ਸ਼ੀਅਨ: ਦੁਨੀਆਂ ਵਿੱਚ ਨਵੇਂ ਫੈਸ਼ਨ ਦੇ ਸਸਤੇ ਕੱਪੜੇ ਬਣਾਉਣ ਵਾਲੀ ਕੰਪਨੀ ਦੀ ਤਾਕਤ ਕੀ ਹੈ ਜੋ ਵੱਡੇ ਬਰਾਂਡ ਵੀ ਪਿੱਛੇ ਰਹਿ ਗਏ

ਗੁਆਂਗਜ਼ੂ ਦੇ ਪਨਯੂ ਇਲਾਕੇ ਦੇ ਕਾਮੇ

ਤਸਵੀਰ ਸਰੋਤ, Xiqing Wang/BBC

ਤਸਵੀਰ ਕੈਪਸ਼ਨ, ਬੀਬੀਸੀ ਨੇ ਸ਼ੀਅਨ ਪਿੰਡ ਵਜੋਂ ਜਾਣਿਆ ਜਾਂਦੇ ਗੁਆਂਗਜ਼ੂ ਦੇ ਪਨਯੂ ਇਲਾਕੇ ਦੇ ਕਾਮਿਆਂ ਨਾਲ ਗੱਲ ਕੀਤੀ
    • ਲੇਖਕ, ਲੌਰਾ ਬਾਈਕਰ
    • ਰੋਲ, ਬੀਬੀਸੀ ਪੱਤਰਕਾਰ

ਦੱਖਣੀ ਚੀਨ ਵਿੱਚ ਪਰਲ ਨਦੀ 'ਤੇ ਸਥਿਤ ਗੁਆਂਗਜ਼ੂ ਦੇ ਸਭ ਤੋਂ ਵਿਅਸਤ ਬੰਦਰਗਾਹ ਖੇਤਰ ਵਿੱਚ ਸਿਲਾਈ ਮਸ਼ੀਨਾਂ ਦਾ ਸ਼ੋਰ ਲਗਾਤਾਰ ਸੁਣਾਈ ਦਿੰਦਾ ਹੈ।

ਸਵੇਰ ਤੋਂ ਦੇਰ ਰਾਤ ਤੱਕ ਇਨ੍ਹਾਂ ਦੀਆਂ ਆਵਾਜ਼ਾਂ ਖੁੱਲ੍ਹੀਆਂ ਖਿੜਕੀਆਂ 'ਚੋਂ ਬਾਹਰ ਆਉਂਦੀਆਂ ਹੈ। ਇੱਥੇ ਟੀ-ਸ਼ਰਟਾਂ, ਸ਼ਾਰਟਸ, ਪੈਂਟ ਅਤੇ ਸਵੀਮਵੇਅਰ ਬਣਾਏ ਜਾ ਰਹੇ ਹਨ ਜੋ 150 ਤੋਂ ਵੱਧ ਦੇਸ਼ਾਂ ਨੂੰ ਭੇਜੇ ਜਾਣਗੇ।

ਇਹ ਪਨਿਊ ਇਲਾਕੇ ਦੀ ਆਵਾਜ਼ ਹੈ, ਜਿਸ ਨੂੰ 'ਸ਼ੀਅਨ ਪਿੰਡ' ਵਜੋਂ ਜਾਣਿਆ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਫਾਸਟ ਫੈਸ਼ਨ ਰਿਟੇਲਰ ਸ਼ੀਅਨ ਨੂੰ ਤਾਕਤ ਦੇਣ ਵਾਲੀਆਂਂ ਫੈਕਟਰੀਆਂ ਦਾ ਗੜ੍ਹ ਹੈ।

ਇੱਕ ਕਾਮੇ ਨੇ ਬੀਬੀਸੀ ਨੂੰ ਦੱਸਿਆ, "ਜੇਕਰ ਮਹੀਨੇ ਵਿੱਚ 31 ਦਿਨ ਹਨ, ਤਾਂ ਮੈਂ 31 ਦਿਨ ਕੰਮ ਕਰਾਂਗਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬੀਬੀਸੀ ਨੇ ਇੱਥੇ ਕਈ ਦਿਨ ਬਿਤਾਏ। 10 ਫੈਕਟਰੀਆਂ ਦਾ ਦੌਰਾ ਕੀਤਾ, ਚਾਰ ਮਾਲਕਾਂ ਅਤੇ 20 ਤੋਂ ਵੱਧ ਕਾਮਿਆਂ ਨਾਲ ਗੱਲਬਾਤ ਕੀਤੀ।

ਅਸੀਂ ਲੇਬਰ ਬਾਜ਼ਾਰ ਅਤੇ ਟੈਕਸਟਾਈਲ ਸਪਲਾਇਰਾਂ ਨਾਲ ਵੀ ਸਮਾਂ ਬਿਤਾਇਆ।

ਸਾਨੂੰ ਇਹ ਸਮਝ ਪਈ ਕਿ ਇਸ ਸਾਮਰਾਜ ਦੀ ਧੜਕਣ ਸਿਲਾਈ ਮਸ਼ੀਨਾਂ ਦੇ ਪਿੱਛੇ ਕੰਮ ਕਰਨ ਵਾਲੀ ਕਿਰਤ ਸ਼ਕਤੀ ਹੈ ਜੋ ਹਫ਼ਤੇ ਵਿੱਚ 75 ਘੰਟੇ ਕੰਮ ਕਰਦੀ ਹੈ, ਜੋ ਕਿ ਚੀਨ ਦੇ ਲੇਬਰ ਕਾਨੂੰਨਾਂ ਦੀ ਉਲੰਘਣਾ ਹੈ।

ਸ਼ੀਅਨ: ਗੁਮਨਾਮੀ ਤੋਂ ਵਿਸ਼ਾਲ ਕੰਪਨੀ ਬਣਨ ਤੱਕ ਦਾ ਸਫ਼ਰ

ਬੀਬੀਸੀ ਚੀਨ ਪੱਤਰਕਾਰ ਲੌਰਾ ਬਾਈਕਰ
ਤਸਵੀਰ ਕੈਪਸ਼ਨ, ਬੀਬੀਸੀ ਚੀਨ ਪੱਤਰਕਾਰ ਲੌਰਾ ਬਾਈਕਰ ਨੇ ਫੈਸ਼ਨ ਕੰਪਨੀ ਦੇ ਲਈ ਕੰਮ ਕਰਨ ਵਾਲੇ ਲੋਕਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਦੇ ਅਨੁਭਵ ਨੂੰ ਜਾਣਿਆ

ਗੁਆਂਗਜ਼ੂ ਪੇਂਡੂ ਕਾਮਿਆਂ ਲਈ ਇੱਕ ਉਦਯੋਗਿਕ ਕੇਂਦਰ ਹੈ। ਉਹ ਇੱਥੇ ਬਿਹਤਰ ਆਮਦਨ ਲਈ ਆਉਂਦੇ ਹਨ। ਲੰਬੇ ਸਮੇਂ ਤੋਂ ਦੁਨੀਆ ਦਾ ਪ੍ਰਮੁੱਖ ਫੈਕਟਰੀ ਕੇਂਦਰ ਰਹੇ ਚੀਨ ਲਈ ਅਜਿਹੇ ਕੰਮ ਦੇ ਘੰਟੇ ਅਸਾਧਾਰਨ ਨਹੀਂ ਹਨ।

