85 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਇਹ ਬੈਗ ਕਿਉਂ ਖ਼ਾਸ ਹੈ, ਜਾਣੋ ਇਸ ਦੀ ਦਿਲਚਸਪ ਕਹਾਣੀ

    • ਲੇਖਕ, ਈਆਨ ਯੰਗਜ਼ ਅਤੇ ਡੀਅਰਬੇਲ ਜੌਰਡਨ
    • ਰੋਲ, ਬੀਬੀਸੀ ਪੱਤਰਕਾਰ

ਅਸਲੀ ਬਿਰਕਿਨ ਬੈਗ ਜਿਸ ਨੇ ਫ਼ੈਸ਼ਨ ਜਗਤ ਦੇ ਇਤਿਹਾਸ ਵਿੱਚ ਇੱਕ ਬੇਹੱਦ ਆਕਰਸ਼ਕ ਬੈਗ ਵੱਜੋਂ ਮਿਸਾਲ ਕਾਇਮ ਕੀਤੀ, ਨੂੰ 86 ਲੱਖ ਯੂਰੋ ਯਾਨੀ 1 ਕਰੋੜ ਅਮਰੀਕਨ ਡਾਲਰ ਵਿੱਚ ਖਰੀਦਿਆ ਗਿਆ ਹੈ। ਭਾਰਤੀ ਰੁਪਿਆਂ ਵਿੱਚ ਗੱਲ ਕਰੀਏ ਤਾਂ ਇਹ ਕੀਮਤ 85 ਕਰੋੜ ਰੁਪਏ ਬਣਦੀ ਹੈ।

ਇਹ ਬੈਗ ਕਿਸੇ ਨਿਲਾਮੀ ਵਿੱਚ ਵਿਕਣ ਵਾਲਾ ਹੁਣ ਤੱਕ ਦਾ ਸਭ ਤੋਂ ਕੀਮਤੀ ਹੈਂਡਬੈਗ ਬਣ ਗਿਆ ਹੈ।

ਕਾਲੇ ਚਮੜੇ ਦਾ ਇਹ ਬੈਗ 1985 ਵਿੱਚ ਗਾਇਕਾ ਜੇਨ ਬਿਰਕਿਨ ਲਈ ਬਣਾਇਆ ਗਿਆ ਸੀ। ਬਿਰਕਿਨ ਜਹਾਜ਼ ਵਿੱਚ ਸਫ਼ਰ ਕਰ ਰਹੇ ਸਨ ਜਦੋਂ ਉਨ੍ਹਾਂ ਦਾ ਸਮਾਨ ਦਾ ਪਰਸ ਛੋਟਾ ਹੋਣ ਕਾਰਨ ਖਿੱਲਰ ਗਿਆ। ਉਸੇ ਜਹਾਜ਼ ਵਿੱਚ ਲਗਜ਼ਰੀ ਫੈਸ਼ਨ ਹਾਊਸ ਏਰਮੈਸ ਦੇ ਮਾਲਕ ਵੀ ਸਫ਼ਰ ਕਰ ਰਹੇ ਸਨ।

ਬਿਰਕਿਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਵੱਡੇ ਬੈਗ ਕਿਉਂ ਨਹੀਂ ਬਣਾਉਂਦੇ?

ਇਸ ਤੋਂ ਬਾਅਦ ਉਨ੍ਹਾਂ ਜਹਾਜ਼ ਵਿੱਚ ਸਫ਼ਰ ਦੌਰਾਨ ਇਸਤੇਮਾਲ ਕੀਤੇ ਜਾਣ ਲਈ ਇੱਕ ਵਧੇਰੇ ਵਿਵਹਾਰਿਕ ਪਰ ਬਹੁਤ ਆਕਰਸ਼ਕ ਡਿਜ਼ਾਇਨ ਤਿਆਰ ਕੀਤਾ।

