ਹਰਿਆਣਾ: ਸਿੱਖ ਨੌਜਵਾਨ ਦੀ ‘ਖ਼ਾਲਿਸਤਾਨ ਮੁਰਦਾਬਾਦ’ ਦੇ ਨਾਅਰੇ ਨਾ ਲਾਉਣ ’ਤੇ ਕੁੱਟਮਾਰ

ਤਸਵੀਰ ਸਰੋਤ, BBC/ Sat Singh
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਸਹਿਯੋਗੀ
"ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਕੋਈ ਮੈਨੂੰ ਮੇਰੇ ਹੀ ਦੇਸ਼ ਵਿੱਚ ਧਰਮ ਦੇ ਨਾਂ 'ਤੇ ਕੁੱਟੇਗਾ, ਮੇਰੀ ਪੱਗ, ਮੇਰੀ ਇੱਜ਼ਤ ਲਾਹ ਦੇਵੇਗਾ ਅਤੇ ਮੈਨੂੰ ਖ਼ਾਲਿਸਤਾਨੀ ਕਹਿ ਕੇ ਬੇਇੱਜ਼ਤ ਕਰੇਗਾ।"
ਇਹ ਗੱਲ ਪਾਣੀਪਤ ਦੇ ਰਹਿਣ ਵਾਲੇ, ਵੀਹ ਸਾਲਾ ਸਿੱਖ ਨੌਜਵਾਨ ਗੁਰਦੀਪ ਸਿੰਘ ਨੇ ਕਹੀ। ਬੀਤੇ ਹਫ਼ਤੇ ਗੁਰਦੀਪ ਸਿੰਘ ਕਥਿਤ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਏ ਅਤੇ ਕੁਝ ਨੌਜਵਾਨਾਂ ਵਲੋਂ ਉਨ੍ਹਾਂ ਨੂੰ ‘ਹਿੰਦੋਸਤਾਨ ਜ਼ਿੰਦਾਬਾਦ ਅਤੇ ਖ਼ਾਲਿਸਤਾਨ ਮੁਰਦਾਬਾਦ’ ਦੇ ਨਾਅਰੇ ਲਗਾਉਣ ਲਈ ਕਿਹਾ ਗਿਆ ਸੀ।
ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕੁਝ ਲੋਕਾਂ ਵਲੋਂ ਗੁਰਦੀਪ ਦੀ ਕੁੱਟਮਾਰ ਕੀਤੀ ਗਈ।

ਤਸਵੀਰ ਸਰੋਤ, Sat Singh/BBC
ਉਸ ਦਿਨ ਕੀ ਹੋਇਆ ਸੀ?
ਸਿੱਖ ਪਰਿਵਾਰ ਨਾਲ ਸਬੰਧਤ ਗੁਰਦੀਪ ਪਾਣੀਪਤ ਦੇ ਹਿਸਾਰ ਬਾਜ਼ਾਰ ਦੀ ਇੱਕ ਕਲੋਨੀ ਵਿੱਚ ਰਹਿੰਦੇ ਹਨ। ਗੁਰਦੀਪ ਦੇ ਪਿਤਾ ਵੈਲਡਿੰਗ ਦਾ ਕੰਮ ਕਰਦੇ ਹਨ।
ਗੁਰਦੀਪ ਨੇ ਇਸੇ ਸਾਲ ਬਾਹਰਵੀਂ ਕਲਾਸ ਪਾਸ ਕੀਤੀ ਹੈ। ਅੱਜ ਕੱਲ੍ਹ ਉਹ ਆਈਲੈਟਸ ਦੀ ਤਿਆਰੀ ਕਰ ਰਹੇ ਹਨ।
ਗੁਰਦੀਪ ਨੇ ਦੱਸਿਆ ਕਿ 10 ਨਵੰਬਰ ਨੂੰ ਉਹ ਸ਼ਹਿਰ ਦੇ ਇੱਕ ਪੈਟਰੋਲ ਪੰਪ 'ਤੇ ਸਕੂਟਰ 'ਚ ਤੇਲ ਭਰਵਾਉਣ ਗਏ ਸਨ। ਨੇੜੇ ਹੀ ਸ਼ਰਾਬ ਦਾ ਠੇਕਾ ਸੀ।
ਜਦੋਂ ਉਹ ਤੇਲ ਭਰਵਾ ਕੇ ਉਥੋਂ ਤੁਰਨ ਲੱਗੇ ਤਾਂ ਨੇੜੇ ਖੜੇ ਦੋ-ਤਿੰਨ ਵਿਅਕਤੀਆਂ ਨੇ ਉਨ੍ਹਾਂ ਨੂੰ ਬੁਲਾਇਆ ਅਤੇ 'ਹਿੰਦੋਸਤਾਨ ਜ਼ਿੰਦਾਬਾਦ' ਦੇ ਨਾਹਰੇ ਲਾਉਣ ਲਈ ਕਿਹਾ ਅਤੇ ਫਿਰ 'ਖ਼ਾਲਿਸਤਾਨ ਦਾ ਵਿਰੋਧ' ਕਰਨ ਨੂੰ ਕਹਿਣ 'ਤੇ ਜ਼ੋਰ ਪਾਉਣ ਲੱਗੇ।
ਗੁਰਦੀਪ ਦੱਸਦੇ ਹਨ, "ਉਨ੍ਹਾ ਕਿਹਾ, ‘ਓਏ ਸਰਦਾਰ, ਇੱਧਰ ਆ ਜਾਓ, ਹਿੰਦੋਸਤਾਨ ਜ਼ਿੰਦਾਬਾਦ’ ਬੋਲੋ।”
ਗੁਰਦੀਪ ਮੁਤਾਬਕ ਉਨ੍ਹਾਂ ਨੇ ਦੋ ਵਾਰ ‘ਹਿੰਦੋਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾ ਦਿੱਤੇ ਤਾਂ ਉਨ੍ਹਾਂ ਨੂੰ ਖ਼ਾਲਿਸਤਾਨ ਮੁਰਦਾਬਾਦ’ ਕਹਿਣ ਲਈ ਕਿਹਾ ਗਿਆ।

