ਟਾਇਟੈਨਿਕ ਜਹਾਜ਼ ਦੇ ਨਵੇਂ ਰਹੱਸਾਂ ਤੋਂ ਪਰਦੇ ਉੱਠੇ, ਆਖਰੀ ਘੰਟਿਆਂ ਵਿੱਚ ਕਿਵੇਂ ਜ਼ਿੰਦਗੀਆਂ ਬਚਾਉਣ ਦੀਆਂ ਕੋਸ਼ਿਸ਼ਾਂ ਹੋਈਆਂ

    • ਲੇਖਕ, ਰੇਬੇਕਾ ਮੋਰੇਲ, ਐਲੀਸਨ ਫ੍ਰਾਂਸਿਸ
    • ਰੋਲ, ਸਾਇੰਸ ਸੰਪਾਦਕ, ਸੀਨੀਅਰ ਸਾਇੰਸ ਪੱਤਰਕਾਰ

ਟਾਈਟੈਨਿਕ ਜਹਾਜ਼ ਦਾ ਪੂਰੇ ਆਕਾਰ ਦੇ ਡਿਜੀਟਲ ਸਕੈਨ ਦਾ ਵਿਸਤ੍ਰਿਤ ਵਿਸ਼ਲੇਸ਼ਣ ਕੀਤਾ ਗਿਆ ਹੈ। ਡੁੱਬਣ ਤੋਂ ਪਹਿਲਾਂ ਜਹਾਜ਼ ਦੇ ਆਖਰੀ ਘੰਟਿਆਂ ਵਿੱਚ ਕੀ-ਕੀ ਕੁਝ ਵਾਪਰਿਆ, ਇਸ ਵਿਸ਼ਲੇਸ਼ਣ ਵਿੱਚ ਇਸ ਬਾਰੇ ਵੀ ਨਵੀਆਂ ਗੱਲਾਂ ਸਾਹਮਣੇ ਆਈਆਂ ਹਨ।

ਬਿਲਕੁਲ ਸਟੀਕ 3D ਨਕਲ (ਰੇਪਲਿਕਾ) ਦਰਸਾਉਂਦੀ ਹੈ ਕਿ ਕਿਵੇਂ 1912 ਵਿੱਚ ਇੱਕ ਬਰਫ਼ ਦੇ ਟੁਕੜੇ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਦੋ ਹਿੱਸਿਆਂ ਵਿੱਚ ਟੁੱਟ ਗਿਆ ਅਤੇ ਇਸ ਭਿਆਨਕ ਹਾਦਸੇ ਵਿੱਚ 1,500 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ।

ਇਹ ਸਕੈਨ ਇੱਕ ਬਾਇਲਰ ਰੂਮ ਦਾ ਇੱਕ ਨਵਾਂ ਦ੍ਰਿਸ਼ ਪੇਸ਼ ਕਰਦਾ ਹੈ, ਜੋ ਕਿ ਚਸ਼ਮਦੀਦਾਂ ਦੇ ਬਿਆਨਾਂ ਦੀ ਵੀ ਪੁਸ਼ਟੀ ਕਰਦਾ ਹੈ ਕਿ ਕਿਵੇਂ ਜਹਾਜ਼ ਦੇ ਇੰਜੀਨੀਅਰ ਅੰਤ ਤੱਕ ਜੂਝਦੇ ਰਹੇ ਤਾਂ ਜੋ ਜਹਾਜ਼ ਦੀਆਂ ਲਾਈਟਾਂ ਨੂੰ ਚਾਲੂ ਰੱਖਿਆ ਜਾ ਸਕੇ।

ਅਤੇ ਇੱਕ ਕੰਪਿਊਟਰ ਸਿਮੂਲੇਸ਼ਨ ਇਹ ਵੀ ਅੰਦਾਜ਼ਾ ਦਿੰਦਾ ਹੈ ਕਿ ਇਸ ਦੇ ਹਲ (ਜਹਾਜ਼ ਦਾ ਉਹ ਢਾਂਚਾ ਜੋ ਉਸਨੂੰ ਤੈਰਦੇ ਰਹਿਣ ਵਿੱਚ ਮਦਦ ਕਰਦਾ ਹੈ) ਵਿੱਚ ਏ4 ਕਾਗਜ਼ ਦੇ ਟੁਕੜਿਆਂ ਦੇ ਆਕਾਰ ਦੇ ਪੰਕਚਰ ਹੋ ਗਏ ਸਨ, ਜੋ ਇਸ ਦੇ ਡੁੱਬਣ ਦਾ ਕਾਰਨ ਬਣੇ।

