‘ਮੈਂ ਔਰਤ ਦੇ ਸਰੀਰ ਵਿੱਚ ਅਸਹਿਜ ਮਹਿਸੂਸ ਕਰਦਾ ਸੀ’, ਮੀਰਾ ਤੋਂ ਆਰਵ ਬਣਨ ਦੀ ਕਹਾਣੀ

ਤਸਵੀਰ ਸਰੋਤ, MOHAR SINGH MEENA/BBC
- ਲੇਖਕ, ਮੋਹਰ ਸਿੰਘ ਮੀਨਾ
- ਰੋਲ, ਬੀਬੀਸੀ ਸਹਿਯੋਗੀ, ਰਾਜਸਥਾਨ
“ਮੈਨੂੰ ਆਪਣੇ ਆਪ ਵਿੱਚ ਪਰੇਸ਼ਾਨੀ ਹੁੰਦੀ ਸੀ, ਆਪਣੇ ਸਰੀਰ ਅਤੇ ਸਰੀਰ ਦੇ ਅੰਗਾਂ ਤੋਂ। ਮੈਂ ਇੱਕ ਔਰਤ ਦੇ ਸਰੀਰ ਵਿੱਚ ਅਸਹਿਜ ਮਹਿਸੂਸ ਕਰਦਾ ਸੀ।”
“ਪਰ ਹੁਣ ਮੈਂ ਜਿਵੇਂ ਵੀ ਕਰਨਾ ਹੈ, ਜਿਵੇਂ ਵੀ ਜੀਣਾ ਹੈ, ਮੈਂ ਉਸ ਤਰ੍ਹਾਂ ਦਾ ਹੋ ਗਿਆ ਹਾਂ। ਮੈਂ ਬਹੁਤ ਖੁਸ਼ ਹਾਂ।”
ਬੀਬੀਸੀ ਨੂੰ ਇਹ ਸਭ ਸੈਕਸ ਬਦਲਾਉਣ ਲਈ ਸਰਜਰੀ ਕਰਵਾ ਕੇ ਮਹਿਲਾ ਤੋਂ ਮਰਦ ਬਣੇ 28 ਸਾਲਾ ਨੌਜਵਾਨ ਨੇ ਕਿਹਾ।
ਉੱਤਰ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਰਾਜਸਥਾਨ ਦੇ ਭਰਤਪੁਰ ਜ਼ਿਲੇ ਦੀ ਡੀਗ ਤਹਿਸੀਲ ਵਿੱਚ 1994 ਵਿੱਚ ਇੱਕ ਪਰਿਵਾਰ ਦੇ ਘਰੇ ਪੰਜਵੀਂ ਧੀ ਦਾ ਜਨਮ ਹੋਇਆ ਸੀ।
ਪੰਜ ਭੈਣਾਂ ਵਿੱਚ ਸਭ ਤੋਂ ਛੋਟੀ ਇਸ ਧੀ ਦਾ ਨਾਮ ਮੀਰਾ ਦੇਵੀ ਰੱਖਿਆ ਗਿਆ।
ਵਧਦੀ ਉਮਰ ਦੇ ਨਾਲ-ਨਾਲ ਪੜ੍ਹਾਈ-ਲਿਖਾਈ ਵੀ ਜਾਰੀ ਰਹੀ।
ਪਰ ਮੀਰਾ ਮੁੰਡਿਆ ਦੀ ਤਰ੍ਹਾਂ ਕੱਪੜੇ ਪਾਉਂਦੀ ਅਤੇ ਖੁਦ ਨੂੰ ਮੁੰਡਿਆਂ ਵਾਂਗ ਹੀ ਰੱਖਦੀ ਸੀ।
ਸਾਲ 2018 ਵਿੱਚ 24 ਸਾਲ ਦੀ ਉਮਰ ਵਿੱਚ ਮੀਰਾ ਦੇਵੀ ਦੀ ਰਾਜਸਥਾਨ ਸਿੱਖਿਆ ਵਿਭਾਗ ਵਿੱਚ ਸਰੀਰਕ ਸਿੱਖਿਆ ਅਧਿਆਪਕ ਵੱਜੋਂ ਚੋਣ ਹੋ ਗਈ।
