You’re viewing a text-only version of this website that uses less data. View the main version of the website including all images and videos.
ਨਦੀਨ ਨਾਸ਼ਕਾਂ ਕਰਕੇ ਹੋ ਰਹੇ ਕੈਂਸਰ ਖ਼ਿਲਾਫ਼ ਤਿੰਨ ਦਿਨਾਂ ਦੀ ਬੱਚੀ ਗਵਾਉਣ ਵਾਲੀ ਮਾਂ ਦੀ ਜੰਗ ਕਿਵੇਂ ਸਫ਼ਲ ਹੋਈ
- ਲੇਖਕ, ਅਹਿਮਨ ਖਵਾਜਾ
- ਰੋਲ, ਬੀਬੀਸੀ ਆਊਟਲੁੱਟ ਪ੍ਰੋਗਰਾਮ
ਸਾਲ 1997 ਵਿੱਚ ਸੋਫ਼ੀਆ ਗੈਟਿਕਾ ਕੇਂਦਰੀ ਅਰਜਨਟੀਨਾ ਦੇ ਇੱਕ ਛੋਟੇ ਜਿਹੇ ਪੇਂਡੂ ਇਲਾਕੇ ਵਿੱਚ ਰਹਿ ਰਹੇ ਸਨ ਜਦੋਂ ਇੱਕ ਭਿਆਨਕ ਘਟਨਾ ਨੇ ਉਨ੍ਹਾਂ ਦੀ ਸ਼ਾਂਤ ਜਿਹੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਲਿਆਂਦਾ।
ਉਨ੍ਹਾਂ ਦੀ ਧੀ ਨੈਂਡੀ ਉਦੋਂ ਸਿਰਫ਼ ਤਿੰਨ ਦਿਨਾਂ ਦੀ ਸੀ ਜਦੋਂ ਉਸ ਦੀ ਮੌਤ ਹੋ ਗਈ ਸੀ।
ਬੱਚੀ ਦੇ ਗੁਰਦਿਆਂ ਵਿੱਚ ਦਿੱਕਤ ਦੀ ਪਛਾਣ ਮਗਰੋਂ ਡਾਕਟਰਾਂ ਨੇ ਉਸ ਦਾ ਓਪਰੇਸ਼ਨ ਵੀ ਕੀਤਾ ਸੀ, ਪਰ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ।
ਸੋਫ਼ੀਆ ਨੇ ਪਿਛਲੇ ਸਾਲ ਇੱਕ ਇੰਟਰਵਿਊ ਵਿੱਚ ਬੀਬੀਸੀ ਨੂੰ ਦੱਸਿਆ ਸੀ, “ਆਖਿਰ, ਤਿੰਨ ਦਿਨ ਬਾਅਦ ਉਹ ਉਸ ਨੂੰ ਮੇਰੇ ਕੋਲ ਲਿਆਏ ਅਤੇ ਕਿਹਾ ‘ਇਹ ਰਹੀ ਤੁਹਾਡੀ ਧੀ’ ਅਤੇ ਇੱਕ ਤਰ੍ਹਾਂ ਉਸ ਨੂੰ ਮੇਰੇ ਉੱਤੇ ਧੱਕਿਆ।”
ਉਹ ਯਾਦ ਕਰਦਿਆਂ ਦੱਸਦੇ ਹਨ, “ਉਨ੍ਹਾਂ ਨੇ ਮੇਰੀ ਬੇਟੀ ਨੂੰ ਮੇਰੀਆਂ ਬਾਂਹਾਂ ਵਿੱਚ ਛੱਡ ਦਿੱਤਾ। ਮੈਂ ਉਸ ਨੂੰ ਫੜਿਆ, ਉਹ ਨਿੱਘੀ ਸੀ, ਪਰ ਮਰ ਚੁੱਕੀ ਸੀ।”
