ਸੁਡਾਨ ’ਚ ਖਾਨਾਜੰਗੀ ਦੌਰਾਨ ਮਾਵਾਂ ਦੀ ਗੁਹਾਰ: ‘ਮੇਰੇ ਨਾਲ ਜੋ ਕਰਨਾ ਕਰ ਲਓ, ਮੇਰੀਆਂ ਧੀਆਂ ਨੂੰ ਜਾਣ ਦਿਓ’

    • ਲੇਖਕ, ਬਾਰਬਰਾ ਪਲੇਟ ਅਸ਼ਰ
    • ਰੋਲ, ਬੀਬੀਸੀ ਅਫ਼ਰੀਕਾ ਪੱਤਰਕਾਰ, ਓਮਡੂਰਮੈਨ

ਸੁਡਾਨ ਅੰਦਰੂਨੀ ਜੰਗ ਕਾਰਨ ਟੁੱਟ ਰਿਹਾ ਹੈ।

ਪਿਛਲੇ ਸਾਲ ਅਪ੍ਰੈਲ ਤੋਂ ਸੁਡਾਨ ਦੀ ਫੌਜ ਅਤੇ ਇਸਦਾ ਹਿੱਸਾ ਰਹੇ ਅਰਧ ਸੈਨਿਕ ਦਸਤੇ ਰੈਪਿਡ ਸਪੋਰਟ ਫੋਰਸਜ਼ ਵਿੱਚ ਤਾਕਤ ਹਾਸਲ ਕਰਨ ਲਈ ਖੂਨੀ ਸੰਘਰਸ਼ ਚੱਲ ਰਿਹਾ ਹੈ।

ਇਸ ਖਾਨਾਜੰਗੀ ਨੇ ਦੇਸ ਨੂੰ ਤਬਾਹ ਕਰ ਦਿੱਤਾ ਹੈ। ਫ਼ੌਜ ਨੇ ਰਾਜਧਾਨੀ ਖਾਰਤੂਮ ਵਿੱਚ ਰੈਪਿਡ ਸਪੋਰਟ ਫੋਰਸਜ਼ ਦੇ ਕਬਜ਼ੇ ਵਾਲਿਆਂ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਕਾਰਵਾਈ ਤੇਜ਼ ਕਰ ਦਿੱਤੀ ਹੈ।

ਆਰਐੱਸਐੱਫ਼ ਸੰਕਟ ਦੇ ਸ਼ੁਰੂ ਵਿੱਚ ਹੀ ਰਾਜਧਾਨੀ ਦੇ ਜ਼ਿਆਦਾਤਰ ਹਿੱਸੇ ਉੱਤੇ ਕਾਬਜ ਹੋ ਗਈ ਸੀ। ਜਦਕਿ ਫ਼ੌਜ ਦਾ ਕੰਟਰੋਲ ਸਿਰਫ਼ ਨੀਲ ਨਦੀ ਦੇ ਕੋਲ ਓਮਡੂਰਮੈਨ ਸ਼ਹਿਰ ਉੱਤੇ ਹੀ ਅਧਿਕਾਰ ਹੈ।

ਫਿਰ ਵੀ ਨੀਲ ਨਦੀ ਉੱਤੇ ਕੁਝ ਥਾਵਾਂ ਹਨ, ਜਿੱਥੋਂ ਲੋਕ ਨਦੀ ਪਾਰ ਕਰਕੇ ਇੱਕ ਤੋਂ ਦੂਜੇ ਪਾਸੇ ਆਉਣ ਜਾਣ ਕਰ ਸਕਦੇ ਹਨ।

ਅਜਿਹੀ ਹੀ ਇੱਕ ਥਾਂ ਉੱਤੇ ਮੇਰੀ ਮੁਲਾਕਾਤ ਕੁਝ ਔਰਤਾਂ ਨਾਲ ਹੋਈ। ਉਹ ਇੱਥੇ ਖਾਣ ਦੀਆਂ ਵਸਤੂਆਂ ਦੀ ਸਸਤਾਈ ਹੋਣ ਕਾਰਨ ਚਾਰ ਘੰਟੇ ਦਾ ਸਫ਼ਰ ਤੈਅ ਕਰਕੇ ਆਰਐੱਸਐੱਫ਼ ਦੇ ਕਬਜ਼ੇ ਵਾਲੇ ਇਲਾਕੇ ਵਿੱਚੋਂ ਫ਼ੌਜੀ ਅਧਿਕਾਰ ਵਾਲੇ ਖੇਤਰ ਦੀ ਮੰਡੀ ਵਿੱਚ ਆਈਆਂ।