ਉਨ੍ਹਾਂ ਵੱਲੋਂ ਬਣਾਇਆ ਗਿਆ ਅਜਿਹਾ ਪਹਿਲਾ ਬੈਗ ਵੀਰਵਾਰ ਨੂੰ ਪੈਰਿਸ ਦੇ ਸੋਥਬੀਜ਼, ਵਿੱਚ ਜਪਾਨ ਦੇ ਇੱਕ ਨਿੱਜੀ ਕੁਲੈਕਟਰ ਨੂੰ ਵੇਚ ਦਿੱਤਾ ਗਿਆ। ਇਸ ਵਾਰ ਕੀਮਤ ਪਿਛਲੀ ਰਿਕਾਰਡ ਵਿਕਰੀ ਤੋਂ ਕਿਤੇ ਵੱਧ ਹੈ। ਇਸ ਤੋਂ ਪਹਿਲਾਂ ਇਹ ਬੈਗ 439,000 ਯੂਰੋ ਦਾ ਵਿਕਿਆ ਸੀ।

ਗਰਮਜੋਸ਼ੀ ਨਾਲ ਲੱਗੀ ਬੋਲੀ

ਨਿਲਾਮੀ ਘਰ ਨੇ ਕਿਹਾ ਕਿ 'ਨੌਂ ਦ੍ਰਿੜ ਕੁਲੈਕਟਰਾਂ' ਵਿਚਕਾਰ 10 ਮਿੰਟ ਤੱਕ ਗਰਮਜੋਸ਼ੀ ਨਾਲ ਬੋਲੀ ਚੱਲੀ।

ਸੋਥਬੀਜ਼ ਦੇ ਹੈਂਡਬੈਗ ਅਤੇ ਫੈਸ਼ਨ ਦੇ ਗਲੋਬਲ ਹੈੱਡ ਮੋਰਗਨ ਹਲੀਮੀ ਨੇ ਕਿਹਾ ਕਿ ਇਹ ਕੀਮਤ '(ਇਸ ਬੈਗ ਦੀ) ਇੱਕ ਲੋਕ ਕਥਾ ਬਣਨ ਦੀ ਤਾਕਤ ਰੱਖਦਾ ਹੈ।

ਹਲੀਮੀਮ ਮੰਨਦੇ ਹਨ ਕਿ ਵਿਲੱਖਣ ਮੂਲ ਦੇ ਨਾਲ ਅਸਾਧਾਰਨ ਚੀਜ਼ਾਂ ਦੀ ਭਾਲ ਕਰਨ ਵਾਲੇ ਸੰਗ੍ਰਹਿਕਰਤਾਵਾਂ ਦੇ ਜਨੂੰਨ ਅਤੇ ਇੱਛਾ ਨੂੰ ਜਗਾਉਣ ਦੀ ਸਮਰੱਥਾ ਦਾ ਹੈਰਾਨ ਕਰਨ ਵਾਲਾ ਪ੍ਰਦਰਸ਼ਨ ਸੀ। ਉਹ ਲੋਕ ਇਸਦੇ ਮਾਲਕ ਬਣਨ ਲਈ ਬੇਹੱਦ ਤਤਪਰ ਸਨ।

ਉਨ੍ਹਾਂ ਨੇ ਅੱਗੇ ਕਿਹਾ, "ਪਹਿਲਾ ਬਰਕਿਨ ਬੈਗ ਇੱਕ ਅਸਾਧਾਰਨ ਕਹਾਣੀ ਦੀ ਸ਼ੁਰੂਆਤ ਦਰਸਾਉਣ ਵਾਲਾ ਹੈ। ਜਿਸਨੇ ਸਾਨੂੰ ਇੱਕ ਆਧੁਨਿਕ ਆਈਕਨ, ਬਰਕਿਨ ਬੈਗ ਦੇ ਰੂਪ ਵਿੱਚ ਦੁਨੀਆ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਹੈਂਡਬੈਗ ਦਿੱਤਾ ਹੈ।"

ਕੁੱਲ 8,582,500 ਯੁਰੋ ਵਿੱਚ ਕਮਿਸ਼ਨ ਅਤੇ ਫ਼ੀਸ ਸ਼ਾਮਲ ਹਨ। ਸੋਥਬੀਜ਼ ਨੇ ਨਿਲਾਮੀ ਤੋਂ ਕੀਮਤ ਬਾਰੇ ਲਗਾਇਆ ਗਿਆ ਅੰਦਾਜ਼ਾ ਪ੍ਰਕਾਸ਼ਿਤ ਨਹੀਂ ਕੀਤਾ।