“ਹਾਲੇ ਵੀ ਇਸ ਬਾਰੇ ਗੱਲ ਕਰਨਾ ਮੇਰੇ ਲਈ ਮੁਸ਼ਕਿਲ ਹੈ।”
“ਮੈਂ ਉਸ ਨੂੰ ਘਰ ਲਿਆਈ ਅਤੇ ਦਫ਼ਨਾਇਆ”
ਅਸਧਾਰਣ ਮੌਤਾਂ
ਜ਼ਾਹਿਰ ਹੈ ਕਿ ਇਹ ਇੱਕ ਮਾਂ ਲਈ ਬਹੁਤ ਹੀ ਔਖਾ ਸਮਾਂ ਸੀ। ਦੁੱਖ ਵਿੱਚ ਡੁੱਬੀ ਸੋਫ਼ੀਆ ਕਈ ਹਫ਼ਤਿਆਂ ਤੱਕ ਕੋਰਡੋਬਾ ਦੇ ਬਾਹਰ-ਬਾਹਰ ਇੱਕ ਕਸਬੇ ਵਿੱਚ ਸਥਿਤ ਆਪਣੇ ਘਰ ਤੋਂ ਬਾਹਰ ਨਾ ਨਿਕਲ ਸਕੀ।
ਇੱਕ ਗੁਆਂਢੀ ਵੱਲੋਂ ਨੈਂਡੀ ਦੀ ਅਸਾਧਾਰਣ ਮੌਤ ਉੱਤੇ ਟਿੱਪਣੀ ਕਰਨ ਮਗਰੋਂ ਸੋਫੀਆ ਨੇ ਬੱਚੇ ਦੀ ਕਿਡਨੀ ਫ਼ੇਲ੍ਹ ਹੋਣ ਬਾਰੇ ਸੋਚਣਾ ਸ਼ੁਰੂ ਕੀਤਾ।
ਸੋਫ਼ੀਆ ਨੇ ਕਿਹਾ, “ਇਸੇ ਹੀ ਮੈਂ ਸਾਡੀ ਇੱਕ ਹੋਰ ਗੁਆਂਢਣ ਨੂੰ ਦੇਖਣਾ ਸ਼ੁਰੂ ਕੀਤਾ ਜੋ ਸਫੇਦ ਰੁਮਾਲ ਪਾ ਹਰ ਰੋਜ਼ ਘਰ ਦੇ ਸਾਹਮਣਿਓਂ ਲੰਘਦੀ ਸੀ, ਉਹ ਇੱਕ ਅਧਿਆਪਕ ਸੀ।”
ਰੁਮਾਲ ਬਾਰੇ ਪੁੱਛਣ ਉੱਤੇ ਉਸ ਨੇ ਸੋਫ਼ੀਆ ਨੂੰ ਦੱਸਿਆ ਕਿ ਉਸ ਨੂੰ ਕੈਂਸਰ ਸੀ।
ਸੋਫ਼ੀਆ ਨੇ ਦੱਸਿਆ, “ਮੈਨੂੰ ਮੂੰਹ ਢਕ ਕੇ ਜਾਂਦੇ ਬੱਚੇ ਦਿਸਣ ਲੱਗੇ, ਕੀਮੋਥੈਰੇਪੀ ਕਾਰਨ ਗੰਜੀਆਂ ਹੋਈਆਂ ਜਿਨ੍ਹਾਂ ਨੇ ਸਕਾਰਫ਼ ਨਾਲ ਸਿਰ ਢਕੇ ਹੋਏ ਸਨ ਵੀ ਦਿਖਣ ਲੱਗੇ।”
ਉਨ੍ਹਾਂ ਕਿਹਾ, “ਇਹ ਸਭ ਦੇਖਣ ਤੋਂ ਬਾਅਦ ਮੈਨੂੰ ਝਟਕਾ ਲੱਗਿਆ।”
ਕੇਸ ਸਟੱਡੀਜ਼
1990ਵਿਆਂ ਦੇ ਅਖੀਰ ਦੌਰਾਨ ਕੈਂਸਰ ਪੀੜਤ ਲੋਕਾਂ ਦੀ ਗਿਣਤੀ, ਸਾਹ ਦੀਆਂ ਬਿਮਾਰੀਆਂ ਅਤੇ ਬਚਪਨ ਵਿੱਚ ਹੋਈਆਂ ਮੌਤਾਂ ਦਾ ਅੰਕੜਾ ਨਾਟਕੀ ਢੰਗ ਨਾਲ ਵਧਣ ਲੱਗਿਆ ਸੀ।