ਉਨ੍ਹਾਂ ਦੀ ਡੀਗ ਤਹਿਸੀਲ ਦੇ ਹੀ ਨਗਲਾ ਮੋਤੀ ਦੇ ਸਰਕਾਰੀ ਸਕੂਲ ਵਿੱਚ ਪੋਸਟਿੰਗ ਹੋ ਗਈ।
ਇੱਥੇ ਤੱਕ ਸਭ ਆਮ ਗੱਲ ਸੀ।
ਪਰ ਇਸ ਸਾਲ 4 ਨਵੰਬਰ ਨੂੰ ਮੀਰਾ ਨੇ 28 ਸਾਲ ਦੀ ਉਮਰ ਵਿੱਚ ਨਗਲਾ ਮੋਤੀ ਪਿੰਡ ਦੀ ਇੱਕ ਕੁੜੀ ਨਾਲ ਵਿਆਹ ਕਰਵਾ ਲਿਆੀ।
ਲਿੰਗ ਬਦਲਾਉਣ ਲਈ ਪਰਿਵਾਰ ਨੂੰ ਮਨਾਇਆ
ਸਕੂਲ ਦੇ ਰਿਕਾਰਡ ਵਿੱਚ ਅੱਜ ਵੀ ਉਹ ਮਹਿਲਾ ਅਧਿਆਪਕਾ ਟੀਚਰ ਮੀਰਾ ਦੇਵੀ ਹੀ ਹੈ।
ਪਰ ਹੁਣ ਉਨ੍ਹਾਂ ਦੀ ਨਵੀਂ ਪਛਾਣ ਆਰਵ ਵੱਜੋਂ ਹੈ।
ਆਰਵ ਬੀਬੀਸੀਨੂੰ ਕਹਿੰਦੇ ਹਨ, “ਮੈਨੂੰ ਪਹਿਲਾਂ ਤੋਂ ਸਮੱਸਿਆ ਸੀ। ਮੈਨੂੰ ਆਪਣੇ ਆਪ ਨਾਲ ਅਤੇ ਆਪਣੇ ਸਰੀਰ ਨਾਲ ਪ੍ਰੇਸ਼ਾਨੀ ਸੀ।”
“ਸਾਲ 2010 ਵਿੱਚ ਮੈਂ ਜੈਂਡਰ ਚੇਂਜ ਕਰਨ ਬਾਰੇ ਪੜ੍ਹਿਆ ਸੀ। ਮੈਂ ਸੋਚਿਆ ਸੀ ਕਿ ਪਹਿਲੀ ਨੌਕਰੀ ਲੱਗ ਜਾਵੇ, ਉਸਦੇ ਬਾਅਦ ਹੀ ਪਰਿਵਾਰ ਨੂੰ ਜੈਂਡਰ ਚੇਂਜ ਕਰਵਾਉਣ ਲਈ ਮਨਾਵਾਂਗਾਂ”

ਤਸਵੀਰ ਸਰੋਤ, MOHAR SINGH MEENA/BBC
ਆਰਵ ਦੱਸਦੇ ਹਨ, “ਸਾਲ 2018 ਵਿੱਚ ਨੌਕਰੀ ਤੋਂ ਬਾਅਦ ਇੰਟਰਨੈੱਟ ਉੱਤੇ ਖੋਜ ਕਰਕੇ ਜਾਣਕਾਰੀ ਜੁਟਾਈ। ਕਈ ਲੋਕਾਂ ਨਾਲ ਗੱਲ ਕੀਤੀ ਅਤੇ ਫਿਰ ਪਰਿਵਾਰ ਵਾਲੇ ਵੀ ਮੰਨ ਗਏ।”
“ਸਾਲ 2019 ਵਿੱਚ ਮੈਂ ਦਿੱਲੀ ਦੇ ਇੱਕ ਹਸਪਤਾਲ ਤੋਂ ਇਲਾਜ਼ ਸ਼ੁਰੂ ਕਰਵਾਇਆ। ਦਸੰਬਰ 2021 ਵਿੱਚ ਇਹ ਪੂਰਾ ਹੋ ਗਿਆ।"
“ਹੁਣ ਮੈਂ ਖੁਸ਼ ਹਾਂ ਅਤੇ ਪਰਿਵਾਰ ਵੀ ਬਹੁਤ ਖੁਸ਼ ਹੈ। ਭੈਣਾ ਦੇ ਭਾਈ ਨਹੀਂ ਸੀ ਤਾਂ ਹੁਣ ਭੈਣਾਂ ਲਈ ਭਰਾ ਦੀ ਕਮੀ ਵੀ ਪੂਰੀ ਹੋ ਗਈ ਹੈ।