ਟਾਈਟੈਨਿਕ ਦਾ ਇੱਕ "ਡਿਜੀਟਲ ਜੁੜਵਾਂ" ਰੂਪ

ਟਾਈਟੈਨਿਕ ਦੇ ਇੱਕ ਵਿਸ਼ਲੇਸ਼ਕ ਪਾਰਕਸ ਸਟੀਫਨਸਨ ਕਹਿੰਦੇ ਹਨ, "ਆਫ਼ਤ ਦੀ ਆਖਰੀ ਬਚੀ ਹੋਈ ਚਸ਼ਮਦੀਦ ਗਵਾਹ ਖੁਦ ਟਾਈਟੈਨਿਕ ਹੈ ਅਤੇ ਉਸ ਕੋਲ ਅਜੇ ਵੀ ਦੱਸਣ ਲਈ ਕਈ ਕਹਾਣੀਆਂ ਹਨ।''

ਨੈਸ਼ਨਲ ਜੀਓਗ੍ਰਾਫਿਕ ਅਤੇ ਐਟਲਾਂਟਿਕ ਪ੍ਰੋਡਕਸ਼ਨ ਨੇ ਟਾਈਟੈਨਿਕ: ਦਿ ਡਿਜੀਟਲ ਰਿਸਰੈਕਸ਼ਨ ਨਾਮਕ ਇੱਕ ਨਵੀਂ ਦਸਤਾਵੇਜ਼ੀ ਫ਼ਿਲਮ ਲਈ ਸਕੈਨ ਦਾ ਅਧਿਐਨ ਕੀਤਾ ਹੈ।

ਅਟਲਾਂਟਿਕ ਦੇ ਬਰਫੀਲੇ ਪਾਣੀਆਂ ਵਿੱਚ 3,800 ਮੀਟਰ ਹੇਠਾਂ ਪਏ ਟਾਈਟੈਨਿਕ ਦੇ ਮਲਬੇ ਨੂੰ ਅੰਡਰਵਾਟਰ ਰੋਬੋਟਾਂ ਦੀ ਵਰਤੋਂ ਕਰਕੇ ਮੈਪ ਕੀਤਾ ਗਿਆ ਸੀ।

ਇਸ ਦੌਰਾਨ, ਹਰ ਪਾਸੇ ਤੋਂ 700,000 ਤੋਂ ਵੱਧ ਤਸਵੀਰਾਂ ਲਈਆਂ ਗਈਆਂ ਸਨ। ਫਿਰ ਇਨ੍ਹਾਂ ਤਸਵੀਰਾਂ ਦਾ ਇਸਤੇਮਾਲ ਕਰਦੇ ਹੋਏ ਟਾਈਟੈਨਿਕ ਦਾ ਇੱਕ "ਡਿਜੀਟਲ ਜੁੜਵਾਂ" ਰੂਪ ਬਣਾਇਆ ਗਿਆ।

2023 ਵਿੱਚ ਦੁਨੀਆਂ ਸਾਹਮਣੇ ਇਸਨੂੰ ਬੀਬੀਸੀ ਨਿਊਜ਼ ਦੁਆਰਾ ਵਿਸ਼ੇਸ਼ ਤੌਰ 'ਤੇ ਪੇਸ਼ ਕੀਤਾ ਗਿਆ ਸੀ।

