ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਦੀ ਜਾਂਚ ਬਾਰੇ ਅਮਰੀਕਾ ਨੇ ਕਿਹਾ, ‘ਅਸੀਂ ਉਦੋਂ ਤੱਕ ਸੰਤੁਸ਼ਟ ਨਹੀਂ ਹੋ ਸਕਦੇ, ਜਦੋਂ ਤੱਕ...’

ਖਾਲਿਸਤਾਨ ਹਮਾਇਤੀ ਗੁਰਪਤਵੰਤ ਪੰਨੂ ਕਤਲ ਦੀ ਕਥਿਤ ਨਾਕਾਮ ਸਾਜਿਸ਼ ʼਤੇ ਅਮਰੀਕਾ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ।

ਇਸ ਦੇ ਨਾਲ ਹੀ ਅਮਰੀਕਾ ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਉਦੋਂ ਤੱਕ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋਵੇਗਾ ਜਦੋਂ ਤੱਕ ਜਾਂਚ ਵਿੱਚੋਂ ਕੋਈ ਸਾਰਥਕ ਕਾਰਵਾਈ ਨਾ ਨਿਕਲੇ।

ਅਮਰੀਕਾ ਵੱਲੋਂ ਕਿਹਾ ਗਿਆ ਹੈ ਕਿ ਭਾਰਤੀ ਜਾਂਚ ਕਮੇਟੀ ਨਾਲ ਮਹੱਤਵਪੂਰਨ ਗੱਲਬਾਤ ਹੋਈ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਭਾਰਤ ਸਰਕਾਰ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਕੁਝ ਦਿਨਾਂ ਪਹਿਲਾਂ ਹੀ ਅਮਰੀਕਾ ਦਾ ਦੌਰਾ ਕੀਤਾ ਹੈ।

ਅਮਰੀਕਾ ਦੇ ਪ੍ਰਿੰਸੀਪਲ ਡਿਪਟੀ ਬੁਲਾਰੇ ਵੇਦਾਂਤ ਪਟੇਲ ਨੇ ਇਸ ਮਾਮਲੇ ਦੇ ਸਬੰਧ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਿਛਲੇ ਹਫ਼ਤੇ ਭਾਰਤ ਦੀ ਜਾਂਚ ਕਮੇਟੀ ਨਾਲ ਕਾਫੀ ਅਹਿਮ ਗੱਲਬਾਤ ਹੋਈ ਹੈ ਅਤੇ ਦੋਵਾਂ ਸਰਕਾਰਾਂ ਵਿਚਾਲੇ ਆਪਣੀ-ਆਪਣੀ ਜਾਂਚ ਨੂੰ ਅੱਗੇ ਵਧਾਉਣ ਲਈ ਸੂਚਨਾਵਾਂ ਦਾ ਆਦਾਨ-ਪ੍ਰਦਾਨ ਜਾਰੀ ਹੈ।

ਦਰਅਸਲ, 2023 ਵਿੱਚ ਅਮਰੀਕਾ ਨੇ ਇੱਕ ਸਿੱਖ ਵੱਖਵਾਦੀ ਆਗੂ ਜੋ ਕਿ ਇੱਕ ਅਮਰੀਕੀ ਨਾਗਰਿਕ ਹੈ, ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ, ਜਿਸ ਸਿੱਖ ਵੱਖਵਾਦੀ ਦੀ ਗੱਲ ਕੀਤੀ ਜਾ ਰਹੀ ਸੀ ਉਹ ਗੁਰਪਤਵੰਤ ਸਿੰਘ ਪੰਨੂ ਹੈ ਅਤੇ ਪੰਨੂ ਭਾਰਤ ਵਿੱਚ ਪਾਬੰਦੀਸ਼ੁਦਾ ‘ਸਿੱਖਸ ਫਾਰ ਜਸਟਿਸ’ ਜਥੇਬੰਦੀ ਨਾਲ ਜੁੜੇ ਹੋਏ ਹਨ ਤੇ ਖ਼ਾਲਿਸਤਾਨ ਹਮਾਇਤੀ ਮੰਨੇ ਜਾਂਦੇ ਹਨ।

ਇਸ ਦੇ ਨਾਲ ਹੀ ਗੁਰਪਤਵੰਤ ਪੰਨੂ ਨਾਲ ਜੁੜੇ ਮਾਮਲੇ ਵਿੱਚ ਹੀ ਅਮਰੀਕਾ ਦੇ ਨਿਆਂ ਵਿਭਾਗ ਨੇ 17 ਅਕਤੂਬਰ ਨੂੰ ਭਾਰਤੀ ਨਾਗਰਿਕ ਵਿਕਾਸ ਯਾਦਵ ਦੇ ਵਿਰੁੱਧ ਪੈਸੇ ਬਦਲੇ ਕਤਲ ਅਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਨ ਦਾ ਐਲਾਨ ਕੀਤਾ ਹੈ।

