You’re viewing a text-only version of this website that uses less data. View the main version of the website including all images and videos.
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਜੇ ਹੱਥ ਮਿਲਾ ਲੈਣ ਤਾਂ ਕੀ ਮੁੜ ਸੱਤਾ ਵਿੱਚ ਆ ਸਕਦੇ ਹਨ
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਬਾਰੇ ਸਿਆਸੀ ਖੇਮਿਆਂ ਵਿੱਚ ਚਰਚਾ ਨੇ ਜੋਰ ਫ਼ੜਿਆ ਹੋਇਆ ਹੈ।
ਕਾਂਗਰਸ ਤੋਂ ਭਾਜਪਾ ਵਿੱਚ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿੱਜੀ ਚੈੱਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਭਾਜਪਾ ਅਕਾਲੀ ਦਲ ਨਾਲ ਗਠਜੋੜ ਤੋਂ ਬਿਨ੍ਹਾਂ ਪੰਜਾਬ ਵਿੱਚ ਸਰਕਾਰ ਨਹੀਂ ਬਣਾ ਸਕੇਗੀ।
ਹਾਲਾਂਕਿ, ਇਸ ਉੱਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪ੍ਰਤੀਕਿਰਿਆਵਾਂ ਆਈਆਂ।
ਜੋ ਦੋਵਾਂ ਪਾਰਟੀਆਂ ਦੇ ਇਕੱਠਿਆਂ ਚੋਣ ਮੈਦਾਨ ਵਿੱਚ ਆਉਣ ਉੱਤੇ ਬਿਹਤਰ ਪ੍ਰਦਰਸ਼ਨ ਦੀ ਸੰਭਵਾਨਾ ਵੱਲ ਇਸ਼ਾਰਾ ਕਰਨ ਦੇ ਨਾਲ-ਨਾਲ ਮੌਜੂਦਾ ਸਿਆਸੀ ਮਾਹੌਲ ਵਿੱਚ ਦੋਵਾਂ ਦੇ ਰਲੇਵੇਂ ਦੀਆਂ ਅਟਕਲਾਂ ਉੱਤੇ ਸਵਾਲ ਵੀ ਖੜ੍ਹੇ ਕਰਦੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਕਾਲੀ-ਭਾਜਪਾ ਗਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਦੇ ਸਨ।
ਪਰ ਮੌਜੂਦਾ ਹਾਲਾਤ ਵਿੱਚ ਦੋਵਾਂ ਪਾਰਟੀਆਂ ਦੇ ਇਕੱਠੇ ਹੋਣ ਬਾਰੇ ਸ਼ੰਕਾ ਤਾਂ ਹੈ ਹੀ ਨਾਲ ਹੀ ਇਹ ਸਵਾਲ ਵੀ ਹੈ ਖੜ੍ਹਾ ਹੈ ਕਿ ਦੋਵਾਂ ਵਿੱਚੋਂ ਕਿਸ ਨੂੰ ਗਠਜੋੜ ਦੀ ਜ਼ਿਆਦਾ ਲੋੜ ਹੈ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਭਾਜਪਾ ਦੀ ਅਗ਼ਵਾਈ ਵਾਲੀ ਐੱਨਡੀਏ ਤੋਂ 2020 ਵਿੱਚ ਅਲੱਗ ਹੋਣ ਤੋਂ ਬਾਅਦ ਦੋਵੇਂ ਪਾਰਟੀਆਂ ਨਾ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੋਈ ਬਿਹਤਰ ਪ੍ਰਦਰਸ਼ਨ ਦਿਖਾ ਸਕੀਆਂ ਅਤੇ ਨਾ ਹੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕੋਈ ਮਾਰਕਾ ਮਾਰਨ ਵਿੱਚ ਕਾਮਯਾਬ ਹੋਈਆਂ ਸਨ।
ਹਾਲਾਂਕਿ ਭਾਜਪਾ ਦਾ ਪੰਜਾਬ ਵਿੱਚ ਵੋਟ ਸ਼ੇਅਰ ਪਹਿਲਾਂ ਦੇ ਮੁਕਾਬਲੇ ਜ਼ਰੂਰ ਵਧਿਆ ਸੀ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਮਹਿਜ਼ ਤਿੰਨ ਸੀਟਾਂ ਉੱਤੇ ਸਿਮਟ ਗਿਆ ਸੀ ਅਤੇ ਭਾਜਪਾ ਦੇ ਹਿੱਸੇ ਸਿਰਫ਼ ਦੋ ਸੀਟਾਂ ਪਠਾਨਕੋਟ ਅਤੇ ਮੁਕੇਰੀਆਂ ਆਈਆਂ ਸਨ।