ਵਿਸ਼ਾਲ ਜਹਾਜ਼ ਦਾ ਵਿਸ਼ਾਲ ਮਲਬਾ

ਕਿਉਂਕਿ ਮਲਬਾ ਇੰਨਾ ਵੱਡਾ ਹੈ ਅਤੇ ਸਮੁੰਦਰੀ ਡੂੰਘਾਈ ਦੇ ਹਨ੍ਹੇਰੇ ਵਿੱਚ ਪਿਆ ਹੈ, ਇਸ ਲਈ ਪਣਡੁੱਬੀਆਂ ਨਾਲ ਇਸਦੀ ਖੋਜ ਕਰਦੇ ਸਮੇਂ ਸਿਰਫ ਦਿਲਚਸਪ ਸਨੈਪਸ਼ਾਟ ਦਿਖਾਈ ਦਿੰਦੇ ਹਨ। ਹਾਲਾਂਕਿ, ਸਕੈਨ ਟਾਈਟੈਨਿਕ ਦਾ ਪਹਿਲਾ ਪੂਰਾ ਦ੍ਰਿਸ਼ ਪ੍ਰਦਾਨ ਕਰਦਾ ਹੈ।

ਜਹਾਜ਼ ਦਾ ਬੋਅ ਭਾਵ ਅਗਲਾ ਵੱਡਾ ਹਿੱਸਾ ਸਮੁੰਦਰੀ ਤਲ 'ਤੇ ਸਿੱਧਾ ਅਤੇ ਇਸ ਤਰ੍ਹਾਂ ਪਿਆ ਹੈ ਜਿਵੇਂ ਜਹਾਜ਼ ਅਜੇ ਵੀ ਆਪਣੀ ਯਾਤਰਾ 'ਤੇ ਅੱਗੇ ਵਧ ਰਾਹ ਹੋਵੇ।

ਪਰ 600 ਇਸ ਤੋਂ ਮੀਟਰ ਦੂਰੀ 'ਤੇ ਸਟਰਨ (ਅਗਲੇ ਭਾਗ ਤੋਂ ਇਲਾਵਾ ਬਾਕੀ ਦਾ ਹਿੱਸਾ) ਟੁੱਟੀ ਹੋਈ ਧਾਤ ਦਾ ਢੇਰ ਬਣ ਚੁੱਕਿਆ ਹੈ।

ਜਹਾਜ਼ ਦੇ ਅੱਧੇ ਟੁੱਟਣ ਤੋਂ ਬਾਅਦ ਜਦੋਂ ਇਹ ਸਮੁੰਦਰੀ ਤਲ ਵਿੱਚ ਟਕਰਾਇਆ ਤਾਂ ਉਸ ਕਾਰਨ ਇਹ ਨੁਕਸਾਨ ਹੋਇਆ।

'ਇਹ ਇੱਕ ਅਪਰਾਧ ਦ੍ਰਿਸ਼ ਵਾਂਗ ਹੈ'

ਨਵੀਂ ਮੈਪਿੰਗ ਤਕਨਾਲੋਜੀ ਜਹਾਜ਼ ਦਾ ਅਧਿਐਨ ਕਰਨ ਦਾ ਇੱਕ ਵੱਖਰਾ ਤਰੀਕਾ ਪ੍ਰਦਾਨ ਕਰ ਰਹੀ ਹੈ।

ਪਾਰਕਸ ਸਟੀਫਨਸਨ ਕਹਿੰਦੇ ਹਨ, "ਇਹ ਇੱਕ ਅਪਰਾਧ ਦ੍ਰਿਸ਼ ਵਾਂਗ ਹੈ: ਤੁਹਾਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਸਬੂਤ ਕੀ ਹਨ, ਇਸ ਸੰਦਰਭ ਵਿੱਚ ਕਿ ਇਹ ਕਿੱਥੇ ਹਨ।''

"ਅਤੇ ਇੱਥੇ ਕੀ ਹੋਇਆ, ਇਸ ਨੂੰ ਸਮਝਣ ਲਈ ਮਲਬੇ ਵਾਲੀ ਥਾਂ ਦੇ ਪੂਰੇ ਦ੍ਰਿਸ਼ਟੀਕੋਣ ਨੂੰ ਸਮਝਣਾ ਮਹੱਤਵਪੂਰਨ ਹੈ।''

