ਕੈਨੇਡਾ: ਟਰੂਡੋ ਸਰਕਾਰ ਬੇਭਰੋਸਗੀ ਮਤੇ ਤੋਂ ਬਚੀ ਪਰ ਸੰਕਟ ਹਾਲੇ ਵੀ ਕਿਉਂ ਨਹੀਂ ਟਲਿਆ

    • ਲੇਖਕ, ਨਾਦੀਨ ਯੂਸੇਫ਼
    • ਰੋਲ, ਬੀਬੀਸੀ ਨਿਊਜ਼, ਟੋਰਾਂਟੋ

ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਬੇਭਰੋਸਗੇ ਦੇ ਮਤੇ ਤੋਂ ਬਚ ਗਈ ਹੈ। ਸਰਕਾਰ ਨੂੰ ਸੁੱਟ ਕੇ ਚੋਣਾਂ ਕਰਵਾਉਣ ਲਈ ਪਾਰਲੀਮੈਂਟ ਵਿੱਚ ਮਤਾ ਲਿਆਂਦਾ ਗਿਆ ਸੀ।

ਟਰੂਡੋ ਦੀ 'ਘਟਦੀ ਲੋਕਪ੍ਰਿਅਤਾ' ਦੇ ਦੌਰਾਨ ਵਿਰੋਧੀ ਕੰਜ਼ਰਵੇਟਿਵ ਪਾਰਟੀ ਇਸ ਤੋਂ ਪਹਿਲਾਂ ਵੀ ਅਜਿਹੇ ਮਤੇ ਲਿਆ ਚੁੱਕੀ ਹੈ। ਬੁੱਧਵਾਰ ਦਾ ਮਤਾ ਵੀ ਇਸ ਲੜੀ ਦਾ ਇੱਕ ਹਿੱਸਾ ਸੀ।

ਵਿਰੋਧੀ ਧਿਰ ਦੇ ਆਗੂ ਪੀਅਰੇ ਪੋਲੀਵਰੇ ਸੰਸਦ ਵਿੱਚ ਦੋ ਹੋਰ ਵਿਰੋਧੀ ਪਾਰਟੀਆਂ— ਨਿਊ ਡੈਮੋਕ੍ਰੇਟਿਕ ਪਾਰਟੀ ਅਤੇ ਬਲੌਕ ਕਿਊਬੈਕ— ਦੇ ਆਗੂਆਂ ਦੀ ਹਮਾਇਤ ਹਾਸਲ ਕਰਨ ਵਿੱਚ ਨਾਕਾਮ ਰਹੇ ਤਾਂ ਮਤਾ ਵੀ ਨਾਕਾਮ ਹੋ ਗਿਆ।

ਜ਼ਿਕਰਯੋਗ ਹੈ ਕਿ ਟਰੂਡੇ ਪਿਛਲੇ ਨੌਂ ਸਾਲਾਂ ਤੋਂ ਇੱਕ ਅਲਪਮਤ ਸਰਕਾਰ ਦੇ ਪ੍ਰਧਾਨ ਮੰਤਰੀ ਹਨ।

ਮਤੇ ਲਈ ਵੋਟਿੰਗ ਬੁੱਧਵਾਰ ਬਾਅਦ ਦੁਪਹਿਰ ਨੂੰ ਉਸੇ ਦਿਨ ਹੋਈ ਜਦੋਂ ਪ੍ਰਧਾਨ ਮੰਤਰੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੀ ਮੇਜ਼ਬਾਨੀ ਕਰਨੀ ਸੀ।

ਇਸ ਤੋਂ ਬਾਅਦ ਉਮੀਦ ਹੈ ਕਿ ਵੀਰਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੋ ਹੋਰ ਬੇਭਰੋਸਗੀ ਮਤੇ ਲਿਆ ਸਕਦੀ ਹੈ ਤਾਂ ਜੋ ਦੇਸ ਵਿੱਚ ਚੋਣਾਂ ਕਰਵਾਈਆਂ ਜਾ ਸਕਣ।