ਇਸ ਮਾਮਲੇ ਵਿੱਚ ਨਿਖਿਲ ਗੁਪਤਾ ਨਾਮ ਦੇ ਇੱਕ ਭਾਰਤੀ ਨਾਗਰਿਕ 'ਤੇ ਇਲਜ਼ਾਮ ਹੈ ਕਿ ਉਸ ਨੇ ਸਿੱਖ ਆਗੂ ਦੇ ਕਤਲ ਦਾ ਠੇਕਾ ਕਿਸੇ ਹਿੱਟਮੈਨ (ਜਿਸ ਵਿਅਕਤੀ ਨੇ ਕਤਲ ਕਰਨਾ ਸੀ) ਨਾਲ ਇੱਕ ਲੱਖ ਡਾਲਰ (ਤਕਰੀਬਨ 83 ਲੱਖ ਰੁਪਏ) ਵਿੱਚ ਕੀਤਾ ਸੀ। ਜਿਸ ਵਿੱਚੋਂ ਨਿਖਿਲ ਨੇ 15 ਹਜ਼ਾਰ ਡਾਲਰ ਪੇਸ਼ਗੀ ਰਕਮ ਵਜੋਂ ਅਦਾ ਕੀਤੇ ਸਨ।

ਇਸੇ ਮਾਮਲੇ ਨੂੰ ਲੈ ਕੇ ਅਮਰੀਕਾ ਅਤੇ ਭਾਰਤ ਵਿੱਚ ਜਾਂਚ ਚੱਲ ਰਹੀ ਹੈ।

ʻਅਸੀਂ ਕਾਰਵਾਈ ਦੀ ਉਮੀਦ ਰੱਖਦੇ ਹਾਂʼ

ਪ੍ਰੈੱਸ ਬ੍ਰੀਫਿੰਗ ਵਿੱਚ ਬੋਲਦਿਆਂ ਵੇਦਾਂਤ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ, "ਅਸੀਂ ਸਮਝਦੇ ਹਾਂ ਕਿ ਭਾਰਤੀ ਜਾਂਚ ਕਮੇਟੀ ਆਪਣੀ ਜਾਂਚੀ ਜਾਰੀ ਰੱਖੇਗੀ ਅਤੇ ਅਸੀਂ ਪਿਛਲੇ ਹਫ਼ਤੇ ਦੀ ਕਾਰਵਾਈ ਦੇ ਆਧਾਰ ʼਤੇ ਕਾਰਵਾਈ ਦੀ ਆਸ ਰੱਖਦੇ ਹਾਂ।"

"ਅਸੀਂ ਉਸ ਜਾਂਚ ਦੇ ਆਧਾਰ ʼਤੇ ਜਵਾਬਦੇਹੀ ਦੀ ਆਸ ਵੀ ਰੱਖਦੇ ਹਾਂ। ਯਕੀਨੀ ਤੌਰ ʼਤੇ ਅਮਰੀਕਾ ਉਦੋਂ ਤੱਕ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋਵੇਗਾ ਜਦੋਂ ਤੱਕ ਜਾਂਚ ਵਿੱਚੋਂ ਕੋਈ ਸਾਰਥਕ ਕਾਰਵਾਈ ਨਾ ਨਿਕਲੇ।"

ਇਸ ਤੋਂ ਇਲਾਵਾ ਵੇਦਾਂਤ ਨੇ ਕਿਹਾ ਕਿ ਇਸ ਤੋਂ ਅੱਗੇ ਉਹ ਕੋਈ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਇਹ ਅਜਿਹਾ ਮੁੱਦਾ ਹੈ, ਜੋ ਸਰਗਰਮ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਜਾਂਚ ਚੱਲ ਰਹੀ ਹੈ।"

ਅਮਰੀਕਾ ਦੇ ਇਲਜ਼ਾਮ

ਅਮਰੀਕਾ ਵੱਲੋਂ ਦਾਇਰ ਕੇਸ ਵਿੱਚ ਲੱਗੇ ਇਲਜ਼ਾਮ ਮੁਤਾਬਕ ਮਈ 2023 ਵਿੱਚ ਅਧਿਕਾਰੀ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਵਿੱਚ ਕਤਲ ਕਰਵਾਉਣ ਦਾ ਟਾਸਕ ਦਿੱਤਾ ਸੀ।

ਦਸਤਾਵੇਜ਼ ਮੁਤਾਬਕ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ ਅਤੇ ਭਾਰਤ 'ਚ ਰਹਿੰਦਾ ਹੈ।