ਸੋਫ਼ੀਆ ਨੇ ਸਮਝਾਇਆ, “ਮੈਂ ਆਪਣੇ ਬਲਾਕ ਦੇ ਹਰ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਮੈਂ ਗੁਆਂਢੀਆਂ ਨੂੰ ਪੁੱਛਦੀ ਸੀ ਕਿ ਉਨ੍ਹਾਂ ਨੇ ਘਰ ਵਿੱਚ ਕਿੰਨੇ ਲੋਕ ਬਿਮਾਰ ਹਨ ਅਤੇ ਉਨ੍ਹਾਂ ਨੂੰ ਕੀ ਬਿਮਾਰੀ ਹੈ।”
ਉਨ੍ਹਾਂ ਨੂੰ ਪਤਾ ਲੱਗਾ ਕਿ ਕਸਬੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਛੋਟੇ ਬੱਚੇ ਗਵਾਏ ਹਨ ਜਾਂ ਉਨ੍ਹਾਂ ਦੇ ਘਰ ਵਿੱਚ ਕੋਈ ਕੈਂਸਰ ਗ੍ਰਸਤ ਪਰਿਵਾਰਕ ਮੈਂਬਰ ਹੈ।
“ਮੈਂ ਦੇਖਿਆ ਕਿ ਸਿਰਫ਼ ਇੱਕ ਬਲਾਕ ਵਿੱਚ ਪੰਜ ਛੇ ਬੱਚੇ ਮਰ ਚੁੱਕੇ ਹਨ।”
ਇਸ ਮਿਸ਼ਨ ਨੇ ਉਨ੍ਹਾਂ ਨੂੰ ਕੁਝ ਕਰਨ ਲਈ ਪ੍ਰੇਰਿਆ। ਸੋਫ਼ੀਆ ਦੀ ਅਗਵਾਈ ਵਿੱਚ ਗੁਆਂਢ ਦੀਆਂ 16 ਮਾਂਵਾਂ ਨੇ ‘ਮਦਰਜ਼ ਆਫ ਇਟੂਜ਼ਾਇੰਗੋ’ ਨਾਮੀ ਗਰੁਪ ਬਣਾਇਆ।
ਇਸ ਗਰੁੱਪ ਨੇ ਹਰ ਕੇਸ ਦੇ ਅਧਾਰ ’ਤੇ ਉੱਥੇ ਹੋਈਆਂ ਮੌਤਾਂ ਬਾਰੇ ਜਾਣਨਾ ਸ਼ੁਰੂ ਕੀਤਾ। ਹਰ ਕੇਸ ਵਿੱਚ ਇੱਕ ਆਮ ਡਿਨੋਮੀਨੇਟਰ ਸਾਹਮਣੇ ਆਇਆ, ਉਹ ਸੀ - ਸੋਇਆ ਬੀਨਜ਼।
ਇਟੂਜ਼ਾਇੰਗੋ ਦੇ ਰਿਹਾਇਸ਼ੀ ਇਲਾਕੇ ਅਤੇ ਕਸਬੇ ਦੇ ਆਲੇ ਦੁਆਲੇ ਸੋਇਆ ਬੀਨ ਦੀ ਫਸਲ ਸੀ, ਜਿੱਥੇ ਕਿਸਾਨ ਨਦੀਨਾਂ ਨੂੰ ਮਾਰਨ ਲਈ ਗਲਾਈਫੋਸੇਟ ਜਿਹੇ ਰਸਾਇਣਾਂ ਦੀ ਵਰਤੋਂ ਕਰ ਰਹੇ ਸੀ।
ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਦੀਨ-ਨਾਸ਼ਕ ਗਲਾਈਫੋਸੇਟ ਸਾਲ 1970 ਵਿੱਚ ਯੂਐੱਸ ਕਾਰਪੋਰੇਸ਼ਨ ਮੋਨਸੈਂਟੋ ਵੱਲੋਂ ਡਵੈਲਪ ਕੀਤਾ ਗਿਆ ਸੀ।
