ਅਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਦਰਮਿਆਨ ਪੰਜਾਬ ਵਿੱਚ ਸਿੱਖਾਂ ਬਾਰੇ ਭਾਜਪਾ ਦੀ ਕੀ ਹੈ ਰਣਨੀਤੀ

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

“ਇਨ੍ਹਾਂ (ਭਾਜਪਾ) ਨੇ ਤਾਂ ਮਖੌਟਾ ਉਤਾਰ ਦਿੱਤਾ, ਇਹ ਤਾਂ ਕਹਿੰਦੇ ਹਨ ਕਿ ਅਸੀਂ ਹਿੰਦੂ ਹਾਂ। ਇਹ ਹਿੰਦੂ ਰਾਸ਼ਟਰ ਦੀ ਗੱਲ ਖੁੱਲੇਆਮ ਕਰਦੇ ਹਨ।”

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਬੀਬੀਸੀ ਨੂੰ ਇੱਕ ਇੰਟਰਵਿਊ ਦੌਰਾਨ ਇਹ ਬਿਆਨ ਦਿੱਤਾ।

ਅਮ੍ਰਿਤਪਾਲ ਸਿੰਘ ਨੇ ਕਿਹਾ, “ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਅਸੀਂ ਸਿੱਖਾਂ ਦੀ ਪਛਾਣ ਨੂੰ ਵੱਖਰੀ ਨਹੀਂ ਮੰਨਦੇ, ਅਸੀਂ ਇਸ ਨੂੰ ਹਿੰਦੂਆਂ ਦਾ ਇੱਕ ਹਿੱਸਾ ਮੰਨਦੇ ਹਾਂ।”

ਉਹ ਕਹਿੰਦੇ ਹਨ, “ਖ਼ਾਲਿਸਤਾਨ ਇੱਕ ਅਜਿਹਾ ਢਾਂਚਾ ਹੋਵੇਗਾ, ਜਿੱਥੇ ਹਰ ਭਾਈਚਾਰੇ ਕੋਲ ਇੱਕ ਤਾਕਤ ਹੋਵੇਗੀ।”

ਅਮ੍ਰਿਤਪਾਲ ਸਿੰਘ ਦੀ ਅਜਿਹੀ ਬਿਆਨਬਾਜੀ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਪੰਜਾਬ ਦੇ ਹਿੰਦੂਆਂ ਅੰਦਰ ਡਰ ਪੈਦਾ ਹੋ ਰਿਹਾ ਹੈ।

ਪੰਜਾਬ ਵਿੱਚ ਭਾਜਪਾ ਅਤੇ ਕਾਂਗਰਸ ਦੇ ਆਗੂ ਅਮ੍ਰਿਤਪਾਲ ਸਿੰਘ ਉੱਪਰ ਕਾਰਵਾਈ ਦੀ ਮੰਗ ਕਰ ਰਹੇ ਹਨ।

ਉੱਧਰ ਅਜਨਾਲਾ ਵਿੱਚ ਹਿੰਸਾ ਅਤੇ ਅਮ੍ਰਿਤਪਾਲ ਦੇ ਸਾਥੀਆਂ ਵੱਲੋਂ ਥਾਣੇ ਉੱਤੇ ‘ਕਬਜਾ’ ਕਰ ਲਏ ਜਾਣ ਦੇ ਬਾਵਜੂਦ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਹਾਲੇ ਤੱਕ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ।

ਹਾਲਾਂਕਿ ਅਮ੍ਰਿਤਪਾਲ ਦੇ ਇੱਕ ਸਾਥੀ ਨੂੰ ਛੱਡ ਦਿੱਤਾ ਗਿਆ, ਜਿਸ ਦੀ ਰਿਹਾਈ ਲਈ ਉਨ੍ਹਾਂ ਨੇ 23 ਫ਼ਰਵਰੀ ਨੂੰ ਪ੍ਰਦਰਸ਼ਨ ਕੀਤਾ ਸੀ।

ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਿਛਲੇ ਕਈ ਸਾਲਾਂ ਤੋਂ ਸਿੱਖਾਂ ਦੇ ਵੱਡੇ ਧਾਰਮਿਕ ਸਮਾਗਮਾਂ ਵਿੱਚ ਲਗਾਤਾਰ ਹਿੱਸਾ ਲੈ ਰਹੇ ਹਨ।

