ਇਮਰਾਨ ਖ਼ਾਨ : ਤੋਸ਼ਾਖਾਨਾ ਮਾਮਲੇ 'ਚ 30 ਮਾਰਚ ਤੱਕ ਟਲੀ ਸੁਣਵਾਈ, ਇਮਰਾਨ ਦੀ ਗ੍ਰਿਫ਼ਤਾਰੀ ਦਾ ਵਾਰੰਟ ਵੀ ਰੱਦ

ਤਸਵੀਰ ਸਰੋਤ, The BBC
- ਇਮਰਾਨ ਖ਼ਾਨ ਖ਼ਿਲਾਫ਼ ਤੋਸ਼ਾਖਾਨੇ ਮਾਮਲੇ ਦੀ ਸੁਣਵਾਈ 30 ਮਾਰਚ ਤੱਕ ਟਲੀ
- ਇਮਰਾਨ ਦੀ ਗ੍ਰਿਫ਼ਤਾਰੀ ਦਾ ਵਾਰੰਟ ਵੀ ਰੱਦ ਕਰ ਦਿੱਤਾ ਗਿਆ ਹੈ
- ਇਸ ਤੋਂ ਪਹਿਲਾ ਇਮਰਾਨ ਨੇ ਅਦਾਲਤ ਵਿੱਚ ਦਾਖਲ ਨਾ ਹੋ ਸਕਣ ਦੀ ਗੱਲ ਕਹੀ ਸੀ
- ਉਨ੍ਹਾਂ ਕਿਹਾ ਸੀ- 'ਅਸੀਂ 15 ਮਿੰਟ ਤੋਂ ਬਾਹਰ ਖੜ੍ਹੇ ਹਾਂ, ਸਾਰਾ ਡਰਾਮਾ ਗ੍ਰਿਫ਼ਤਾਰੀ ਲਈ ਹੈ'
- ਇਮਰਾਨ ਦੇ ਸਮਰਥਕਾਂ ਅਤੇ ਪੁਲਿਸ ਵਿਚਕਾਰ ਟਕਰਾਅ ਅਜੇ ਵੀ ਜਾਰੀ
- ਇਸਲਾਮਾਬਾਦ ਵਿੱਚ ਧਾਰਾ 144 ਲਗਾਈ ਗਈ ਹੈ ਅਤੇ 4000 ਪੁਲਿਸ ਕਰਮੀ ਤੈਨਾਤ ਹਨ
- ਕੰਟੇਨਰਾਂ ਨਾਲ ਪੁਲਿਸ ਨੇ ਅਦਾਲਤੀ ਕੰਪਲੈਕਸ ਦੀ ਘੇਰਾਬੰਦੀ ਕੀਤੀ ਹੋਈ ਹੈ

ਇਸਲਾਮਾਬਾਦ ਜ਼ਿਲ੍ਹਾ ਅਦਾਲਤ ਨੇ ਤੋਸ਼ਾਖਾਨਾ ਮਾਮਲੇ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਮਾਮਲੇ ਦੀ ਸੁਣਵਾਈ ਨੂੰ 30 ਮਾਰਚ ਤੱਕ ਟਾਲ ਦਿੱਤਾ ਹੈ।
ਇਸ ਦੇ ਨਾਲ ਅਦਾਲਤ ਨੇ ਇਮਰਾਨ ਖ਼ਾਨ ਦੀ ਗਿਰਫਤਾਰੀ ਦੇ ਵਾਰੰਟ ਨੂੰ ਇਹ ਕਹਿੰਦਿਆਂ ਹੋਇਆਂ ਰੱਦ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ 30 ਮਾਰਚ ਨੂੰ ਅਦਾਲਤ ਅੱਗੇ ਪੇਸ਼ ਹੋਣਾ ਪਵੇਗਾ।
ਅਦਾਲਤ ਨੇ ਕਿਹਾ ਹੈ ਕਿ ਇਮਰਾਨ ਨੂੰ 30 ਮਾਰਚ ਨੂੰ ਪੇਸ਼ ਹੋਣਾ ਪਵੇਗਾ, ਹਾਲਾਂਕਿ ਇਹ ਇੱਕ ਵੱਖਰਾ ਮੁੱਦਾ ਹੈ ਕਿ ਉਸ ਵੇਲੇ ਕੀ ਸਥਿਤੀ ਹੋਵੇਗੀ।
ਇਸ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਵੀ ਅਦਾਲਤ ਤੋਂ ਵਾਪਸ ਪਰਤ ਗਏ ਹਨ।