ਇਹ ਔਰਤਾਂ ਆਰਐੱਸਐੱਫ਼ ਦੇ ਅਧਿਕਾਰ ਵਾਲੇ ਦਾਰ-ਅਸ-ਇਸਲਾਮ ਵਿੱਚੋਂ ਆਈਆਂ ਸਨ।

ਔਰਤਾਂ ਨੇ ਮੈਨੂੰ ਦੱਸਿਆ ਕਿ ਆਰਐੱਸਐੱਫ਼ ਉਨ੍ਹਾਂ ਦੇ ਪਤੀਆਂ ਨੂੰ ਕੁੱਟਦੀ ਹੈ, ਉਨ੍ਹਾਂ ਦੀ ਕਮਾਈ ਖੋਹ ਲੈਂਦੀ ਹੈ ਜਾਂ ਹਿਰਾਸਤ ਵਿੱਚ ਲੈ ਲੈਂਦੀ ਹੈ, ਜਿਸ ਕਰਕੇ ਹੁਣ ਉਹ ਘਰੋਂ ਬਾਹਰ ਹੀ ਨਹੀਂ ਨਿਕਲਦੇ।

ਇੱਕ ਔਰਤ ਨੇ ਦੱਸਿਆ ਸੀ, “ਅਸੀਂ ਇਹ ਮੁਸ਼ਕਿਲ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਸਹਿੰਦੀਆਂ ਹਾਂ। ਅਸੀਂ ਭੁੱਖੇ ਹਾਂ ਸਾਨੂੰ ਖਾਣਾ ਚਾਹੀਦਾ ਹੈ।”

ਚੇਤਾਵਨੀ – ਲੇਖ ਦੇ ਕੁਝ ਵੇਰਵੇ ਤੁਹਾਨੂੰ ਬੇਚੈਨ ਕਰ ਸਕਦੇ ਹਨ।

ਉਨ੍ਹਾਂ ਔਰਤਾਂ ਨੂੰ ਮੈਂ ਪੁੱਛਿਆ ਕੀ ਉਹ ਮਰਦਾਂ ਨਾਲੋਂ ਜ਼ਿਆਦਾ ਸੁਰੱਖਿਅਤ ਹਨ? ਬਲਾਤਕਾਰ ਬਾਰੇ?

ਉਹ ਸਾਰੀਆਂ ਬੋਲਣ ਲੱਗੀਆਂ, ਕੁਝ ਦੇਰ ਬਾਅਦ ਜਦੋਂ ਉਹ ਸ਼ਾਂਤ ਹੋਈਆਂ ਤਾਂ ਇੱਕ ਅਵਾਜ਼ ਆਈ— ਇੱਕ ਔਰਤ ਨੇ ਘਰੜਾਈ ਅਵਾਜ਼ ਵਿੱਚ ਕਿਹਾ,“ਦੁਨੀਆਂ ਹੈ ਕਿੱਥੇ? ਤੁਸੀਂ ਸਾਡੀ ਮਦਦ ਕਿਉਂ ਨਹੀਂ ਕਰਦੇ?” ਉਸਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ।

“ਇੱਥੇ ਕਈ ਔਰਤਾਂ ਹਨ ਜਿਨ੍ਹਾਂ ਦੀ ਬੇਪੱਤੀ ਹੋਈ ਹੈ ਪਰ ਉਹ ਇਸ ਬਾਰੇ ਗੱਲ ਨਹੀਂ ਕਰਦੀਆਂ। ਇਸ ਨਾਲ ਕੀ ਫਰਕ ਪਵੇਗਾ?”