ਪਰ ਇਹ ਹੁਣ ਸ਼ੀਅਨ ਬਾਰੇ ਉਠਾਏ ਜਾ ਰਹੇ ਸਵਾਲਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਇੱਕ ਗੁਮਨਾਮ ਚੀਨੀ ਵਿਅਕਤੀ ਦੁਆਰਾ ਸਥਾਪਿਤ ਕੀਤੀ ਗਈ ਕੰਪਨੀ ਸ਼ੀਅਨ, ਸਿਰਫ ਪੰਜ ਸਾਲਾਂ ਵਿੱਚ ਇੱਕ ਵਿਸ਼ਵਵਿਆਪੀ ਦਿੱਗਜ ਕੰਪਨੀ ਬਣ ਗਈ ਹੈ।

ਇਸ ਦੀ ਮਾਲਕੀ ਅਜੇ ਵੀ ਨਿੱਜੀ ਹੈ, 2023 ਵਿੱਚ ਇਸਦੀ ਕੁੱਲ ਸਪੰਤੀ 66 ਅਰਬ ਡਾਲਰ ਸੀ। ਇਹ ਕੰਪਨੀ ਹੁਣ ਲੰਡਨ ਸਟਾਕ ਐਕਸਚੇਂਜ ਵਿੱਚ ਲਿਸਟਿਡ ਹੋਣ ਦੀ ਕੋਸ਼ਿਸ਼ ਕਰ ਰਹੀ ਹੈ।

ਹਾਲਾਂਕਿ ਇਸ ਕੰਪਨੀ ਦਾ ਤੇਜ਼ੀ ਨਾਲ ਵਿਕਾਸ, ਮਜ਼ਦੂਰਾਂ ਨਾਲ ਕੀਤੇ ਜਾ ਰਹੇ ਵਿਵਹਾਰ ਅਤੇ ਬੰਧੂਆ ਮਜ਼ਦੂਰੀ ਦੇ ਇਲਜ਼ਾਮਾਂ ਨੂੰ ਲੈ ਕੇ ਇਹ ਵਿਵਾਦਾਂ ਵਿੱਚ ਰਹੀ ਹੈ।

ਪਿਛਲੇ ਸਾਲ ਹੀ ਇਸ ਕੰਪਨੀ ਨੇ ਚੀਨ ਵਿੱਚ ਆਪਣੀਆਂ ਫੈਕਟਰੀਆਂ ਵਿੱਚ ਬਾਲ ਮਜ਼ਦੂਰੀ ਦੀ ਗੱਲ ਨੂੰ ਸਵੀਕਾਰ ਕੀਤਾ ਸੀ।

ਕੰਪਨੀ ਨੇ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਬੀਬੀਸੀ ਨੂੰ ਭੇਜੇ ਇੱਕ ਬਿਆਨ ਵਿੱਚ ਕਿਹਾ: "ਸ਼ੀਅਨ ਆਪਣੀ ਸਪਲਾਈ ਚੇਨ ਵਿੱਚ ਸਾਰੇ ਕਾਮਿਆਂ ਨਾਲ ਨਿਰਪੱਖ ਅਤੇ ਸਤਿਕਾਰਯੋਗ ਵਿਵਹਾਰ ਯਕੀਨੀ ਬਣਾਉਣ ਲਈ ਵਚਨਬੱਧ ਹੈ।"

ਬਿਆਨ ਦੇ ਅਨੁਸਾਰ, "ਕੰਪਨੀ ਪ੍ਰਸ਼ਾਸਨ ਅਤੇ ਨਿਯਮਾਂ ਦੀ ਪਾਲਣਾ ਲਈ ਕਰੋੜਾਂ ਡਾਲਰ ਦਾ ਨਿਵੇਸ਼ ਕਰ ਰਹੀ ਹੈ।"

"ਅਸੀਂ ਤਨਖਾਹ ਵਿੱਚ ਸਭ ਤੋਂ ਉੱਚੇ ਮਿਆਰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸਾਰੇ ਸਪਲਾਈ ਚੇਨ ਭਾਈਵਾਲਾਂ ਤੋਂ ਸਾਡੇ ਮਿਆਰਾਂ ਦੀ ਪਾਲਣਾ ਕਰਨ ਦੀ ਉਮੀਦ ਕਰਦੇ ਹਾਂ। ਇਸ ਤੋਂ ਇਲਾਵਾ ਨਿਯਮਾਂ ਦਾ ਪਾਲਣ ਯਕੀਨੀ ਬਣਾਉਣ ਲਈ ਸ਼ੀਅਨ ਲੇਖਾ ਆਡੀਟਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।"

ਸ਼ੀਅਨ ਦੀ ਸਫਲਤਾ ਇਸਦੇ ਵਿਸ਼ਾਲ ਉਤਪਾਦਨ ਵਿੱਚ ਹੈ। ਇਸ ਦੇ ਔਨਲਾਈਨ ਉਤਪਾਦ ਲੱਖਾਂ ਵਿੱਚ ਹਨ ਅਤੇ ਖਰੀਦ 'ਤੇ ਭਾਰੀ ਛੋਟਾਂ ਦਿੱਤੀਆਂ ਜਾਂਦੀਆਂ ਹਨ। ਪਹਿਰਾਵੇ ਦੀ ਕੀਮਤ 10 ਪੌਂਡ (1050 ਰੁਪਏ), ਸਵੈਟਰਾਂ ਦੀ ਕੀਮਤ 6 ਪੌਂਡ (631 ਰੁਪਏ) ਹੈ ਅਤੇ ਇਨ੍ਹਾਂ ਕੀਮਤਾਂ ਦੀ ਔਸਤਨ ਕੀਮਤ 8 ਪੌਂਡ (841 ਰੁਪਏ) ਰਹਿੰਦੀ ਹੈ।

ਇਸ ਦੀ ਆਮਦਨ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜਿਸ ਨੇ ਐੱਚਐਨਐੱਮ,ਜ਼ਾਰਾ ਵਰਗੇ ਵੱਡੇ ਬ੍ਰਾਂਡਾਂ ਨੂੰ ਪਛਾੜ ਦਿੱਤਾ ਹੈ। ਇਹ ਕੀਮਤ ਵਿੱਚ ਕਟੌਤੀ ਸ਼ੀਅਨ ਪਿੰਡ ਵਰਗੀਆਂ ਥਾਵਾਂ ਦੇ ਕਾਰਨ ਹੈ, ਜਿੱਥੇ 5,000 ਫੈਕਟਰੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸ਼ੀਅਨ ਦੀ ਸਪਲਾਇਰ ਹਨ।

ਕਾਮਿਆਂ ਨੂੰ ਕਿੰਨੇ ਘੰਟੇ ਕੰਮ ਕਰਨਾ ਪੈਂਦਾ ਹੈ?