ਔਰਤ ਤੋਂ ਮਰਦ ਬਣਨ ਦਾ ਸਫ਼ਰ
- ਪੰਜ ਭੈਣਾਂ ਦੀ ਸਭ ਤੋਂ ਛੋਟੀ, ਔਰਤ ਦੇ ਸਰੀਰ ਵਿੱਚ ਅਹਿਸਹਜ ਮਹਿਸੂਸ ਕਰਦੀ ਸੀ
- ਰਾਜਸਥਾਨ ਸਿੱਖਿਆ ਵਿਭਾਗ ਵਿੱਚ ਸਰੀਰਕ ਸਿੱਖਿਆ ਅਧਿਆਪਕ ਵਜੋਂ ਸੇਵਾਵਾ ਨਿਭਾ ਰਹੇ ਹਨ
- 28 ਸਾਲ ਦੀ ਉਮਰ ਵਿੱਚ ਸਰਜਰੀ ਕਰਾ ਮਹਿਲਾ ਤੋਂ ਬਣੇ ਮਰਦ
- ਤਿੰਨ ਸਾਲ ਤੱਕ ਚਲਿਆ ਇਲਾਜ, ਤਿੰਨ ਵੱਖ ਵੱਖ ਸਰਜਰੀਆਂ ਹੋਈਆਂ
- ਦਾੜੀ ਮੁੱਛ ਦੇ ਨਾਲ ਨਾਲ ਅਵਾਜ਼ ਵੀ ਬਦਲੀ ਗਈ

ਲਗਭਗ ਤਿੰਨ ਸਾਲ ਤੱਕ ਚੱਲਿਆ ਇਲਾਜ
ਆਰਵ ਬੀਬੀਸੀ ਨੂੰ ਕਹਿੰਦੇ ਹਨ, “ਸਾਲ 2019 ਤੋਂ ਦਸੰਬਰ 2021 ਤੱਕ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੈਂਡਰ ਚੇਂਜ ਕਰਨ ਲਈ ਇਲਾਜ ਕਰਵਾਇਆ। ਇਸ ਉਪਰ ਲਗਭਗ 15 ਲੱਖ ਰੂਪਏ ਲੱਗੇ।”
ਉਹ ਦੱਸਦੇ ਹਨ, “ਜੈਂਡਰ ਚੇਂਜ ਕਰਵਾਉਣ ਦੀ ਪ੍ਰਕਿਰਿਆ ਸਭ ਤੋਂ ਪਹਿਲਾਂ ਮਨੋਵਿਗਿਆਨ ਤੋਂ ਸ਼ੁਰੂ ਹੁੰਦੀ ਹੈ। ਉਹਨਾਂ ਦੇ ਕਈ ਸਵਾਲ ਸਨ ਕਿ ਕਿਉਂ ਕਰਵਾਉਣਾ ਚਾਹੁੰਦੇ ਹੋਂ, ਕੀ ਕਾਰਨ ਹੈ, ਕੁਝ ਦਬਾਅ ਜਾਂ ਤਾਂ ਨਹੀਂ? ਪਰ ਪਰੇਸ਼ਾਨੀ ਸਮਝਦੇ ਹੋਏ ਉਹ ਆਖ਼ਿਰ ਵਿੱਚ ਇੱਕ ਸਰਟੀਫਿਕੇਟ ਦਿੰਦੇ ਹਨ। ਉਸੇ ਆਧਾਰ 'ਤੇ ਪੂਰੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ।”