‘ਕੈਂਸਰਕਾਰਕ ਹੋ ਸਕਦਾ ਹੈ’
ਅੱਜ ਗਲਾਈਫੋਸੇਟ ਬਹੁਤ ਸਾਰੀਆਂ ਕੰਪਨੀਆਂ ਬਣਾਉਂਦੀਆਂ ਹਨ ਅਤੇ ਯੂਐੱਸ ਤੇ ਯੂਰਪ ਸਮੇਤ ਦੁਨੀਆ ਭਰ ਦੀਆਂ ਰੈਗੂਲੇਟਰੀ ਏਜੰਸੀਆਂ ਨੇ ਇਸ ਨੂੰ ਸੁਰੱਖਿਅਤ ਦੱਸਿਆ ਸੀ।
ਪਰ ਇਸ ਦੀ ਵਰਤੋਂ ਵਿਵਾਦਾਂ ਵਿੱਚ ਰਹੀ ਹੈ।
ਸਾਲ 2015 ਵਿੱਚ, ਵਿਸ਼ਵ ਸਿਹਤ ਸੰਗਠਨ ਦੀ ਕੈਂਸਰ ਖੋਜ ਏਜੰਸੀ ਨੇ ਸਿੱਟਾ ਕੱਢਿਆ ਕਿ ਗਲਾਈਫੋਸੇਟ “ਸ਼ਾਇਦ ਇਨਸਾਨਾਂ ਲਈ ਕੈਂਸਰਕਾਰਕ ਹੋ ਸਕਦਾ ਹੈ।”
ਹਾਲਾਂਕਿ ਯੂਐੱਸ ਦੀ ਵਾਤਾਵਰਨ ਰੱਖਿਆ ਏਜੰਸੀ ਨੇ ਕਿਹਾ ਹੈ ਕਿ ਧਿਆਨ ਨਾਲ ਵਰਤਿਆ ਜਾਵੇ ਤਾਂ ਨਦੀਨ-ਨਾਸ਼ਕ ਸੁਰੱਖਿਅਤ ਹੈ।
‘ਦਿ ਯੂਰਪੀਅਨ ਫੂਡ ਸੇਫ਼ਟੀ ਅਥਾਰਟੀ(ਓਢਸ਼ਅ) ਨੇ ਵੀ ਕਿਹਾ ਹੈ ਕਿ ਗਲਾਈਫੋਸੇਟ ਨਾਲ ਇਨਸਾਨਾਂ ਨੂੰ ਕੈਂਸਰ ਹੋਣ ਦੀ ਸੰਭਾਵਨਾ ਨਹੀਂ ਹੈ।
ਜੈਨਿਟਕਲੀ ਤੌਰ ਉੱਤੇ ਸੋਧਿਆ ਹੋਇਆ ’ਤੇ ਗਲਾਈਫੋਸੇਟ ਅਸਰ ਨਹੀਂ ਕਰਦਾ, ਇਸ ਲਈ ਜਦੋਂ ਇਸ ਨੂੰ ਫ਼ਸਲਾਂ ਉੱਤੇ ਛਿੜਕਿਆ ਜਾਂਦਾ ਹੈ ਤਾਂ ਇਹ ਸਿਰਫ਼ ਨਦੀਨਾਂ ਨੂੰ ਮਾਰਦਾ ਹੈ ਅਤੇ ਸੋਇਆ ਦੇ ਬੂਟੇ ਨੂੰ ਨਹੀਂ।
ਜੈਨਿਟਕਲੀ ਸੋਧੀਆਂ ਫਸਲਾਂ ਨੂੰ ਘੱਟ ਨਦੀਨ ਨਾਸ਼ਕਾਂ ਦੀ ਲੋੜ ਹੋਣੀ ਚਾਹੀਦੀ ਸੀ, ਪਰ ਜਿਵੇਂ ਨਦੀਨਾਂ ਦੀ ਪ੍ਰਤੀਰੋਧੀ ਸ਼ਕਤੀ ਵਧੀ ਹੈ ਤਾਂ ਨਦੀਨ ਨਾਸ਼ਕਾਂ ਦੀ ਮਾਤਰਾ ਵਧਾਈ ਗਈ।