ਗੁਰਦੀਪ ਦੇ ਦੱਸਣ ਮੁਤਾਬਕ ਜਦੋਂ ਹੀ ਉਸ ਨੇ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਕੱਠੇ ਹੋਏ ਨੌਜਵਾਨਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ‘ਸਰਦਾਰ ਵਾਂਗ, 12 ਵੱਜ ਗਏ’ ਅਤੇ ਉਹ ਗੁਰਦੀਪ ਨਾਲ ਲੜਨ ਲੱਗੇ।
ਉਹ ਦੱਸਦੇ ਹਨ,“ਜਦੋਂ ਮੈਂ ਭੱਜਣ ਲਈ ਨੇੜਲੇ ਠੇਕੇ ਦੇ ਅੰਦਰ ਗਿਆ ਤਾਂ ਉਹ ਵਿਅਕਤੀ ਦੋ-ਤਿੰਨ ਹੋਰ ਸਾਥੀਆਂ ਨਾਲ ਠੇਕੇ ਦੇ ਅੰਦਰ ਦਾਖਲ ਹੋ ਗਿਆ ਅਤੇ ਮੇਰਾ ਮੋਬਾਈਲ ਅਤੇ ਸਕੂਟਰ ਦੀਆਂ ਚਾਬੀਆਂ ਖੋਹਣ ਲੱਗ ਪਿਆ।”
“ਜਦੋਂ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੇਰੀ ਪੱਗ ਉਤਾਰ ਦਿੱਤੀ ਅਤੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਫ਼ਿਰ ਉਨ੍ਹਾਂ ਬੈਲਟਾਂ ਨਾਲ ਮੇਰੀ ਕੁੱਟ-ਮਾਰ ਸ਼ੁਰੂ ਕਰ ਦਿੱਤੀ।”
ਗੁਰਦੀਪ ਸਿੰਘ ਕਹਿੰਦੇ ਹਨ, “ਉਨ੍ਹਾਂ ਨੇ ਮੇਰੇ ਸਿਰ ਦੇ ਵਾਲ ਖਿੱਚੇ ਅਤੇ ਕਾਫੀ ਦੇਰ ਤੱਕ ਮੈਨੂੰ ਲੱਤਾਂ ਮਾਰਦੇ ਅਤੇ ਕੁੱਟਦੇ ਰਹੇ। ਮੈਂ ਕਿਸੇ ਤਰ੍ਹਾਂ ਬਚ ਕੇ ਨਿਕਲਿਆ ਅਤੇ ਕਿਸੇ ਦਾ ਫ਼ੋਨ ਮੰਗ ਕੇ ਆਪਣੇ ਘਰਦਿਆਂ ਨੂੰ ਖ਼ਬਰ ਕੀਤੀ ਕਿ ਮੇਰੇ 'ਤੇ ਹਮਲਾ ਕੀਤਾ ਜਾ ਰਿਹਾ ਹੈ।”
ਗੁਰਦੀਪ ਨੇ ਦੱਸਿਆ ਕਿ ਇਸ ਦੌਰਾਨ ਠੇਕੇ ਦੇ ਮੁਲਾਜ਼ਮਾਂ ਨੇ ਪੁਲਿਸ ਹੈਲਪਲਾਈਨ ਨੰਬਰ 112 ’ਤੇ ਫੋਨ ਕਰ ਦਿੱਤਾ ਸੀ ਅਤੇ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ।
ਉਨ੍ਹਾਂ ਕਿਹਾ, "ਮੈਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਅਤੇ ਉਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।”
ਗੁਰਦੀਪ ਮੁਤਾਬਕ ਬਾਅਦ ਵਿੱਚ ਦੋਵਾਂ ਨੂੰ ਜ਼ਮਾਨਤ ਮਿਲ ਗਈ ਸੀ।