ਤਸਵੀਰ ਸਰੋਤ, Reuters
ਇਸ ਤੋਂ ਪਹਿਲਾਂ ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਉਹ ਵਾਪਸ ਨਹੀਂ ਜਾਣਗੇ।
ਉਨ੍ਹਾਂ ਕਿਹਾ, ''ਉਨ੍ਹਾਂ ਨੇ (ਮੈਨੂੰ) ਫੜ੍ਹਨ ਦਾ ਫੈਸਲਾ ਕੀਤਾ ਹੋਇਆ ਹੈ ਤੇ ਇਹ ਸਾਰਾ ਡਰਾਮਾ ਆਈਸੋਲੇਟ ਕਰਕੇ ਫੜ੍ਹਨ ਲਈ ਕੀਤਾ ਜਾ ਰਿਹਾ ਹੈ ਤੇ ਮੈਂ ਤਿਆਰ ਹਾਂ।''
ਇਹ ਪੁੱਛੇ ਜਾਣ 'ਤੇ ਕਿ ਤੁਸੀਂ ਵਾਪਸ ਕਿਉਂ ਨਹੀਂ ਜਾ ਰਹੇ, ਇਮਰਾਨ ਨੇ ਕਿਹਾ, ''ਵਾਰੰਟ ਕੱਢ ਦੇਣਗੇ, ਮੈਂ ਵਾਪਸ ਕਿਉਂ ਜਾਵਾਂ? ਇਹ ਮੈਨੂੰ ਭਗੌੜਾ ਕਰਾਰ ਦੇ ਦੇਣਗੇ। ਮੈਂ ਅਦਾਲਤ ਜਾਵਾਂਗਾ। ਮੈਂ ਵਾਪਸ ਕਿਉਂ ਜਾਵਾਂ?''
ਹਾਲਾਂਕਿ, ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਡਰ ਤੋਂ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰਾ ਪਾ ਰੱਖਿਆ ਸੀ।
ਇਸ ਤੋਂ ਪਹਿਲਾਂ ਇਮਰਾਨ ਦੇ ਪਹੁੰਚਣ ਤੋਂ ਬਾਅਦ ਵੀ ਅਦਾਲਤ ਪਰਿਸਰ ਵਿੱਚ ਪੱਥਰਬਾਜ਼ੀ ਹੋਈ ਅਤੇ ਹੰਝੂ ਗੈਸ ਛੱਡੀ ਗਈ, ਜਿਸ ਕਾਰਨ ਅਦਾਲਤ ਵੱਲੋਂ ਇਮਰਾਨ ਖਾਨ ਨੂੰ ਕਾਰ ਵਿੱਚ ਹੀ ਰਹਿਣ ਦੇ ਹੁਕਮ ਦਿੱਤੇ ਗਏ ਸਨ।
ਇਸ ਤੋਂ ਪਹਿਲਾਂ ਕੀ-ਕੀ ਵਾਪਰਿਆ
ਇਸ ਤੋਂ ਪਹਿਲਾਂ, ਇਮਰਾਨ ਖ਼ਾਨ ਦਾ ਕਹਿਣਾ ਸੀ ਕਿ ਉਹ ਪਿਛਲੇ 15 ਮਿੰਟ ਤੋਂ (ਅਦਾਲਤ) ਦੇ ਬਾਹਰ ਖੜ੍ਹੇ ਸਨ।
ਇਮਰਾਨ ਖਾਨ ਨੇ ਇੱਕ ਆਡੀਓ ਮੈਸੇਜ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਨੂੰ ਸੜਕ ਮਾਰਗ ਰਾਹੀਂ ਅਦਾਲਤ ਪਹੁੰਚਣ ਵਿੱਚ 5 ਘੰਟੇ ਦਾ ਸਮਾਂ ਲੱਗਾ ਹੈ।
ਇਮਰਾਨ ਮੁਤਾਬਕ, ਪੁਲਿਸ ਨੇ ਪਾਣੀ ਦੀ ਬੁਛਾੜਾਂ ਵਾਲੇ ਟੈਂਕਰ ਲਗਾਏ ਹੋਏ ਹਨ।
