ਅਮਰੀਕਾ - ਚੀਨ ਦੀ ਟੈਰਿਫ ਜੰਗ ਵਿਚਾਲੇ ਆਈਫੋਨ ਤੇ ਕੱਪੜਿਆਂ ਸਣੇ ਕੀ-ਕੀ ਮਹਿੰਗਾ ਹੋ ਸਕਦਾ ਹੈ

ਡੌਨਲਡ ਟਰੰਪ ਨੇ ਚੀਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਆਪਣਾ 34 ਫ਼ੀਸਦ ਜਵਾਬੀ ਟੈਰਿਫ਼ ਵਾਪਸ ਨਾ ਲਿਆ ਤਾਂ ਅਮਰੀਕਾ ਵਿੱਚ ਦਰਾਮਦ ਕੀਤੇ ਜਾਣ ਵਾਲੇ ਸਮਾਨ 'ਤੇ 50 ਫ਼ੀਸਦ ਵਾਧੂ ਟੈਰਿਫ ਲਗਾਇਆ ਜਾਵੇਗਾ।

ਚੀਨ ਨੇ ਟਰੰਪ ਦੀ ਇਸ ਧਮਕੀ ਉੱਤੇ ਇਤਰਾਜ਼ ਜਤਾਇਆ ਹੈ।

ਪਿਛਲੇ ਹਫ਼ਤੇ ਟਰੰਪ ਨੇ ਆਪਣੇ 'ਲਿਬਰੇਸ਼ਨ ਡੇਅ' ਦੇ ਹਿੱਸੇ ਵਜੋਂ ਚੀਨੀ ਦਰਾਮਦਾਂ 'ਤੇ 34 ਫ਼ੀਸਦ ਟੈਕਸ ਲਗਾਉਣ ਦਾ ਫੈਸਲਾ ਲਿਆ ਸੀ।

ਇਸ ਫ਼ੈਸਲੇ ਤੋਂ ਬਾਅਦ, ਸੋਮਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਟਰੰਪ ਨੇ ਚੀਨ ਨੂੰ ਮੰਗਲਵਾਰ ਤੱਕ ਦਾ ਸਮਾਂ ਦਿੱਤਾ ਕਿ ਉਹ ਆਪਣੇ ਜਵਾਬੀ ਉਪਾਅ ਨੂੰ ਰੱਦ ਕਰੇ ਨਹੀਂ ਤਾਂ 50 ਫ਼ੀਸਦ ਟੈਕਸ ਦਾ ਸਾਹਮਣਾ ਕਰੇ।

ਇਸ ਦੇ ਜਵਾਬ ਵਿੱਚ, ਅਮਰੀਕਾ ਵਿੱਚ ਚੀਨੀ ਦੂਤਾਵਾਸ ਨੇ ਵਾਸ਼ਿੰਗਟਨ 'ਤੇ 'ਆਰਥਿਕ ਧੱਕੇਸ਼ਾਹੀ' ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਚੀਨ ਆਪਣੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਦੀ ਮਜ਼ਬੂਤੀ ਨਾਲ ਰੱਖਿਆ ਕਰੇਗਾ'।

ਜੇਕਰ ਟਰੰਪ ਆਪਣੀ ਧਮਕੀ 'ਤੇ ਕਾਰਵਾਈ ਕਰਦੇ ਹਨ ਤਾਂ ਅਮਰੀਕੀ ਕੰਪਨੀਆਂ ਨੂੰ ਚੀਨੀ ਦਰਾਮਦਾਂ 'ਤੇ ਕੁੱਲ 104 ਫ਼ੀਸਦ ਦੀ ਦਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਮਾਰਚ ਵਿੱਚ ਪਹਿਲਾਂ ਹੀ ਲਗਾਏ ਗਏ 20 ਫ਼ੀਸਦ ਟੈਰਿਫ ਅਤੇ ਪਿਛਲੇ ਹਫ਼ਤੇ ਐਲਾਨੇ ਗਏ 34 ਫ਼ੀਸਦ ਟੈਰਿਫ਼ ਤੋਂ ਵੱਧ ਹੈ।