ਉਹ ਸਿੱਖਾਂ ’ਤੇ ਮੁਗਲ ਸਾਮਰਾਜ ਦੌਰਾਨ ਹੋਏ ਅੱਤਿਆਚਾਰ ਦਾ ਹਵਾਲਾ ਦਿੰਦੇ ਹੋਏ ਸਿੱਖ ਗੁਰੂਆਂ ਵੱਲੋਂ ਹਿੰਦੂਆਂ ਦੀ ਰਾਖੀ ਲਈ ਕੁਰਬਾਨੀ ਦੇਣ ਨੂੰ ਯਾਦ ਕਰਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਭਾਜਪਾ ਵੱਲੋਂ ਸਿੱਖਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼

9 ਨਵੰਬਰ 2019 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਦੋਵਾਂ ਪਾਸਿਆਂ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਕੀਤਾ ਗਿਆ ਸੀ।

ਉਸੇ ਦਿਨ ਤੋਂ ਲੋਕ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ।

ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ, ਭਾਰਤ ਸਰਕਾਰ ਨੇ 26 ਦਸੰਬਰ 2022 ਨੂੰ ਦਿੱਲੀ ਸਣੇ ਦੇਸ-ਵਿਦੇਸ਼ ਵਿਚ ‘ਵੀਰ ਬਾਲ ਦਿਵਸ’ ਮਨਾਇਆ।

ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ ਸੀ।

ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦਾ ਇੱਕ ਫਾਰਮ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਜਥੇਦਾਰ ਅਕਾਲ ਤਖ਼ਤ ਹਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਇਸ ਸਾਲ ਜਨਵਰੀ ਮਹੀਨੇ ਭਰਿਆ ਗਿਆ ਸੀ।

ਇਸ ਤੋਂ ਇਲਾਵਾ ਹਰਿਆਣਾ ਵਿੱਚ ਭਾਜਪਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦੱਤਿਆ ਨਾਥ ਵੀ ਲਗਾਤਾਰ ਆਪਣੇ ਸੂਬੇ ਵਿੱਚ ਸਿੱਖਾਂ ਦੇ ਇਤਿਹਾਸਕ ਸਮਾਗਮਾਂ ਵਿੱਚ ਖਾਸ ਤੌਰ ’ਤੇ ਹਿੱਸਾ ਲੈਂਦੇ ਆ ਰਹੇ ਹਨ।

ਕੇਂਦਰ ਵਿੱਚ ਭਾਜਪਾ ਦੀ ਸਰਕਾਰ ਦੌਰਾਨ ਹੀ 1984 ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੇ 31 ਦਸੰਬਰ, 2018 ਨੂੰ ਆਤਮ-ਸਮਰਪਣ ਕੀਤਾ ਸੀ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, “ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਟੁੱਟਿਆ ਹੈ, ਉਸ ਸਮੇਂ ਤੋਂ ਹੀ ਭਾਜਪਾ ਨੇ ਸਿੱਖਾਂ ਬਾਰੇ ਰਣਨੀਤੀ ਘੜੀ ਹੈ।”

ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਸਮੇਂ ਸਾਲ 2020 ਵਿੱਚ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਤੋੜ ਦਿੱਤਾ ਸੀ।

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਸਿੱਖਾਂ ਲਈ ਵੱਖ ਰਾਜ ਯਾਨੀ ਖਾਲਿਸਤਾਨ ਦੀ ਮੰਗ ਕਰ ਰਹੇ ਹਨ।

ਅਮ੍ਰਿਤਪਾਲ ਦੀ ਬਿਆਨਬਾਜ਼ੀ ਅਤੇ ਧਰੁਵੀਕਰਨ ਦੀ ਰਾਜਨੀਤੀ

ਅਮ੍ਰਿਤਪਾਲ ਸਿੰਘ ਸਿੱਖਾਂ ਲਈ ਵੱਖਰੇ ਸੂਬੇ ਯਾਨੀ ਖਾਲਿਸਤਾਨ ਦੀ ਮੰਗ ਕਰ ਰਹੇ ਹਨ। ਉਹ ਕਹਿੰਦੇ ਹਨ, “ਕੀ ਕੇਂਦਰ ਸਰਕਾਰ ਸਿੱਖ ਕੈਦੀਆਂ ਨੂੰ ਰਿਹਾਅ ਨਹੀਂ ਕਰ ਸਕਦੀ?”