ਇਟੂਜ਼ਾਇੰਗੋ ਵਿੱਚ ਅਜਿਹੇ ਕਈ ਰਸਾਇਣਾਂ ਦੀ ਛੜਕਾਅ ਹੋਇਆ ਸੀ ਅਤੇ ਜਿੱਧਰ ਹਵਾ ਗਈ ਉਹ ਫੈਲ ਗਏ।
ਅਰਜਨਟੀਨਾ ਵਿੱਚ ਸੋਇਆ ਬੀਨ ਦੇ ਖੇਤਾਂ ਵਿੱਚ ਅਜਿਹੇ ਕਈ ਰਸਾਇਣਾਂ ਦਾ ਛਿੜਕਾਅ ਕੀਤਾ ਜਾਂਦਾ ਹੈ।
ਦੂਸ਼ਿਤ ਪਾਣੀ
ਇਟੂਜ਼ਾਇੰਗੋ ਦੀਆਂ ਮਾਂਵਾਂ ਨੇ ਪਤਾ ਲਗਾਇਆ ਕਿ ਸਥਾਨਕ ਕੈਂਸਰ ਦਰ ਕੌਮੀ ਔਸਤ ਨਾਲ਼ੋਂ 41 ਗੁਣਾ ਜ਼ਿਆਦਾ ਸੀ।ਇਸ ਦੇ ਨਾਲ ਹੀ ਦਿਮਾਗ ਅਤੇ ਸਾਹ ਦੀਆਂ ਬਿਮਾਰੀਆਂ ਵੀ ਵੱਧ ਸਨ ਇਸ ਦੇ ਨਾਲ ਹੀ ਜਮਾਂਦਰੂ ਬਿਮਾਰੀਆਂ ਅਤੇ ਜਨਮ ਸਮੇਂ ਬੱਚਿਆਂ ਦੀ ਮੌਤ ਦੀ ਦਰ ਵੀ ਵੱਧ ਸੀ।
ਬਿਉਨਸ ਆਇਰਸ ਯੁਨੀਵਰਸਿਟੀ ਨੇ ਇੱਕ ਅਧਿਐਨ ਵਿੱਚ ਪੁਸ਼ਟੀ ਕੀਤੀ ਕਿ ਇਟੂਜ਼ਾਇੰਗੋ ਵਿੱਚ ਸਾਹਮਣੇ ਆ ਰਹੀਆਂ ਸਿਹਤ ਸਮੱਸਿਆਵਾਂ ਦੀ ਤਾਰ ਕੀਟਨਾਸ਼ਕਾਂ ਦੇ ਸੰਪਰਕ ਵਿਚ ਆਉਣ ਨਾਲ ਜੁੜਦੀ ਹੈ।
ਜਦਕਿ ਇੱਕ ਮੌਲੀਕਿਉਲਰ(ਅਣੂ) ਜੀਵ ਵਿਗਿਆਨ ਖੋਜਾਰਥੀ ਐਂਡਰਸ ਕਾਰਾਸਕੋ ਨੇ ਪੁਸ਼ਟੀ ਕੀਤੀ ਕਿ ਗਲਾਈਫੋਸੇਟ ਨੇ ਭਰੂਣ ਦੇ ਨੁਕਸਾਨ ਦੀ ਸੰਭਾਵਨਾ ਵਧਾਈ।
ਮੌਨਸੈਂਟੋ ਨੇ ਇਲਜ਼ਾਮਾਂ ਬਾਰੇ ਕਿਹਾ ਕਿ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਗਲਾਈਫੋਸੇਟ ਦਾ ਸਹੀ ਇਸਤੇਮਾਲ ਅਜਿਹੀਆਂ ਬਿਮਾਰੀਆਂ ਪੈਦਾ ਕਰ ਸਕਦਾ ਹੈ।
ਆਖਿਰ, ਪ੍ਰਸ਼ਾਸਨਕ ਏਜੰਸੀਆਂ ਸਥਾਨਕ ਵਾਟਰ ਸਪਲਾਈ ਦੇ ਪ੍ਰੀਖਣ ਲਈ ਰਾਜ਼ੀ ਹੋ ਗਈਆਂ ਅਤੇ ਪੁਸ਼ਟੀ ਹੋਈ ਕਿ ਪਾਣੀ ਦੂਸ਼ਿਤ ਸੀ।