“ਕਈ ਕੁੜੀਆਂ ਨੂੰ ਆਰਐੱਸਐੱਫ਼ ਰਾਤ ਨੂੰ ਸੜਕਾਂ ਉੱਤੇ ਲਿਟਾ ਲੈਂਦੀ ਹੈ। ਜੇ ਉਹ ਔਰਤਾਂ ਇਸ ਮੰਡੀ ਵਿੱਚੋਂ ਦੇਰੀ ਨਾਲ ਵਾਪਸ ਮੁੜਦੀਆਂ ਹਨ ਤਾਂ ਆਰਐੱਸਐੱਫ਼ ਉਨ੍ਹਾਂ ਨੂੰ ਪੰਜ ਜਾਂ ਛੇ ਦਿਨ ਰੱਖਦੀ ਹੈ।”

ਜਦੋਂ ਉਹ ਕੁੜੀ ਬੋਲ ਰਹੀ ਸੀ ਤਾਂ ਉਸਦੀ ਮਾਂ ਨੇ ਹਾਉਂਕੇ ਲੈਂਦਿਆਂ ਉਸਦਾ ਸਿਰ ਆਪਣੀ ਬੁੱਕਲ ਵਿੱਚ ਰੱਖ ਲਿਆ। ਇਸੇ ਦੌਰਾਨ ਹੋਰ ਔਰਤਾਂ ਬੋਲਣ ਲੱਗ ਪਈਆਂ।

“ਕੀ ਤੁਸੀਂ ਆਪਣੀ ਦੁਨੀਆਂ ਵਿੱਚ, ਜੇ ਤੁਹਾਡਾ ਬੱਚਾ ਬਾਹਰ ਜਾਵੇ ਤਾਂ ਤੁਸੀਂ ਉਸ ਨੂੰ ਛੱਡ ਦਿਓਗੇ? ਕੀ ਤੁਸੀਂ ਜਾ ਕੇ ਉਸਦੀ ਭਾਲ ਨਹੀਂ ਕਰੋਗੇ? ਲੇਕਿਨ ਸਾਨੂੰ ਦੱਸੋ, ਅਸੀਂ ਕੀ ਕਰ ਸਕਦੀਆਂ ਹਾਂ? ਸਾਡੇ ਹੱਥਾਂ ਵਿੱਚ ਕੁਝ ਨਹੀਂ ਹੈ, ਕਿਸੇ ਨੂੰ ਸਾਡੀ ਫਿਕਰ ਨਹੀਂ ਹੈ! ਦੁਨੀਆਂ ਕਿੱਥੇ ਹੈ? ਦੁਨੀਆਂ ਕਿੱਥੇ ਹੈ? ਤੁਸੀਂ ਸਾਡੀ ਮਦਦ ਕਿਉਂ ਨਹੀਂ ਕਰਦੇ?”

ਨਦੀ ਪਾਰ ਕਰਨ ਦੀ ਇਹ ਥਾਂ, ਤਣਾ ਅਤੇ ਦੁੱਖ ਵੱਲ ਖੁੱਲ੍ਹਦੀ ਇੱਕ ਬਾਰੀ ਹੈ।

ਯਾਤਰੀਆਂ ਨੇ ਅਮਨ-ਕਨੂੰਨ ਦੀ ਮਾੜੀ ਸਥਿਤੀ, ਲੁੱਟ ਅਤੇ ਤਸ਼ੱਦਦ ਦੀਆਂ ਕਹਾਣੀਆਂ ਸੁਣੀਆਂ ਹਨ। ਸੰਯੁਕਤ ਰਾਸ਼ਟਰ ਮੁਤਾਬਕ ਸੁਡਾਨ ਦੇ ਸੰਕਟ ਕਾਰਨ ਡੇਢ ਕਰੋੜ ਲੋਕਾਂ ਦਾ ਉਜਾੜਾ ਹੋਇਆ ਹੈ।