ਵਿੱਤੀ ਮਾਹਰ ਇਹ ਖ਼ਦਸ਼ਾ ਵੀ ਜ਼ਾਹਰ ਕਰ ਰਹੇ ਹਨ ਕਿ ਇਸ ਨਾਲ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਅਤੇ ਵਿਸ਼ਵ ਵਿਰੋਧੀਆਂ ਵਿਚਕਾਰ ਵਪਾਰ ਯੁੱਧ ਹੋਰ ਡੂੰਘਾ ਹੋ ਸਕਦਾ ਹੈ।

ਟਰੰਪ ਨੇ ਕੀ ਕਿਹਾ?

ਟਰੂਥ ਸੋਸ਼ਲ 'ਤੇ ਆਪਣੀ ਪੋਸਟ ਵਿੱਚ, ਟਰੰਪ ਨੇ ਇਹ ਵੀ ਚੇਤਾਵਨੀ ਦਿੱਤੀ ਕਿ "[ਟੈਰਿਫਾਂ 'ਤੇ] ਸਾਡੇ ਨਾਲ ਉਨ੍ਹਾਂ ਦੀਆਂ ਬੇਨਤੀ ਕੀਤੀਆਂ ਮੀਟਿੰਗਾਂ ਸੰਬੰਧੀ ਚੀਨ ਨਾਲ ਸਾਰੀਆਂ ਗੱਲਬਾਤਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ!"

ਸੋਮਵਾਰ ਨੂੰ ਵੀ, ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਦੂਜੇ ਦੇਸ਼ਾਂ ਨਾਲ ਗੱਲਬਾਤ ਦੀ ਆਗਿਆ ਦੇਣ ਲਈ ਗਲੋਬਲ ਦਰਾਮਦ ਟੈਰਿਫਾਂ 'ਤੇ ਰੋਕ ਲਗਾਉਣ 'ਤੇ ਵਿਚਾਰ ਨਹੀਂ ਕਰ ਰਹੇ ਹਨ।

ਉਨ੍ਹਾਂ ਕਿਹਾ,"ਬਹੁਤ ਸਾਰੇ ਦੇਸ਼ ਹਨ ਜੋ ਸਾਡੇ ਨਾਲ ਡੀਲ 'ਤੇ ਗੱਲਬਾਤ ਕਰਨ ਲਈ ਆ ਰਹੇ ਹਨ ਅਤੇ ਨਿਰਪੱਖ ਡੀਲਜ਼ ਹੋਣ ਜਾ ਰਹੀਆਂ ਹਨ।"

ਟਰੰਪ ਨੇ ਕਿਹਾ ਕਿ ਚੀਨ ਨੇ ਆਪਣਾ ਜਵਾਬੀ ਕਦਮ ਚੁੱਕਿਆ ਹੈ, "ਮੇਰੀ ਚੇਤਾਵਨੀ ਹੈ ਕਿ ਕੋਈ ਵੀ ਦੇਸ਼ ਜੋ ਵਾਧੂ ਟੈਰਿਫ਼ ਜਾਰੀ ਕਰਕੇ ਅਮਰੀਕਾ ਵਿਰੁੱਧ ਬਦਲਾ ਲਵੇਗਾ... ਉਸ 'ਤੇ ਫ਼ੌਰਨ ਨਵੇਂ ਅਤੇ ਬਹੁਤ ਜ਼ਿਆਦਾ ਟੈਰਿਫ਼ ਲਗਾਏ ਜਾਣਗੇ।"

ਚੀਨ ਦਾ ਪ੍ਰਤੀਕਰਮ

ਚੀਨ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ 'ਚੀਨ 'ਤੇ ਦਬਾਅ ਪਾਉਣਾ ਜਾਂ ਧਮਕੀ ਦੇਣਾ ਗੱਲਬਾਤ ਦਾ ਸਹੀ ਤਰੀਕਾ ਨਹੀਂ ਹੈ'।