ਸੋਫ਼ੀਆ ਦੱਸਦੇ ਹਨ, “ਸਾਨੂੰ ਅਹਿਸਾਸ ਨਹੀਂ ਸੀ ਕਿ ਅਸੀਂ ਦੂਸ਼ਿਤ ਵਾਤਾਵਰਣ ਵਿੱਚ ਰਹਿ ਰਹੇ ਹਾਂ। ਕੈਂਸਰ ਪੀੜਤ ਬੜੇ ਲੋਕ ਨਹੀਂ ਜਾਣਦੇ ਕਿ ਹੋ ਕੀ ਰਿਹਾ ਹੈ।”
“ਅਸੀਂ ਸਿਰਫ਼ ਇੱਕ ਖੇਤੀ ਰਸਾਇਣ ਨਹੀਂ, ਬਲਕਿ ਖੇਤੀ ਰਸਾਇਣਾਂ ਦਾ ਕੌਕੇਟੇਲ ਲੈ ਰਹੇ ਸੀ।”
ਕਾਰਕੁਨਾ ਨੇ ਇਸ ਦਾ ਇਸਤੇਮਾਲ ਰੁਕਵਾਉਣ ਦੀ ਕੋਸ਼ਿਸ਼ ਕੀਤੀ।
ਮੌਤ ਦੀ ਧਮਕੀ
ਸੋਫ਼ੀਆ ਨੂੰ ਕਾਰਡੋਬਾ ਦੇ ਡੀਕ ਚੀਕੋ ਵਿੱਚ 2018 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਇੱਕ ਨਦੀਨਨਾਸ਼ਕ ਦਾ ਛਿੜਕਾਅ ਸਕਣ ਲਈ ਪਰਦਰਸ਼ਨ ਵਿੱਚ ਸ਼ਾਮਲ ਸੀ।
ਸਾਲਾਂ ਦੇ ਪ੍ਰਦਰਸ਼ਨਾਂ, ਸਥਨਾਕ ਲੋਕਾਂ ਦੀ ਖਰਾਬ ਸਿਹਤ ਦਰਮਿਆਨ ਕਾਰਡੋਬਾ ਪ੍ਰਸ਼ਾਸਨ ਇਲਾਕੇ ਵਿੱਚ ਖੇਤੀ ਰਸਾਇਣਾਂ ਦੇ ਅਸਰ ਬਾਰੇ ਜਾਂਚ ਕਰਵਾਉਣ ਲਈ ਰਾਜ਼ੀ ਹੋਇਆ।
ਅਰਜਨਟੀਨਾ ਜੈਨੇਟਿਕਲੀ ਸੋਧੀ ਸੋਇਆ ਦਾ ਨਿਰਯਾਤ ਕਰਨ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ-ਇਹ ਇੱਕ ਵੱਡਾ ਕਾਰੋਬਾਰ ਹੈ। ਸੋਫ਼ੀਆ ਕਹਿੰਦੀ ਹੈ ਕਿ ਕਈ ਲੋਕ ਪਰਦਰਸ਼ਨਾਂ ਤੋਂ ਖਤਰਾ ਮਹਿਸੂਸ ਕਰਨ ਲੱਗੇ।
ਉਸ ਨੇ ਦੱਸਿਆ ਕਿ ਉੱਥੋਂ ਦੀਆਂ ਮਾਂਵਾਂ ਦੀ ਮੰਗ ਕਾਰਨ ਸ਼ੁਰੂ ਹੋਈ ਜਾਂਚ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਸ਼ੁਰੂ ਹੋਈਆਂ।
“ਉਨ੍ਹਾਂ ਨੇ ਮੇਰੇ ਘਰ ਦੀ ਨਿਸ਼ਾਨਦੇਹੀ ਕੀਤੀ, ਖਿੜਕੀਆਂ ਤੋੜਨ ਲਈ, ਸਾਨੂੰ ਡਰਾਉਣ ਧਮਕਾਉਣ ਲਈ ਲੋਕ ਭੇਜੇ ਤਾਂ ਕਿ ਅਸੀਂ ਕਿਤੇ ਹੋਰ ਚਲੇ ਜਾਈਏ। ਪਰ ਡਰ ਦੇ ਬਾਵਜੂਦ ਅਸੀਂ ਡਟੇ ਰਹੇ।”