ਚੀਨ ਦੀ ਫੈਕਟਰੀ ਵਿੱਚ ਕੰਮ ਕਰਦਾ ਮਜ਼ਦੂਰ

ਤਸਵੀਰ ਸਰੋਤ, Xiqing Wang/ BBC

ਤਸਵੀਰ ਕੈਪਸ਼ਨ, ਧਾਗਿਆਂ ਦੀ ਨਿਰੰਤਰ ਸਪਲਾਈ ਫੈਕਟਰੀਆਂ ਨੂੰ ਚੱਲਦਾ ਰੱਖਣ ਵਿੱਚ ਮਦਦ ਕਰਦੀ ਹੈ

ਸਿਲਾਈ ਮਸ਼ੀਨਾਂ, ਧਾਗਿਆਂ ਦੇ ਰੋਲ ਅਤੇ ਕੱਪੜਿਆਂ ਦੇ ਵੇਸਟ ਨਾਲ ਭਰੇ ਬੈਗ ਰੱਖਣ ਲਈ ਇਮਾਰਤਾਂ ਨੂੰ ਖਾਲੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਬੇਸਮੈਂਟ ਦੇ ਦਰਵਾਜ਼ੇ ਹਮੇਸ਼ਾ ਬੇਅੰਤ ਡਿਲੀਵਰੀਆਂ ਲਈ ਖੁੱਲ੍ਹੇ ਰਹਿੰਦੇ ਹਨ।

ਜਿਵੇਂ-ਜਿਵੇਂ ਦਿਨ ਬੀਤਦਾ ਹੈ, ਗੋਦਾਮਾਂ ਵਿੱਚ ਰੱਖੀਆਂ ਅਲਮਾਰੀਆਂ ਪਲਾਸਟਿਕ ਦੇ ਬੈਗਾਂ ਨਾਲ ਭਰ ਜਾਂਦੀਆਂ ਹਨ ਜਿਨ੍ਹਾਂ 'ਤੇ ਪੰਜ ਵਿਸ਼ੇਸ਼ ਅੱਖਰ ਲਿਖੇ ਹੁੰਦੇ ਹਨ।

ਪਰ ਰਾਤ 10 ਵਜੇ ਤੋਂ ਬਾਅਦ ਵੀ ਸਿਲਾਈ ਮਸ਼ੀਨਾਂ ਅਤੇ ਮਸ਼ੀਨਾਂ 'ਤੇ ਕੰਮ ਕਰਨ ਵਾਲੇ ਕਾਮਿਆਂ ਦੀ ਰਫ਼ਤਾਰ ਹੌਲੀ ਨਹੀਂ ਹੁੰਦੀ, ਕਿਉਂਕਿ ਟਰੱਕਾਂ ਨਾਲ ਹੋਰ ਧਾਗਿਆਂ ਦੇ ਸਟੋਕ ਆਉਂਦੇ ਹਨ ਅਤੇ ਕਈ ਵਾਰ ਤਾ ਇਹ ਪੂਰੇ ਫਰਸ਼ ਨੂੰ ਢੱਕ ਲੈਂਦੇ ਹਨ।

ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਜਿਆਂਗਸੀ ਦੀ ਇੱਕ 49 ਸਾਲਾ ਔਰਤ ਨੇ ਕਿਹਾ, "ਆਮ ਤੌਰ 'ਤੇ ਅਸੀਂ ਦਿਨ ਵਿੱਚ 10,11,12 ਘੰਟੇ ਕੰਮ ਕਰਦੇ ਹਾਂ। ਐਤਵਾਰ ਨੂੰ ਅਸੀਂ ਤਿੰਨ ਘੰਟੇ ਘੱਟ ਕੰਮ ਕਰਦੇ ਹਾਂ।"

ਇਹ ਔਰਤ ਇੱਕ ਗਲੀ ਵਿੱਚ ਹੈ, ਜਿੱਥੇ ਇੱਕ ਦਰਜਨ ਲੋਕ ਨੋਟਿਸ ਬੋਰਡਾਂ ਦੇ ਨੇੜੇ ਕਤਾਰ ਵਿੱਚ ਖੜ੍ਹੇ ਹਨ।

ਉਹ ਬੋਰਡ 'ਤੇ ਨੌਕਰੀਆਂ ਲੱਭ ਰਹੇ ਹਨ ਅਤੇ ਉੱਥੇ ਰੱਖੇ ਚਿਨੋਜ਼ (ਟਰਾਉਸਰਜ਼) ਦੀ ਸਿਲਾਈ ਪਰਖ ਰਹੇ ਹਨ।

ਇਹ ਵੀ ਪੜ੍ਹੋ-
ਚੀਨ ਦੀ ਫੈਕਟਰੀ ਵਿੱਚ ਕੰਮ ਕਰਦਾ ਮਜ਼ਦੂਰ

ਤਸਵੀਰ ਸਰੋਤ, Xiqing Wang/ BBC

ਤਸਵੀਰ ਕੈਪਸ਼ਨ, ਪਨਯੂ ਦੇ ਇਲਾਕੇ ਰਾਤ ਨੂੰ ਵੀ ਕੰਮ ਵਿੱਚ ਵਿਅਸਤ ਰਹਿੰਦੇ ਹਨ

ਫੈਕਟਰੀਆਂ ਨੂੰ ਆਰਡਰ 'ਤੇ ਕੱਪੜੇ ਬਣਾਉਣ ਦਾ ਠੇਕਾ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਛੋਟੀਆਂ ਹਨ ਅਤੇ ਕੁਝ ਵੱਡੀਆਂ। ਜੇਕਰ ਕੱਪੜਾ ਹਿੱਟ ਹੈ ਤਾਂ ਆਰਡਰ ਵਧਣ ਜਾਣਗੇ ਅਤੇ ਉਤਪਾਦਨ ਵੀ ਵਧੇਗਾ।

ਸਥਾਈ ਕਾਮੇ ਇਸ ਮੰਗ ਨੂੰ ਪੂਰਾ ਨਹੀਂ ਕਰ ਸਕਦੇ, ਇਸ ਲਈ ਫੈਕਟਰੀਆਂ ਅਸਥਾਈ ਮਜ਼ਦੂਰਾਂ ਨੂੰ ਕੰਮ 'ਤੇ ਰੱਖਦੀਆਂ ਹਨ।

ਜਿਆਂਗਸ਼ੀ ਦੇ ਪ੍ਰਵਾਸੀ ਕਾਮੇ ਥੋੜ੍ਹੇ ਸਮੇਂ ਲਈ ਠੇਕੇ 'ਤੇ ਕੰਮ ਦੀ ਭਾਲ ਕਰ ਰਹੇ ਹਨ ਅਤੇ ਉਨ੍ਹਾਂ ਲਈ ਚਿਨੋਜ਼ ਇੱਕ ਵਿਕਲਪ ਹੈ।

ਜਿਆਂਗਸ਼ੀ ਦੀ ਔਰਤ ਦਾ ਕਹਿਣਾ ਹੈ, "ਅਸੀਂ ਬਹੁਤ ਘੱਟ ਕਮਾਉਂਦੇ ਹਾਂ, ਮਹਿੰਗਾਈ ਬਹੁਤ ਜ਼ਿਆਦਾ ਹੈ,"

ਉਨ੍ਹਾਂ ਨੂੰ ਕੁਝ ਪੈਸੇ ਬਚਾ ਕੇ ਅਤੇ ਆਪਣੇ ਦੋ ਬੱਚਿਆਂ ਨੂੰ ਭੇਜਣ ਦੀ ਉਮੀਦ ਹੈ, ਜੋ ਆਪਣੇ ਨਾਨਾ-ਨਾਨੀ ਕੋਲ ਰਹਿ ਰਹੇ ਹਨ।