ਇਮਰਾਨ ਨੇ ਦਾਅਵਾ ਕੀਤਾ ਕਿ ਉਹ ਪਿਛਲੇ 15 ਮਿੰਟ ਤੋਂ (ਅਦਾਲਤ) ਦੇ ਦਰਵਾਜ਼ੇ 'ਤੇ ਖੜ੍ਹੇ ਹਨ।

ਤਸਵੀਰ ਸਰੋਤ, Islamabad Police
ਦੂਜੇ ਪਾਸੇ, ਪਾਕਿਸਤਾਨ ਸਰਕਾਰ ਦੇ ਬੁਲਾਰੇ ਅੱਤਾ ਤਰ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਮਰਾਨ ਖ਼ਾਨ ਦੀ ਕਾਰ ਅਦਾਲਤ ਪਰਿਸਰ 'ਚ ਪਹੁੰਚ ਤਾਂ ਚੁੱਕੀ ਹੈ ਪਰ ਉਹ ਕਾਰ ਤੋਂ ਬਾਹਰ ਨਹੀਂ ਆ ਰਹੇ।
ਉਨ੍ਹਾਂ ਕਿਹਾ ਕਿ ਅਦਾਲਤ ਖੁੱਲ੍ਹੀ ਹੈ, ਵਕੀਲ ਮੌਜੂਦ ਹਨ ਪਰ ਇਮਰਾਨ ਖਾਨ ਆਪਣੀ ਕਾਰ ਅੰਦਰ ਨਹੀਂ ਲਿਆ ਰਹੇ।
ਦੱਸ ਦੇਈਏ ਕਿ ਇਮਰਾਨ, ਤੋਸ਼ਾਖ਼ਾਨਾ ਮਾਮਲੇ ਵਿੱਚ ਸੰਮਨ ਜਾਰੀ ਹੋਣ ਤੋਂ ਬਾਅਦ ਕੋਰਟ ਪਹੁੰਚ ਰਹੇ ਹਨ।
ਇਸ ਸਬੰਧੀ ਇਸਲਾਮਾਬਾਦ ਅਦਾਲਤੀ ਕੰਪਲੈਕਸ ਦੇ ਬਾਹਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਹਾਲਾਂਕਿ, ਇਮਰਾਨ ਦੇ ਸਮਰਥਕਾਂ ਅਤੇ ਪੁਲਿਸ ਵਿਚਕਾਰ ਟਕਰਾਅ ਅਜੇ ਵੀ ਜਾਰੀ ਹੈ ਅਤੇ ਉਨ੍ਹਾਂ ਨੇ ਅਦਾਲਤ ਦੇ ਬਾਹਰ ਮਜੂਦ ਪੁਲਿਸ ਚੌਕੀ ਨੂੰ ਅੱਗ ਲਗਾ ਦਿੱਤੀ ਹੈ।
ਬੀਬੀਸੀ ਪੱਤਰਕਾਰ ਸਹਿਰ ਬਲੋਚ ਮੁਤਾਬਕ, ਸਮਰਥਕਾਂ ਨੂੰ ਅਦਾਲਤ ਪਰਿਸਰ ਤੋਂ ਦੂਰ ਰੱਖਣ ਲਈ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਜਵਾਬ ਵਿੱਚ ਇਮਰਾਨ ਸਮਰਥਕ ਪੁਲਿਸ 'ਤੇ ਪੱਥਰਬਾਜ਼ੀ ਕਰ ਰਹੇ ਹਨ।

ਤਸਵੀਰ ਸਰੋਤ, Islamabad Police
ਇਸਲਾਮਾਬਾਦ ਦੇ ਆਈਜੀ ਨੇ ਕਿਹਾ ਹੈ ਕਿ ਪੁਲਿਸ ਉੱਤੇ ਪੱਥਰਬਾਜ਼ੀ ਕੀਤੀ ਗਈ ਹੈ ਅਤੇ ਇਸ ਵਿੱਚ ਕੁਝ ਨੌਜਵਾਨ ਪੁਲਿਸ ਕਰਮੀ ਜ਼ਖਮੀ ਵੀ ਹੋਏ ਹਨ।
ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਵੀ ਹੰਝੂ ਗੈਸ ਦਾ ਇਸਤੇਮਾਲ ਕੀਤਾ ਹੈ।