ਸੰਕਟ ਦੀ ਸ਼ੁਰੂਆਤ

ਟਰੂਡੋ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਅਹੁਦੇ ਤੋਂ ਹਟਣ ਦਾ ਦਬਾਅ ਹੈ।

ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਨ੍ਹਾਂ ਦੀਆਂ ਅਪਰੂਵਲ ਰੇਟਿੰਗ 63% ਸਨ ਜੋ ਕਿ ਇਸ ਜੂਨ ਵਿੱਚ ਘਟ ਕੇ 28% ਉੱਤੇ ਆ ਗਈਆਂ ਹਨ।

ਇੱਕ ਪੋਲ ਟਰੈਕਰ ਮੁਤਾਬਕ ਇਸ ਦੀ ਵਜ੍ਹਾ ਮਹਿੰਗੇ ਹੁੰਦੇ ਜਾ ਰਹੇ ਘਰ ਅਤੇ ਰਹਿਣ ਸਹਿਣ ਹਨ। ਉਨ੍ਹਾਂ ਦੀ ਲਿਬਰਲ ਪਾਰਟੀ ਇਸ ਸਾਲ – ਟੋਰਾਂਟੋ ਅਤੇ ਮੋਂਟਰੀਅਲ ਦੀਆਂ ਦੋ ਜ਼ਿਮਨੀ ਚੋਣਾਂ ਹਾਰ ਗਈ ਸੀ।

ਸਾਲ 2021 ਦੀਆਂ ਪਿਛਲੀਆਂ ਆਮ ਚੋਣਾਂ ਵਿੱਚ ਜਗਮੀਤ ਸਿੰਘ ਦੀ ਐੱਨਡੀਪੀ ਨਾਲ ਹੋਏ ਸਮਝੌਤੇ ਕਾਰਨ ਉਹ ਬਹੁਮਤ ਵਿੱਚ ਨਾ ਆਉਣ ਦੇ ਬਾਵਜੂਦ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਏ ਸਨ।

ਜਗਮੀਤ ਸਿੰਘ ਗਠਜੋੜ ਵਿੱਚੋਂ ਬਾਹਰ ਆ ਗਏ ਹਨ ਅਤੇ ਇਸਦੇ ਨਾਲ ਹੀ ਸਤੰਬਰ ਦੇ ਸ਼ੁਰੂ ਵਿੱਚ ਇਹ ਸਮਝੌਤਾ ਟੁੱਟ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਲਿਬਰਲ ਸਰਕਾਰ ਚਲਾਉਣ ਲਈ “ਬਹੁਤ ਕਮਜ਼ੋਰ” ਅਤੇ “ਬਹੁਤ ਮਤਲਬ ਪ੍ਰਸਤ” ਹਨ।

ਸਦਨ ਦਾ ਗਣਿਤ

ਲੋਹਾ ਗਰਮ ਦੇਖਦਿਆਂ ਵਿਰੋਧੀ ਆਗੂ ਪੈਰੀ ਨੇ ਕਿਹਾ ਕਿ ਉਹ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆਉਣਗੇ।

ਮਤੇ ਨੂੰ ਕਾਮਯਾਬ ਹੋਣ ਲਈ 338 ਮੈਂਬਰਾਂ ਦੇ ਬਹੁਮਤ ਦੀ ਲੋੜ ਹੁੰਦੀ ਹੈ।

ਲਿਬਰਲ ਪਾਰਟੀ ਜਿਸ ਕੋਲ 153 ਸੀਟਾਂ ਹਨ, ਉਨਾਂ ਨੇ ਇਸਦੇ ਖਿਲਾਫ਼ ਵੋਟ ਕੀਤਾ। ਜਦਕਿ ਕੰਜ਼ਰਵੇਟਿਵ ਪਾਰਟੀ ਕੋਲ 119 ਸੀਟਾਂ ਹਨ, ਉਨ੍ਹਾਂ ਨੇ ਹਮਾਇਤ ਵਿੱਚ ਵੋਟਿੰਗ ਕੀਤੀ।