ਅਜਨਾਲਾ ਥਾਣੇ ਦੇ ਘਿਰਾਓ ਸਮੇਂ ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੋਸ ਪ੍ਰਦਰਸ਼ਨ ਵਿੱਚ ਲਿਜਾਈ ਗਈ, ਜਿਸ ਦਾ ਅਕਾਲੀ ਦਲ ਸਣੇ ਸਿੱਖਾਂ ਦੇ ਕਈ ਸੰਗਠਨਾਂ ਵੱਲੋਂ ਵਿਰੋਧ ਕੀਤਾ ਗਿਆ।

ਇਸ ਮੌਕੇ ਕਿਰਪਾਨਾਂ ਤੇ ਰਵਾਇਤੀ ਹਥਿਆਰਾਂ ਨਾਲ ਕੀਤੇ ਰੋਸ ਮਾਰਚ ਵਿੱਚ ਪੁਲਿਸ ਨਾਲ ਝੜਪਾਂ ਵੀ ਹੋਈਆਂ ਅਤੇ ਪੁਲਿਸ ਮੁਤਾਬਕ ਉਨ੍ਹਾਂ ਦੇ 6 ਮੁਲਾਜ਼ਮ ਜ਼ਖਮੀ ਹੋ ਗਏ ਸਨ।

ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਸਾਸ਼ਤਰ ਵਿਭਾਗ ਵਿੱਚ ਪ੍ਰੋਫੈਸਰ ਜਤਿੰਦਰ ਸਿੰਘ ਦਾ ਕਹਿਣਾ ਹੈ, “ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਜੋ ਕਰਨਾ ਹੈ, ਉਸ ਨੇ ਹਿੰਦੂਆਂ ਵਿੱਚ ਅਸਰੁੱਖਿਆ ਦਾ ਮਾਹੌਲ ਬਣਾਉਣਾ ਹੈ ਤਾਂ ਅਜਿਹੇ ਵਿੱਚ ਉਨ੍ਹਾਂ ਨੇ ਆਪੇ ਭਾਜਪਾ ਵੱਲ ਨੂੰ ਜਾਣਾ ਹੈ।”

ਪ੍ਰੋਫੈਸਰ ਜਤਿੰਦਰ ਸਿੰਘ ਅਨੁਸਾਰ, “ਜੇਕਰ ਕੇਂਦਰ ਨੇ ਪੰਜਾਬ ਵਿੱਚ ਦਖ਼ਲ ਵਧਾਉਣਾ ਹੈ ਤਾਂ ਇਹ ਮਾਹੌਲ ਸਿਰਜਣਾ ਜਰੂਰੀ ਹੈ ਕਿ ਪੰਜਾਬ ਫਿਰ ਤੋਂ ਖਾਲਿਸਤਾਨ ਵੱਲ ਜਾ ਰਿਹਾ ਹੈ ਅਤੇ ਇਹ ਰਾਸ਼ਟਰੀ ਸੁਰੱਖਿਆ ਦਾ ਮਸਲਾ ਹੈ। ਅਜਿਹੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੀ ਦਖ਼ਲ ਜਾਇਜ਼ ਬਣ ਜਾਂਦਾ ਹੈ।”

ਉਹ ਕਹਿੰਦੇ ਹਨ, “ਇਹ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਔਖੀ ਸਥਿਤੀ ਬਣ ਗਈ ਹੈ। ਜੇਕਰ ਉਹ ਕਾਰਵਾਈ ਕਰਦੀ ਹੈ ਤਾਂ ਫ਼ਸਦੀ ਹੈ ਅਤੇ ਨਹੀਂ ਕਰਦੀ ਤਾਂ ਵੀ ਫ਼ਸਦੀ ਹੈ। ਇਸ ਨਾਲ ਕਾਨੂੰਨ ਵਿਵਸਥਾ ਦਾ ਮੁੱਦਾ ਵਾਰ-ਵਾਰ ਬਣਦਾ ਹੈ।”