ਉੱਧਰ, ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦਾ ਇਲਜ਼ਾਮ ਹੈ ਕਿ ਇਮਰਾਨ ਤਾਂ ਅਦਾਲਤ ਦੀ ਸੁਣਵਾਈ ਲਈ ਪਹੁੰਚ ਚੁੱਕੇ ਹਨ ਪਰ ਕਾਰਵਾਈ ਨੂੰ ਅੱਗੇ ਤੁਰਨ ਲਈ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ।
ਬੀਬੀਸੀ ਉਰਦੂ ਮੁਤਾਬਕ, ਪੀਟੀਆਈ ਆਗੂ ਰੌਫ਼ ਹਸਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਕੋਈ ਹਿੰਸਾ ਨਹੀਂ ਕੀਤੀ ਜਾ ਰਹੀ ਹੈ ਬਲਕਿ ਇਮਰਾਨ ਅਤੇ ਤਹਿਰੀਕ ਏ ਇਨਸਾਫ਼ ਦੇ ਆਗੂਆਂ 'ਤੇ ਸਟੇਟ ਵੱਲੋਂ ਹਿੰਸਾ ਕੀਤੀ ਜਾ ਰਹੀ ਹੈ।

ਇਮਰਾਨ ਖ਼ਾਨ ਦੇ ਘਰ ਦਾ ਦਰਵਾਜ਼ਾ ਤੋੜਿਆ
ਇਸ ਤੋਂ ਪਹਿਲਾਂ ਇਮਰਾਨ ਦੇ ਘਰ ਦੇ ਬਾਹਰ ਭਾਰੀ ਪੁਲਿਸ ਬਲ ਮੌਜੂਦ ਸੀ।
ਬੀਬੀਸੀ ਪੱਤਰਕਾਰ ਤਰਹਬ ਅਸਗਰ ਮੁਤਾਬਕ, ਪੁਲਿਸ ਨੇ ਇਮਰਾਨ ਖ਼ਾਨ ਦੇ ਘਰ ਦਾ ਦਰਵਾਜ਼ਾ ਤੋੜ ਦਿੱਤਾ ਸੀ ਅਤੇ ਅੰਦਰ ਵੜ ਗਈ ਸੀ।
ਪਿਛਲੇ ਕਈ ਦਿਨਾਂ ਤੋਂ ਇਸਲਾਮਾਬਾਦ ਪੁਲਿਸ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ।
ਲਾਹੌਰ ਵਿਚਲੇ ਜ਼ਮਾਨ ਪਾਰਕ ਇਲਾਕੇ ਦੇ ਉਨ੍ਹਾਂ ਦੇ ਘਰ ਦੇ ਬਾਹਰ ਪੀਟੀਆਈ ਵਰਕਰਾਂ ਅਤੇ ਪੁਲਿਸ ਵਿਚਾਲੇ ਕਾਫ਼ੀ ਹਿੰਸਕ ਝੜਪਾਂ ਵੀ ਹੋਈਆਂ ਸਨ।
ਇਸਲਾਮਾਬਾਦ ਅਦਾਲਤ ਦੇ ਇਮਰਾਨ ਖਾਨ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣ ਤੱਕ ਗ੍ਰਿਫਤਾਰ ਕਰਨ ਉੱਤੇ ਰੋਕ ਲਾ ਦਿੱਤੀ ਸੀ ,ਜਿਸ ਕਾਰਨ ਲਾਹੌਰ ਵਿੱਚ ਅਮਨ ਸ਼ਾਂਤੀ ਬਹਾਲ ਹੋਈ ਸੀ।
ਗੱਡੀਆਂ ਪਲਟੀਆਂ ਤੇ ਲਾਹੌਰ ਵਿਚ ਸਖ਼ਤੀ