ਤਸਵੀਰ ਸਰੋਤ, Sat Singh/BBC
ਸਿੱਖ ਸਮਾਜ ਵਲੋਂ ਪਾਣੀਪਤ ਵਿੱਚ ਰੋਸ
ਗੁਰਦੀਪ ਸਿੰਘ ਨਾਲ ਵਾਪਰੀ ਘਟਨਾ ਦੇ ਰੋਸ ਵਿੱਚ ਸਿੱਖ ਭਾਈਚਾਰੇ ਦੇ ਲੋਕ ਪਾਣੀਪਤ ਦੇ ਪਹਿਲੀ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਸਨ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਯੁਕਤ ਸਕੱਤਰ ਮੋਹਨਜੀਤ ਸਿੰਘ ਨੇ ਇਸ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗੁਰਦੀਪ ਦੇ ਪਿਤਾ ਬਲਬੀਰ ਸਿੰਘ ਦਾ ਪਰਿਵਾਰ ਬਹੁਤ ਹੀ ਇੱਜ਼ਤਦਾਰ ਤੇ ਮਿਹਨਤੀ ਹੈ ਅਤੇ ਪਾਣੀਪਤ ਵਿੱਚ ਚੰਗੇ ਕੰਮਾਂ ਲਈ ਜਾਣਿਆ ਜਾਂਦਾ ਹੈ।
ਉਨ੍ਹਾਂ ਮੁਤਾਬਕ ਸਿੱਖ ਭਾਈਚਾਰੇ ਦੇ ਨੁਮਾਇੰਦੇ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਲੁੱਟ-ਖੋਹ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਨਗੇ।
ਉਨ੍ਹਾਂ ਕਿਹਾ ਕਿ ਪਾਣੀਪਤ ਵਿੱਚ ਕਰੀਬ 25 ਹਜ਼ਾਰ ਸਿੱਖ ਰਹਿੰਦੇ ਹਨ ਅਤੇ ਪਹਿਲਾਂ ਕਦੀ ਵੀ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਹੈ।
ਉਨ੍ਹਾਂ ਕਿਹਾ ਕਿ, “ਜਿਵੇਂ ਕਈ ਬਾਹਰਲੇ ਮੁਲਕਾਂ ਵਿੱਚ ਸਿੱਖ ਦੀ ਦਸਤਾਰ ਦਾ ਅਪਮਾਨ ਕਰਨ ਲਈ ਸਖ਼ਤ ਸਜ਼ਾ ਹੈ, ਇੱਥੇ ਵੀ ਅਜਿਹੀ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਸਿੱਖ ਕੌਮ ਦੇ ਲੋਕ ਸਕੂਨ ਨਾਲ ਰਹਿ ਸਕਣ।”

ਤਸਵੀਰ ਸਰੋਤ, BBC/Sat Singh
ਪਾਣੀਪਤ ਪੁਲਿਸ ਨੇ ਕੀ ਕਾਰਵਾਈ ਕੀਤੀ?
ਪੁਲਿਸ ਵਲੋਂ ਤਿੰਨ ਵਿਅਕਤੀਆਂ ਸ਼ਾਲੂ, ਦੀਪਕ ਨੇਪਾਲੀ ਅਤੇ ਓਮ ਸ਼ਾਸ਼ਵਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਸਦਰ ਦੇ ਮੁਖੀ ਇੰਸਪੈਕਟਰ ਵਿਲਾਸ ਰਾਮ ਨੇ ਦੱਸਿਆ ਕਿ ਦੋ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਤੀਜੇ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਮਾਮਲੇ 'ਤੇ ਉਹ ਨਜ਼ਰ ਰੱਖ ਰਹੇ ਹਨ ਅਤੇ ਇਸ ਸਬੰਧੀ ਧਾਰਾ 295 ਵੀ ਜੋੜ ਦਿੱਤੀ ਗਈ ਹੈ |
ਮਿਲੀ ਜਾਣਕਾਰੀ ਮੁਤਾਬਕ ਤਿੰਨੇ ਮੁਲਜਮ ਪਹਿਲਾਂ ਵੀ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਚੁੱਕੇ ਹਨ ਅਤੇ ਤਿੰਨੇ ਬੇਰੁਜ਼ਗਾਰ ਹਨ।