ਚੀਨੀ ਦੂਤਾਵਾਸ ਦੇ ਬੁਲਾਰੇ ਲਿਊ ਪੇਂਗਯੂ ਨੇ ਇੱਕ ਬਿਆਨ ਵਿੱਚ ਕਿਹਾ, "'ਰੈਸੀਪ੍ਰੋਕਲ ਟੈਰਿਫ਼' (ਪਰਸਪਰ ਪ੍ਰਭਾਵ) ਦੇ ਨਾਮ 'ਤੇ ਅਮਰੀਕਾ ਦਾ ਇਹ ਕਦਮ ਦੂਜੇ ਦੇਸ਼ਾਂ ਦੇ ਜਾਇਜ਼ ਹਿੱਤਾਂ ਦੀ ਕੀਮਤ 'ਤੇ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਕਰਦਾ ਹੈ ਅਤੇ ਕੌਮਾਂਤਰੀ ਨਿਯਮਾਂ 'ਤੇ 'ਅਮਰੀਕਾ ਨੂੰ ਪਹਿਲਾਂ' ਰੱਖਦਾ ਹੈ।"

"ਇਹ ਇੱਕਪਾਸੜਵਾਦ, ਸੁਰੱਖਿਆਵਾਦ ਅਤੇ ਆਰਥਿਕ ਧੱਕੇਸ਼ਾਹੀ ਦੀ ਇੱਕ ਆਮ ਚਾਲ ਹੈ।"

ਚੀਨ ਦੇ ਵਣਜ ਮੰਤਰਾਲੇ ਨੇ ਟਰੰਪ ਦੀ ਧਮਕੀ ਨੂੰ 'ਇੱਕ ਹੋਰ ਵੱਡੀ ਗਲਤੀ' ਦੱਸਿਆ ਹੈ।

ਮੰਤਰਾਲੇ ਨੇ ਕਿਹਾ ਕਿ ਉਹ ਅਮਰੀਕਾ ਦੇ ਕਿਸੇ ਵੀ ਧਮਕੀ ਭਰੇ ਵਿਵਹਾਰ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ ਅਤੇ 'ਅੰਤ ਤੱਕ ਆਪਣੀ ਪੂਰੀ ਤਾਕਤ ਨਾਲ ਟੈਰਿਫ਼ ਖ਼ਿਲਾਫ਼ ਲੜੇਗਾ।'

ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਆਪਣੇ ਅਖ਼ਬਾਰ ਪੀਪਲਜ਼ ਡੇਲੀ ਵਿੱਚ ਇਸ ਮੁੱਦੇ 'ਤੇ ਇੱਕ ਲੇਖ ਵੀ ਪ੍ਰਕਾਸ਼ਿਤ ਕੀਤਾ ਹੈ।

ਲੇਖ ਵਿੱਚ ਕਿਹਾ ਗਿਆ ਹੈ ਕਿ ਚੀਨ ਦਾ ਜਵਾਬ 'ਢੁੱਕਵਾਂ, ਕਾਨੂੰਨੀ, ਮਜ਼ਬੂਤ ਅਤੇ ਸੰਜਮੀ' ਹੈ, ਜਦੋਂ ਕਿ ਅਮਰੀਕਾ ਦਾ ਰਵੱਈਆ ਦਰਸਾਉਂਦਾ ਹੈ ਕਿ ਉਹ ਦੁਨੀਆ ਵਿੱਚ ਆਪਣੀ ਤਾਕਤ ਦਿਖਾਉਣਾ ਚਾਹੁੰਦਾ ਹੈ।