ਉਹ ਕਹਿੰਦੇ ਹਨ, "ਸਾਨੂੰ ਪ੍ਰਤੀ ਪੀਸ ਦੇ ਆਧਾਰ 'ਤੇ ਪੈਸੇ ਮਿਲਦੇ ਹਨ, ਇਹ ਕੰਮ ਦੀ ਔਖਾਈ 'ਤੇ ਨਿਰਭਰ ਕਰਦਾ ਹੈ। ਟੀ-ਸ਼ਰਟਾਂ ਬਣਾਉਣ ਵਰਗੇ ਸਧਾਰਨ ਕੰਮ ਲਈ ਪ੍ਰਤੀ ਪੀਸ ਇੱਕ ਤੋਂ ਦੋ ਯੂਆਨ (11 ਤੋਂ 22 ਰੁਪਏ) ਮਿਲਦੇ ਹਨ। ਮੈਂ ਇੱਕ ਘੰਟੇ ਵਿੱਚ ਇੱਕ ਦਰਜਨ ਬਣਾ ਲੈਂਦੀ ਹਾਂ।"

ਚਿਨੋਜ਼ ਦੀ ਸਿਲਾਈ ਨੂੰ ਵੇਖਣਾ ਉਸ ਕੰਮ ਨੂੰ ਕਰਨ ਦਾ ਫੈਸਲਾ ਲੈਣ ਵਿੱਚ ਫੈਸਲਾਕੁੰਨ ਹੈ। ਉਨ੍ਹਾਂ ਦੇ ਆਲੇ-ਦੁਆਲੇ ਖੜ੍ਹੇ ਕਾਮੇ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਪ੍ਰਤੀ ਪੀਸ ਕਿੰਨੇ ਪੈਸੇ ਕਮਾਉਗੇ ਅਤੇ ਇੱਕ ਘੰਟੇ ਵਿੱਚ ਕਿੰਨਾ ਕਮਾ ਸਕਦੇ ਹਨ।

ਕਾਮਿਆਂ ਨੂੰ ਕਿੰਨੀ ਤਨਖਾਹ ਮਿਲਦੀ ਹੈ?

ਫੈਕਟਰੀਆਂ ਦੀ ਨੌਕਰੀਆਂ ਦੇ ਨੋਟਿਸ

ਤਸਵੀਰ ਸਰੋਤ, Xiqing Wang/ BBC

ਤਸਵੀਰ ਕੈਪਸ਼ਨ, ਫੈਕਟਰੀਆਂ ਨੇ ਨੌਕਰੀਆਂ ਦੇ ਨੋਟਿਸਾਂ ਦੇ ਨਾਲ ਸਿਲਾਈ ਦੇ ਨਮੂਨੇ ਵੀ ਰੱਖੇ ਹੁੰਦੇ ਹਨ

ਪਨਯੂ ਦੀਆਂ ਗਲੀਆਂ ਇੱਕ ਲੇਬਰ ਬਾਜ਼ਾਰ ਵਜੋਂ ਕੰਮ ਕਰਦੀਆਂ ਹਨ, ਇੱਥੇ ਸਵੇਰੇ ਮਜ਼ਦੂਰਾਂ ਦੀ ਭਾਰੀ ਭੀੜ ਹੁੰਦੀ ਹੈ। ਇੱਥੇ ਖਾਣ-ਪੀਣ ਦੀਆਂ ਦੁਕਾਨਾਂ ਹਨ, ਕਈਆਂ ਨੇ ਚਿਕਨ ਅਤੇ ਬੱਤਖ ਦੇ ਆਂਡੇ ਵੇਚਣ ਦੀ ਉਮੀਦ ਵਿੱਚ ਇੱਥੇ ਦੁਕਾਨਾਂ ਲਗਾਈਆਂ ਹੋਈਆਂ ਹਨ।

ਬੀਬੀਸੀ ਨੇ ਪਾਇਆ ਕਿ ਆਮ ਤੌਰ 'ਤੇ ਕੰਮ ਦੇ ਘੰਟੇ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਹੁੰਦੇ ਹਨ।

ਸਵਿਸ ਐਡਵੋਕੇਸੀ ਗਰੁੱਪ ਪਬਲਿਕ ਆਈ ਨੂੰ ਵੀ ਸ਼ੀਅਨ ਲਈ ਕੱਪੜੇ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ 13 ਟੈਕਸਟਾਈਲ ਕਾਮਿਆਂ ਨਾਲ ਗੱਲ ਕਰਨ ਤੋਂ ਬਾਅਦ ਇਸੇ ਤਰ੍ਹਾਂ ਦੇ ਤੱਥ ਲੱਭੇ ਹਨ।

ਉਨ੍ਹਾਂ ਨੇ ਪਾਇਆ ਕਿ ਬਹੁਤ ਸਾਰੇ ਕਾਮੇ ਬਹੁਤ ਜ਼ਿਆਦਾ ਓਵਰਟਾਈਮ ਕਰਦੇ ਸਨ। ਓਵਰਟਾਈਮ ਤੋਂ ਬਿਨਾਂ ਮੂਲ ਤਨਖਾਹ 2,400 ਯੂਆਨ (28,370 ਰੁਪਏ) ਹੈ। ਇਹ ਰਕਮ ਏਸ਼ੀਆ ਫਲੋਰ ਵੇਜ ਅਲਾਇੰਸ ਦੇ ਅਨੁਸਾਰ 'ਲੀਵਿੰਗ ਵੇਜ਼' ਲਈ ਲੋੜੀਂਦੀ ਰਕਮ 6,512 ਯੂਆਨ (76,978 ਰੁਪਏ) ਤੋਂ ਘੱਟ ਹੈ।

ਪਰ ਜਿਨ੍ਹਾਂ ਕਾਮਿਆਂ ਨਾਲ ਅਸੀਂ ਗੱਲ ਕੀਤੀ, ਉਹ ਪ੍ਰਤੀ ਮਹੀਨਾ 4,000 ਤੋਂ 10,000 ਯੂਆਨ (47,283 ਰੁਪਏ ਤੋਂ 1 1 ਲੱਖ 18 ਹਜ਼ਾਰ ਰੁਪਏ) ਦੇ ਵਿਚਕਾਰ ਪੈਸੇ ਕਮਾ ਰਹੇ ਸਨ।

ਏਸ਼ੀਆ ਫਲੋਰ ਵੇਜ ਅਲਾਇੰਸ ਦੇ ਡੇਵਿਡ ਹੈਚਫੀਲਡ ਨੇ ਕਿਹਾ, "ਇਹ ਕੰਮ ਦੇ ਘੰਟੇ ਅਸਾਧਾਰਨ ਨਹੀਂ ਹਨ ਪਰ ਇਹ ਸਪੱਸ਼ਟ ਤੌਰ 'ਤੇ ਗੈਰ-ਕਾਨੂੰਨੀ ਹੈ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਇਸ ਸ਼ੋਸ਼ਣ 'ਤੇ ਧਿਆਨ ਦੇਣ ਦੀ ਲੋੜ ਹੈ।"

ਚੀਨ ਦੇ ਲੇਬਰ ਕਾਨੂੰਨਾਂ ਦੇ ਅਨੁਸਾਰ ਹਫ਼ਤੇ ਵਿੱਚ ਔਸਤਨ 44 ਘੰਟਿਆਂ ਤੋਂ ਵੱਧ ਕੰਮ ਨਹੀਂ ਕੀਤਾ ਜਾ ਸਕਦਾ ਅਤੇ ਹਫ਼ਤੇ ਵਿੱਚ ਇੱਕ ਦਿਨ ਆਰਾਮ ਯਕੀਨੀ ਹੋਣਾ ਚਾਹੀਦਾ ਹੈ।

ਸ਼ੀਅਨ ਅਮਰੀਕਾ ਦੇ ਨਿਸ਼ਾਨੇ 'ਤੇ ਕਿਉਂ ਹੈ?