ਦੂਜੀਆਂ ਸੀਟਾਂ ਐੱਨਡੀਪੀ ਅਤੇ ਬਲੌਕ ਕਿਊਬੈਕ ਕੋਲ ਹਨ। ਉਨ੍ਹਾਂ ਨੇ ਵੀ ਮਤੇ ਦੇ ਵਿਰੋਧ ਵਿੱਚ ਵੋਟ ਦਾ ਇਸਤੇਮਾਲ ਕੀਤਾ। ਅਖੀਰ ਨੂੰ ਮਤਾ 211 ਵੋਟਾਂ ਨਾਲ ਹਾਰ ਗਿਆ।

ਸਿਆਸੀ ਖਿੱਚੋਤਾਣ

ਪੀਅਰੇ ਪੋਲੀਵਰੇ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਕਈ ਆਮ ਚੋਣਾਂ ਵਿੱਚ ਅਗਵਾਈ ਕੀਤੀ ਹੈ। ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦਾ ਕੈਨੇਡਾ ਲਈ ਵਿਜ਼ਨ ਸਾਹਮਣੇ ਰੱਖਦੇ ਹੋਏ ਸੰਸਦ ਮੈਂਬਰਾਂ ਨੂੰ ਮਤੇ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕੀਤੀ ਸੀ।

ਉਨ੍ਹਾਂ ਨੇ ਮੰਗਲਵਾਰ ਨੂੰ ਸਦਨ ਵਿੱਚ ਕਿਹਾ ਕਿ ਉਹ ਕੈਨੇਡਾ ਦਾ ਚੰਗੀਆਂ ਤਨਖ਼ਾਹਾਂ ਵਾਲਾ ਸੁਫ਼ਨਾ ਪੂਰਾ ਕਰਨਗੇ ਤਾਂ ਜੋ ਲੋਕਾਂ ਦੀ ਅਫੋਰਡੇਬਲ ਖੁਰਾਕ, ਗੈਸ, ਘਰਾਂ ਅਤੇ ਨਾਗਰਿਕ ਸੁਰੱਖਿਆ ਤੱਕ ਪਹੁੰਚ ਹੋ ਸਕੇ।

ਇਸਦੇ ਮੁਕਾਬਲੇ ਜਗਮੀਤ ਸਿੰਘ ਨੇ ਕਿਹਾ ਕਿ ਉਹ ਪੈਰੀ ਦੇ ਖਿਲਾਫ਼ ਵੋਟ ਕਰਨਗੇ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਸਰਕਾਰ ਵਿੱਚ ਆਈ ਤਾਂ ਉਹ ਦੰਦ ਸੰਭਾਲ ਅਤੇ ਫਾਰਮਾਕੇਅਰ ਵਰਗੇ ਸਮਾਜਿਕ ਪ੍ਰੋਗਰਾਮਾਂ ਵਿੱਚ ਕਟੌਤੀ ਕਰੇਗੀ।

ਬਲੌਕ ਕਿਊਬਿਕੋਇਸ – ਜੋ ਕਿ ਕੈਨੇਡਾ ਦੇ ਫਰੈਂਚ ਬੋਲਣ ਵਾਲੇ ਕਿਬੇਕ ਸੂਬੇ ਦੀ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲਿਬਰਲ ਸਰਕਾਰ ਨਾਲ ਮਿਲ ਕੇ ਫਰੈਂਚ ਇਲਾਕਿਆਂ ਦੇ ਹੱਕਾਂ ਦੀ ਰਾਖੀ ਲਈ ਕੰਮ ਕਰਨਗੇ।

ਟਰੂਡੋ ਪਿਛਲੇ ਹਫ਼ਤੇ ਹੀ ਅਮਰੀਕਾ ਦੇ ਨਿਊਯਾਰਕ ਵਿੱਚ ਹੋਈ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਸਨ।

