈ।''

  • 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਭਾਜਪਾ ਖ਼ਿਲਾਫ਼ ਇਕਜੁੱਟ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ
  • ਇਸ ਦੇ ਤਹਿਤ 17-18 ਜੁਲਾਈ ਨੂੰ ਕਰਨਾਟਕ ਦੇ ਬੈਂਗਲੁਰੂ ਵਿੱਚ 24 ਪਾਰਟੀਆਂ ਦੀ ਸਾਂਝੀ ਬੈਠਕ ਹੋ ਰਹੀ ਹੈ
  • ਪਹਿਲਾਂ ਆਮ ਆਦਮੀ ਪਾਰਟੀ ਦੇ ਇਸ ਬੈਠਕ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ
  • ਪਰ ਫਿਲਹਾਲ ਆਮ ਆਦਮੀ ਪਾਰਟੀ ਵੀ ਇਸ ਬੈਠਕ 'ਚ ਸ਼ਾਮਲ ਹੋ ਰਹੀ ਹੈ
  • ਬੈਠਕ ਦਾ ਉਦੇਸ਼ ਆਉਂਦੀਆਂ ਆਮ ਚੋਣਾਂ ਵਿੱਚ ਮਿਲ ਕੇ ਭਾਜਪਾ ਨੂੰ ਮੁਕਾਬਲਾ ਦੇਣਾ ਮੰਨਿਆ ਜਾ ਰਿਹਾ ਹੈ
  • ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ 'ਚ ਸਿਆਸੀ ਪਾਰਟੀਆਂ ਵੱਲੋਂ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਦੀ ਕੋਸ਼ਿਸ਼ ਹੋਵੇਗੀ
  • ਦੂਜੇ ਪਾਸੇ ਭਾਜਪਾ ਨੇ ਵੀ ਵਿਰੋਧੀ ਪਾਰਟੀਆਂ ਦੀ ਤਿਆਰੀ ਦੇਖਦੇ ਹੋਏ ਆਪਣੀ ਕਮਰ ਕੱਸ ਲਈ ਹੈ
  • ਭਾਜਪਾ ਨੇ ਵੀ 18 ਜੁਲਾਈ ਨੂੰ ਦਿੱਲੀ ਵਿੱਚ ਐਨਡੀਏ ਦੀ ਬੈਠਕ ਬੁਲਾਈ ਹੈ
  • ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਸਮੇਤ ਭਾਜਪਾ ਦੇ ਹੋਰ ਪੁਰਾਣੇ ਸਾਥੀਆਂ ਤੇ ਕਈ ਛੋਟੀਆਂ ਪਾਰਟੀਆਂ ਦੇ ਆਉਣ ਦੀ ਉਮੀਦ ਹੈ

ਕੀ ਕਹਿੰਦੇ ਹਨ ਮਾਹਰ

ਪੰਜਾਬ ਦੀ ਸਿਆਸਤ 'ਚ ਇਸ ਸਭ ਦਾ ਕੀ ਅਸਰ ਪਵੇਗਾ, ਇਸ ਬਾਰੇ ਬੀਬੀਸੀ ਪੱਤਰਕਾਰ ਅਰਸ਼ਦੀਪ ਕੌਰ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਮੁਹੰਮਦ ਖਾਲਿਦ ਨਾਲ ਗੱਲਬਾਤ ਕੀਤੀ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ ਕਿ ''ਕੌਮੀ ਪੱਧਰ 'ਤੇ ਐਂਟੀ-ਭਾਜਪਾ ਫਰੰਟ ਬਣ ਰਿਹਾ ਹੈ। ਉਸ 'ਚ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਰਹੀਆਂ ਹਨ। ਇਹ ਸਮੱਸਿਆ ਇੱਕਲੇ ਪੰਜਾਬ ਦੀ ਨਹੀਂ ਹੈ।''

ਉਹ ਕਹਿੰਦੇ ਹਨ ਕਿ ''ਕੌਮੀ ਪੱਧਰ 'ਤੇ ਉਨ੍ਹਾਂ ਦੀ ਆਪਣੀ ਸਮਝ ਇੱਕ ਵੱਖਰੀ ਚੀਜ਼ ਰਹੇਗੀ ਤੇ ਸੂਬਾ ਪੱਧਰ 'ਤੇ ਹੋ ਸਕਦਾ ਹੈ ਕਿ ਕੁਝ ਅਜਿਹਾ ਹੋ ਜਾਵੇ ਕਿ ਕੁਝ ਸੀਟਾਂ 'ਤੇ 'ਆਪ' ਲੜ ਲਵੇ ਤੇ ਕੁਝ 'ਤੇ ਕਾਂਗਰਸ।''