ਸਾਲ 2012 ਵਿੱਚ, ਕਾਰਡੋਬਾ ਨਿਆਂਇਕ ਪ੍ਰਣਾਲੀ ਨੇ ਅਰਬਨ ਖੇਤਰਾਂ ਦੇ ਨੇੜੇ ਖੇਤੀ ਰਸਾਇਣ ਦੇ ਛਿੜਕਾਅ ‘ਤੇ ਰੋਕ ਲਗਾਈ।
ਜਲਦੀ ਹੀ, ਅਰਜਨਟੀਨਾ ਦੇ ਹੋਰ ਖੇਤਰਾਂ ਨੇ ਵੀ ਖੇਤੀ ਰਸਾਇਣਾਂ ਦੀ ਵਰਤੋਂ ’ਤੇ ਪਾਬੰਦੀਆਂ ਲਗਾਈਆਂ।
ਅਤੇ ਜਦੋਂ ਮੌਂਨਸੈਂਟੋ ਨੇ ਕਾਰਡੋਬਾ ਦੇ ਹੀ ਇੱਕ ਹੋਰ ਪੇਂਡੂ ਕਸਬੇ ਮਾਲਵੀਨਾਸ ਵਿੱਚ ਟਰਾਂਸਜੈਨਿਕ ਮੱਕੀ ਦੇ ਬੀਜ ਤਿਆਰ ਕਰਨ ਦੀ ਫ਼ੈਕਟਰੀ ਦਾ ਨਿਰਮਾਣ ਸ਼ੁਰੂ ਕੀਤਾ ਤਾਂ ਉਸ ਨੂੰ ਵੀ ਸੋਫੀਆ ਅਤੇ ਹੋਰ ਮਾਂਵਾਂ ਨੇ ਰੋਕ ਦਿੱਤਾ।
ਮੌਂਨਸੈਂਟੋ ਨੇ ਕੋਈ ਰਸਮੀ ਐਲਾਨ ਕੀਤੇ ਬਿਨਾ ਉਹ ਜਗ੍ਹਾ ਵੇਚ ਦਿੱਤੀ ਅਤੇ ਚਲੇ ਗਏ।
ਸੋਫ਼ੀਆ ਨੇ ਕਿਹਾ, “ ਕਹਾਣੀ ਸਾਡੀ ਜਿੱਤ ਨਾਲ ਖਤਮ ਹੋਈ। ਅਸੀਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਉਹ ਫ਼ੈਕਟਰੀ ਨਾ ਬਣਾ ਸਕੇ ਅਤੇ ਚਲੇ ਗਏ।”
ਉਸੇ ਸਾਲ ਸੋਫ਼ੀਆ ਨੇ ਵਾਤਾਵਰਨ ਨੋਬਲ ਵਜੋਂ ਜਾਣੇ ਜਾਂਦਿਆ ਗੋਲਡਮੈਨ ਇਨਵਾਇਰਨਮੈਂਟ ਇਨਾਮ ਜਿੱਤਿਆ।
ਅਦਾਲਤੀ ਲੜਾਈਆਂ
ਸੋਫ਼ੀਆ ਨੂੰ ਆਪਣੇ ਇਸ ਐਕਟੀਵਿਜ਼ਮ ਦੌਰਾਨ ਬਹੁਤ ਸਾਰੀਆਂ ਮੌਤ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ।
ਸਾਲ 2018 ਵਿੱਚ ਜਰਮਨ ਕੰਪਨੀ ਬੇਅਰ ਨੇ ਮੌਂਨਸੈਂਟੋ ਨੂੰ 63 ਬਿਲੀਅਨ ਡਾਲਰ ਵਿੱਚ ਖਰੀਦ ਲਿਆ ਅਤੇ ਬੇਅਰ ਕੋਲ ਬੀਜਾਂ ਅਤੇ ਕੀਟਨਾਸ਼ਕਾਂ ਦੀ ਗਲੋਬਲ ਸਪਲਾਈ ਦਾ ਇੱਕ ਚੌਥਾਈ ਤੋਂ ਵੱਧ ਕੰਟਰੋਲ ਆ ਗਿਆ।