ਲੇਖ ਦਾ ਸਿਰਲੇਖ ਹੈ, "ਦਬਾਅ ਅਤੇ ਧਮਕੀਆਂ ਰਾਹੀਂ ਚੀਨ ਨੂੰ ਸੰਭਾਲਣਾ ਸਹੀ ਤਰੀਕਾ ਨਹੀਂ ਹੈ।"

ਟਰੰਪ ਪ੍ਰਸ਼ਾਸਨ ਦੀ ਆਲੋਚਨਾ ਕਰਦੇ ਹੋਏ, ਇਸ ਲੇਖ ਵਿੱਚ ਲਿਖਿਆ ਗਿਆ ਹੈ ਕਿ ਅਮਰੀਕਾ ਟੈਰਿਫ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ, ਜਦੋਂ ਕਿ ਚੀਨ ਕੌਮਾਂਤਰੀ ਸਹਿਯੋਗ ਅਤੇ ਸਮਾਨਤਾ ਦਾ ਸਮਰਥਕ ਹੈ।

ਇਹ ਟੈਰਿਫ਼ ਚੀਨ ਦੇ ਨਿਰਮਾਤਾਵਾਂ ਲਈ ਇੱਕ ਵੱਡਾ ਝਟਕਾ ਸਾਬਤ ਹੋਵੇਗਾ ਜਿਨ੍ਹਾਂ ਲਈ ਅਮਰੀਕਾ ਬਰਾਮਦ ਲਈ ਇੱਕ ਮੁੱਖ ਬਾਜ਼ਾਰ ਹੈ।

ਚੀਨ ਦੇ ਅਮਰੀਕਾ ਨੂੰ ਕੀਤੇ ਜਾਣ ਵਾਲੇ ਪ੍ਰਮੁੱਖ ਨਿਰਯਾਤ ਵਿੱਚ ਬਿਜਲੀ ਉਤਪਾਦ ਅਤੇ ਮਸ਼ੀਨਰੀ, ਕੰਪਿਊਟਰ, ਫਰਨੀਚਰ, ਖਿਡੌਣੇ, ਵਾਹਨ ਅਤੇ ਕਈ ਹੋਰ ਉਪਕਰਣ ਸ਼ਾਮਲ ਹਨ।

ਅਮਰੀਕਾ ਵਲੋਂ ਚੀਨ ਨੂੰ ਹੋਣ ਵਾਲੀ ਦਰਾਮਦ ਵਿੱਚ ਸਭ ਤੋਂ ਵੱਧ ਤੇਲ, ਬੀਜ ਅਤੇ ਅਨਾਜ ਹਨ। ਨਾਲ ਹੀ ਜਹਾਜ਼, ਮਸ਼ੀਨਰੀ ਅਤੇ ਦਵਾਈਆਂ ਵੀ ਸ਼ਾਮਲ ਹਨ।

ਅਮਰੀਕਾ ਵਿੱਚ ਕੀ ਕੁਝ ਮਹਿੰਗਾ ਹੋ ਸਕਦਾ ਹੈ

ਬੀਬੀਸੀ ਪੱਤਰਕਾਰ ਨਾਦੀਨ ਯੂਸਿਫ਼ ਦੀ ਰਿਪੋਰਟ ਮੁਤਾਬਕ ਟੈਰਿਫ਼ ਲੱਗਣ ਤੋਂ ਬਾਅਦ ਕਈ ਅਜਿਹੀਆਂ ਉਪਭੋਗਤਾਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਜਿਨ੍ਹਾਂ ਦਾ ਸਿੱਧਾ ਭਾਰ ਆਮ ਆਦਮੀ ਉੱਤੇ ਪੈ ਸਕਦਾ ਹੈ।।

ਇਸ ਵਿੱਚ ਛੇ ਮੁੱਖ ਚੀਜ਼ਾਂ ਹਨ, ਜਿਨ੍ਹਾਂ ਵਿੱਚ ਐੱਚ ਐਂਡ ਐੱਮ ਤੋਂ ਲੈ ਕੇ ਗੈਪ ਵਰਗੇ ਬ੍ਰਾਂਡਾਂ ਦੇ ਕੱਪੜੇ ਮਹਿੰਗੇ ਹੋ ਸਕਦੇ ਹਨ।