ਇਸੇ ਤਰ੍ਹਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਮਹਿਜ਼ ਇੱਕ ਬਠਿੰਡਾ ਸੀਟ ਉੱਤੇ ਜਿੱਤ ਦਰਜ ਕਰਵਾ ਸਕਿਆ ਸੀ ਪਰ ਭਾਜਪਾ ਪੰਜਾਬ ਦੇ ਕਈ ਪੁਰਾਣੇ ਸਿਆਸੀ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੇ ਬਾਵਜੂਦ ਆਪਣਾ ਖਾਤਾ ਖੋਲ੍ਹਣ ਵਿੱਚ ਅਸਫ਼ਲ ਰਿਹਾ ਸੀ।
ਅਕਾਲੀ ਅਤੇ ਭਾਜਪਾ ਆਗੂਆਂ ਨੇ ਕੀ ਕਿਹਾ
ਕਾਂਗਰਸ ਤੋਂ ਭਾਜਪਾ ਵਿੱਚ ਗਏ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਭਾਜਪਾ ਦਾ ਸ਼ੁਰੂਆਤ ਤੋਂ ਪੰਜਾਬ ਵਿੱਚ ਹਰ ਚੋਣ ਇਕੱਲਿਆਂ ਨਾ ਲੜਨਾ ਉਨ੍ਹਾਂ ਲਈ ਨੁਕਸਾਨਦੇਹ ਸਾਬਤ ਹੋਇਆ ਹੈ ਕਿਉਂਕਿ ਅਜਿਹਾ ਕਰਨ ਨਾਲ ਪਾਰਟੀ ਸੂਬੇ ਵਿੱਚ ਆਪਣਾ ਕਾਡਰ ਨਹੀਂ ਬਣਾ ਸਕੀ।
ਉਨ੍ਹਾਂ ਕਿਹਾ, ''ਜੇ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਜਿੱਤ ਦਰਜ ਕਰਵਾਉਣਾ ਚਾਹੁੰਦੀ ਹੈ ਤਾਂ ਦੋ ਹੀ ਰਾਹ ਹਨ ਇੱਕ ਜਾਂ ਤਾਂ ਆਪਣਾ ਕਾਡਰ ਬਣਾਇਆ ਜਾਵੇ ਜਾਂ ਫਿਰ ਦੂਜਾ ਰਾਹ ਗਠਜੋੜ ਦਾ ਹੈ।"
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਜੇ ਭਾਜਪਾ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਨਾਲ ਗਠਜੋੜ ਤੋਂ ਬਿਨ੍ਹਾਂ ਕੋਈ ਹੋਰ ਚਾਰਾ ਨਹੀਂ ਹੈ। ਕਿਉਂਕਿ ਜੇ ਕਾਡਰ ਬਣਾਉਣਾ ਹੈ ਤਾਂ ਉਸ ਲਈ ਆਉਣ ਵਾਲੀਆਂ ਘੱਟੋ-ਘੱਟ ਦੋ ਤਿੰਨ ਚੋਣਾਂ ਇਕੱਲਿਆਂ ਲੜਨੀਆਂ ਪੈਣਗੀਆਂ ਤਾਂ ਹੀ ਆਧਾਰ ਬਣ ਸਕੇਗਾ।"
ਇਸ ਮਾਮਲੇ ਉੱਤੇ ਖੇਤੀ ਕਾਨੂੰਨ ਦੀ ਮੁਖ਼ਾਲਫ਼ਤ ਕਰਦੇ ਹੋਏ ਭਾਜਪਾ ਤੋਂ ਅਲੱਗ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਅਕਾਲੀ ਦਲ ਉਸੇ ਪਾਰਟੀ ਦੇ ਨਾਲ ਜਾਵੇਗਾ ਜੋ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਕੇ ਪੰਜਾਬ ਨੂੰ ਉਸ ਦਾ ਹੱਕ ਦੇਵੇਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਲਈ ਇਹ ਅਹਿਮ ਨਹੀਂ ਹੈ ਕਿਸ ਪਾਰਟੀ ਨਾਲ ਗਠਜੋੜ ਕਰਨਾ ਹੈ ਅਤੇ ਕਿਸ ਨਾਲ ਨਹੀਂ ਬਲਕਿ ਪੰਜਾਬ ਦੇ ਮੁੱਦੇ ਪਹਿਲਾਂ ਹਨ।
ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਕਿਹਾ ਕਿ ਭਾਜਪਾ ਆਪਣੇ ਨਿਸ਼ਾਨੇ ਨੂੰ ਲੈ ਕੇ ਸਪੱਸ਼ਟ ਹੈ ਅਤੇ 117 ਸੀਟਾਂ ਨੂੰ ਧਿਆਨ ਵਿੱਚ ਰੱਖਕੇ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ।
ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਵਿੱਚ ਸਵਾਲ ਚੁੱਕਿਆ ਕਿ ਅਕਾਲੀ-ਭਾਜਪਾ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਲੱਗ ਹੋਏ ਸਨ ਕੀ ਉਹ ਹੱਲ ਹੋ ਗਏ ਹਨ?