ਗੁਪਤਾ ਨੇ ਹਿੱਟਮੈਨ ਨਾਲ ਸੰਪਰਕ ਕਰਨ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਜਿਸ ਨੂੰ ਉਹ ਇੱਕ ਅਪਰਾਧਿਕ ਸਹਿਯੋਗੀ ਮੰਨ ਰਹੇ ਸਨ। ਦਰਅਸਲ ਇਹ ਵਿਅਕਤੀ ਅਮਰੀਕੀ ਖ਼ੁਫ਼ੀਆ ਏਜੰਸੀ ਦਾ ਭਰੋਸੇਯੋਗ ਸੂਤਰ ਸੀ।

ਅਮਰੀਕੀ ਖ਼ੁਫ਼ੀਆ ਏਜੰਸੀ ਦੇ ਇੱਕ ਭਰੋਸੇਮੰਦ ਸੂਤਰ ਨੇ ਗੁਪਤਾ ਦਾ ਸੰਪਰਕ ਅਮਰੀਕੀ ਏਜੰਸੀ ਦੇ ਇੱਕ ਅੰਡਰਕਵਰ ਏਜੰਟ ਨਾਲ ਕਰਵਾਇਆ।

ਗੁਪਤਾ ਅਤੇ ਅੰਡਰਕਵਰ ਏਜੰਟ ਵਿਚਕਾਰ ਇੱਕ ਲੱਖ ਅਮਰੀਕੀ ਡਾਲਰ ਦੇ ਬਦਲੇ ਕਤਲ ਕਰਨ ਦਾ ਸੌਦਾ ਹੋਇਆ।

ਨਿਖਿਲ ਗੁਪਤਾ ਨੇ ਆਪਣੇ ਇੱਕ ਸੰਪਰਕ ਰਾਹੀਂ ਨਿਊਯਾਰਕ ਦੇ ਮੈਨਹਟਨ ਵਿੱਚ ਅਮਰੀਕੀ ਏਜੰਟ ਤੱਕ ਪੰਦਰਾਂ ਹਜ਼ਾਰ ਅਮਰੀਕੀ ਡਾਲਰ ਪਹੁੰਚਾਏ।

ਇਹ ਕਤਲ ਦੇ ਕੰਮ ਲਈ ਪੇਸ਼ਗੀ ਦਿੱਤੀ ਗਈ ਸੀ। ਇਸ ਦੀ ਵੀਡੀਓ ਵੀ ਏਜੰਟ ਨੇ ਰਿਕਾਰਡ ਕੀਤੀ ਹੈ ਅਤੇ ਕੇਸ ਨਾਲ ਨੱਥੀ ਕਰ ਦਿੱਤੀ ਹੈ।

ਇਲਜ਼ਾਮਾਂ ਅਨੁਸਾਰ, ਇਸ ਕੰਮ ਨੂੰ ਨਿਰਦੇਸ਼ਿਤ ਕਰ ਰਹੇ ਭਾਰਤੀ ਅਧਿਕਾਰੀ ਨੇ ਜੂਨ 2023 ਵਿੱਚ ਟਾਰਗੈਟ ਬਾਰੇ ਵਿਅਕਤੀਗਤ ਜਾਣਕਾਰੀਆਂ ਗੁਪਤਾ ਨੇ ਅੱਗੇ ਅਮਰੀਕੀ ਏਜੰਟ ਨੂੰ ਦੇ ਦਿੱਤੀਆਂ।

ਇਲਜ਼ਾਮ ਮੁਤਾਬਕ ਅਮਰੀਕਾ ਦੀ ਬੇਨਤੀ 'ਤੇ ਅਤੇ ਇਸ ਮਾਮਲੇ ਦੇ ਸਬੰਧ 'ਚ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ।

ਇਸ ਤੋਂ ਇਲਾਵਾ ਇਸੇ ਮਹੀਨੇ ਅਮਰੀਕਾ ਦੇ ਨਿਆਂ ਵਿਭਾਗ ਨੇ ਕਤਲ ਦੀ ਸਾਜਿਸ਼ ਵਿੱਚ ਵਿਕਾਸ ਯਾਦਵ ਨਾਮ ਦੇ ਭਾਰਤ ਸਰਕਾਰ ਦੇ ਇੱਕ ਸਾਬਕਾ ਅਧਿਕਾਰੀ ’ਤੇ ਇਲਜ਼ਾਮ ਤੈਅ ਕੀਤੇ ਹਨ।