ਤੋਸ਼ਾਖਾਨਾ ਮਾਮਲੇ ਵਿੱਚ ਲਾਹੌਰ ਤੋਂ ਇਸਲਾਮਾਬਾਦ ਪੇਸ਼ੀ ਭੁਗਤਣ ਜਾ ਰਹੇ ਇਮਰਾਨ ਖਾਨ ਦੇ ਕਾਫ਼ਲੇ ਦੀਆਂ ਤਿੰਨ ਗੱਡੀਆਂ ਆਪੋ ਵਿੱਚ ਟਕਰਾ ਗਈਆਂ ਹਨ। ਜਿਸ ਕਾਰਨ ਕਈ ਸਮਰਥਕ ਜਖ਼ਮੀ ਹੋਏ ਹਨ, ਪਰ ਇਮਰਾਨ ਖਾਨ ਸੁਰੱਖਿਅਤ ਹਨ।
ਹਾਦਸੇ ਤੋਂ ਬਾਅਦ ਕਾਫਲਾ ਕੁਝ ਦੇਰ ਲ਼ਈ ਰੁਕਿਆ ਰਿਹਾ ਤੇ ਜਖ਼ਮੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਅੱਗੇ ਲ਼ਈ ਚਾਲੇ ਪਾਏ।
ਉੱਧਰ ਲਾਹੌਰ ਤੋਂ ਬੀਬੀਸੀ ਪੱਤਰਕਾਰ ਤਰਹਬ ਅਸਗਰ ਦੀ ਰਿਪੋਰਟ ਮੁਤਾਬਕ ਇਮਰਾਨ ਦੀ ਰਿਹਾਇਸ਼ ਵਾਲੇ ਜ਼ਮਾਨ ਪਾਰਕ ਇਲਾਕੇ ਨੂੰ ਖਾਲੀ ਕਰਵਾਉਣ ਲਈ ਪੁਲਿਸ ਨੇ ਵੱਡਾ ਆਪਰੇਸ਼ਨ ਵਿੱਢਿਆ ਹੈ। ਇਲਾਕੇ ਵਿੱਚ ਕੰਟੇਨਰ ਖੜ੍ਹ ਕਰਕੇ ਨਾਕਾਬੰਦੀ ਕੀਤੀ ਜਾ ਰਹੀ ਹੈ।
ਵਾਟਰ ਕੈਨਨ ਅਤੇ ਬਖ਼ਤਰਬੰਦ ਗੱਡੀਆਂ ਮੰਗਵਾਈਆਂ ਗਈਆਂ ਹਨ, ਭਾਵੇਂ ਕਿ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਉਹ ਹੋਰ ਵਾਟਰ ਕੈਨਨ ਦੀ ਵਰਤੋਂ ਨਹੀਂ ਕਰੇਗੀ।

ਇਸ ਕੰਪਲੈਕਸ ਵਿੱਚ ਗੈਰ-ਜ਼ਰੂਰੀ ਲੋਕਾਂ ਦੇ ਆਉਣ ਲਈ ਫ਼ਿਲਹਾਲ ਰੋਕ ਹੈ ਅਤੇ ਵੱਡੀ ਗਿਣਤੀ ਵਿੱਚ ਮੀਡੀਆ ਦੀਆਂ ਟੀਮਾਂ ਉੱਥੇ ਮੌਜੂਦ ਹਨ।
ਇਸਲਾਮਾਬਾਦ ਦੇ ਅਦਾਲਤੀ ਕੰਪਲੈਕਸ ਵਾਲੇ ਜੀ-11 ਖ਼ੇਤਰ ਵਿੱਚ ਵੱਡੇ-ਵੱਡੇ ਕੰਟੇਨਰ ਲਗਾ ਦਿੱਤੇ ਗਏ ਹਨ।
ਇਹੀ ਨਹੀਂ ਕਿਸੇ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਿਸ ਤੇ ਹੋਰ ਏਜੰਸੀਆਂ ਦੀਆਂ ਟੀਮਾਂ ਵੀ ਤੈਨਾਤ ਹਨ।
ਦੱਸ ਦਈਏ ਕਿ ਇਸਲਾਮਾਬਾਦ ਪੁਲਿਸ ਵੱਲੋਂ ਸ਼ਹਿਰ ਵਿੱਚ ਧਾਰਾ 144 ਲਾਗੂ ਹੈ ਅਤੇ ਅਦਾਲਤੀ ਕੰਪਲੈਕਸ ਵਿੱਚ ਕਿਸੇ ਵੀ ਸ਼ਖ਼ਸ ਵੱਲੋਂ ਹਥਿਆਰ ਲੈ ਕੇ ਆਉਣ ਉੱਤੇ ਪਾਬੰਦੀ ਹੈ।