ਇਹ ਸਕੈਨ ਨਵੇਂ ਅਤੇ ਨਜ਼ਦੀਕੀ ਵੇਰਵੇ ਦਿਖਾਉਂਦਾ ਹੈ, ਜਿਸ ਵਿੱਚ ਇੱਕ ਪੋਰਥੋਲ (ਕੱਚ ਦੀ ਬਣੀ ਇੱਕ ਗੋਲ ਖਿੜਕੀ, ਜੋ ਕਿ ਜਹਾਜ਼ 'ਚ ਬਣੇ ਕਮਰਿਆਂ 'ਚ ਕੁਦਰਤੀ ਰੌਸ਼ਨੀ ਲਈ ਰੱਖੀ ਜਾਂਦੀ ਹੈ) ਵੀ ਸ਼ਾਮਲ ਹੈ ਜੋ ਸੰਭਾਵਤ ਤੌਰ 'ਤੇ ਆਈਸਬਰਗ ਦੁਆਰਾ ਟੁੱਟੀ ਹੋਵੇਗੀ।

ਇਹ ਤੱਥ, ਬਚੇ ਲੋਕਾਂ ਦੀਆਂ ਚਸ਼ਮਦੀਦਾਂ ਦੀਆਂ ਰਿਪੋਰਟਾਂ ਨਾਲ ਵੀ ਮੇਲ ਖਾਂਦਾ ਹੈ, ਜਿਨ੍ਹਾਂ ਮੁਤਾਬਕ ਟੱਕਰ ਦੌਰਾਨ ਕੁਝ ਲੋਕਾਂ ਦੇ ਕੈਬਿਨਾਂ ਵਿੱਚ ਬਰਫ਼ ਆ ਗਈ ਸੀ।

ਇੰਜੀਨੀਅਰ, ਜੋ ਅੰਤ ਤੱਕ ਡਟੇ ਰਹੇ

ਮਾਹਰ, ਟਾਈਟੈਨਿਕ ਦੇ ਵਿਸ਼ਾਲ ਬਾਇਲਰ ਕਮਰਿਆਂ ਵਿੱਚੋਂ ਇੱਕ ਦਾ ਅਧਿਐਨ ਕਰ ਰਹੇ ਹਨ। ਇਸ ਨੂੰ ਸਕੈਨ 'ਤੇ ਇਹ ਦੇਖਣਾ ਆਸਾਨ ਹੈ ਕਿਉਂਕਿ ਇਹ ਉਸ ਬਿੰਦੂ 'ਤੇ ਬੋਅ ਦੇ ਪਿਛਲੇ ਪਾਸੇ ਹੈ ਜਿੱਥੋਂ ਜਹਾਜ਼ ਦੋ ਹਿੱਸਿਆਂ ਵਿੱਚ ਟੁੱਟ ਗਿਆ ਸੀ।

ਯਾਤਰੀਆਂ ਮੁਤਾਬਕ, ਜਦੋਂ ਜਹਾਜ਼ ਲਹਿਰਾਂ 'ਚ ਡੁੱਬ ਰਿਹਾ ਸੀ, ਲਾਈਟਾਂ ਉਸ ਵੇਲੇ ਵੀ ਚਾਲੂ ਸਨ।

ਡਿਜੀਟਲ ਨਕਲ ਦਰਸਾਉਂਦੀ ਹੈ ਕਿ ਕੁਝ ਬਾਇਲਰ ਕੋਨਕੇਵ (ਅਵਤਲ) ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਉਹ ਪਾਣੀ ਵਿੱਚ ਡੁੱਬ ਰਹੇ ਸਨ, ਉਸ ਵੇਲੇ ਵੀ ਉਹ ਕੰਮ ਕਰ ਰਹੇ ਸਨ।

ਜਹਾਜ਼ ਦੇ ਡੈੱਕ 'ਤੇ ਪਿਆ ਇੱਕ ਵਾਲਵ ਵੀ ਖੁੱਲ੍ਹਾ ਪਿਆ ਪਾਇਆ ਗਿਆ, ਜੋ ਦਰਸਾਉਂਦਾ ਹੈ ਕਿ ਬਿਜਲੀ ਪੈਦਾ ਕਰਨ ਵਾਲੇ ਸਿਸਟਮ ਵਿੱਚ ਅਜੇ ਵੀ ਭਾਫ਼ ਵਗ ਰਹੀ ਸੀ।