ਉਨ੍ਹਾਂ ਮੁਤਾਬਕ, ਵਿਆਪਕ ਤੌਰ 'ਤੇ ਇਹ ਮੁੱਦਾ ਕੌਮੀ ਪੱਧਰ 'ਤੇ ਡਿਸਕਸ ਹੋਵੇਗਾ ਕਿਉਂਕਿ ਇਹ ਮੁੱਦਾ ਇਸ ਵੇਲੇ ਕੌਮੀ ਪੱਧਰ 'ਤੇ ਬਹੁਤ ਵੱਡਾ ਹੈ ਤੇ ਅਜਿਹੇ 'ਚ ਸੂਬਾਈ ਮੁੱਦਿਆਂ ਨੂੰ ਕਿਵੇਂ ਹੱਲ ਕਰਨਾ ਹੈ, ਹੋ ਸਕਦਾ ਹੈ ਇਸ ਬੈਠਕ ਤੋਂ ਇਸ ਬਾਰੇ ਕੁਝ ਸੰਕੇਤ ਮਿਲਣ।

ਪਰ ਉਹ ਇਹ ਵੀ ਕਹਿੰਦੇ ਹਨ ਕਿ ਪੰਜਾਬ 'ਚ ਇਹ ਮੁੱਦਾ ਕਾਫੀ ਵੱਡਾ ਹੈ ਕਿਉਂਕਿ ਦਿੱਲੀ ਤੋਂ ਬਾਅਦ ਪੰਜਾਬ ਹੀ ਅਜਿਹਾ ਸੂਬਾ ਹੈ ਜਿਥੇ 'ਆਪ' ਦੀ ਸਰਕਾਰ ਹੈ ਅਤੇ ਉਨ੍ਹਾਂ ਦੀ ਸਿੱਧੀ ਟੱਕਰ ਕਾਂਗਰਸ ਨਾਲ ਹੈ।

''ਦੋ ਸੂਬੇ ਹੀ ਨੇ, ਦਿੱਲੀ ਅਤੇ ਪੰਜਾਬ ਜਿੱਥੇ ਕਾਂਗਰਸ ਦੀ ਲੋਕਲ ਲੀਡਰਸ਼ਿਪ ਨੇ ਇਸ ਸਾਰੇ ਈਵੈਂਟ ਦਾ ਵਿਰੋਧ ਕੀਤਾ ਹੈ. ਹੁਣ ਜਦੋਂ ਬੈਠਕ ਹੋ ਰਹੀ ਹੈ ਤਾਂ ਉਦੋਂ ਉਹ ਚੁੱਪ ਨੇ। ਉਹ ਵੀ ਇੰਤਜ਼ਾਰ ਕਰ ਰਹੇ ਹਨ ਕਿ ਕਿਸ ਤਰੀਕੇ ਨਾਲ ਇਹ ਮੁੱਦੇ ਹੱਲ ਕੀਤੇ ਜਾ ਸਕਦੇ ਹਨ।''

''ਪੰਜਾਬ 'ਚ 'ਆਪ' ਤੇ ਕਾਂਗਰਸ ਇੱਕ ਦੂਜੇ ਦੇ ਵਿਰੋਧੀ ਹਨ ਅਤੇ ਚੋਣਾਂ 'ਚ 'ਆਪ' ਨੇ ਕਾਂਗਰਸ ਨੂੰ ਹਰਾ ਕੇ ਸੱਤਾ ਲਈ ਸੀ। ਅਜੇ ਅਕਾਲੀ ਦਲ ਦੇ ਮੁੜ ਮਜ਼ਬੂਤ ਹੋਣ ਦੇ ਸੰਕੇਤ ਘੱਟ ਲੱਗ ਰਹੇ ਹਨ ਅਤੇ ਸੂਬੇ 'ਚ 'ਆਪ' ਬਨਾਮ ਕਾਂਗਰਸ ਹੀ ਰਹੇਗੀ।''