ਇਮਰਾਨ ਖਾਨ ਦੇ ਕੇਸ ਬਾਰੇ ਖਾਸ ਗੱਲਾਂ
- ਇਮਰਾਨ ਖਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਹਨ, ਜੋ ਕੁਝ ਮਹੀਨੇ ਪਹਿਲਾਂ ਹੀ ਸੱਤਾ ਤੋਂ ਬਾਹਰ ਹੋਏ ਹਨ
- ਉਨ੍ਹਾਂ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਤੋਸ਼ਾਖਾਨਾ ਦੀਆਂ ਚੀਜ਼ਾਂ ਸਸਤੀਆਂ ਦਰਾਂ ਉੱਤੇ ਖਰੀਦੀਆਂ ਹਨ
- ਤੋਸ਼ਾ ਖਾਨਾ ਸਰਕਾਰੀ ਵਿਭਾਗ ਹੁੰਦਾ ਹੈ, ਜਿਸ ਵਿੱਚ ਸਰਕਾਰ ਨੂੰ ਮਿਲਣ ਵਾਲੇ ਤੋਹਫ਼ੇ ਜਮ੍ਹਾਂ ਹੁੰਦੇ ਹਨ
- ਇਸੇ ਮਾਮਲੇ ਵਿੱਚ ਪੁਲਿਸ ਵਾਰੰਟ ਲੈ ਕੇ ਇਮਰਾਨ ਨੂੰ ਗ੍ਰਿਫ਼ਤਾਰ ਕਰਨ ਉਸ ਦੇ ਘਰ ਪਹੁੰਚੀ ਸੀ
- ਇਮਰਾਨ ਦੀ ਪਾਰਟੀ ਪੀਟੀਆਈ ਦੇ ਵਰਕਰ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ ਸੜ੍ਹਕਾਂ ਉੱਤੇ ਹਨ

4000 ਪੁਲਿਸ ਮੁਲਾਜ਼ਮ ਤਾਇਨਾਤ

ਇਸਲਾਮਾਬਾਦ ਪੁਲਿਸ ਨੇ ਦੱਸਿਆ ਹੈ ਕਿ ਚਾਰ ਹਜ਼ਾਰ ਪੁਲਿਸ ਮੁਲਾਜ਼ਮ ਅਤੇ ਅਫ਼ਸਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨ ਵੀ ਅਦਾਲਤੀ ਕੰਪਲੈਕਸ ਵਿੱਚ ਤੈਨਾਤ ਕੀਤੇ ਗਏ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੀ ਹੈ ਤੋਸ਼ਾਖ਼ਾਨਾ ਮਾਮਲਾ

ਤਸਵੀਰ ਸਰੋਤ, iMRAN khan
ਤੋਸ਼ਾ ਖਾਨਾ ਇੱਕ ਸਰਕਾਰੀ ਵਿਭਾਗ ਹੁੰਦਾ ਹੈ। ਇੱਥੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਦੂਜੇ ਵੱਡੇ ਅਧਿਕਾਰੀਆਂ ਵੱਲੋਂ ਕਿਸੇ ਦੌਰੇ ਦੌਰਾਨ ਮਿਲੇ ਕੀਮਤੀ ਤੋਹਫ਼ੇ ਰੱਖੇ ਜਾਂਦੇ ਹਨ।