ਇਸ ਦੇ ਲਈ ਜੋਸਫ਼ ਬੈੱਲ ਦੀ ਅਗਵਾਈ ਵਾਲੀ ਇੰਜੀਨੀਅਰਾਂ ਦੀ ਟੀਮ ਧੰਨਵਾਦ ਕਰਨਾ ਚਾਹੀਦਾ ਹੈ, ਜੋ ਜਹਾਜ਼ ਦੇ ਡੁੱਬਣ ਸਮੇਂ ਪਿੱਛੇ ਹੀ ਰਹਿ ਗਏ ਤਾਂ ਜੋ ਲਾਈਟਾਂ ਨੂੰ ਚਾਲੂ ਰੱਖਣ ਲਈ ਭੱਠੀਆਂ ਵਿੱਚ ਕੋਲਾ ਸੁੱਟਣ ਦਾ ਕੰਮ ਜਾਰੀ ਰੱਖ ਸਕਣ।

ਪਾਰਕਸ ਸਟੀਫਨਸਨ ਕਹਿੰਦੇ ਹਨ ਕਿ ਟੀਮ ਦੇ ਸਾਰੇ ਮੈਂਬਰ ਇਸ ਵਿਸ਼ਾਲ ਹਾਦਸੇ ਵਿੱਚ ਮਾਰੇ ਗਏ ਪਰ ਉਨ੍ਹਾਂ ਦੇ ਬਹਾਦਰੀ ਭਰੇ ਕੰਮ ਨੇ ਬਹੁਤ ਸਾਰੀਆਂ ਜਾਨਾਂ ਬਚਾ ਲਈਆਂ।

ਉਨ੍ਹਾਂ ਬੀਬੀਸੀ ਨੂੰ ਕਿਹਾ, "ਉਨ੍ਹਾਂ ਨੇ ਅੰਤ ਤੱਕ ਲਾਈਟਾਂ ਅਤੇ ਬਿਜਲੀ ਨੂੰ ਚਾਲੂ ਰੱਖਣ ਦੇ ਯਤਨ ਕੀਤੇ, ਤਾਂ ਜੋ ਚਾਲਕ ਦਲ ਨੂੰ ਕੁਝ ਰੌਸ਼ਨੀ ਵਿੱਚ ਸੁਰੱਖਿਅਤ ਢੰਗ ਨਾਲ ਲਾਈਫਬੋਟਾਂ ਨੂੰ ਲਾਂਚ ਕਰਨ ਦਾ ਸਮਾਂ ਮਿਲ ਸਕੇ ਅਤੇ ਉਨ੍ਹਾਂ ਨੂੰ ਘੁੱਪ ਹਨ੍ਹੇਰੇ 'ਚ ਕੰਮ ਨਾ ਕਰਨਾ ਪਵੇ।''

"ਉਨ੍ਹਾਂ ਨੇ ਜਿੰਨਾ ਚਿਰ ਸੰਭਵ ਹੋ ਸਕੇ ਹਫੜਾ-ਦਫੜੀ ਮਚਣ ਤੋਂ ਬਚਾਅ ਕਰੀ ਰੱਖਿਆ, ਅਤੇ ਇਹ ਸਭ ਕੁਝ ਇਸ ਸਟਰਨ 'ਤੇ ਮੌਜੂਦ ਭਾਫ਼ ਦੇ ਖੁੱਲ੍ਹੇ ਵਾਲਵ ਦੁਆਰਾ ਨਜ਼ਰ ਆ ਰਿਹਾ ਸੀ।"