ਉਹ ਕਹਿੰਦੇ ਹਨ ਹਾਲਾਂਕਿ ਚੋਣਾਂ ਦੇ ਮਾਮਲੇ ਵਿੱਚ ਬਹੁਤ ਕੁਝ ਸੀਟ-ਸੀਟ 'ਤੇ ਵੀ ਨਿਰਭਰ ਕਰਦਾ ਹੈ ਪਰ ''ਜੇ ਲੋਕਾਂ ਦੇ ਮਨ 'ਚ ਇਹ ਗੱਲ ਪੈ ਜਾਵੇ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਤਾਂ ਆਪਸ 'ਚ ਮਿਲ ਗਏ, ਤਾਂ ਇਸ ਦਾ ਫਾਇਦਾ ਅਕਾਲੀ ਦਲ ਨੂੰ ਹੋਵੇਗਾ।

ਜਗਤਾਰ ਸਿੰਘ ਕਹਿੰਦੇ ਹਨ ਕਿ ''ਅਜੇ ਕੁਝ ਵੀ ਪੱਕੇ ਤੌਰ 'ਤੇ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਚੁਣੌਤੀ ਬਹੁਤ ਵੱਡੀ ਹੈ, ਪੰਜਾਬ 'ਚ ਵੀ ਤੇ ਹੋਰ ਸੂਬਿਆਂ 'ਚ ਵੀ।''

ਪ੍ਰੋਫੈਸਰ ਖਾਲਿਦ ਦਾ ਕਹਿਣਾ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ 'ਚ ਏਕਤਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ, ''ਆਮ ਆਦਮੀ ਪਾਰਟੀ ਹੁਣ ਇੱਕ ਕੌਮੀ ਪਾਰਟੀ ਹੈ ਤੇ ਪੰਜਾਬ ਕਾਂਗਰਸ ਦਾ ਦਬਾਅ ਸੀ ਕਿ ਆਮ ਆਦਮੀ ਪਾਰਟੀ ਦੇ ਵਿਰੋਧ ਨੂੰ ਸਮਰਥਨ ਨਾ ਦੇਵੋ। ਤੇ ਹੁਣ ਇਸ ਸਥਿਤੀ 'ਚ ਪੰਜਾਬ ਦੀਆਂ ਖੇਤਰੀ ਪਾਰਟੀਆਂ ਵੀ ਦੋ ਖੇਮਿਆਂ 'ਚ ਵੰਡੀਆਂ ਨਜ਼ਰ ਆ ਰਹੀਆਂ ਹਨ।''

''ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਨੇ ਇਹ ਨਹੀਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਹਾਂ, ਉਨ੍ਹਾਂ ਇਹ ਕਿਹਾ ਹੈ ਕਿ ਅਸੀਂ ਆਰਡੀਨੈਂਸ ਦਾ ਵਿਰੋਧ ਕਰਦੇ ਹਾਂ, ਅਤੇ ਇਸ ਦਾ ਅਸਰ ਬੇਸ਼ੱਕ ਪੰਜਾਬ ਅਤੇ ਦਿੱਲੀ ਦੀ ਯੂਨਿਟ 'ਤੇ ਪਵੇਗਾ।''

ਪ੍ਰੋਫੈਸਰ ਖਾਲਿਦ ਕਹਿੰਦੇ ਹਨ ਕਿ ''ਇਹ ਤਾਂ ਕਾਂਗਰਸ ਪ੍ਰਧਾਨ ਖੜਗੇ ਨੂੰ ਸੂਬਾ ਅਤੇ ਕੇਂਦਰ ਯੂਨਿਟ 'ਚ ਬੈਲੇਂਸ ਬਣਾਉਂਣਾ ਪਵੇਗਾ ਕਿ ਵੱਡੇ ਪੱਧਰ 'ਤੇ ਅਜਿਹਾ ਕਰਨਾ ਜ਼ਰੂਰੀ ਹੈ।''

''ਅਕਾਲੀ ਦਲ ਤੇ ਭਾਜਪਾ ਕਹਿਣਗੇ ਕਿ 'ਆਪ' ਤੇ ਕਾਂਗਰਸ ਤਾਂ ਇਕੱਠੇ ਹਨ, ਇਸ ਤਰ੍ਹਾਂ ਕਈ ਸੂਬਿਆਂ 'ਚ ਕਾਂਗਰਸ ਲਈ ਅਜਿਹੀਆਂ ਮੁਸ਼ਕਿਲਾਂ ਆਉਣਗੀਆਂ।''

17-18 ਜੁਲਾਈ ਦੀ ਬੈਠਕ ਦਾ ਮਕਸਦ ਕੀ ਹੈ?

ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਇਸ ਬੈਠਕ ਵਿੱਚ ਸਿਆਸੀ ਪਾਰਟੀਆਂ ਵੱਲੋਂ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਭਾਜਪਾ ਦੇ ਖਿਲਾਫ਼ ਇਕਜੁੱਟ ਸਮੂਹ ਦਾ ਕੋਈ ਨਾਂ ਵੀ ਰੱਖਿਆ ਜਾ ਸਕਦਾ ਹੈ।

ਇੰਡੀਅਨ ਐਕਸਪ੍ਰੈਸ ਲਿਖਦਾ ਹੈ ਕਿ ਫਿਲਹਾਲ ਅਜਿਹਾ ਲੱਗਦਾ ਹੈ ਕਿ ਵਿਰੋਧੀ ਪਾਰਟੀਆਂ ਇਨ੍ਹਾਂ ਮੁੱਦਿਆਂ 'ਤੇ ਇਕਮਤ ਨਹੀਂ ਹਨ। ਕੁਝ ਪਾਰਟੀਆਂ ਦਾ ਮੰਨਣਾ ਹੈ ਕਿ ਵਿਰੋਧੀ ਏਕਤਾ ਨੂੰ ਕੋਈ ਨਾਂ ਦੇਣਾ ਅਜੇ ਜਲਦਬਾਜ਼ੀ ਹੋਵੇਗੀ।

ਉਂਝ, ਵਿਰੋਧੀ ਇਕੱਠ ਨੂੰ ਨਾਂ ਦੇਣ ਦੀ ਵਕਾਲਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਨਾਂ ਦੇਣ ਨਾਲ ਹੀ ਫਾਰਮੈਟ ਸਮਝਿਆ ਜਾਵੇਗਾ ਅਤੇ ਇਹ ਨਜ਼ਰ ਆਵੇਗਾ ਕਿ ਕਿਸੇ ਇੱਕ ਮਕਸਦ ਤਹਿਤ ਕੰਮ ਹੋ ਰਿਹਾ ਹੈ।

ਕਈ ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਇਸ ਬੈਠਕ ਦਾ ਮੁੱਖ ਮਕਸਦ ਸੀਟ ਸ਼ੇਅਰਿੰਗ 'ਤੇ ਗੱਲ ਕਰਨਾ ਹੋ ਸਕਦਾ ਹੈ।

ਵਿਰੋਧੀ ਪਾਰਟੀਆਂ ਦੀ ਇਹ ਮੀਟਿੰਗ ਇਸ ਲਈ ਵੀ ਅਹਿਮ ਹੈ ਕਿਉਂਕਿ ਮਹਾਰਾਸ਼ਟਰ ਵਿੱਚ ਸਿਆਸੀ ਫੇਰਬਦਲ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋ ਰਹੀ ਹੈ।

ਭਾਜਪਾ ਇਸ ਦੇ ਖ਼ਿਲਾਫ਼ ਕੀ ਤੋੜ ਲੱਭ ਰਹੀ

ਦੂਜੇ ਪਾਸੇ ਭਾਜਪਾ ਨੇ ਵੀ 18 ਜੁਲਾਈ ਨੂੰ ਦਿੱਲੀ ਵਿੱਚ ਐਨਡੀਏ ਦੀ ਬੈਠਕ ਬੁਲਾਈ ਹੈ।

ਦਰਅਸਲ, ਬੀਤੇ ਦਿਨੀਂ ਪਟਨਾ 'ਚ ਵਿਰੋਧੀ ਧਿਰਾਂ ਦੀ ਬੈਠਕ ਤੋਂ ਬਾਅਦ ਅਚਾਨਕ ਸਿਆਸੀ ਹਲਚਲ ਤੇਜ਼ ਹੋ ਗਈ ਸੀ।