ਕਿਸੇ ਵੀ ਵਿਦੇਸ਼ ਯਾਤਰਾ ਵੇਲੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਇਨ੍ਹਾਂ ਤੋਹਫ਼ਿਆਂ ਦਾ ਰਿਕਾਰਡ ਰੱਖਦੇ ਹਨ ਅਤੇ ਵਤਨ ਵਾਪਸੀ 'ਤੇ ਤੋਸ਼ਾ ਖਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਂਦੇ ਹਨ।
ਤੋਸ਼ਾ ਖਾਨੇ ਵਿੱਚ ਰੱਖੀਆਂ ਚੀਜ਼ਾਂ ਨੂੰ ਯਾਦਗਾਰ ਵਜੋਂ ਦੇਖਿਆ ਜਾਂਦਾ ਹੈ। ਇੱਥੇ ਰੱਖੀਆਂ ਚੀਜ਼ਾਂ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਹੀ ਵੇਚਿਆ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਪਾਕਿਸਤਾਨ 'ਚ ਜੇਕਰ ਮਿਲੇ ਤੋਹਫ਼ੇ ਦੀ ਕੀਮਤ 30 ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਵਿਅਕਤੀ ਇਸ ਨੂੰ ਮੁਫ਼ਤ 'ਚ ਆਪਣੇ ਕੋਲ ਰੱਖ ਸਕਦਾ ਹੈ।
ਉੱਥੇ ਹੀ ਜੇਕਰ ਤੋਹਫ਼ੇ ਦੀ ਕੀਮਤ 30 ਹਜ਼ਾਰ ਰੁਪਏ ਤੋਂ ਵੱਧ ਹੈ, ਤਾਂ ਉਸ ਦੀ ਕੀਮਤ ਦਾ 50 ਫੀਸਦ ਜਮ੍ਹਾਂ ਕਰਵਾ ਕੇ ਖਰੀਦਿਆ ਜਾ ਸਕਦਾ ਹੈ।
ਸਾਲ 2020 ਤੋਂ ਪਹਿਲਾਂ ਸਮਾਨ ਦੀ ਅਸਲ ਕੀਮਤ ਦਾ ਸਿਰਫ਼ 20 ਫੀਸਦੀ ਹੀ ਜਮ੍ਹਾ ਕਰਨਾ ਪੈਂਦਾ ਸੀ।
ਇਹਨਾਂ ਤੋਹਫ਼ਿਆਂ ਵਿੱਚ ਆਮ ਤੌਰ 'ਤੇ ਮਹਿੰਗੀਆਂ ਘੜੀਆਂ, ਸੋਨੇ ਅਤੇ ਹੀਰੇ ਦੇ ਗਹਿਣੇ, ਮਹਿੰਗਾ ਸਜਾਵਟੀ ਸਾਮਾਨ, ਯਾਦਗਾਰੀ ਚਿੰਨ੍ਹ, ਹੀਰਾ ਜੜੀ ਕਲਮ, ਕਰੌਕਰੀ ਅਤੇ ਕਾਲੀਨ ਸ਼ਾਮਲ ਹੁੰਦੇ ਹਨ।
ਦਰਅਸਲ, ਇਮਰਾਨ ਖ਼ਾਨ ਉੱਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ ਸੱਤਾ ਵਿੱਚ ਰਹਿੰਦਿਆਂ ਜੋ ਤੋਹਫ਼ੇ ਖਰੀਦੇ ਸਨ, ਉਨ੍ਹਾਂ ਬਾਰੇ ਚੋਣ ਕਮਿਸ਼ਨ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਸੀ।
ਇਮਰਾਨ ਖ਼ਾਨ ਨੇ ਕਿਹੜੇ ਤੋਹਫ਼ੇ ਖਰੀਦੇ ਹਨ?