ਕੱਪੜਿਆਂ ਦੇ ਨਮੂਨਿਆਂ ਨੂੰ ਦੇਖਦਾ ਇੱਕ ਕਾਮਾ

ਤਸਵੀਰ ਸਰੋਤ, Xiqing Wang/BBC

ਤਸਵੀਰ ਕੈਪਸ਼ਨ, ਕੱਪੜਿਆਂ ਦੇ ਨਮੂਨਿਆਂ ਨੂੰ ਦੇਖ ਕੇ ਕਾਮੇ ਅੰਦਾਜ਼ਾ ਲਗਾਉਂਦੇ ਹਨ ਕਿ ਉਹ ਕਿੰਨਾ ਕਮਾ ਸਕਣਗੇ।

ਕੱਪੜਿਆਂ ਦੇ ਨਮੂਨਿਆਂ ਨੂੰ ਦੇਖ ਕੇ ਕਾਮੇ ਅੰਦਾਜ਼ਾ ਲਗਾਉਂਦੇ ਹਨ ਕਿ ਉਹ ਕਿੰਨਾ ਕਮਾ ਸਕਣਗੇ।

ਸ਼ੀਨ ਦਾ ਹੈੱਡਕਆਟਰ ਸਿੰਗਾਪੁਰ ਵਿੱਚ ਹੈ ਅਤੇ ਉਨ੍ਹਾਂ ਦੇ ਵੱਲੋਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਉਨ੍ਹਾਂ ਦੇ ਜ਼ਿਆਦਾਤਰ ਉਤਪਾਦ ਚੀਨ ਵਿੱਚ ਬਣੇ ਹੁੰਦੇ ਹਨ।

ਪਰ ਸ਼ੀਅਨ ਦੀ ਸਫਲਤਾ ਨੇ ਅਮਰੀਕਾ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ, ਜੋ ਚੀਨੀ ਕੰਪਨੀਆਂ ਨੂੰ ਲੈ ਕੇ ਚਿੰਤਾ ਵਿੱਚ ਹੈ।

ਡੌਨਲਡ ਟਰੰਪ ਨੇ ਮਾਰਕੋ ਰੂਬੀਓ ਨੂੰ ਆਪਣਾ ਵਿਦੇਸ਼ ਮੰਤਰੀ ਐਲਾਨਿਆ ਸੀ। ਰੂਬੀਓ ਨੇ ਪਿਛਲੇ ਜੂਨ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਚੀਨ ਨਾਲ ਸ਼ੀਅਨ ਦੇ ਡੂੰਘੇ ਸਬੰਧਾਂ ਬਾਰੇ ਗੰਭੀਰ ਚਿੰਤਾਵਾਂ ਸਨ।

ਉਨ੍ਹਾਂ ਨੇ ਲਿਖਿਆ, "ਗੁਲਾਮ ਮਜ਼ਦੂਰੀ,ਘੱਟ ਵੇਤਨ, ਸ਼ੋਸ਼ਣ ਅਤੇ ਕਾਰੋਬਾਰੀ ਹੇਰਾਫੇਰੀ ਸ਼ੀਨ ਦੀ ਸਫਲਤਾ ਦੇ ਭੇਤ ਹਨ।" ਰੂਬੀਓ ਦੇ ਇਨ੍ਹਾਂ ਸ਼ਬਦਾ ਨਾਲ ਹਰ ਕੋਈ ਸਹਿਮਤ ਨਹੀਂ ਹੋਵੇਗਾ ਪਰ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਗੁਆਂਗਜ਼ੂ ਵਿੱਚ ਬਹੁਤ ਸਾਰੇ ਲੋਕਾਂ ਲਈ ਰੁਟੀਨ ਬਣ ਚੁੱਕੇ ਕੰਮ ਦੇ ਲੰਬੇ ਘੰਟੇ ਗੈਰ-ਵਾਜ਼ਿਬ ਅਤੇ ਸ਼ੋਸ਼ਣਕਾਰੀ ਹਨ।”

ਕੀ ਹਨ ਇਲਜ਼ਾਮ ਅਤੇ ਪਾਰਦਰਸ਼ਤਾ ਲਈ ਮੰਗਾਂ ?

ਸ਼ੀਅਨ ਦੀ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰ

ਤਸਵੀਰ ਸਰੋਤ, Xiqing Wang/BBC

ਤਸਵੀਰ ਕੈਪਸ਼ਨ, ਕਾਮਿਆਂ ਨੂੰ ਪ੍ਰਤੀ ਪੀਸ ਭੁਗਤਾਨ ਕੀਤਾ ਜਾਂਦਾ ਹੈ। ਇੱਕ ਆਮ ਟੀ-ਸ਼ਰਟ ਬਣਾਉਣ ਲਈ ਇੱਕ ਡਾਲਰ ਤੋਂ ਵੀ ਘੱਟ ਭੁਗਤਾਨ ਹੁੰਦਾ ਹੈ

ਮਸ਼ੀਨਾਂ ਹੀ ਜ਼ਿੰਦਗੀ ਦੀ ਲੈਅ ਤਹਿ ਕਰਦੀਆਂ ਹਨ।

ਇਹ ਸਿਰਫ਼ ਉਦੋਂ ਹੀ ਰੁਕਦਾ ਹੈ ਜਦੋਂ ਕਾਮੇ ਹੱਥਾਂ ਵਿੱਚ ਪਲੇਟਾਂ ਅਤੇ ਚੋਪਸਟਿਕਸ ਲੈ ਕੇ ਖਾਣਾ ਖਰੀਦਣ ਲਈ ਕੰਟੀਨ ਜਾਂਦੇ ਹਨ। ਜੇਕਰ ਉਨ੍ਹਾਂ ਨੂੰ ਜਗ੍ਹਾ ਨਹੀਂ ਮਿਲਦੀ ਤਾਂ ਉਹ ਸੜਕ 'ਤੇ ਖੜ੍ਹੇ ਹੋ ਕੇ ਖਾਣਾ ਖਾਂਦੇ ਹਨ।

ਸਿਰਫ਼ 20 ਮਿੰਟਾਂ ਵਿੱਚ ਆਪਣਾ ਖਾਣਾ ਖਤਮ ਕਰ ਚੁੱਕੀ ਇੱਕ ਔਰਤ ਨੇ ਕਿਹਾ, "ਮੈਂ ਇਨ੍ਹਾਂ ਫੈਕਟਰੀਆਂ ਵਿੱਚ 40 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੀ ਹਾਂ।" ਇਹ ਉਨ੍ਹਾਂ ਦੇ ਲਈ ਇੱਕ ਆਮ ਦਿਨ ਦੇ ਵਾਂਗ ਸੀ।