ਅਮ੍ਰਿਤਪਾਲ

ਤਸਵੀਰ ਸਰੋਤ, Social Media

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, “ਪੰਜਾਬ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਨਾਲ ਪੰਜਾਬ ਦਾ ਹਿੰਦੂ ਡਰ ਰਿਹਾ ਹੈ। ਪਰ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ। ਹਾਲਾਂਕਿ ਅੱਜ ਕੱਲ੍ਹ ਇਨ੍ਹਾਂ ਗੱਲਾਂ ਨਾਲ ਕਿਸੇ ਪਾਰਟੀ ਨੂੰ ਵੋਟ ਨਹੀਂ ਮਿਲਦੀ। ਕਿਸੇ ਸਮੇਂ ਇੰਦਰਾ ਗਾਂਧੀ ਨੇ ਵੀ ਪੰਜਾਬ ਦਾ ਪੱਤਾ ਨੈਸ਼ਨਲ ਪੱਧਰ ’ਤੇ ਖੇਡਣ ਦੀ ਕੋਸ਼ਿਸ਼ ਕੀਤੀ ਸੀ ਪਰ ਦੇਖਣ ਵਾਲੀ ਗੱਲ ਹੈ ਕਿ ਇਹ ਇਸ ਵਾਰ ਕੰਮ ਕਰਦਾ ਹੈ ਜਾਂ ਨਹੀਂ। ਹਾਲਾਂਕਿ ਇਹ ਤਰੀਕਾ ਅਪਣਾਇਆ ਜਰੂਰ ਜਾ ਰਿਹਾ ਹੈ।”

ਜਗਤਾਰ ਸਿੰਘ ਕਹਿੰਦੇ ਹਨ, “ਭਾਜਪਾ ਅੱਜ ਵੀ ਹਿੰਦੂ ਪਾਰਟੀ ਗਿਣੀ ਜਾਂਦੀ ਹੈ। ਇਹ ਸਿੱਖਾਂ ਦੇ ਕੁਝ ਮੁੱਦੇ ਚੁੱਕ ਕੇ ਆਪਣਾ ਅਧਾਰ ਵਧਾ ਤਾਂ ਸਕਦੇ ਹਨ ਪਰ ਇਹ ਸਿੱਖਾਂ ਦੇ ਹਿੱਤਾਂ ਨੂੰ ਸਹੀ ਪਲੇਟਫ਼ਾਰਮ ਉਪਰ ਨਹੀਂ ਪੇਸ਼ ਕਰ ਸਕਦੇ।”

ਉਹ ਕਹਿੰਦੇ ਹਨ, “ਭਾਜਪਾ ਦਾ ਪੰਜਾਬ ਵਿੱਚ ਆਪਣੇ ਪੈਰਾਂ ਉੱਪਰ ਖੜਾ ਹੋਣਾ ਅਤੇ ਸਰਕਾਰ ਬਣਾਉਣਾ ਐਨਾ ਸੌਖਾ ਨਹੀਂ ਹੈ। ਪੰਜਾਬ ਵਿੱਚ ਹਮੇਸ਼ਾ ਹਿੰਦੂ ਵਿਚਾਰ ਨੂੰ ਕਾਂਗਰਸ ਨੇ ਹੀ ਚੁੱਕਿਆ ਹੈ। ਹਿੰਦੂ ਕਾਂਗਰਸ ਨਾਲ ਹੀ ਖੜਦਾ ਰਿਹਾ ਹੈ ਪਰ ਭਾਜਪਾ ਇਹ ਥਾਂ ਕਦੇ ਨਹੀਂ ਲੈ ਸਕੀ। ਅਕਾਲੀਆਂ ਨਾਲ ਮਿਲ ਕੇ ਉਹ ਜਰੂਰ ਕੁਝ ਸੀਟਾਂ ਲੈ ਜਾਂਦੇ ਸਨ।”

ਅਮਰਿੰਦਰ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਤੰਬਰ 2022 ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ।