ਕੌਫ਼ੀ ਸਣੇ ਕਈ ਹੋਰ ਭੋਜਨ ਮਹਿੰਗੇ ਹੋ ਜਾਣਗੇ, ਸਨੀਕਰਜ਼ ਜਿਨ੍ਹਾਂ ਵਿੱਚ ਐਡੀਡਾਸ ਅਤੇ ਨਾਈਕੀ ਦੇ ਸ਼ੂ ਵੀ ਮਹਿੰਗੇ ਹੋ ਸਕਦੇ ਹਨ।

ਅਲਕੋਹਲ ਅਤੇ ਯੂਰਪੀਅਨ ਵਾਈਨ ਤੇ ਬੀਅਰ ਵੀ ਮਹਿੰਗੀਆਂ ਹੋ ਸਕਦੀਆਂ ਹਨ।

ਇਸ ਤੋਂ ਇਲਾਵਾ ਇਲੈਕਟ੍ਰੋਨਿਕਸ ਮਹਿੰਗੇ ਹੋਣਗੇ, ਜਿਨ੍ਹਾਂ ਵਿੱਚ ਆਈਫ਼ੋਨ ਅਤੇ ਵੀਡੀਓ ਗੇਮਿੰਗ ਉਪਰਕਰਣ ਸ਼ਾਮਲ ਹਨ।

ਚੀਨ ਨਾਲ ਟੈਰਿਫ਼ ਹੋਰ ਵਧਿਆ ਤਾਂ ਆਈਫ਼ੋਨ ਵੀ ਹੋ ਸਕਦੇ ਮਹਿੰਗੇ

ਸੈੱਲ ਫ਼ੋਨ, ਟੀਵੀ ਅਤੇ ਵੀਡੀਓ ਗੇਮ ਕੰਸੋਲ ਆਮ ਤੌਰ 'ਤੇ ਵੱਡੀਆਂ ਖਰੀਦਾਂ ਹੁੰਦੀਆਂ ਹਨ। ਨਵੇਂ ਅਮਰੀਕੀ ਟੈਰਿਫ਼ ਇਨ੍ਹਾਂ ਦੀ ਖ਼ਰੀਦ ਨੂੰ ਹੋਰ ਮਹਿੰਗਾ ਕਰ ਸਕਦੇ ਹਨ।

ਚੀਨ, ਨਾਲ ਹੀ ਤਾਈਵਾਨ ਅਤੇ ਦੱਖਣੀ ਕੋਰੀਆ, ਸਾਰੇ ਅਮਰੀਕਾ ਦੇ ਇਲੈਕਟ੍ਰਾਨਿਕਸ ਦੇ ਪ੍ਰਮੁੱਖ ਨਿਰਯਾਤਕ ਹਨ।

ਤਕਰੀਬਨ ਸਾਰੇ ਆਈਫ਼ੋਨ ਚੀਨ ਵਿੱਚ ਬਣਾਏ ਜਾਂਦੇ ਹਨ, ਹਾਲਾਂਕਿ ਕੁਝ ਭਾਰਤ ਵਿੱਚ ਵੀ ਬਣਾਏ ਜਾਂਦੇ ਹਨ (ਜੋ ਕਿ 26 ਫ਼ੀਸਦ ਟੈਰਿਫ਼ ਦੇ ਨਾਲ 'ਸਭ ਤੋਂ ਮਾੜੇ ਓਫ਼ੈਂਡਰਜ਼' ਦੀ ਸੂਚੀ ਵਿੱਚ ਵੀ ਹਨ)।