ਯਾਤਰੀਆਂ ਦੀਆਂ ਚੀਜ਼ਾਂ ਅਜੇ ਵੀ ਸਮੁੰਦਰ ਦੇ ਤਲ 'ਤੇ ਖਿੰਡੀਆਂ ਹੋਈਆਂ ਹਨ

ਇੱਕ ਨਵੇਂ ਸਿਮੂਲੇਸ਼ਨ ਨੇ ਡੁੱਬਣ ਬਾਰੇ ਹੋਰ ਵੀ ਜਾਣਕਾਰੀ ਪ੍ਰਦਾਨ ਕੀਤੀ ਹੈ।

ਇਹ ਜਹਾਜ਼ ਦੇ ਇੱਕ ਵਿਸਤ੍ਰਿਤ ਢਾਂਚਾਗਤ ਮਾਡਲ ਤੋਂ ਲਿਆ ਗਿਆ ਹੈ ਜੋ ਕਿ ਟਾਈਟੈਨਿਕ ਦੇ ਬਲੂਪ੍ਰਿੰਟਸ ਤੋਂ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਇਹ ਇਸਦੀ ਗਤੀ, ਦਿਸ਼ਾ ਅਤੇ ਸਥਿਤੀ ਬਾਰੇ ਵੀ ਜਾਣਕਾਰੀ ਹੈ, ਤਾਂ ਜੋ ਆਈਸਬਰਗ ਨਾਲ ਟਕਰਾਉਣ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇ।

ਯੂਨੀਵਰਸਿਟੀ ਕਾਲਜ ਲੰਡਨ ਦੇ ਪ੍ਰੋਫੈਸਰ ਜੀਓਮ-ਕੀ ਪਾਈਕ ਨੇ ਇਸ ਖੋਜ ਦੀ ਅਗਵਾਈ ਕੀਤੀ ਹੈ ਅਤੇ ਉਹ ਕਹਿੰਦੇ ਹਨ ਕਿ "ਅਸੀਂ ਟਾਈਟੈਨਿਕ ਦੇ ਡੁੱਬਣ ਦੀ ਘਟਨਾ ਨੂੰ ਫਿਰ ਤੋਂ ਸਮਝਣ ਲਈ ਉੱਨਤ ਸੰਖਿਆਤਮਕ ਐਲਗੋਰਿਦਮ, ਕੰਪਿਊਟੇਸ਼ਨਲ ਮਾਡਲਿੰਗ ਅਤੇ ਸੁਪਰਕੰਪਿਊਟਿੰਗ ਸਮਰੱਥਾਵਾਂ ਦੀ ਵਰਤੋਂ ਕੀਤੀ ਹੈ।"

ਸਿਮੂਲੇਸ਼ਨ ਦਰਸਾਉਂਦਾ ਹੈ ਕਿ ਜਿਵੇਂ ਹੀ ਜਹਾਜ਼ ਆਈਸਬਰਗ ਨਾਲ ਟਕਰਾਇਆ ਤਾਂ ਇਸ ਦੇ ਹਲ (ਢਾਂਚੇ) ਦੇ ਇੱਕ ਤੰਗ ਹਿੱਸੇ ਦੇ ਨਾਲ ਇੱਕ ਕਤਾਰ ਵਿੱਚ ਕਈ ਪੰਕਚਰ ਹੋ ਗਏ।

ਮੰਨਿਆ ਜਾਂਦਾ ਸੀ ਕਿ ਟਾਈਟੈਨਿਕ ਕਦੇ ਨਹੀਂ ਡੁੱਬੇਗਾ। ਇਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਜੇ ਇਸਦੇ ਚਾਰ ਪਾਣੀ-ਰੋਧਕ ਕੰਪਾਰਟਮੈਂਟ ਵੀ ਪਾਣੀ ਵਿੱਚ ਡੁੱਬ ਜਾਂਦੇ, ਇਹ ਤਾਂ ਵੀ ਤੈਰਦਾ ਰਹਿੰਦਾ।

ਪਰ ਸਿਮੂਲੇਸ਼ਨ ਦੀ ਗਣਨਾ ਮੁਤਾਬਕ, ਆਈਸਬਰਗ ਨਾਲ ਹੋਇਆ ਨੁਕਸਾਨ ਛੇ ਕੰਪਾਰਟਮੈਂਟਾਂ ਤੱਕ ਫੈਲਿਆ ਹੋਇਆ ਸੀ।