ਸਿੱਖ ਸੰਸਥਾਵਾਂ ਅਤੇ ਸਿੱਖ ਚਿਹਰਿਆ ਦੀ ਰਾਜਨੀਤੀ

ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਕ) ਐਕਟ 2014 ਨੂੰ ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖੇ ਜਾਣ ਤੋਂ ਬਾਅਦ ਹੁਣ ਸੂਬੇ ਵਿੱਚ ਐੱਸਜੀਪੀਸੀ ਤੋਂ ਵੱਖਰੀ ਕਮੇਟੀ ਬਣ ਗਈ ਹੈ। ਇਸ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਐੱਸਜੀਪੀਸੀ ਵੱਲੋਂ ਵਿਰੋਧ ਕੀਤਾ ਜਾ ਰਿਹਾ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਤੰਬਰ 2022 ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਕਾਂਗਰਸ ਉਨ੍ਹਾਂ ਉਪਰ ਮੁੱਖ ਮੰਤਰੀ ਦੇ ਅਹੁਦੇ ਉਪਰ ਰਹਿੰਦਿਆਂ ਭਾਜਪਾ ਦੇ ਇਸ਼ਾਰੇ ’ਤੇ ਚੱਲਣ ਦੇ ਇਲਜ਼ਾਮ ਲਗਾਉਂਦੀ ਸੀ।

ਸਾਲ 2021 ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸਿਰਸਾ ਨੂੰ ਦਬਾਅ ਪਾਕੇ ਅਤੇ ਜੇਲ੍ਹ ਦਾ ਡਰ ਦਿਖਾ ਕੇ ਭਾਜਪਾ ਵਿੱਚ ਸ਼ਾਮਿਲ ਕੀਤਾ ਗਿਆ ਸੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਵੀ ਭਾਜਪਾ ਦੇ ਨਜ਼ਦੀਕੀ ਮੰਨਿਆਂ ਜਾਂਦਾ ਹੈ।

ਕਾਲਕਾ ਨੇ ਸਾਲ 2022 ਵਿੱਚ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਪ੍ਰੈਸ ਕਾਨਫ਼ਰੰਸ ਕਰਕੇ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ।

ਪ੍ਰੋਫੈਸਰ ਜਤਿੰਦਰ ਸਿੰਘ ਦਾ ਕਹਿਣਾ ਹੈ, “ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ। ਮਹਾਰਾਸ਼ਟਰ ਵਿੱਚ ਵੀ ਪਹਿਲਾਂ ਰੌਲਾ ਚੱਲ ਰਿਹਾ ਹੈ। ਗੁਰਦੁਆਰਿਆਂ ਦਾ ਕਾਫ਼ੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਭਾਜਪਾ ਇਹ ਵੀ ਚਾਹੁੰਦੀ ਹੈ ਕਿ ਸਿੱਖਾਂ ਦਾ ਇੱਕ ਤਬਕਾ ਉਸ ਨੂੰ ਅਪਣਾਵੇ।”

ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ, “ਭਾਜਪਾ ਦੇ ਕਈ ਮੌਜੂਦਾ ਲੀਡਰਾਂ ਦੇ ਅਕਸ ਹਿੰਦੂ ਨੇਤਾਵਾਂ ਵਾਲੇ ਹੀ ਹਨ। ਜਦੋਂ ਪੰਜਾਬ ਵਿੱਚ ਸਿੱਖ ਬਹੁਗਿਣਤੀ ਹੈ ਤਾਂ ਸਿੱਖ ਉਨ੍ਹਾਂ ਨੂੰ ਚਿਹਰਿਆਂ ਦੇ ਤੌਰ ਉੱਪਰ ’ਤੇ ਵੀ ਚਾਹੀਦੇ ਹਨ। ਇਹ ਚਿਹਰੇ ਭਰੋਸੇਯੋਗ ਵੀ ਚਾਹੀਦੇ ਹਨ। ਅਮਰਿੰਦਰ ਸਿੰਘ ਹੁਰਾਂ ਦਾ ਆਉਣਾ ਭਾਵੇਂ ਵੋਟਾਂ ਨੂੰ ਜਿਆਦਾ ਪ੍ਰਭਾਵਿਤ ਨਾ ਵੀ ਕਰੇ ਤਾਂ ਵੀ ਇਸ ਨਾਲ ਇੱਕ ਤਾਕਤ ਮਿਲਦੀ ਹੈ ਅਤੇ ਪ੍ਰਭਾਵ ਵੱਧਦਾ ਹੈ।”

ਅੰਮ੍ਰਿਤਪਾਲ

ਤਸਵੀਰ ਸਰੋਤ, CAPT AMARINDER/TWITTER

‘ਭਾਜਪਾ ਦਾ ਪੁਰਾਣਾ ਏਜੰਡਾ’

ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਾਂਗਰਸ ਦੇ ਕਈ ਹੋਰ ਸਿੱਖ ਚਿਹਰੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਭਾਜਪਾ ਵਿੱਚ ਸ਼ਾਮਿਲ ਹੋਏ ਸਨ।