ਗਠਜੋੜ ਦੀ ਕਿਸ ਨੂੰ ਜ਼ਿਆਦਾ ਲੋੜ
ਆਖ਼ਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਲਈ ਪੰਜਾਬ ਵਿੱਚ ਇਕੱਲਿਆਂ ਚੋਣ ਲੜਨ ਉੱਤੇ ਕਾਮਯਾਬੀ ਦੂਰ ਕਿਉਂ ਨਜ਼ਰ ਆ ਰਹੀ ਹੈ।
ਇਸ ਮਸਲੇ ਉੱਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋਫ਼ੈਸਰ ਡਾਕਟਰ ਮੁਹੰਮਦ ਖ਼ਾਲਿਦ ਕਹਿੰਦੇ ਹਨ ਕਿ ਪੰਜਾਬ ਵਿੱਚ ਵੋਟਾਂ ਕਈ ਖੇਮਿਆਂ ਵਿੱਚ ਵੰਡੀਆਂ ਹੋਈਆਂ ਹਨ। ਜਿਨ੍ਹਾਂ ਵਿੱਚ ਸ਼ਹਿਰੀ ਅਤੇ ਪੇਂਡੂ ਵੋਟ ਨੂੰ ਵੀ ਜੇ ਦੇਖ ਲਿਆ ਜਾਵੇ ਤਾਂ ਉਹ ਸਿਆਸੀ ਤੌਰ ਉੱਤੇ ਅਲੱਗ-ਅਲੱਗ ਤਰੀਕੇ ਨਾਲ ਭੁਗਤੀਆਂ ਹਨ।
ਪ੍ਰੋਫ਼ੈਸਰ ਖ਼ਾਲਿਦ ਕਹਿੰਦੇ ਹਨ ਕਿ ਪੇਂਡੂ ਹਲਕਿਆਂ ਵਿੱਚ ਅਕਾਲੀ ਦਲ ਦਾ ਅਧਾਰ ਚੰਗਾ ਹੈ ਅਤੇ ਦੂਜੇ ਪਾਸੇ ਸ਼ਹਿਰੀ ਵੋਟਰਾਂ ਕੋਲ ਹਮੇਸ਼ਾਂ ਦੋ ਬਦਲ ਰਹੇ ਹਨ - ਕਾਂਗਰਸ ਅਤੇ ਭਾਜਪਾ। ਪੰਜਾਬ ਦੀ ਸਿਆਸੀ ਰਵਾਇਤ ਦਰਸਾਉਂਦੀ ਹੈ ਕਿ ਇੱਥੇ ਕਿਸੇ ਇੱਕ ਪਾਰਟੀ ਦੀ ਸਰਕਾਰ ਨੂੰ ਲੋਕ ਲੰਬਾ ਸਮਾਂ ਨਹੀਂ ਦਿੰਦੇ ਅਤੇ ਬਦਲ ਜਲਦੀ ਹੁੰਦਾ ਹੈ।
"ਇਸ ਲਈ ਹੁਣ ਤੱਕ ਦੀ ਸਿਆਸੀ ਸਮਝ ਦਰਸਾਉਂਦੀ ਹੈ ਕਿ ਜਦੋਂ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਰੁਖ਼ ਕਰਦੇ ਸਨ ਤਾਂ ਸ਼ਹਿਰੀ ਵੋਟਰ ਭਾਜਪਾ ਵੱਲ ਭੁਗਤਦੇ ਸਨ ਅਤੇ ਨਹੀਂ ਤਾਂ ਕਾਂਗਰਸ ਵੱਲ।"
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਨੂੰ ਉਲਝਿਆ ਹੋਇਆ ਦੱਸਦੇ ਹਨ।