“ਪਹਿਲਾਂ ਹਾਰਮੋਨਜ ਥੈਰੇਪੀ ਸ਼ੁਰੂ ਹੁੰਦੀ ਹੈ। ਹਾਰਮੋਨਜ ਥੈਰੇਪੀ ਤੋਂ ਬਾਅਦ ਸਰੀਰ ਦੇ ਹਿੱਸਿਆਂ ਦੀਆਂ ਤਿੰਨ ਵੱਖ-ਵੱਖ ਸਰਜਰੀਆਂ ਹੁੰਦੀਆਂ ਹਨ। ਦੋ ਸਰਜਰੀਆਂ ਵਿੱਚ ਬ੍ਰੈਸਟ ਹਟਾਈ ਜਾਂਦੀ ਹੈ। ਨਿੱਜੀ ਅੰਗਾਂ ਦੀਆਂ ਵੀ ਦੋ ਸਰਜਰੀਆਂ ਹੁੰਦੀਆਂ ਹਨ।”
“ਇਸ ਸਰਜਰੀ ਲਈ ਪੱਟ, ਪੇਟ ਜਾਂ ਹੱਥਾਂ ਤੋਂ ਮਾਸ ਲੈਂਦੇ ਹਨ। ਮੈਂ ਆਪਣੇ ਪੱਟ ਦਾ ਮਾਸ ਦਿੱਤਾ ਸੀ। ਸਰਜਰੀ ਤੋਂ ਬਾਅਦ ਛੇ ਮਹੀਨੇ ਤੋਂ ਇੱਕ ਸਾਲ ਲਈ ਰੈਸਟ ਕਰਨਾ ਹੁੰਦਾ ਹੈ।”

ਤਸਵੀਰ ਸਰੋਤ, MOHAR SINGH MEENA/BBC
ਦਾੜੀ ਮੁੱਛ ਆਉਣਾ ਅਤੇ ਅਵਾਜ਼ ਬਦਲਣਾ
ਆਰਵ ਨੇ ਇਲਾਜ ਦੇ ਨਾਲ ਆਉਣ ਵਾਲੀਆਂ ਸਰੀਰਕ ਤਬਦੀਲੀਆਂ ਨੂੰ ਦੇਖਿਆ ਅਤੇ ਮਹਿਸੂਸ ਕੀਤਾ।
ਇਨ੍ਹਾਂ ਤਬਦੀਲੀਆਂ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧਦਾ ਗਿਆ।
ਉਹ ਕਹਿੰਦੇ ਹਨ, "ਕੁੜੀ ਦੀ ਆਵਾਜ਼ ਤੋਂ ਮੁੰਡੇ ਦੀ ਆਵਾਜ਼ 'ਚ ਬਦਲਾਅ ਆਉਂਦਾ ਹੈ, ਦਾੜ੍ਹੀ ਅਤੇ ਮੁੱਛਾਂ ਲਈ ਹਾਰਮੋਨ ਥੈਰੇਪੀ ਦਿੱਤੀ ਜਾਂਦੀ ਹੈ। ਇਸ ਨਾਲ ਹੌਲੀ-ਹੌਲੀ ਤਬਦੀਲੀਆਂ ਆਉਂਦੀਆਂ ਹਨ।"
"ਦਾੜ੍ਹੀ-ਮੁੱਛਾਂ ਆਉਂਦੇ ਹੀ ਆਦਮੀ ਵਰਗਾ ਦਿਖਣ ਨਾਲ ਸਹਿਜ ਮਹਿਸੂਸ ਹੁੰਦਾ ਹੈ ਅਤੇ ਆਤਮ-ਵਿਸ਼ਵਾਸ ਵੀ ਵੱਧਦਾ ਹੈ।"
ਚਿਹਰੇ, ਬੁੱਲ੍ਹਾਂ ਅਤੇ ਅੱਖਾਂ ਦੇ ਉਪਰਲੇ ਹਿੱਸੇ 'ਤੇ ਵੀ ਬਦਲਾਅ ਕੀਤੇ ਜਾਂਦੇ ਹਨ।
ਇਸ ਨਾਲ ਚਿਹਰੇ 'ਤੇ ਮਾਮੂਲੀ ਬਦਲਾਅ ਆਉਂਦੇ ਹਨ ਅਤੇ ਮੁੰਡਿਆਂ ਵਰਗੇ ਹੀ ਦਿਖਾਈ ਦਿੰਦੇ ਹਨ।