ਅਸੀਂ ਜਿਨ੍ਹਾਂ ਫੈਕਟਰੀਆਂ ਦਾ ਦੌਰਾ ਕੀਤਾ, ਉੱਥੇ ਜਗ੍ਹਾ ਤੰਗ ਨਹੀਂ ਸੀ। ਲੋੜੀਂਦੀ ਰੋਸ਼ਨੀ ਅਤੇ ਵੱਡੇ ਪੱਖੇ ਸਨ। ਵੱਡੇ-ਵੱਡੇ ਪੋਸਟਰਾਂ 'ਤੇ ਘੱਟ ਉਮਰ ਦੇ ਕਾਮਿਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਗਈ ਸੀ।

ਕਿਉਂਕਿ ਪਿਛਲੇ ਸਾਲ ਹੀ ਸਪਲਾਈ ਚੇਨ ਵਿੱਚ ਦੋ ਬਾਲ ਮਜ਼ਦੂਰ ਪਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਸੀ।

ਬੀਬੀਸੀ ਸਮਝਦਾ ਹੈ ਕਿ ਲੰਡਨ ਸਟਾਕ ਐਕਸਚੇਂਜ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੰਪਨੀ ਸਪਲਾਇਰਾਂ 'ਤੇ ਨਿਗਰਾਨੀ ਰੱਖ ਰਹੀ ਹੈ।

ਚੀਨ ਦੀ ਫੈਕਟਰੀ ਵਿੱਚ ਕੰਮ ਕਰਦਾ ਮਜ਼ਦੂਰ

ਤਸਵੀਰ ਸਰੋਤ, Xiqing Wang/BBC

ਤਸਵੀਰ ਕੈਪਸ਼ਨ, ਕੱਪੜਾ ਫੈਕਟਰੀਆਂ ਤੰਗ ਨਹੀਂ ਹਨ ਬਲਕਿ ਹਵਾਦਾਰ ਅਤੇ ਲੋੜੀਂਦੀ ਰੌਸ਼ਨੀ ਭਰਪੂਰ ਹਨ

ਡੇਲਾਵੇਅਰ ਯੂਨੀਵਰਸਿਟੀ ਵਿੱਚ ਫੈਸ਼ਨ ਅਤੇ ਅਪੈਰਲ ਸਟਡੀਜ਼ ਦੇ ਪ੍ਰੋਫੈਸਰ ਸ਼ੇਂਗ ਲੂ ਕਹਿੰਦੇ ਹਨ, "ਜੇਕਰ ਸ਼ੀਅਨ ਆਈਪੀਓ ਲਿਆਉਣ ਵਿੱਚ ਕਾਮਯਾਬ ਹੁੰਦੀ ਹੈ ਤਾਂ ਇਸਦਾ ਮਤਲਬ ਹੈ ਕਿ ਉਨ੍ਹਾਂ ਦੀ ਪਹਿਚਾਣ ਇੱਕ ਚੰਗੀ ਕੰਪਨੀ ਵਜੋਂ ਹੋਵੇਗੀ। ਪਰ ਜੇਕਰ ਉਨ੍ਹਾਂ ਆਪਣੇ ਨਿਵੇਸ਼ਕਾਂ ਦਾ ਵਿਸ਼ਵਾਸ ਬਰਕਰਾਰ ਰੱਖਣਾ ਹੈ ਤਾਂ ਉਨ੍ਹਾਂ ਨੂੰ ਕੁਝ ਜ਼ਿੰਮੇਵਾਰੀ ਵੀ ਲੈਣੀ ਪਵੇਗੀ।"

ਸ਼ੀਅਨ ਦੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਕੰਪਨੀ ਦਾ ਚੀਨ ਦੇ ਸ਼ਿਨਜਿਆਂਗ ਇਲਾਕੇ ਤੋਂ ਕਪਾਹ ਦੀ ਵਰਤੋਂ ਕਰਨਾ ਹੈ।

ਇਸ ਨੂੰ ਕਦੇ ਦੁਨੀਆ ਦਾ ਸਭ ਤੋਂ ਵਧੀਆ ਕਪਾਹ ਮੰਨਿਆ ਜਾਂਦਾ ਸੀ, ਪਰ ਮੁਸਲਿਮ ਵੀਗਰ ਘੱਟ ਗਿਣਤੀ ਦੇ ਲੋਕਾਂ ਤੋਂ ਬੰਧੂਆ ਮਜ਼ਦੂਰੀ ਦੇ ਇਲਜ਼ਾਮ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਚਮਕ ਘੱਟਦੀ ਗਈ ਹੈ। ਚੀਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਪ੍ਰੋਫੈਸਰ ਸ਼ੇਂਗ ਕਹਿੰਦੇ ਹਨ ਕਿ ਇਸ ਆਲੋਚਨਾ ਦਾ ਜਵਾਬ ਦੇਣ ਦਾ ਇੱਕੋ ਇੱਕ ਤਰੀਕਾ ਵਧੇਰੇ ਪਾਰਦਰਸ਼ਤਾ ਲਿਆਉਣਾ ਹੈ।

ਉਨ੍ਹਾਂ ਦੇ ਅਨੁਸਾਰ, "ਜਦੋਂ ਤੱਕ ਆਪਣੀਆਂ ਫੈਕਟਰੀਆਂ ਦੀ ਪੂਰੀ ਸੂਚੀ ਜਾਰੀ ਨਹੀਂ ਕਰਦੇ, ਜਦੋਂ ਤੱਕ ਸਪਲਾਈ ਚੇਨ ਨੂੰ ਜਨਤਕ ਤੌਰ 'ਤੇ ਪਾਰਦਰਸ਼ੀ ਨਹੀਂ ਬਣਾਉਂਦੇ, ਇਹ ਮੁਸ਼ਕਲ ਹੈ, ਅਤੇ ਮੈਨੂੰ ਲੱਗਦਾ ਹੈ ਕਿ ਇਹ ਸ਼ੀਅਨ ਲਈ ਬਹੁਤ ਚੁਣੌਤੀਪੂਰਨ ਹੋਣ ਵਾਲਾ ਹੈ।"

ਸ਼ੀਅਨ ਨਾਲ ਮੁਕਾਬਲਾ ਕਰਨਾ ਔਖਾ ਕਿਉਂ?