ਇਹ ਤਣਾਅ ਫ਼ੌਜ ਅਤੇ ਆਰਐੱਸਐੱਫ਼ ਦਰਮਿਆਨ ਸੱਤਾ ਦੇ ਸੰਘਰਸ਼ ਤੋਂ ਸ਼ੁਰੂ ਹੋਇਆ ਸੀ। ਲੇਕਿਨ ਇਸ ਸੰਘਰਸ਼ ਦੀ ਪ੍ਰਮੁੱਖ ਵਿਸ਼ੇਸ਼ਤਾ ਇਸਦੀ ਜਿਨਸੀ ਹਿੰਸਾ ਬਣ ਗਈ ਹੈ। ਹੁਣ ਇਸ ਤਣਾਅ ਵਿੱਚ ਗੁਆਂਢੀ ਮੁਲਕਾਂ ਦੇ ਹਥਿਆਰਬੰਦ ਬਾਗ਼ੀ ਅਤੇ ਲੜਾਕੇ ਕੁੱਦ ਪਏ ਹਨ।

ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਕਮਿਸ਼ਨਰ, ਵੋਕਰ ਤੁਰਕ ਨੇ ਕਿਹਾ ਹੈ ਕਿ ਬਲਾਤਕਾਰ ਨੂੰ ਇੱਥੇ “ਜੰਗੀ ਹਥਿਆਰ” ਵਜੋਂ ਵਰਤਿਆ ਜਾਂਦਾ ਹੈ।

ਸੰਯੁਕਤ ਰਾਸ਼ਟਰ ਦੇ ਤੱਥ-ਖੋਜ ਮਿਸ਼ਨ ਨੇ ਬਲਾਤਕਾਰ ਦੇ ਕਈ ਮਾਮਲਿਆਂ ਅਤੇ ਫ਼ੌਜ ਵੱਲੋਂ ਬਲਾਤਕਾਰ ਦੀਆਂ ਧਮਕੀਆਂ ਦਾ ਦਸਤਾਵੇਜ਼ੀ ਕਰਨ ਕੀਤਾ ਹੈ। ਲੇਕਿਨ ਮਿਸ਼ਨ ਨੇ ਦੇਖਿਆ ਕਿ ਜ਼ਿਆਦਾਤਰ ਹਿੰਸਾ ਆਰਐੱਸਐੱਫ਼ ਅਤੇ ਉਸਦੇ ਹਥਿਆਰਬੰਦ ਮਿਲੀਸ਼ੀਏ ਵੱਲੋਂ ਕੀਤੀ ਗਈ। ਕੌਮਾਂਤਰੀ ਕਨੂੰਨਾਂ ਦੀ ਉਲੰਘਣਾ ਵੀ ਦੇਖੀ ਗਈ।

ਇੱਕ ਔਰਤ ਨੇ ਬੀਬੀਸੀ ਕੋਲ ਆਰਐੱਸਐੱਫ਼ ਉੱਤੇ ਆਪਣੇ ਬਲਾਤਕਾਰ ਦਾ ਇਲਜ਼ਾਮ ਲਾਇਆ।

ਮੇਰੀ ਉਸ ਨਾਲ ਮੁਲਾਕਾਤ ਨਦੀ ਦੇ ਲਾਂਘੇ ਕੋਲ ਮੰਡੀ ਵਿੱਚ ਹੋਈ ਸੀ।

ਜਦੋਂ ਤੋਂ ਖਾਨਾਜੰਗੀ ਛਿੜੀ ਹੈ ਇਹ ਮੰਡੀ ਆਪਣੀ ਸਸਤਾਈ ਕਾਰਨ ਗ਼ਰੀਬ ਤੋਂ ਗ਼ਰੀਬ ਨੂੰ ਆਪਣੇ ਵੱਲ ਖਿੱਚ ਰਹੀ ਹੈ। ਸਮੇਂ ਦੇ ਨਾਲ ਮੰਡੀ ਓਮਡੂਰਮੈਨ ਤੋਂ ਜਾਂਦੀ ਸੜਕ ਦੇ ਨਾਲ ਬੀਆਬਾਨ ਰੇਗਿਸਤਾਨੀ ਖੇਤਰ ਵਿੱਚ ਫੈਲ ਵੀ ਗਈ ਹੈ।