ਐਂਗਲੋ-ਫ੍ਰੈਂਚ ਗਾਇਕਾ ਅਤੇ ਅਦਾਕਾਰਾ ਲਈ ਬੈਗ ਬਣਾਉਣ ਤੋਂ ਬਾਅਦ, ਏਰਮੈਸ ਨੇ ਇਸ ਬੈਗ ਦਾ ਨਿਰਮਾਣ ਵਪਾਰਕ ਪੱਧਰ 'ਤੇ ਕਰਨਾ ਸ਼ੁਰੂ ਕਰ ਦਿੱਤਾ। ਇਹ ਫ਼ੈਸ਼ਨ ਦੀ ਦੁਨੀਆਂ ਵਿੱਚ ਸਭ ਤੋਂ ਖ਼ਾਸ 'ਸਟੇਟਸ ਸਿੰਬਲਜ਼' ਵਿੱਚੋਂ ਇੱਕ ਵੱਜੋਂ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਿਹਾ।

ਕੁਝ ਸਟਾਈਲਜ਼ ਦੀ ਕੀਮਤ ਕਈ ਹਜ਼ਾਰਾਂ ਡਾਲਰ ਹੁੰਦੀ ਹੈ ਅਤੇ ਉਨ੍ਹਾਂ ਦੀ ਸਾਲਾਂ ਤੱਕ ਪਹਿਲਾਂ ਹੀ ਬੁਕਿੰਗ ਲਈ ਉਡੀਕ ਲਿਸਟ ਹੁੰਦੀ ਹੈ। ਇਹ ਬੈਗ ਪਸੰਦ ਕਰਨ ਵਾਲਿਆਂ ਵਿੱਚ ਕੇਟ ਮੌਸ, ਵਿਕਟੋਰੀਆ ਬੇਖਮ ਅਤੇ ਜੈਨੀਫਰ ਲੋਪੇਜ਼ ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹਨ।

ਬੈਗ ਦੀ ਨਿਲਾਮੀ ਦੀ ਕਹਾਣੀ

ਅਸਲੀ ਬੈਗ ਦੀ ਕੁਝ ਵਿਲੱਖਣ ਖ਼ਾਸੀਅਤ ਹੈ, ਜਿਵੇਂ ਕਿ ਅਗਲੇ ਫਲੈਪ 'ਤੇ ਬਿਰਕਿਨ ਦੇ ਸ਼ੁਰੂਆਤੀ ਅੱਖਰ, ਇੱਕ ਨਾ-ਹਟਾਉਣਯੋਗ ਮੋਢੇ ਦੀ ਬੈਲਟ, ਇਸ ਨਾਲ ਕਲਿੱਪਰ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਉਹ ਸਟਿੱਕਰ ਲਗਾਏ ਗਏ ਸਨ, ਜਿਨ੍ਹਾਂ ਸੰਸਥਾਵਾਂ ਦਾ ਬਿਰਕਿਨ ਸਮਰਥਨ ਕਰਦੇ ਸਨ, ਜਿਵੇਂ ਕਿ ਮੇਡੇਕਿਨਸ ਡੂ ਮੋਂਦੇ ਅਤੇ ਯੂਨੀਸੇਫ।

ਬਿਰਕਿਨ ਦੀ 2023 ਵਿੱਚ 76 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਇੱਕ ਦਹਾਕੇ ਤੱਕ ਇਸ ਅਸਲ ਬੈਗ ਦੀ ਮਾਲਕਨ ਉਹ ਖ਼ੁਦ ਸੀ।

ਫ਼ਿਰ 1994 ਵਿੱਚ ਇੱਕ ਏਡਜ਼ ਚੈਰਿਟੀ ਲਈ ਫੰਡ ਇਕੱਠਾ ਕਰਨ ਲਈ ਇਸ ਬੈਗ ਨੂੰ ਇੱਕ ਨਿਲਾਮੀ ਵਿੱਚ ਦਾਨ ਕਰ ਦਿੱਤਾ।