ਨਿਊਕੈਸਲ ਯੂਨੀਵਰਸਿਟੀ ਵਿੱਚ ਨੇਵਲ ਆਰਕੀਟੈਕਚਰ ਦੇ ਇੱਕ ਐਸੋਸੀਏਟ ਲੈਕਚਰਾਰ ਸਾਈਮਨ ਬੇਨਸਨ ਕਹਿੰਦੇ ਹਨ, "ਟਾਈਟੈਨਿਕ ਦੇ ਡੁੱਬਣ ਅਤੇ ਨਾ ਡੁੱਬਣ ਵਿੱਚ ਅੰਤਰ ਕਾਗਜ਼ ਦੇ ਟੁਕੜੇ ਦੇ ਆਕਾਰ ਦੇ ਨਿੱਕੇ-ਨਿੱਕੇ ਛੇਕਾਂ ਦੇ ਬਾਰੀਕ ਕਿਨਾਰਿਆਂ ਤੱਕ ਦਾ ਹੈ।''

"ਪਰ ਸਮੱਸਿਆ ਇਹ ਹੈ ਕਿ ਉਹ ਛੋਟੇ ਛੇਕ ਜਹਾਜ਼ 'ਤੇ ਪੂਰੀ ਇੱਕ ਲੰਬਾਈ ਵਿੱਚ ਹਨ, ਇਸ ਲਈ ਪਾਣੀ ਹੌਲੀ-ਹੌਲੀ ਪਰ ਯਕੀਨੀ ਤੌਰ 'ਤੇ ਉਨ੍ਹਾਂ ਸਾਰੇ ਛੇਕਾਂ ਵਿੱਚੋਂ ਆਉਂਦਾ ਹੈ, ਅਤੇ ਫਿਰ ਅੰਤ ਵਿੱਚ ਕੰਪਾਰਟਮੈਂਟ ਉੱਪਰ ਤੱਕ ਭਰ ਜਾਂਦੇ ਹਨ ਅਤੇ ਟਾਈਟੈਨਿਕ ਡੁੱਬ ਜਾਂਦਾ ਹੈ।"

ਬਦਕਿਸਮਤੀ ਨਾਲ ਸਕੈਨ 'ਤੇ ਨੁਕਸਾਨ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਬੋਅ ਦਾ ਹੇਠਲਾ ਹਿੱਸਾ ਰੇਤ ਦੇ ਹੇਠਾਂ ਲੁਕਿਆ ਹੋਇਆ ਹੈ।

ਟਾਈਟੈਨਿਕ ਦੀ ਮਨੁੱਖੀ ਤ੍ਰਾਸਦੀ ਅਜੇ ਵੀ ਬਹੁਤ ਸਪਸ਼ਟ ਦਿਖਾਈ ਦਿੰਦੀ ਹੈ।

ਜਹਾਜ਼ ਦੇ ਯਾਤਰੀਆਂ ਦੀਆਂ ਨਿੱਜੀ ਚੀਜ਼ਾਂ ਸਮੁੰਦਰ ਦੇ ਤਲ 'ਤੇ ਖਿੰਡੀਆਂ ਹੋਈਆਂ ਹਨ।

ਇਹ ਸਕੈਨ, 1912 ਦੀ ਉਸ ਠੰਡੀ ਰਾਤ ਬਾਰੇ ਨਵੇਂ ਸੁਰਾਗ ਸਾਹਮਣੇ ਲਿਆ ਰਿਹਾ ਹੈ, ਪਰ ਥ੍ਰੀD ਨਕਲ ਦੇ ਹਰ ਵੇਰਵੇ ਦੀ ਪੂਰੀ ਤਰ੍ਹਾਂ ਜਾਂਚ ਕਰਨ ਲਈ ਮਾਹਿਰਾਂ ਨੂੰ ਕਈ ਸਾਲ ਲੱਗ ਜਾਣਗੇ।

ਪਾਰਕਸ ਸਟੀਫਨਸਨ ਨੇ ਕਿਹਾ, "ਉਹ ਸਾਨੂੰ ਇੱਕ ਸਮੇਂ 'ਤੇ ਸਿਰਫ਼ ਕੁਝ ਕਹਾਣੀਆਂ ਹੀ ਦੱਸਦੀ ਹੈ।''

"ਹਰ ਵਾਰ, ਉਹ ਸਾਡੇ ਅੰਦਰ ਹੋਰ ਜਾਣਨ ਦੀ ਇੱਛਾ ਪੈਦਾ ਕਰ ਦਿੰਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)