ਉਹ ਕਹਿੰਦੇ ਹਨ, "ਭਾਜਪਾ ਕੋਲ ਲੀਡਰਸ਼ਿਪ ਹੈ ਪਰ ਪੰਜਾਬ ਵਿੱਚ ਕਾਡਰ ਨਹੀਂ ਹੈ, ਦੂਜੇ ਪਾਸੇ ਅਕਾਲੀ ਦਲ ਕੋਲ ਕਾਡਰ ਹੈ ਗਰਾਊਂਡ ਉੱਤੇ ਲੋਕ ਜੁੜੇ ਹੋਏ ਹਨ ਪਰ ਲੀਡਰਸ਼ਿਪ ਬਹੁਤ ਕਮਜ਼ੋਰ ਹੈ। ਸੁਖਬੀਰ ਸਿੰਘ ਬਾਦਲ ਇੱਕ ਆਮ ਲੋਕਾਂ ਵੱਲੋਂ ਕਬੂਲੇ ਗਏ ਆਗੂ ਵੱਜੋਂ ਨਹੀਂ ਉੱਭਰ ਸਕੇ।"
ਗਠਜੋੜ ਲਈ ਨਵੇਂ ਢਾਂਚੇ ਦੀ ਲੋੜ
ਅਕਾਲੀ ਦਲ ਅਤੇ ਭਾਜਪਾ ਦੋਵੇਂ ਪਾਰਟੀਆਂ ਦਾ ਜੇ ਹੁਣ ਗਠਜੋੜ ਹੁੰਦਾ ਹੈ ਤਾਂ ਸੀਟਾਂ ਦੀ ਵੰਡ ਇੱਕ ਵੱਡਾ ਮਸਲਾ ਰਹੇਗਾ।
ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਦੋਵਾਂ ਨੂੰ ਨਵੇਂ ਢਾਂਚੇ ਉੱਤੇ ਸਹਿਮਤ ਹੋਣਾ ਪਵੇਗਾ। ਪਹਿਲਾਂ ਵਿਧਾਨ ਸਭਾ ਵਿੱਚ ਭਾਜਪਾ ਕੋਲ ਵਿਧਾਨ ਸਭਾ ਦੀਆਂ 117 ਵਿੱਚੋਂ 22 ਜਾਂ 23 ਸੀਟਾਂ ਹੁੰਦੀਆਂ ਸਨ ਅਤੇ ਲੋਕ ਸਭਾ ਦੀਆਂ 13 ਵਿੱਚੋਂ ਤਿੰਨ ਸੀਟਾਂ ਹੁੰਦੀਆਂ ਸਨ ਹੁਣ ਇਨ੍ਹਾਂ ਨੂੰ ਨਵੇਂ ਸਮੀਕਰਨਾਂ ਉੱਤੇ ਸਹਿਮਤ ਹੋਣਾ ਪਵੇਗਾ।
ਪਰ ਕੀ ਉਹ ਕਾਰਗਰ ਸਾਬਤ ਹੋਵੇਗਾ ਇਸ ਸਵਾਲ ਦੇ ਜਵਾਬ ਉੱਤੇ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਕਿ ਆਮ ਲੋਕਾਂ ਵਿੱਚ ਇਸ ਕਦਰ ਬੇਉਮੀਦੀ ਹੈ ਕਿ ਇਹ ਸਭ ਸਿਫ਼ਰ ਜਮ੍ਹਾਂ ਸਿਫ਼ਰ ਵਰਗਾ ਨਜ਼ਰ ਆਉਂਦਾ ਹੈ।
ਉਹ ਕਹਿੰਦੇ ਹਨ ਕਿ ਨਿਰਾਸ਼ਾ ਦਾ ਕਾਰਨ ਹੈ ਨਸ਼ੇ ਅਤੇ ਲਾਅ ਐਂਡ ਆਰਡਰ ਵਰਗੇ ਮਸਲਿਆਂ ਦਾ ਸਰਕਾਰਾਂ ਬਦਲਣ ਦੇ ਬਾਵਜੂਦ ਕੋਈ ਹੱਲ ਨਾ ਹੋ ਸਕਣਾ।
ਆਮ ਲੋਕਾਂ ਵਿੱਚ ਦੋਵਾਂ ਪਾਰਟੀਆਂ ਪ੍ਰਤੀ ਨਿਰਾਸ਼ਾ