‘ਮੈਂ ਖੁਦ ਲਈ ਜੀਣਾ ਸੀ’
ਵਿਦਿਆਰਥਣ ਨਾਲ ਪਿਆਰ ਲਈ ਮਹਿਲਾ ਟੀਚਰ ਦੇ ਲਿੰਗ ਬਦਲਣ ਦੀ ਖ਼ਬਰ 'ਤੇ ਆਰਵ ਕਾਫ਼ੀ ਗੁੱਸੇ ਨਜ਼ਰ ਆਉਂਦੇ ਹਨ।
ਉਹ ਕਹਿੰਦੇ ਹਨ, “ਪਹਿਲਾਂ ਮੈ ਖੁਦ ਲਈ ਜੀਣਾ ਸੀ। ਵਿਆਹ ਬਾਅਦ ਦੀ ਗੱਲ ਹੈ। ਕਿਉਂਕਿ ਮੈਨੂੰ ਔਰਤ ਦੇ ਸਰੀਰ ਵਿੱਚ ਗੁੱਸਾ ਆਉਂਦਾ ਸੀ।”
“ਮੇਰਾ ਘਰ ਡੀਗ ਵਿੱਚ ਹੈ ਅਤੇ ਕਲਪਨਾ ਦਾ ਘਰ ਨਗਲਾ ਮੋਤੀ ਪਿੰਡ ਵਿੱਚ ਹੈ। ਦੋਵਾਂ ਦੇ ਪਰਿਵਾਰ ਪਹਿਲਾਂ ਤੋਂ ਹੀ ਜਾਣੂ ਸਨ। ਮੈਂ ਜਿੱਥੇ ਨੌਕਰੀ ਕਰਦਾ ਹਾਂ ਕਲਪਨਾ ਉੱਥੇ ਪੜ੍ਹਦੀ ਸੀ।”
ਉਹ ਕਹਿੰਦੇ ਹਨ, “ਇਹ ਸੰਭਵ ਹੈ ਕਿ ਕਲਪਨਾ ਦਾ ਝੁਕਾਅ ਮੇਰੇ ਵੱਲ ਸੀ। ਪਰ ਮੈਂ ਹਮੇਸ਼ਾ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਰਿਹਾ। ਮੇਰਾ ਇੱਕ ਅਧਿਆਪਕ ਦਾ ਪੇਸ਼ਾ ਹੈ ਅਤੇ ਮੈਂ ਹਮੇਸ਼ਾ ਇਸ ਰਿਸ਼ਤੇ ਦਾ ਸਨਮਾਨ ਕੀਤਾ ਹੈ।”
ਮੀਡੀਆ ਨੂੰ ਦਿੱਤੇ ਬਿਆਨ 'ਚ ਆਰਵ ਦੀ ਪਤਨੀ ਕਲਪਨਾ ਨੇ ਕਿਹਾ, ''ਮੈਂ ਸਰ ਨੂੰ ਪਹਿਲਾਂ ਹੀ ਚਾਹੁੰਦੀ ਸੀ। ਜੇਕਰ ਉਹ ਸਰਜਰੀ ਨਾ ਵੀ ਕਰਵਾਉਂਦੇ ਤਾਂ ਵੀ ਮੈਂ ਵਿਆਹ ਲਈ ਤਿਆਰ ਹੋ ਜਾਂਦੀ।”
ਆਰਵ ਨੇ ਕਿਹਾ, “ਇਲਾਜ ਦੌਰਾਨ ਕਲਪਨਾ ਵੀ ਮੇਰੇ ਨਾਲ ਦਿੱਲੀ ਗਈ ਸੀ। ਦੋਵੇਂ ਪਰਿਵਾਰਾਂ ਨੇ ਸਾਡੇ ਵਿਆਹ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਉਨ੍ਹਾਂ ਦੀ ਮਰਜ਼ੀ ਨਾਲ ਸਾਡਾ ਵਿਆਹ ਹੋਇਆ।”
ਡਾਕਟਰ ਕੀ ਕਹਿੰਦੇ ਹਨ?
ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿੱਚ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ. ਰਾਕੇਸ਼ ਕੁਮਾਰ ਜੈਨ ਨੇ ਬੀਬੀਸੀ ਨੂੰ ਦੱਸਿਆ, " ਜਨਮ ਤੋਂ ਕਈ ਆਦਮੀ ਔਰਤ ਵਰਗਾ ਵਿਵਹਾਰ ਕਰਦ ਹਨ ਜਾਂ ਇੱਕ ਔਰਤ ਇੱਕ ਆਦਮੀ ਵਾਂਗ ਵਿਵਹਾਰ ਕਰਦੀ ਹੈ ਤਾਂ ਉਹ ਚਾਹੁੰਦੇ ਹਨ ਕਿ ਉਹਨਾਂ ਨੂੰ ਉਸੇ ਲਿੰਗ ਵਿੱਚ ਬਦਲ ਦਿੱਤਾ ਜਾਵੇ।"
ਡਾਕਟਰ ਜੈਨ ਕਹਿੰਦੇ ਹਨ, "ਜੇਕਰ ਕੋਈ ਔਰਤ ਤੋਂ ਮਰਦ ਬਣਨ ਲਈ ਅਉਂਦਾ ਹੈ ਤਾਂ ਇਸ ਵਿੱਚ ਵੱਡੀ ਪ੍ਰਕਿਰਿਆ ਹੁੰਦੀ ਹੈ। ਇਸ ਪ੍ਰਕਿਰਿਆ ਵਿੱਚ ਅਸੀਂ ਔਰਤਾਂ ਦੀਆਂ ਛਾਤੀਆਂ ਨੂੰ ਕੱਢ ਦਿੰਦੇ ਹਾਂ। ਨਿੱਪਲ ਦੇ ਆਕਾਰ ਨੂੰ ਛੋਟਾ ਬਣਾਉਂਦੇ ਹਾਂ ।
“ਔਰਤਾਂ ਦੇ ਅੰਗ ਕੱਢ ਦਿੱਤੇ ਜਾਂਦੇ ਹਨ। ਜਿਵੇਂ ਬੱਚੇਦਾਨੀ ਅਤੇ ਅੰਡਕੋਸ਼ ਨੂੰ ਹਟਾਉਣਾ ਸ਼ਾਮਿਲ ਹੈ। ਇਸ ਸਥਾਨ 'ਤੇ ਮੌਜੂਦ ਟਿਸ਼ੂ ਤੋਂ ਲਿੰਗ ਦਾ ਪੁਨਰ ਨਿਰਮਾਣ ਕੀਤਾ ਜਾਂਦਾ ਹੈ।”
ਪਰਿਵਾਰ ਅਤੇ ਸਟਾਫ਼ ਦਾ ਸਹਿਯੋਗ ਮਿਲਿਆ
ਆਰਵ ਕਹਿੰਦੇ ਹਨ, “ਮੈਂ ਪਹਿਲਾਂ ਵੀ ਇਸ ਤਰ੍ਹਾਂ ਰਹਿੰਦਾ ਸੀ। ਸਕੂਲ ਵਿੱਚ ਮੈਡਮ ਦੀ ਬਜਾਏ ਸਰ ਕਹਾਉਣਾ ਪਸੰਦ ਸੀ। ਸਕੂਲ ਦਾ ਸਟਾਫ਼ ਜਾਣਦਾ ਸੀ ਕਿ ਮੈਂ ਇੱਕ ਆਦਮੀ ਹੋਣ ਵਿੱਚ ਸਹਿਜ ਮਹਿਸੂਸ ਕਰਦਾ ਹਾਂ। ਸਕੂਲ ਦੇ ਸਟਾਫ ਲਈ ਹੈਰਾਨੀ ਦੀ ਗੱਲ ਨਹੀਂ ਹੈ।"
