You’re viewing a text-only version of this website that uses less data. View the main version of the website including all images and videos.
ਬੀਬੀਸੀ ਦੇ ਡਾਇਰੈਕਟਰ ਜਨਰਲ ਨੇ ਸਟਾਫ਼ ਨੂੰ ਨਿਡਰ ਹੋ ਕੇ ਰਿਪੋਰਟਿੰਗ ਕਰਨ ਲਈ ਕਿਹਾ
ਬੀਬੀਸੀ ਦੇ ਡਾਇਰੈਕਟਰ-ਜਨਰਲ ਟਿਮ ਡੇਵੀ ਨੇ ਭਾਰਤ ਵਿੱਚ ਆਪਣੇ ਸਟਾਫ ਨੂੰ ਇੱਕ ਈਮੇਲ ਵਿੱਚ ਕਿਹਾ ਹੈ ਕਿ ਬੀਬੀਸੀ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਰਿਪੋਰਟਿੰਗ ਕਰਨ ਦੇ ਆਪਣੇ ਕੰਮ ਤੋਂ ਨਹੀਂ ਰੁਕੇਗਾ।
ਇਹ ਈਮੇਲ ਬੀਬੀਸੀ ਦੇ ਦਿੱਲੀ ਅਤੇ ਮੁੰਬਈ ਦੇ ਦਫਤਰਾਂ ਵਿੱਚ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਸਰਵੇ ਤੋਂ ਬਾਅਦ ਆਇਆ ਹੈ।
ਟਿਮ ਡੇਵੀ ਨੇ ਸਟਾਫ ਦੀ ਹਿੰਮਤ ਲਈ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਨਿਰਪੱਖਤਾ ਨਾਲ ਰਿਪੋਰਟਿੰਗ ਕਰਨ ਤੋਂ ਵੱਧ ਹੋਰ ਕੁਝ ਵੀ ਮਹੱਤਵਪੂਰਨ ਨਹੀਂ ਹੈ।
ਬੀਬੀਸੀ ਜੋ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਿਹਾ ਹੈ, ਉਨ੍ਹਾਂ ਵੱਲੋਂ ਹਾਲ ਹੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਥਿਤ ਇੱਕ ਦਸਤਾਵੇਜ਼ੀ ਫਿਲਮ ਪ੍ਰਸਾਰਿਤ ਕੀਤੀ ਸੀ।
ਭਾਰਤ ਦੀ ਸਰਕਾਰ ਨੇ ਇਸ ਨੂੰ " ਦੁਸ਼ਮਣੀ ਭਰਿਆ ਪ੍ਰਚਾਰ" ਕਿਹਾ ਅਤੇ ਇਸ ਨੂੰ ਭਾਰਤ ਵਿੱਚ ਪ੍ਰਸਾਰਿਤ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਡਾਇਰੈਕਟਰ ਜਨਰਲ ਟਿਮ ਡੇਵੀ ਨੇ ਕਿਹਾ ਹੈ ਕਿ ਬੀਬੀਸੀ ਆਪਣੇ ਸਟਾਫ਼ ਨੂੰ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰੇਗਾ।
ਉਨ੍ਹਾਂ ਨੇ ਈਮੇਲ ਵਿੱਚ ਲਿਖਿਆ, "ਬਿਨਾਂ ਡਰ ਜਾਂ ਪੱਖਪਾਤ ਦੇ ਰਿਪੋਰਟਿੰਗ ਕਰਨ ਦੀ ਸਾਡੀ ਯੋਗਤਾ ਤੋਂ ਵੱਧ ਹੋਰ ਕੁਝ ਵੀ ਮਹੱਤਵਪੂਰਨ ਨਹੀਂ ਹੈ।"