ਪੰਜਾਬ ਵਿੱਚ ਲੰਬਾ ਸਮਾਂ ਸੱਤਾ ਵਿੱਚ ਰਿਹਾ ਅਕਾਲੀ ਦਲ ਹੁਣ ਪਿਛਲੇ 8 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ। ਦੂਜੇ ਪਾਸੇ ਭਾਜਪਾ ਨੇ ਚਾਹੇ ਪਿਛਲੀਆਂ ਚੋਣਾਂ ਵਿੱਚ ਆਪਣਾ ਵੋਟ ਸ਼ੇਅਰ ਵਧਾਇਆ ਪਰ ਸੱਤਾ ਤੱਕ ਪਹੁੰਚਣ ਦੀ ਆਸ ਅਤੇ ਅਵਾਮ ਦੀ ਪ੍ਰਵਾਨਗੀ ਹਾਲੇ ਵੀ ਦੂਰ ਨਜ਼ਰ ਆ ਰਹੀ ਹੈ।
ਅਜਿਹੇ ਵਿੱਚ ਆਮ ਲੋਕਾਂ ਵਿੱਚ ਦੋਵੇਂ ਪਾਰਟੀਆਂ ਆਪਣਾ ਅਧਾਰ ਕਿਵੇਂ ਮਜ਼ਬੂਤ ਕਰ ਸਕਦੀਆਂ ਹਨ ਇਹ ਇੱਕ ਵੱਡਾ ਸਵਾਲ ਹੈ।
ਦੂਜੇ ਪਾਸੇ ਭਾਜਪਾ ਨੇ ਚਾਹੇ ਸ਼ਹਿਰੀ ਖੇਤਰਾਂ ਵਿੱਚ ਆਪਣਾ ਵੋਟ ਸ਼ੇਅਰ ਵਧਾਇਆ ਹੈ ਪਰ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਪਿਛਲੀਆਂ ਚੋਣਾਂ ਦੌਰਾਨ ਲੋਕਾਂ ਨੇ ਪਿੰਡਾਂ ਵਿੱਚ ਦਾਖ਼ਲ ਤੱਕ ਨਹੀਂ ਸੀ ਹੋਣ ਦਿੱਤਾ।
ਜਗਰੂਪ ਸੇਖੋਂ ਕਹਿੰਦੇ ਹਨ ਕਿ ਪੰਜਾਬ ਵਿੱਚ ਅਕਸਰ ਰੁਝਾਨ ਰਿਹਾ ਕਿ ਇੱਕ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਦੂਜੀ ਵਾਰ ਕਾਂਗਰਸ ਸੱਤਾ ਉੱਤੇ ਕਾਬਜ ਹੋ ਗਈ। ਪਾਰਟੀਆਂ ਦੇ ਕੰਮਾਂ ਦੇ ਬੋਲਬਾਲੇ ਨਾਲੋਂ ਇਸ ਨੂੰ ਲੋਕ ਫ਼ਤਵਾ ਕਹਿਣਾ ਜ਼ਿਆਦਾ ਢੁੱਕਵਾਂ ਹੈ।
"ਪੰਜਾਬ ਦਾ ਸਿਆਸੀ ਢਾਂਚਾ ਦੇਸ਼ ਦੇ ਹੋਰ ਸੂਬਿਆਂ ਨਾਲੋਂ ਵੱਖਰਾ ਹੈ। ਗ਼ੈਰ-ਕਿਸਾਨੀ ਭਾਈਚਾਰਾ ਵੀ ਖ਼ੁਦ ਨੂੰ ਸਿਰਫ਼ ਹਿੰਦੂ ਵੋਟਰ ਵਜੋਂ ਨਹੀਂ ਦੇਖਦਾ। ਇਸ ਨੂੰ ਭਾਜਪਾ ਨੂੰ ਸਮਝਣਾ ਪਵੇਗਾ।"
ਦੂਜੇ ਪਾਸੇ ਅਕਾਲੀ ਦਲ ਨੂੰ ਮੁੜ ਪ੍ਰਵਾਨ ਕਰਨ ਬਾਰੇ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਉਨ੍ਹਾਂ ਦੇ ਕਾਡਰ ਨੂੰ ਲੋਕ ਪਸੰਦ ਕਰਦੇ ਹਨ ਪਰ ਮਸਲਾ ਇਹ ਹੈ ਕਿ ਲੀਡਰਸ਼ਿਪ ਦੀ ਘਾਟ ਬਹੁਤ ਜ਼ਿਆਦਾ ਹੈ।