ਪਟਨਾ ਦੀ ਬੈਠਕ 'ਚ ਨਿਤੀਸ਼ ਕੁਮਾਰ ਅਤੇ ਲਾਲੂ ਯਾਦਵ ਤੋਂ ਇਲਾਵਾ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ, ਕਾਂਗਰਸ ਨੇਤਾ ਰਾਹੁਲ ਗਾਂਧੀ, ਸ਼ਰਦ ਪਵਾਰ, ਊਧਵ ਠਾਕਰੇ, ਹੇਮੰਤ ਸੋਰੇਨ, ਅਖਿਲੇਸ਼ ਯਾਦਵ, ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ, ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ ਅਤੇ ਕਈ ਹੋਰ ਮੌਜੂਦ ਸਨ।

ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਨੇ ਫੈਸਲਾ ਕੀਤਾ ਕਿ ਉਹ ਭਾਜਪਾ ਦੇ ਖਿਲਾਫ ਆਗਾਮੀ ਲੋਕ ਸਭਾ ਚੋਣਾਂ ਇੱਕਜੁੱਟ ਹੋ ਕੇ ਲੜਨਗੇ।

ਇਸ ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ ਜੁਲਾਈ ਵਿੱਚ ਵਿਰੋਧੀ ਪਾਰਟੀਆਂ ਇੱਕ ਵਾਰ ਫਿਰ ਸ਼ਿਮਲਾ ਵਿੱਚ ਇਕੱਠੀਆਂ ਹੋਣਗੀਆਂ ਅਤੇ ਫਿਰ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਪਰ ਬਰਸਾਤੀ ਮੌਸਮ ਕਾਰਨ ਹੁਣ ਇਹ ਬੈਠਕ ਕਰਨਾਟਕ ਦੇ ਬੈਂਗਲੁਰੂ ਵਿੱਚ ਹੋ ਰਹੀ ਹੈ।

ਇਸ ਦੇ ਨਾਲ ਹੀ ਸੱਤਾਧਾਰੀ ਭਾਜਪਾ ਨੇ ਵੀ ਆਪਣੇ ਕਿਲ੍ਹੇ ਨੂੰ ਮਜ਼ਬੂਤ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਕਈ ਸੂਬਿਆਂ ਦੇ ਸੂਬਾ ਪ੍ਰਧਾਨ ਬਦਲ ਦਿੱਤੇ ਹਨ। ਪਾਰਟੀ ਨੇ ਜਿਨ੍ਹਾਂ ਸੂਬਿਆਂ 'ਚ ਇਹ ਬਦਲਾਅ ਕੀਤੇ ਹਨ, ਉਨ੍ਹਾਂ 'ਚ ਪੰਜਾਬ, ਤੇਲੰਗਾਨਾ, ਝਾਰਖੰਡ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ।

ਇਸ ਦੇ ਨਾਲ ਹੀ ਭਾਜਪਾ ਆਪਣੇ ਪੁਰਾਣੇ ਸਹਿਯੋਗੀਆਂ ਨੂੰ ਮੁੜ ਆਪਣੇ ਨਾਲ ਜੋੜਨ ਵਿੱਚ ਲੱਗੀ ਹੋਈ ਹੈ ਅਤੇ 18 ਤਾਰੀਖ ਨੂੰ ਹੋਣ ਵਾਲੀ ਬੈਠਕ ਇਸੇ ਸਬੰਧੀ ਹੋ ਸਕਦੀ ਹੈ।

'ਇੰਡੀਅਨ ਐਕਸਪ੍ਰੈਸ' ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਐਨਡੀਏ ਦੇ ਨਵੇਂ ਅਤੇ ਪੁਰਾਣੇ ਸਹਿਯੋਗੀਆਂ ਸਮੇਤ ਕੁੱਲ 19 ਪਾਰਟੀਆਂ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ।

ਸੂਤਰਾਂ ਮੁਤਾਬਕ, ਕਈ ਹੋਰ ਪਾਰਟੀਆਂ ਸਮੇਤ ਪੰਜਾਬ 'ਚ ਭਾਜਪਾ ਦੀ ਪੁਰਾਣੀ ਭਾਈਵਾਲ ਰਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮੁੜ ਸ਼ਾਮਲ ਕਰਨ ਦੀ ਕੋਸ਼ਿਸ਼ ਹੈ।

ਹਾਲਾਂਕਿ ਅਕਾਲੀ ਦਲ ਸਮੇਤ ਕਿਸੇ ਵੀ ਪਾਰਟੀ ਨੇ ਅਜੇ ਬੈਠਕ 'ਚ ਸ਼ਾਮਲ ਹੋਣ ਬਾਰੇ ਕੁਝ ਨਹੀਂ ਕਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)