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਦੋ ਮਹੀਨਿਆਂ ਦੇ ਅੰਦਰ ਹੀ ਇਮਰਾਨ ਖ਼ਾਨ ਨੇ ਤੋਸ਼ਾਖਾਨਾ ਵਿੱਚ ਦੋ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕਰਵਾ ਕੇ ਕਈ ਤੋਹਫ਼ੇ ਖਰੀਦੇ ਸਨ।
ਇਨ੍ਹਾਂ ਵਿੱਚ ਕਰੀਬ 85 ਲੱਖ ਰੁਪਏ ਦੀ ਇੱਕ ਗ੍ਰਾਫ ਘੜੀ, ਕਰੀਬ 60 ਲੱਖ ਰੁਪਏ ਦੀ ਇੱਕ ਕਫ਼ਿੰਗ, 87 ਲੱਖ ਰੁਪਏ ਦੀ ਇੱਕ ਪੈੱਨ ਅਤੇ ਅੰਗੂਠੀ ਸ਼ਾਮਲ ਹੈ।

ਤਸਵੀਰ ਸਰੋਤ, GOVERNMENT OF PAKISTAN
ਇਸੇ ਤਰ੍ਹਾਂ ਇਮਰਾਨ ਖ਼ਾਨ ਨੇ ਤੋਸ਼ਾਖਾਨੇ ਤੋਂ 38 ਲੱਖ ਰੁਪਏ ਦੀ 7.5 ਲੱਖ ਰੁਪਏ ਦੀ ਰੋਲੇਕਸ ਘੜੀ ਅਤੇ 15 ਲੱਖ ਰੁਪਏ ਦੀ ਰੋਲੇਕਸ ਘੜੀ ਸਿਰਫ਼ 2.5 ਲੱਖ ਰੁਪਏ ਵਿੱਚ ਖਰੀਦੀ ਸੀ।
ਇਕ ਹੋਰ ਮੌਕੇ 'ਤੇ, ਇਮਰਾਨ ਖ਼ਾਨ ਨੇ 49 ਲੱਖ ਰੁਪਏ ਦੇ ਕਫਲਿੰਗ ਅਤੇ ਘੜੀਆਂ ਨਾਲ ਭਰਿਆ ਇੱਕ ਡੱਬਾ ਅੱਧੇ ਮੁੱਲ 'ਤੇ ਖਰੀਦਿਆ ਸੀ।
ਇਸ ਤੋਂ ਇਲਾਵਾ ਤੋਹਫ਼ੇ ਦੀ ਖਰੀਦੋ-ਫਰੋਖ਼ਤ ਲਈ 2 ਅਰਬ ਰੁਪਏ ਦੀ ਥਾਂ ਤੋਸ਼ਾਖਾਨੇ ਨੂੰ 80 ਲੱਖ ਰੁਪਏ ਦਿੱਤੇ।
ਦਸਤਾਵੇਜ਼ਾਂ ਮੁਤਾਬਕ ਕਥਿਤ ਤੌਰ 'ਤੇ ਵੇਚੀ ਗਈ ਘੜੀ ਵੀ ਚੋਣ ਕਮਿਸ਼ਨ ਦੀ ਸੂਚੀ ਵਿੱਚ ਦਰਜ ਨਹੀਂ ਸੀ।
ਇਹ ਘੜੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਆਪਣੀ ਪਹਿਲੀ ਸਾਊਦੀ ਅਰਬ ਫੇਰੀ ਦੌਰਾਨ ਤੋਹਫ਼ੇ ਵਜੋਂ ਮਿਲੀ ਸੀ।
ਇਸ ਦੀ ਲਾਗਤ 85 ਕਰੋੜ ਰੁਪਏ ਦੱਸੀ ਜਾਂਦੀ ਹੈ। ਇਮਰਾਨ ਖ਼ਾਨ ਨੇ ਇਹ ਘੜੀ 20 ਫੀਸਦੀ ਦੇ ਕੇ ਖਰੀਦ ਲਈ ਸੀ।