"ਕੋਈ ਵੀ ਦਿਸ਼ਾ ਦਿਖਾਉਣ ਵਾਲਾ ਆਗੂ ਨਹੀਂ। ਕੋਈ ਵੀ ਅਜਿਹੀ ਸ਼ਖ਼ਸੀਅਤ ਨਹੀਂ ਜਿਸ ਦੀ ਗੱਲ ਲੋਕ ਮੰਨ ਸਕਣ ਜਾਂ ਜਿਸ ਦੇ ਕਹੇ ਉੱਤੇ ਲੋਕ ਭਰੋਸਾ ਕਰ ਸਕਣ। ਮੌਜੂਦਾ ਪੁਰਾਣੇ ਅਕਾਲੀ ਆਗੂਆਂ ਨੂੰ ਲੋਕ ਪਹਿਲਾਂ ਹੀ ਨਕਾਰ ਚੁੱਕੇ ਹਨ।"
ਜਗਰੂਪ ਸੇਖੋਂ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ਨੂੰ ਪੰਜਾਬ ਲਈ ਇੱਕ ਵੱਡਾ ਮਸਲਾ ਦੱਸਦੇ ਹਨ।
ਉਹ ਕਹਿੰਦੇ ਹਨ ਕਿ ਚਾਹੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਕਈ ਆਗੂ ਅਕਾਲ ਤਖ਼ਤ ਜਾ ਕੇ ਮਾਫ਼ੀ ਮੰਗ ਚੁੱਕੇ ਹਨ ਪਰ ਜਿਹੜੀ ਸੱਟ ਉਨ੍ਹਾਂ ਦੇ ਸੱਤਾ ਵਿੱਚ ਰਹਿਣ ਦੇ ਸਮੇਂ ਆਮ ਲੋਕਾਂ ਨੂੰ ਲੱਗੀ ਉਸਦੀ ਮਾਫ਼ੀ ਉਨ੍ਹਾਂ ਨੇ ਆਮ ਲੋਕਾਂ ਤੋਂ ਨਹੀਂ ਮੰਗੀ। ਇਸ ਲਈ ਲੋਕ ਹਾਲੇ ਵੀ ਉਨ੍ਹਾਂ ਨੂੰ ਪਰਵਾਨ ਨਹੀਂ ਕਰ ਰਹੇ ਹਨ।
ਕਿਸੇ ਇੱਕ ਪਾਰਟੀ ਲਈ ਸੱਤਾ ਵਿੱਚ ਆਉਣਾ ਦੂਰ ਦੀ ਗੱਲ
ਮੁਹੰਮਦ ਖ਼ਾਲਿਦ ਕਹਿੰਦੇ ਹਨ ਕਿ ਕਿਸੇ ਇੱਕ ਪਾਰਟੀ ਦਾ ਇਸ ਵਾਰ ਸੱਤਾ ਵਿੱਚ ਆਉਣਾ ਥੋੜ੍ਹਾ ਮੁਸ਼ਕਿਲ ਨਜ਼ਰ ਆ ਰਿਹਾ ਹੈ।
ਉਹ ਦਲੀਲ ਦਿੰਦੇ ਹਨ ਕਿ ਅਸਲ ਵਿੱਚ ਪਹਿਲਾਂ ਦੋ ਪਾਰਟੀਆਂ ਵਿਚਾਲੇ ਮੁਕਾਬਲਾ ਹੁੰਦਾ ਹੁੰਦਾ ਸੀ। ਭਾਜਪਾ ਅਕਾਲੀ ਦਲ ਨਾਲ ਹੁੰਦਾ ਸੀ ਅਤੇ ਕਾਂਗਰਸ ਆਪਣੀ ਚੋਣ ਲੜਦੀ ਸੀ।
ਉਹ ਕਹਿੰਦੇ ਹਨ ਕਿ ਇਸ ਵਾਰ ਮੁਕਾਬਲਾ ਚੌ-ਤਰਫ਼ਾ ਹੋਵੇਗਾ। ਭਾਜਪਾ ਬੇਸ਼ੱਕ ਚਾਹੇਗਾ ਕਿ ਜੇ ਉਨ੍ਹਾਂ ਦੀ ਸਰਕਾਰ ਨਹੀਂ ਵੀ ਬਣਦੀ ਤਾਂ ਵੀ ਉਹ ਕਾਂਗਰਸ, ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੀ ਇਕੱਲਿਆਂ ਸਰਕਾਰ ਬਣਨ ਵਿੱਚ ਅੜਿਕਾ ਤਾਂ ਬਣ ਹੀ ਜਾਵੇ। ਤਾਂ ਜੋ ਉਹ ਇੱਕ ਗੇਮ-ਮੇਕਰ ਵਜੋਂ ਆ ਸਕੇ। ਕੋਈ ਵੀ ਪਾਰਟੀ ਉਨ੍ਹਾਂ ਬਿਨ੍ਹਾਂ ਸਰਕਾਰ ਨਾ ਬਣਾ ਸਕੇ।