ਚੀਨ ਦੀ ਇੱਕ ਫੈਕਟਰੀ

ਤਸਵੀਰ ਸਰੋਤ, Xiqing Wang/BBC

ਤਸਵੀਰ ਕੈਪਸ਼ਨ, ਕਾਮਿਆਂ ਦੇ ਬੈਠਣ ਵਾਲੀਆਂ ਥਾਵਾਂ 'ਤੇ ਪੱਖੇ ਲਗਾਏ ਗਏ ਹਨ ਤਾਂ ਜੋ ਵਾਤਾਵਰਣ ਨੂੰ ਠੰਡਾ ਰੱਖਿਆ ਜਾ ਸਕੇ

ਪ੍ਰੋਫੈਸਰ ਸ਼ੇਂਗ ਲੂ ਕਹਿੰਦੇ ਹਨ ਕਿ ਸਭ ਤੋਂ ਵੱਡਾ ਫਾਇਦਾ ਚੀਨ ਵਿੱਚ ਸ਼ੀਅਨ ਦੀ ਸਪਲਾਈ ਚੇਨ ਹੈ, "ਬਹੁਤ ਘੱਟ ਦੇਸ਼ਾਂ ਕੋਲ ਪੂਰੀ ਸਪਲਾਈ ਚੇਨ ਹੈ। ਇਹ ਚੀਨ ਕੋਲ ਹੈ ਅਤੇ ਕੋਈ ਵੀ ਇਸਦਾ ਮੁਕਾਬਲਾ ਨਹੀਂ ਕਰ ਸਕਦਾ।"

ਵੀਅਤਨਾਮ ਅਤੇ ਬੰਗਲਾਦੇਸ਼ ਵਰਗੇ ਟੈਕਸਟਾਈਲ ਦੇ ਵੱਡੇ ਕਾਰੋਬਾਰੀ ਵੀ ਚੀਨ ਤੋਂ ਕੱਚਾ ਮਾਲ ਦਰਾਮਦ ਕਰਦੇ ਹਨ।

ਪਰ ਚੀਨੀ ਫੈਕਟਰੀਆਂ ਕੱਪੜੇ ਤੋਂ ਲੈ ਕੇ ਜ਼ਿੱਪਰ ਅਤੇ ਬਟਨਾਂ ਤੱਕ ਹਰ ਚੀਜ਼ ਲਈ ਪੂਰੀ ਤਰ੍ਹਾਂ ਸਥਾਨਕ ਸਰੋਤਾਂ 'ਤੇ ਨਿਰਭਰ ਹਨ। ਇਸ ਲਈ ਵੱਖ-ਵੱਖ ਕਿਸਮਾਂ ਦੇ ਕੱਪੜੇ ਬਣਾਉਣਾ ਆਸਾਨ ਹੈ ਅਤੇ ਉਹ ਇਸ ਨੂੰ ਜਲਦੀ ਕਰਨ ਦੇ ਸਮੱਰਥ ਹਨ।

ਇਹ ਸ਼ੀਅਨ ਲਈ ਖਾਸ ਤੌਰ 'ਤੇ ਸਫਲ ਹੈ, ਜਿਸਦਾ ਐਲਗੋਰਿਦਮ ਇਸ ਦੇ ਆਰਡਰ ਨਿਰਧਾਰਤ ਕਰਦਾ ਹੈ।

ਜੇਕਰ ਖਰੀਦਦਾਰ ਕਿਸੇ ਖਾਸ ਕੱਪੜੇ 'ਤੇ ਵਾਰ-ਵਾਰ ਕਲਿੱਕ ਕਰਦੇ ਹਨ ਜਾਂ ਉੱਨ ਦੇ ਸਵੈਟਰ ਨੂੰ ਜ਼ਿਆਦਾ ਦੇਰ ਤੱਕ ਦੇਖਦੇ ਹਨ, ਤਾਂ ਕੰਪਨੀ ਜਾਣ ਜਾਂਦੀ ਹੈ ਕਿ ਇਸ ਨੂੰ ਫੈਕਟਰੀਆਂ ਵਿੱਚ ਹੋਰ ਤੇਜ਼ ਬਣਾਉਣ ਲਈ ਕਹਿਣ ਦੀ ਲੋੜ ਹੈ।

ਇਹ ਗੁਆਂਗਜ਼ੂ ਵਿੱਚ ਕਾਮਿਆਂ ਲਈ ਚੁਣੌਤੀ ਹੋ ਸਕਦਾ ਹੈ।

ਸ਼ੀਅਨ ਦੇ ਫਾਇਦੇ ਅਤੇ ਨੁਕਸਾਨ

ਚੀਨ ਵਿੱਚ ਪਨਯੂ ਇਲਾਕਾ

ਤਸਵੀਰ ਸਰੋਤ, Xiqing Wang/BBC

ਤਸਵੀਰ ਕੈਪਸ਼ਨ, ਪਨਯੂ ਦੇ ਫੈਕਟਰੀਆਂ ਦਾ ਜਾਲ ਸਪਲਾਈ ਚੇਨ ਵਿੱਚ ਚੀਨ ਦੇ ਦਬਦਬੇ ਦਾ ਇੱਕ ਅਨਿੱਖੜਵਾਂ ਅੰਗ ਹੈ

ਇੱਕ ਫੈਕਟਰੀ ਮਾਲਕ ਨੇ ਦੱਸਿਆ, "ਸ਼ੀਅਨ ਦੇ ਆਪਣੇ ਫਾਇਦੇ ਅਤੇ ਨੁਕਸਾਨ ਹਨ, ਚੰਗੀ ਗੱਲ ਕਿ ਆਰਡਰ ਵੱਡੇ ਹੁੰਦੇ ਹਨ ਪਰ ਮੁਨਾਫਾ ਘੱਟ ਹੁੰਦਾ ਹੈ ਪਰ ਇਹ ਤੈਅ ਹੁੰਦਾ ਹੈ।"

ਆਪਣੇ ਆਕਾਰ ਅਤੇ ਪ੍ਰਭਾਵ ਨੂੰ ਦੇਖਦੇ ਹੋਏ ਸ਼ੀਅਨ ਇੱਕ ਔਖੀ ਸੌਦੇਬਾਜ਼ੀ ਕਰਨ ਵਾਲੀ ਕੰਪਨੀ ਹੈ। ਇਸ ਲਈ ਫੈਕਟਰੀ ਮਾਲਕਾਂ ਨੂੰ ਹੋਰ ਕਟੌਤੀਆਂ ਕਰਨੀ ਪੈਂਦੀਆਂ ਹਨ ਅਤੇ ਇਸ ਦੇ ਨਤੀਜੇ ਵਜੋਂ ਕਾਮਿਆਂ ਨੂੰ ਘੱਟ ਵੇਤਨ ਮਿਲਦਾ ਹੈ।

ਤਿੰਨ ਫੈਕਟਰੀਆਂ ਦੇ ਇੱਕ ਮਾਲਕਾਂ ਨੇ ਕਿਹਾ, "ਸ਼ੀਅਨ ਤੋਂ ਪਹਿਲਾਂ, ਅਸੀਂ ਖੁਦ ਕੱਪੜੇ ਬਣਾਉਂਦੇ ਅਤੇ ਵੇਚਦੇ ਸਨ। ਅਸੀਂ ਲਾਗਤ ਦਾ ਅੰਦਾਜ਼ਾ ਲਗਾ ਸਕਦੇ ਸੀ, ਕੀਮਤ ਨਿਰਧਾਰਤ ਕਰ ਸਕਦੇ ਸੀ ਅਤੇ ਮੁਨਾਫ਼ੇ ਦੀ ਗਣਨਾ ਕਰ ਸਕਦੇ ਸੀ। ਹੁਣ ਸ਼ੀਅਨ ਕੀਮਤ ਨੂੰ ਕੰਟਰੋਲ ਕਰਦੀ ਹੈ ਅਤੇ ਤੁਹਾਨੂੰ ਲਾਗਤ ਘੱਟ ਕਰਨ ਦੇ ਤਰੀਕੇ ਸੋਚਣੇ ਪੈਂਦੇ ਹਨ।"