ਕੋਲਬਰਟ ਦੇ ਲੇਟ ਸ਼ੋਅ ਵਿੱਚ ਗਲ ਕਰਦਿਆਂ ਉਨ੍ਹਾਂ ਨੇ ਮੰਨਿਆ ਕਿ ਕੈਨੇਡੀਅਨ ਲੋਕ ਗੈਸ, ਕਰਿਆਨੇ ਅਤੇ ਕਿਰਾਏ ਚੁਕਾਉਣ ਲਈ ਬਹੁਤ ਜ਼ਿਆਦਾ ਮੁਸ਼ਕਿਲ ਸਮੇਂ ਵਿੱਚੋਂ ਲੰਘ ਰਹੇ ਸਨ।

ਹਾਲਾਂਕਿ ਉਨ੍ਹਾਂ ਨੇ ਆਪਣੀ ਸਰਕਾਰ ਦਾ ਬਚਾਅ ਕੀਤਾ ਕਿ ਉਨ੍ਹਾਂ ਦੀ ਸਰਕਾਰ ਕੈਨੇਡੀਅਨ ਲੋਕਾਂ ਵਿੱਚ ਨਿਵੇਸ਼ ਕਰਦੀ ਹੈ ਅਤੇ ਕਰਦੀ ਰਹੇਗੀ।

ਉਨ੍ਹਾਂ ਨੇ ਕਿਹਾ, “ਮੈਂ ਲੜਦਾ ਰਹਾਂਗਾ”।

‘ਟਰੂਡੋ ਆਗੂ ਬਣਨ ਲਈ ਪੈਦਾ ਹੋਏ ਹਨ’

ਜਸਟਿਨ ਟਰੂਡੋ ਦਾ ਵਧੇਰੇ ਬਚਪਨ ਸਿਆਸਤ ਤੋਂ ਦੂਰ ਰਿਹਾ। ਉਨ੍ਹਾਂ ਨੇ ਮਕਗਿਲ ਯੂਨੀਵਰਸਿਟੀ ਅਤੇ ਫੇਰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆਂ ਤੋਂ ਪੜ੍ਹਾਈ ਕੀਤੀ ਅਤੇ ਫਿਰ ਅਧਿਆਪਕ ਬਣੇ।

ਜਸਟਿਨ ਟਰੂਡੋ ਜਦੋਂ ਸਿਰਫ਼ ਚਾਰ ਮਹੀਨਿਆਂ ਦੇ ਸਨ ਤਾਂ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਇਹ ਭਵਿੱਖਵਾਣੀ ਕੀਤੀ ਸੀ ਕਿ ਇਹ ਬੱਚਾ ਇੱਕ ਦਿਨ ਆਪਣੇ ਪਿਤਾ ਦੀਆਂ ਪੈੜਾਂ ਉੱਤੇ ਤੁਰੇਗਾ।

ਸਾਲ 1972 ਦੀ ਗੱਲ ਹੈ, ਜਦੋਂ ਰਿਚਰਡ ਨਿਕਸਨ ਕੈਨੇਡਾ ਦੇ ਅਧਿਕਾਰਤ ਦੌਰੇ ਉੱਤੇ ਸਨ, ਇਸ ਦੌਰਾਨ ਗਾਲਾ ਡਿਨਰ ਦੇ ਮੌਕੇ ਉਨ੍ਹਾਂ ਨੇ ਆਪਣੇ ਕੈਨੇਡਾਈ ਹਮਰੁਤਬਾ ਨੂੰ ਕਿਹਾ, “ਅੱਜ ਰਾਤ ਹੁਣ ਅਸੀਂ ਕੋਈ ਰਸਮੀ ਗੱਲ ਨਹੀਂ ਕਰਾਂਗੇ, ਮੈਂ ਇਹ ਜਾਮ ਕੈਨੇਡਾ ਦੇ ਭਵਿੱਖ ਦੇ ਨਾਂ ਕਰਦਾ ਹਾਂ, ਜਸਟਿਨ ਪਿਅਰ ਟਰੂਡੋ ਦੇ ਨਾਂਅ ਕਰਦਾ ਹਾਂ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)