ਸ਼੍ਰੋਮਣੀ ਅਕਾਲੀ ਦਲ -ਭਾਜਪਾ ਗਠਜੋੜ ਦਾ ਇਤਿਹਾਸ
ਸ਼੍ਰੋਮਣੀ ਅਕਾਲੀ ਦਲ ਅਤੇ ਸ਼ਿਵ ਸੈਨਾ ਐਨਡੀਏ ਗਠਜੋੜ ਦੇ ਸਭ ਤੋਂ ਪੁਰਾਣੇ ਸਾਥੀ ਸਨ।
ਅਕਾਲੀ ਦਲ ਅਤੇ ਭਾਜਪਾ ਦੀ ਸਿਆਸੀ ਸਾਂਝ ਪਹਿਲੀ ਵਾਰ 8 ਮਾਰਚ 1967 ਨੂੰ ਹੋਂਦ ਵਿੱਚ ਆਈ। ਇਸ ਸਮੇਂ ਜਨ ਸੰਘ ਨੇ ਪੰਜਾਬ ਵਿੱਚ ਅਕਾਲੀ ਦਲ ਦੀ ਅਗਵਾਈ ਹੇਠ ਬਣੀ ਸਾਂਝੇ ਮੋਰਚੇ ਦੀ ਪਹਿਲੀ ਗ਼ੈਰ-ਕਾਂਗਰਸੀ ਸਰਕਾਰ ਨੂੰ ਹਮਾਇਤ ਦਿੱਤੀ ਸੀ। ਇਨ੍ਹਾਂ ਚੋਣਾਂ ਤੋਂ ਬਾਅਦ ਗਠਜੋੜ ਹੋਂਦ ਵਿੱਚ ਆਇਆ ਸੀ।
ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਸਮਝੌਤਾ ਜਨ ਸੰਘ ਨੇ ਪਹਿਲੀ ਵਾਰ ਫਰਵਰੀ 1969 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਮੱਧਕਾਲੀ ਚੋਣਾਂ ਦੌਰਾਨ ਕੀਤਾ ਸੀ। ਅਕਾਲੀ ਦਲ ਨੇ 65 ਸੀਟਾਂ ਅਤੇ ਜਨ ਸੰਘ ਨੇ 30 ਸੀਟਾਂ 'ਤੇ ਚੋਣ ਲੜੀ ਸੀ।
ਜੰਨ ਸੰਘ ਦੀ ਮਦਦ ਦੇ ਨਾਲ ਹੀ 26 ਮਾਰਚ 1970 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਦਿਆਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣੇ।
ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਅਜਿਹਾ ਉਹ ਭਾਜਪਾ ਦੇ ਸਹਿਯੋਗ ਨਾਲ ਹੀ ਸੰਭਵ ਕਰ ਸਕੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