ਇਸਨੂੰ ਬਾਅਦ ਵਿੱਚ ਕੈਥਰੀਨ ਬੇਨੀਅਰ ਨੇ ਖਰੀਦ ਲਿਆ। ਉਹ ਪੈਰਿਸ ਵਿੱਚ ਇੱਕ ਲਗਜ਼ਰੀ ਬੁਟੀਕ ਦੇ ਮਾਲਕ ਹਨ। ਕਰੀਬ 25 ਸਾਲਾਂ ਤੋਂ ਕੈਥਰੀਨ ਹੀ ਇਸ ਦੇ ਮਾਲਕ ਸਨ ਅਤੇ ਉਨ੍ਹਾਂ ਨੇ ਇਸਨੂੰ ਵੀਰਵਾਰ ਨੂੰ ਵੇਚ ਦਿੱਤਾ।

ਸੋਥਬੀਜ਼ ਨੇ ਕਿਹਾ ਕਿ ਸਭ ਤੋਂ ਮਹਿੰਗੇ ਵਿਕੇ ਹੈਂਡਬੈਗ ਦਾ ਪਿਛਲਾ ਰਿਕਾਰਡ 2021 ਦਾ ਹੈ। ਇਹ ਬੈਗ ਵ੍ਹਾਈਟ ਹਿਮਾਲਿਆ ਨਿਲੋਟਿਕਸ ਕ੍ਰੋਕੋਡਾਈਲ ਡਾਇਮੰਡ ਰੀਟੋਰਨ ਕੈਲੀ 28 ਸੀ।

ਇੱਕ ਨਿਵੇਸ਼

ਏਰਮੈਸ ਦੇ ਹੈਂਡਬੈਗ ਸਿਰਫ਼ ਇੱਕ ਆਲੀਸ਼ਾਨ ਪਰਸ ਜਾਂ ਬੈਗ ਨਹੀਂ ਹਨ। ਇਹ ਇੱਕ ਅਜਿਹੀ ਜਾਇਦਾਦ ਵੀ ਹਨ ਜੋ ਉੱਚ ਰਿਟਰਨ ਦੇ ਸਕਦੀ ਹੈ।

ਨਿਵੇਸ਼ ਬੈਂਕ ਜੈਫਰੀਜ਼ ਨੇ ਅੰਦਾਜ਼ਾ ਲਗਾਇਆ ਹੈ ਕਿ ਕੁਝ ਪੋਰਟਫੋਲੀਓ ਪ੍ਰਤੀ ਸਾਲ ਤਕਰੀਬਨ 30 ਫ਼ੀਸਦ ਦਾ ਲਾਭ ਦੇ ਸਕਦੇ ਹਨ।

ਕ੍ਰਿਸਟੀਜ਼ ਨਿਲਾਮੀ ਘਰ ਦੇ ਹੈਂਡਬੈਗ ਅਤੇ ਅਸੈਸਰੀਜ਼ ਦੇ ਮਾਹਰ ਰੈਸ਼ੇਲ ਕੌਫਸਕੀ ਦੱਸਦੇ ਹਨ ਕਿ ਇਸ ਪ੍ਰਸਿੱਧ ਫ੍ਰੈਂਚ ਹਾਊਸ ਏਰਮੈਸ ਦੇ ਬੈਗ ਦਹਾਕਿਆਂ ਤੋਂ ਉਸੇ ਤਰੀਕੇ ਨਾਲ ਅਤੇ ਉਸੇ ਸਮੱਗਰੀ ਨਾਲ ਬਣਾਏ ਜਾ ਰਹੇ ਹਨ, ਜਿਸ ਨਾਲ ਪਹਿਲੀ ਵਾਰ ਬਣਾਏ ਗਏ ਸਨ। ਜਦੋਂ ਕਿ ਬਾਕੀ ਬ੍ਰਾਂਡ 100 ਸਾਲਾਂ ਵਿੱਚ ਕਈ ਵਾਰ ਆਪਣੇ ਡਿਜ਼ਾਇਨ ਬਦਲ ਚੁੱਕੇ ਹਨ।"