ਹਾਲਾਂਕਿ, ਜਦੋਂ ਆਰਡਰ ਸਿਖਰ 'ਤੇ ਹੁੰਦੇ ਹਨ, ਤਾਂ ਇਹ ਇੱਕ ਤਿਉਹਾਰ ਵਾਂਗ ਹੁੰਦਾ ਹੈ। ਲੌਜਿਸਟਿਕਸ ਕੰਸਲਟੈਂਸੀ ਫਰਮ ਸ਼ਿਪਮੈਟ੍ਰਿਕਸ ਦੇ ਅੰਕੜਿਆਂ ਅਨੁਸਾਰ, ਕੰਪਨੀ ਔਸਤਨ ਹਰ ਰੋਜ਼ 10 ਲੱਖ ਪੈਕੇਜ ਭੇਜਦੀ ਹੈ।

ਸ਼ੀਅਨ ਦੇ ਸਪਲਾਇਰ ਗੁਓ ਕਿੰਗ ਈ ਨੇ ਕਿਹਾ, "ਸ਼ੀਅਨ ਫੈਸ਼ਨ ਇੰਡਸਟਰੀ ਦਾ ਥੰਮ੍ਹ ਹੈ। ਜਦੋਂ ਸ਼ੀਨ ਨੇ ਸ਼ੁਰੂਆਤ ਕੀਤੀ ਸੀ ਮੈਂ ਵੀ ਉਦੋਂ ਹੀ ਸ਼ੁਰੂਆਤ ਕੀਤੀ ਸੀ। ਮੈਂ ਇਸਦੇ ਉਭਾਰ ਦਾ ਗਵਾਹ ਹਾਂ। ਸ਼ੀਅਨ ਚੀਨ ਵਿੱਚ ਇੱਕ ਵਧੀਆ ਕੰਪਨੀ ਹੈ। ਮੈਨੂੰ ਲਗਦਾ ਹੈ ਕਿ ਇਹ ਹੋਰ ਮਜ਼ਬੂਤ ਹੋਵੇਗੀ ਕਿਉਂਕਿ ਇਹ ਸਮੇਂ ਸਿਰ ਭੁਗਤਾਨ ਕਰਦੀ ਹੈ। ਇਹ ਭੁਗਤਾਨ ਲਈ ਸਭ ਤੋਂ ਵੱਧ ਭਰੋਸੇਮੰਦ ਹੈ।"

"ਜੇ ਸਾਡੇ ਸਾਮਾਨ ਦੀ ਅਦਾਇਗੀ 15 ਤਰੀਕ ਨੂੰ ਤੈਅ ਹੈ, ਤਾਂ ਭਾਵੇਂ ਇਹ ਲੱਖਾਂ ਵਿੱਚ ਹੋਵੇ ਜਾਂ ਕਰੋੜਾਂ ਵਿੱਚ, ਭੁਗਤਾਨ ਸਮੇਂ ਸਿਰ ਹੋ ਜਾਵੇਗਾ।"

ਮਾਣ ਦੀ ਭਾਵਨਾ

ਚੀਨ ਵਿੱਚ ਪਨਯੂ ਇਲਾਕਾ

ਤਸਵੀਰ ਸਰੋਤ, Xiqing Wang/ BBC

ਤਸਵੀਰ ਕੈਪਸ਼ਨ, ਜ਼ਿਆਦਾਤਰ ਫੈਕਟਰੀਆਂ ਰਾਤ ਨੂੰ ਖੁੱਲ੍ਹੀਆਂ ਹੁੰਦੀਆਂ ਹਨ ਅਤੇ ਕੁਝ ਲੋਕ ਅੱਧੀ ਰਾਤ ਤੱਕ ਕੰਮ ਕਰਦੇ ਹਨ

ਲੰਬੇ ਕੰਮ ਦੇ ਘੰਟਿਆਂ ਅਤੇ ਕਈ ਵਾਰ ਘੱਟ ਤਨਖਾਹ ਦੇ ਨਾਲ, ਸ਼ੀਅਨ ਸਾਰੇ ਕਾਮਿਆਂ ਲਈ ਇੱਕ ਆਸਾਨ ਨਹੀਂ ਹੈ। ਪਰ ਇਹ ਕੁਝ ਲੋਕਾਂ ਲਈ ਮਾਣ ਦਾ ਕਾਰਨ ਜ਼ਰੂਰ ਹੈ।

ਗੁਆਂਗਡੋਂਗ ਤੋਂ ਆਉਣ ਵਾਲੇ ਇੱਕ 33 ਸਾਲਾ ਸੁਪਰਵਾਈਜ਼ਰ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ, "ਇਹ ਇੱਕ ਅਜਿਹਾ ਯੋਗਦਾਨ ਹੈ ਜੋ ਅਸੀਂ ਚੀਨੀ ਲੋਕ ਦੁਨੀਆ ਲਈ ਦੇ ਲਈ ਕਰ ਸਕਦੇ ਹਾਂ।"

ਹਨੇਰਾ ਹੋ ਗਿਆ ਹੈ ਅਤੇ ਕਾਮੇ ਰਾਤ ਦਾ ਭੋਜਨ ਕਰਕੇ ਕੰਮ ਦੇ ਆਖਰੀ ਹਿੱਸੇ ਨੂੰ ਪੂਰਾ ਕਰਨ ਲਈ ਫੈਕਟਰੀਆਂ ਦੇ ਅੰਦਰ ਚਲੇ ਗਏ ਹਨ।

ਉਹ ਮੰਨਦੇ ਹਨ ਕਿ ਕੰਮ ਦੇ ਘੰਟੇ ਲੰਬੇ ਹਨ, ਪਰ "ਅਸੀਂ ਇੱਕ-ਦੂਜੇ ਦੇ ਨਾਲ ਮਿਲ ਕੇ ਲੈ ਕੰਮ ਕਰਦੇ ਹਾਂ, ਅਸੀਂ ਇੱਕ ਪਰਿਵਾਰ ਵਾਂਗ ਹਾਂ।"

ਕਈ ਇਮਾਰਤਾਂ ਦੀਆਂ ਲਾਈਟਾਂ ਕਾਮਿਆਂ ਦੇ ਰਾਤ ਨੂੰ ਘਰ ਜਾਣ ਤੋਂ ਬਾਅਦ ਵੀ ਘੰਟਿਆਂ ਬੱਧੀ ਜਗਦੀਆਂ ਰਹਿੰਦੀਆਂ ਹਨ।

ਇੱਕ ਫੈਕਟਰੀ ਮਾਲਕ ਨੇ ਕਿਹਾ ਕਿ ਕੁਝ ਲੋਕ ਅੱਧੀ ਰਾਤ ਤੱਕ ਕੰਮ ਕਰਦੇ ਹਨ, ਉਹ ਹੋਰ ਕਮਾਉਣਾ ਚਾਹੁੰਦੇ ਹਨ।

ਆਖ਼ਿਰਕਾਰ, ਲੰਡਨ, ਸ਼ਿਕਾਗੋ, ਸਿੰਗਾਪੁਰ, ਦੁਬਈ ਅਤੇ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਕੋਈ ਨਾ ਕੋਈ ਆਪਣੀ ਅਗਲੀ ਖਰੀਦਦਾਰੀ ਦੀ ਤਲਾਸ਼ ਵਿੱਚ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)