ਆਰਵ ਦੇ ਪਿਤਾ ਫੌਜ ਵਿੱਚ ਰਹਿ ਚੁੱਕੇ ਹਨ ਅਤੇ ਹੁਣ ਖੇਤੀਬਾੜੀ ਕਰਦੇ ਹਨ।
ਮਾਂ ਆਂਗਣਵਾੜੀ ਵਿੱਚ ਸੀ ਪਰ ਹੁਣ ਸੇਵਾਮੁਕਤ ਹੋ ਗਈ ਹੈ।
ਕਲਪਨਾ ਦੇ ਪਿਤਾ ਵੀ ਖੇਤੀ ਕਰਦੇ ਹਨ। ਕਲਪਨਾ ਦੀਆਂ ਤਿੰਨ ਭੈਣਾਂ ਹਨ ।
ਆਰਵ ਦੇ ਪਿਤਾ ਵੀਰੀ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਬਹੁਤ ਛੋਟੀ ਉਮਰ ਤੋਂ ਹੀ ਉਸ ਨੇ ਕਦੇ ਵੀ ਲੜਕੀਆਂ ਵਰਗਾ ਸਲਵਾਰ ਸੂਟ ਨਹੀਂ ਪਾਇਆ। ਹਮੇਸ਼ਾ ਮੁੰਡਿਆਂ ਨਾਲ ਖੇਡਦਾ ਸੀ।"
ਆਰਵ ਕਹਿੰਦਾ ਹੈ, "ਮੈਂ ਸਕੂਲ ਵਿੱਚ ਬਿਲਕੁਲ ਮਰਦਾਂ ਦੇ ਕੱਪੜੇ ਪਾਉਂਦਾ ਸੀ ਅਤੇ ਉਸੇ ਤਰ੍ਹਾਂ ਹੀ ਰਹਿੰਦਾ ਸੀ।"
ਕਲਪਨਾ ਇੱਕ ਕਬੱਡੀ ਖਿਡਾਰਨ ਹੈ ਅਤੇ ਇਸ ਸਮੇਂ 2023 ਵਿੱਚ ਦੁਬਈ ਵਿੱਚ ਹੋਣ ਵਾਲੀ ਪ੍ਰੋ ਕਬੱਡੀ ਲਈ ਸਿਖਲਾਈ ਲੈ ਰਹੀ ਹੈ।
ਆਰਵ ਨੇ ਕਿਹਾ, “ਕਲਪਨਾ ਨੇ ਚਾਰ ਵਾਰ ਸਟੇਟ ਲੈਵਲ ਉਪਰ ਖੇਡਿਆ ਹੈ। ਉਹ ਰਾਜਸਥਾਨ ਪੇਂਡੂ ਓਲੰਪਿਕ ਵਿੱਚ ਭਰਤਪੁਰ ਦੀ ਕਪਤਾਨ ਰਹਿ ਚੁੱਕੀ ਹੈ। ਪਿਛਲੇ ਸਾਲ ਮਹਾਰਾਸ਼ਟਰ 'ਚ ਰਾਸ਼ਟਰੀ ਪੱਧਰ 'ਤੇ ਖੇਡਿਆ।”
ਆਰਵ ਕਹਿੰਦੇ ਹਨ, “ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਵੀਕਾਰ ਨਹੀਂ ਕਰਦਾ ਹੈ ਤਾਂ ਸਮਾਜ ਨੂੰ ਉਸਦਾ ਲਿੰਗ ਬਦਲਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਉਸਦਾ ਬਾਈਕਾਟ ਨਹੀਂ ਕਰਨਾ ਚਾਹੀਦਾ।"