ਇਸੇ ਤਰ੍ਹਾਂ ਸੈਮਸੰਗ ਦਾ ਵੀਅਤਨਾਮ ਵਿੱਚ ਇੱਕ ਅਹਿਮ ਉਤਪਾਦਨ ਯੁਨਿਟ ਹੈ।

ਖ਼ਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ, ਸਭ ਤੋਂ ਸਸਤਾ ਆਈਫੋਨ 16 ਮਾਡਲ ਅਮਰੀਕਾ ਵਿੱਚ 799 ਡਾਲਰ ਦੀ ਸਟਿੱਕਰ ਕੀਮਤ ਨਾਲ ਲਾਂਚ ਕੀਤਾ ਗਿਆ ਸੀ, ਪਰ ਰੋਜ਼ਨਬਲਾਟ ਸਿਕਿਓਰਿਟੀਜ਼ ਦੇ ਵਿਸ਼ਲੇਸ਼ਕਾਂ ਦੇ ਅਨੁਮਾਨਾਂ ਦੇ ਆਧਾਰ 'ਤੇ, ਇਸਦੀ ਕੀਮਤ 1,142 ਡਾਲਰ ਤੱਕ ਪਹੁੰਚ ਸਕਦੀ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਜੇਕਰ ਐਪਲ ਇਸਨੂੰ ਖਪਤਕਾਰਾਂ ਤੱਕ ਪਹੁੰਚਾਉਣ ਦੇ ਯੋਗ ਹੁੰਦਾ ਹੈ ਤਾਂ ਕੀਮਤ 43 ਫ਼ੀਸਦ ਤੱਕ ਵੱਧ ਸਕਦੀ ਹੈ।

ਇੱਕ ਹੋਰ ਮਹਿੰਗਾ ਆਈਫੋਨ 16 ਪ੍ਰੋ ਮੈਕਸ, ਜਿਸ ਵਿੱਚ 6.9-ਇੰਚ ਡਿਸਪਲੇਅ ਅਤੇ 1 ਟੈਰਾਬਾਈਟ ਸਟੋਰੇਜ ਹੈ, ਜੋ ਮੌਜੂਦਾ ਸਮੇਂ ਵਿੱਚ 1599 ਡਾਲਰ ਦਾ ਅਮਰੀਕੀ ਬਾਜ਼ਾਰ ਵਿੱਚ ਮੌਜੂਦ ਹੈ, ਦੀ ਕੀਮਤ ਲਗਭਗ 2300 ਹੋ ਸਕਦੀ ਹੈ ਯਾਨੀ ਤਕਰੀਬਨ 43 ਫ਼ੀਸਦ ਤੱਕ ਕੀਮਤ ਵੱਧ ਕੇ ਖਪਤਕਾਰਾਂ ਤੱਕ ਪਹੁੰਚੇਗਾ।

ਇਹ ਅਜੇ ਵੀ ਅਸਪਸ਼ਟ ਹੈ ਕਿ ਇਹ ਵੱਡੀਆਂ ਤਕਨੀਕੀ ਕੰਪਨੀਆਂ ਨਵੇਂ ਟੈਕਸਾਂ ਪ੍ਰਤੀ ਕਿਵੇਂ ਪ੍ਰਤੀਕਿਰਿਆ ਦੇਣਗੀਆਂ।

ਪਰ ਜਪਾਨੀ ਵੀਡੀਓ ਗੇਮਿੰਗ ਕੰਪਨੀ ਨਿਨਟੈਂਡੋ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਆਪਣੇ ਸਵਿੱਚ 2 ਕੰਸੋਲ ਦੇ ਪ੍ਰੀ-ਆਰਡਰਾਂ ਵਿੱਚ ਦੇਰੀ ਕਰ ਰਹੀ ਹੈ, ਇਹ ਕਹਿੰਦੇ ਹੋਏ ਕਿ ਕੰਪਨੀ ਨੂੰ "ਟੈਰਿਫ ਦੇ ਸੰਭਾਵੀ ਪ੍ਰਭਾਵ ਦਾ ਮੁਲਾਂਕਣ" ਕਰਨ ਦੀ ਲੋੜ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)