ਮਰੀਅਮ (ਅਸਲੀ ਨਾਮ ਨਹੀਂ) ਨੇ ਦਾਰ-ਅਸ-ਸਲਾਮ (ਤਨਾਜ਼ਾਨੀਆ) ਵਿੱਚ ਆਪਣਾ ਘਰ ਛੱਡ ਕੇ ਆਪਣੇ ਭਰਾ ਦੇ ਘਰ ਪਨਾਹ ਲਈ।

ਉਹ ਹੁਣ ਇੱਕ ਚਾਹ ਦੀ ਰੇਹੜੀ ਉੱਤੇ ਕੰਮ ਕਰਦੀ ਹੈ। ਉਸ ਨੇ ਦੱਸਿਆ, ਜੰਗ ਦੇ ਸ਼ੁਰੂ ਵਿੱਚ ਦੋ ਹਥਿਆਰਬੰਦ ਉਸਦੇ ਘਰ ਦਾਖਲ ਹੋਏ ਤੇ ਉਸਦੀਆਂ (17 ਅਤੇ 10 ਸਾਲ ਦੀਆਂ) ਧੀਆਂ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ।

ਉਸਨੇ ਦੱਸਿਆ,“ਮੈਂ ਕੁੜੀਆਂ ਨੂੰ ਆਪਣੇ ਪਿੱਛੇ ਰਹਿਣ ਨੂੰ ਕਹਿੰਦਿਆਂ ਆਰਐੱਸਐੱਫ਼ ਨੂੰ ਕਿਹਾ— ਜੇ ਤੁਸੀਂ ਕਿਸੇ ਦਾ ਰੇਪ ਕਰਨਾ ਚਾਹੁੰਦੇ ਹੋ ਤਾਂ ਮੇਰਾ ਕਰਨਾ ਪਵੇਗਾ।”

'ਅਸੀਂ ਨਵੀਂ ਜ਼ਿੰਦਗੀ ਲਈ ਬਹੁਤ ਗਰੀਬ ਹਾਂ'

“ਉਨ੍ਹਾਂ ਨੇ ਮੈਨੂੰ ਮਾਰਿਆ ਤੇ ਕੱਪੜੇ ਲਾਹੁਣ ਲਈ ਕਿਹਾ। ਉਸ ਤੋਂ ਪਹਿਲਾਂ ਮੈਂ ਆਪਣੀਆਂ ਬੱਚੀਆਂ ਨੂੰ ਜਾਣ ਲਈ ਕਿਹਾ। ਉਹ ਦੂਜੇ ਬੱਚਿਆਂ ਨੂੰ ਨਾਲ ਲੈ ਕੇ ਚਾਰ ਦੀਵਾਰੀ ਤੋਂ ਬਾਹਰ ਕੁੱਦ ਗਈਆਂ। ਫਿਰ ਇੱਕ ਜਣਾ ਮੇਰੇ ਉੱਤੇ ਪੈ ਗਿਆ।”

ਆਰਐੱਸਐੱਫ਼ ਨੇ ਕੌਮਾਂਤਰੀ ਜਾਂਚ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਜਿਨਸੀ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਕਰਨ ਵਾਲੀ ਹਰ ਤਰ੍ਹਾਂ ਦੀ ਹਿੰਸਾ ਰੋਕਣ ਲਈ ਹਰ ਸੰਭਵ ਕਦਮ ਚੁੱਕੇ ਹਨ।

ਲੇਕਿਨ ਜਿਨਸੀ ਹਿੰਸਾ ਦੇ ਬਿਆਨ ਨਿਰੰਤਰ ਅਤੇ ਕਾਫ਼ੀ ਗਿਣਤੀ ਵਿੱਚ ਆ ਰਹੇ ਹਨ। ਇਸ ਨੁਕਸਾਨ ਦਾ ਦੂਰ ਰਸੀ ਪ੍ਰਭਾਵ ਪੈ ਰਿਹਾ ਹੈ।