ਭਾਜਪਾ ਸਰਕਾਰ ਵੱਲੋਂ ਸਿੱਖ ਭਾਈਚਾਰੇ ਨਾਲ ਵਧਾਈਆਂ ਜਾ ਰਹੀਆਂ ਨਜ਼ਦੀਕੀਆਂ ਬਾਰੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ, “ਮੇਰੇ ਮੁਤਾਬਕ ਇਹ ਭਾਜਪਾ ਦਾ ਪੁਰਾਣਾ ਏਜੰਡਾ ਹੈ ਜੋ ਆਰੀਆ ਸਮਾਜ (1870) ਤੋਂ ਲੈ ਕੇ ਚੱਲਦਾ ਆ ਰਿਹਾ ਹੈ। ਉਹ ਸਿੱਖਾਂ ਨੂੰ ਆਪਣੇ ਆਪ ਤੋਂ ਵੱਖਰਾ ਨਹੀਂ ਸਮਝਦੇ। ਉਹ ਕਹਿੰਦੇ ਹਨ ਕਿ ਇਹ ਸਾਰੇ ਮੁਕੰਮਲ ਹਿੰਦੂ ਸਮਾਜ ਦਾ ਹਿੱਸਾ ਹਨ। ਇਹ ਆਰਐੱਸਐੱਸ ਅਤੇ ਭਾਜਪਾ ਦੀ ਸਮਝ ਹੈ।”

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, “ਭਾਜਪਾ ਦਾ ਜੋ ਘੱਟ ਗਿਣਤੀ ਵਿਰੋਧੀ ਅਕਸ ਹੈ, ਉਹ ਸਿੱਖਾਂ ਨੂੰ ਨਾਲ ਲੈ ਕੇ ਸੁਧਰਦਾ ਹੈ। ਭਾਜਪਾ ਦੇ ਲੀਡਰ ਵੱਖ-ਵੱਖ ਸੂਬਿਆਂ ਦੇ ਗੁਰਦੁਆਰਿਆਂ ਵਿੱਚ ਜਾ ਕੇ ਇਹ ਦੱਸਣਾ ਚਾਹੁੰਦੇ ਹਨ ਕਿ ਅਸੀਂ ਘੱਟ ਗਿਣਤੀ ਵਿਰੋਧੀ ਨਹੀਂ ਹਾਂ।”

ਪ੍ਰੋਫੈਸਰ ਜਤਿੰਦਰ ਸਿੰਘ ਮੁਤਾਬਕ, “ਜੇਕਰ ਅਮ੍ਰਿਤਪਾਲ ਸਿੰਘ ਅੱਗੇ ਵਧਦੇ ਹਨ ਤਾਂ ਇਹ ਭਾਜਪਾ ਲਈ ਫਾਇਦੇਮੰਦ ਹੈ। ਇਹ ਫਾਇਦਾ ਕਈ ਪਾਸਿਆਂ ਤੋਂ ਹੋਵੇਗਾ। ਭਾਜਪਾ ਆਪਣੇ ਆਪ ਨੂੰ ਇੱਕ ਤਾਕਤ ਦੇ ਤੌਰ ਉੁੱਪਰ ਸਥਾਪਿਤ ਕਰ ਸਕੇਗੀ ਅਤੇ ਉਹ ਪੰਜਾਬ ਸਰਕਾਰ ਦੇ ਸਾਸ਼ਨ ਉਪਰ ਸਵਾਲ ਵੀ ਕਰ ਪਾਏਗੀ। ਇਸ ਨਾਲ ਕੇਂਦਰ ਦੀ ਦਖ਼ਲ ਨੂੰ ਵਧਣ ਦਾ ਬਹਾਨਾ ਵੀ ਮਿਲਣਾ ਹੈ।”

ਜਤਿੰਦਰ ਸਿੰਘ ਕਹਿੰਦੇ ਹਨ, “ਜੇਕਰ ਭਾਜਪਾ ਨੇ ਹੋਰ ਵੋਟਾਂ ਲੈਣੀਆਂ ਹਨ ਤਾਂ ਦਲਿਤਾਂ ਬਾਰੇ ਵੀ ਸੋਚਣਾ ਪੈਣਾ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)