"ਸਾਡਾ ਫਰਜ਼ ਦੁਨੀਆਂ ਭਰ ਦੇ ਦਰਸ਼ਕਾਂ ਦੇ ਸਾਹਮਣੇ ਨਿਰਪੱਖ ਪੱਤਰਕਾਰਿਤਾ ਕਰ ਕੇ ਤੱਥਾਂ ਨੂੰ ਪੇਸ਼ ਕਰਨਾ ਅਤੇ ਬਿਹਤਰੀਨ ਰਚਨਾਤਮਕ ਸਮੱਗਰੀ ਨੂੰ ਬਣਾਉਣਾ ਤੇ ਸਾਰਿਆਂ ਤੱਕ ਪਹੁੰਚਾਉਣਾ ਹੈ। ਅਸੀਂ ਇਸ ਕੰਮ ਤੋਂ ਪਿੱਛੇ ਨਹੀਂ ਹਟਾਂਗੇ।"
ਉਨ੍ਹਾਂ ਨੇ ਅੱਗੇ ਲਿਖਿਆ, "ਮੈਂ ਸਪੱਸ਼ਟ ਕਰ ਦਿਆਂ ਕਿ ਬੀਬੀਸੀ ਦਾ ਕੋਈ ਏਜੰਡਾ ਨਹੀਂ ਹੈ। ਅਸੀਂ ਉਦੇਸ਼ ਨਾਲ ਪ੍ਰੇਰਿਤ ਹਾਂ। ਸਾਡਾ ਪਹਿਲਾਂ ਜਨਤਕ ਉਦੇਸ਼ ਲੋਕਾਂ ਨੂੰ ਨਿਰਪੱਖ ਖ਼ਬਰਾਂ ਅਤੇ ਜਾਣਕਾਰੀ ਮੁਹੱਈਆ ਕਰਵਾਉਣਾ ਹੈ ਤਾਂ ਜੋ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਦੁਨੀਆਂ ਸਮਝਣ ਅਤੇ ਉਸ ਨਾਲ ਜੁੜਨ ਵਿੱਚ ਮਦਦ ਮਿਲ ਸਕੇ।"
ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਤਿੰਨ ਦਿਨਾਂ ਤੱਕ ਬੀਬੀਸੀ ਦਫ਼ਤਰਾਂ ਵਿੱਚ ਰਹੇ। ਉਹ ਇਸ ਨੂੰ 'ਸਰਵੇ' ਆਖਦੇ ਹਨ।
ਇੰਡੀਅਨ ਸੈਂਟਰਲ ਬੋਰਡ ਆਫ ਟੈਕਸਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਫਰਕ ਅਤੇ ਅਸੰਗਤੀਆਂ ਮਿਲੀਆਂ ਹਨ। ਸੰਕੇਤ ਮਿਲਦਾ ਹੈ ਕਿ ਬਣਦੇ ਭੁਗਤਾਨ ਦੇ ਹਿਸਾਬ ਨਾਲ ਟੈਕਸ ਨਹੀਂ ਭਰਿਆ ਗਿਆ ਅਤੇ ਇਸ ਨਾਲ ਜੁੜੀਆਂ ਵਿਦੇਸ਼ੀ ਸੰਸਥਾਵਾਂ ਨੇ ਭਾਰਤ ਵਿੱਚ ਇਸ ਨੂੰ ਆਮਦਨ ਵਜੋਂ ਨਹੀਂ ਦਿਖਾਇਆ।"
ਇਸ ਹਫ਼ਤੇ ਬ੍ਰਿਟੇਨ ਦੀ ਸੰਸਦ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਸ ਛਾਪੇਮਾਰੀ ਨੂੰ'ਧਮਕਾਉਣ' ਵਾਲਾ ਅਤੇ ਚਿੰਤਾ ਦਾ ਵਿਸ਼ਾ ਕਰਾਰ ਦਿੱਤਾ ਹੈ।
ਬ੍ਰਿਟੇਨ ਦੇ ਵਿਦੇਸ਼ ਵਿਭਾਗ ਦੇ ਮੰਤਰੀ ਨੇ ਭਾਰਤ ਦੇ ਇਨਕਮ ਟੈਕਸ ਵਿਭਾਗ ਦੇ ਇਲਜ਼ਾਮਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ, ਪਰ ਕਿਹਾ ਹੈ ਕਿ 'ਅਸੀਂ ਇਸ ਮਾਮਲੇ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)