ਰੁੱਖਾਂ ਦੀ ਪਾਲ ਵਿੱਚ ਛਾਵੇਂ ਬੈਠੀ ਫਾਤਿਮਾ (ਅਸਲੀ ਨਾਮ ਨਹੀਂ) ਨੇ ਮੈਨੂੰ ਦੱਸਿਆ ਕਿ ਉਹ ਓਮਡੂਰਮੈਨ ਵਿੱਚ ਜੌੜੇ ਬੱਚਿਆਂ ਨੂੰ ਜਨਮ ਦੇਣ ਆਈ ਹੈ ਅਤੇ ਉਸਦੀ ਇੱਥੇ ਰਹਿਣ ਦੀ ਯੋਜਨਾ ਹੈ।

ਉਸਦੀ 15 ਸਾਲਾ ਇੱਕ ਗੁਆਂਢੀ ਕੁੜੀ ਵੀ ਆਪਣੇ ਅਤੇ ਆਪਣੀ ਭੈਣ ਨਾਲ ਚਾਰ ਆਰਐੱਸਐੱਫ਼ ਸੈਨਿਕਾਂ ਵੱਲੋਂ ਬਲਾਤਕਾਰ ਕੀਤੇ ਜਾਣ ਤੋਂ ਬਾਅਦ ਗਰਭਵਤੀ ਹੋ ਗਈ ਹੈ।

ਲੋਕ ਚੀਕਾਂ ਸੁਣ ਕੇ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਜੋ ਹੋ ਰਿਹਾ ਸੀ ਦੇਖਿਆ। ਲੇਕਿਨ ਹਥਿਆਰਬੰਦ ਸੈਨਿਕਾਂ ਨੇ ਉਨ੍ਹਾਂ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਘਰਾਂ ਵਿੱਚ ਵਾਪਸ ਚਲੇ ਜਾਣ ਲਈ ਕਿਹਾ।

ਫ਼ਾਤਿਮਾ ਨੇ ਦੱਸਿਆ,“ਜੰਗ ਦੌਰਾਨ ਜਦੋਂ ਤੋਂ ਆਰਐੱਸਐੱਫ਼ ਆਈ ਹੈ, ਅਸੀਂ ਉਦੋਂ ਤੋਂ ਹੀ ਬਲਾਤਕਾਰਾਂ ਬਾਰੇ ਸੁਣ ਰਹੇ ਸੀ, ਜਦੋਂ ਤੱਕ ਕਿ ਅਸੀਂ ਆਪਣੇ ਗੁਆਂਢ ਵਿੱਚ ਆਪਣੇ ਅੱਖੀਂ ਨਹੀਂ ਦੇਖ ਲਿਆ। ਸ਼ੁਰੂ ਵਿੱਚ ਸਾਨੂੰ (ਖ਼ਬਰਾਂ ਬਾਰੇ) ਕੁਝ ਸ਼ੱਕ ਸਨ ਲੇਕਿਨ ਹੁਣ ਅਸੀਂ ਜਾਣਦੇ ਹਾਂ ਕਿ ਆਰਐੱਸਐੱਫ਼ ਨੇ ਹੀ ਕੁੜੀਆਂ ਦੇ ਰੇਪ ਕੀਤੇ ਹਨ।”

ਇਸ ਦੌਰਾਨ ਕੁਝ ਹੋਰ ਔਰਤਾਂ ਵੀ ਆਰਐੱਸਐੱਫ਼ ਦੇ ਅਧਿਕਾਰ ਵਾਲੇ ਇਲਾਕੇ ਵਿੱਚ ਵਾਪਸ ਜਾਣ ਲਈ ਇਕੱਠੀਆਂ ਹੋ ਰਹੀਆਂ ਹਨ। ਉਹ ਕਹਿੰਦੀਆਂ ਹਨ ਉਹ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਦਾਰ-ਅਸ-ਅਸਲਾਮ ਨੂੰ ਛੱਡਣ ਲਈ ਬੇਹੱਦ ਗ਼ਰੀਬ ਹਨ।

ਜਦੋਂ ਤੱਕ ਫ਼ੌਜ ਅਤੇ ਆਰਐੱਸਐੱਫ਼ ਲੜ ਰਹੀਆਂ ਹਨ, ਉਦੋਂ ਤੱਕ ਤਾਂ ਘੱਟੋ-ਘੱਟ ਉਨ੍ਹਾਂ ਕੋਲ ਵਾਪਸ ਜਾਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)