"ਇਸਦੇ ਪ੍ਰਮੁੱਖ ਬੈਗ ਬਿਰਕਿਨ ਅਤੇ ਕੈਲੀ, ਜਿਸ ਤਰ੍ਹਾਂ ਦੇ ਪਹਿਲੀ ਵਾਰ ਡਿਜ਼ਾਈਨ ਕੀਤੇ ਗਏ ਸਨ ਅੱਜ ਵੀ ਤਕਰੀਬਨ ਉਸੇ ਤਰ੍ਹਾਂ ਦੇ ਹਨ ਅਤੇ ਬਿਲਕੁਲ ਵੀ ਬਦਲੇ ਨਹੀਂ ਹਨ।"

ਕੌਫਸਕੀ ਮੁਤਾਬਕ 1990 ਦੇ ਦਹਾਕੇ ਵਿੱਚ ਹੈਂਡਬੈਗ ਪ੍ਰਸਿੱਧ ਹੋਏ ਸਨ। ਇਨ੍ਹਾਂ ਦਾ ਇੱਕ ਕਾਰਨ ਸ਼ੋਅ ਸੈਕਸ ਐਂਡ ਦਿ ਸਿਟੀ ਵੀ ਸੀ, ਇਸ ਰਵਾਇਤੀ ਤੌਰ 'ਤੇ ਵੱਡੀ ਗਿਣਤੀ ਗਾਹਕਾਂ ਨੂੰ ਇਨ੍ਹਾਂ ਬੈਗਾਂ ਨਾਲ ਜਾਣੂ ਕਰਵਾਇਆ।

ਹਾਲਾਂਕਿ, ਇਹ ਅਜਿਹਾ ਬਾਜ਼ਾਰ ਨਹੀਂ ਹੈ ਜੋ ਸਾਰਿਆਂ ਲਈ ਖੁੱਲ੍ਹਾ ਹੋਵੇ।

ਇੱਕ ਨਵਾਂ ਬਿਰਕਿਨ ਬੈਗ ਤਕਰੀਬਨ 10,000 ਅਮਰੀਕੀ ਡਾਲਰ ਵਿੱਚ ਵਿਕ ਸਕਦਾ ਹੈ, ਪਰ ਇਨ੍ਹਾਂ ਬੈਗਜ਼ ਨੂੰ ਖ਼ਰੀਦਣਾ ਵੀ ਸੌਕਾ ਨਹੀਂ ਹੈ।

ਇਹ ਸਿਰਫ਼ ਏਰਮੈਸ ਦੇ ਨਿਯਮਤ ਗਾਹਕਾਂ ਲਈ ਰਾਖਵੇਂ ਹਨ ਜਿਨ੍ਹਾਂ ਦਾ ਪਹਿਲਾਂ ਹੀ ਕਿਸੇ ਰਿਟੇਲਰ ਨਾਲ ਭਰੋਸੇਯੋਗ ਰਿਸ਼ਤਾ ਹੈ, ਨਾ ਕਿ ਪਹਿਲੀ ਵਾਰ ਖਰੀਦਣ ਵਾਲਿਆਂ ਲਈ।

ਕੌਫਸਕੀ ਦੱਸਦੇ ਹਨ, "ਸੈਕੇਂਡ ਹੈਂਡ ਬੈਗਜ਼ ਦੇ ਬਾਜ਼ਾਰ ਵਿੱਚ ਬੈਗ ਜਿੰਨੇ ਘੱਟ ਹੋਣਗੇ, ਇੱਕ ਕੁਲੈਕਟਰ ਓਨੀ ਹੀ ਜ਼ਿਆਦਾ ਉਨ੍ਹਾਂ ਦੀ ਕੀਮਤ ਮੰਗ ਸਕੇਗਾ।"

ਇਸ ਲਈ ਇਹ ਬਹੁਤ ਛੋਟੇ ਪੱਧਰ ਉੱਤੇ ਬਣਾਏ ਜਾਂਦੇ ਸਨ ਅਤੇ ਇਨ੍ਹਾਂ ਦੇ ਬਹੁਤ ਸੀਮਤ ਸੰਸਕਰਣ ਹਨ, ਜਿਵੇਂ ਕਿ ਬਿਰਕਿਨ ਹਿਮਾਲਿਆ 100,000 ਅਮਰੀਕਨ ਡਾਲਰ ਤੋਂ ਵੱਧ ਦੀ ਕੀਮਤ ਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)