2024 ਤੱਕ ਬੇਅਰ ਨੂੰ ਯੂਐੱਸ ਵਿੱਚ 50,000 ਤੋਂ ਵੱਧ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰਨਾ ਪਿਆ ਅਤੇ ਇਲਜ਼ਾਮ ਲੱਗੇ ਕਿ ਟਰੇਡਮਾਰਕ ਮੌਂਨਸੈਂਟੋ ਨਦੀਨਨਾਸ਼ਕ ਨਾਲ ਕੈਂਸਰ ਹੁੰਦਾ ਹੈ। ਹੁਣ ਤੱਕ ਕੰਪਨੀ ਨੇ 11 ਬਿਲੀਅਨ ਡਾਲਰ ਤੋਂ ਵੱਧ ਰਾਸ਼ੀ ਸੈੱਟਲਮੈਂਟਸ ਵਜੋਂ ਦਿੱਤੀ ਹੈ।
ਸੋਫ਼ੀਆ ਨੇ ਕਿਹਾ, “ਇੱਥੇ ਪਹਿਲਾਂ ਹੀ ਉੱਚ ਕੈਂਸਰ ਦਰ ਸੀ। ਜੇ ਕੰਪਨੀ ਰਹਿੰਦੀ ਤਾਂ ਹੋਰ ਕੇਸ ਵਧਣੇ ਸੀ। ਇਸ ਲਈ ਅਸੀਂ ਜਨਤਕ ਸਿਹਤ ਦੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।”
ਦ ਅਰਜਨਟਾਈਨ ਫੈਡਰੇਸ਼ਨ ਆਫ ਮੈਡੀਕਲ ਪ੍ਰੋਫੈਸ਼ਨਲਜ਼ ਨੇ ਗਲਾਈਫੋਸੇਟ ‘ਤੇ ਬੈਨ ਲਾਉਣ ਦੀ ਮੰਗ ਕੀਤੀ ਹੈ।
ਇਸ ਵੇਲੇ, ਗਲਾਈਫੋਸੇਟ ਅਧਾਰਤ ਕੀਟਨਾਸ਼ਕਾਂ ‘ਤੇ ਵਿਸ਼ਵ ਭਰ ਦੇ 36 ਦੇਸ਼ਾਂ ਵਿੱਚ ਪਾਬੰਦੀਆਂ ਜਾਂ ਰੋਕਾਂ ਲਗਾਈਆਂ ਜਾ ਚੁੱਕੀਆਂ ਹਨ।
ਨਵੰਬਰ 2023 ਵਿੱਚ ਯੂਰਪੀਅਨ ਕਮਿਸ਼ਨ ਨੇ 10 ਸਾਲ ਲਈ ਗਲਾਈਫੋਸੇਟ ਲਾਈਸੰਸ ਰੀਨਿਊ ਕਰਨ ਦੇ ਇੱਕ ਰੈਗੁਲੇਸ਼ਨ ਅਪਣਾਇਆ।
ਕਰੀਬ ਤਿੰਨ ਦਹਾਕਿਆਂ ਤੋਂ ਬਾਅਦ, ਸੋਫ਼ੀਆ ਨਿਆਂ ਦੀ ਲੜਾਈ ਵਿੱਚ ਖੜੀ ਹੋਈ ਹੈ।
“ਮੈਂ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਜਦੋਂ ਉਹ ਬੇਇਨਸਾਫੀ ਵੱਲ ਹੁੰਦੇ ਹਨ। ਜਦੋਂ ਬੇਇਨਸਾਫ਼ੀ ਹੁੰਦੀ ਹੈ, ਮੈਂ ਕਰਕੇ ਵਿਖਾਉਂਦੀ ਹਾਂ।”