17 ਅਕਤੂਬਰ ਨੂੰ ਅਮਰੀਕੀ ਅਦਾਲਤ 'ਚ ਵਿਕਾਸ ਯਾਦਵ ਉੱਤੇ ਕਤਲ ਦੀ ਸਾਜਿਸ਼ (ਮਰਡਰ ਫਾਰ ਹਾਇਰ) ਤੇ ਪੈਸਿਆਂ ਦੀ ਧਾਂਦਲੀ ਦੇ ਵੀ ਇਲਜ਼ਾਮ ਤੈਅ ਹੋਏ ਹਨ।

ਯਾਦਵ ਦਾ ਨਾਂਅ ਨਿਊ ਯਾਰਕ ਦੀ ਯੂਐੱਸ ਸਾਊਥਰਨ ਡਿਸਟ੍ਰਿਕਟ ਦੀ ਕੋਰਟ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਸਾਹਮਣੇ ਆਇਆ।

ਇਨ੍ਹਾਂ ਦਸਤਾਵੇਜ਼ਾਂ ਮੁਤਾਬਕ ਇਸ ਕੇਸ ਨਾਲ ਜੁੜੇ ਸਮੇਂ ਦੌਰਾਨ ਵਿਕਾਸ ਯਾਦਵ ਭਾਰਤ ਸਰਕਾਰ ਦੇ ਕੈਬਨਿਟ ਸੈਕਰੇਟਰੀਅਟ ਲਈ ਕੰਮ ਕਰ ਰਿਹਾ ਸੀ ਜਿਸ ਵਿੱਚ ਭਾਰਤੀ ਵਿਦੇਸ਼ ਇੰਟੈਲਿਜੈਂਸ ਸਰਵਿਸ ਅਤੇ 'ਰਿਸਚਰਚ ਐਂਡ ਅਨਾਲਿਸਿਸ ਵਿੰਗ' (ਰਾਅ) ਵੀ ਹੈ।

ਅਮਰੀਕੀ ਨਿਆਂ ਵਿਭਾਗ ਮੁਤਾਬਕ ਯਾਦਵ ਦੇ ਕਹਿਣ ਉੱਤੇ ਨਿਖਿਲ ਗੁਪਤਾ ਨੇ ਜਿਸ ਵਿਅਕਤੀ ਨਾਲ ਕਤਲ ਦਾ ਠੇਕਾ ਦੇਣ ਲਈ ਸਹਾਇਤਾ ਲਈ ਸੰਪਰਕ ਕੀਤਾ ਉਹ ਵਿਅਕਤੀ ਅਮਰੀਕੀ ਏਜੰਸੀ ‘ਡੀਈਏ’ ਲਈ ਕੰਮ ਕਰ ਰਿਹਾ ਸੀ।

ਹਾਲਾਂਕਿ, ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਜਿਸ ਵਿਅਕਤੀ ਦੀ ਇਸ ਮਾਮਲੇ ਵਿੱਚ ਪਛਾਣ ਕੀਤੀ ਗਈ ਹੈ ਉਹ ਹੁਣ ਭਾਰਤ ਸਰਕਾਰ ਲਈ ਕੰਮ ਨਹੀਂ ਕਰਦਾ ਹੈ।

ਨਿਆਂ ਵਿਭਾਗ ਮੁਤਾਬਕ ਵਿਕਾਸ ਅਤੇ ਨਿਖਿਲ ਉੱਤੇ ‘ਮਰਡਰ ਫਾਰ ਹਾਇਰ’ ਦੇ ਇਲਜ਼ਾਮ ਤੈਅ ਹੋਏ ਹਨ ਜਿਸ ਦੀ ਸਜ਼ਾ ਵੱਧ ਤੋਂ ਵੱਧ 10 ਸਾਲ ਦੀ ਕੈਦ ਹੈ। ਇਸ ਦੇ ਨਾਲ ਹੀ ਉਨ੍ਹਾਂ ਉੱਤੇ 'ਮਰਡਰ ਫਾਰ ਹਾਇਰ ਦੀ ਸਾਜਿਸ਼’ ਜਿਸ ਦੀ ਸਜ਼ਾ ਵੱਧ ਤੋਂ ਵੱਧ 10 ਸਾਲ ਹੈ ਤੇ ਪੈਸਿਆਂ ਦੀ ਧਾਂਦਲੀ ਜਿਸ ਦੀ ਸਜ਼ਾ ਵੱਧ ਤੋਂ ਵੱਧ 20 ਸਾਲ ਹੈ, ਦੇ ਇਲਜ਼ਾਮ ਤੈਅ ਹੋਏ ਹਨ।

ਗੁਰਪਤਵੰਤ ਸਿੰਘ ਪੰਨੂ ਕੌਣ ਹਨ

ਪੇਸ਼ੇ ਤੋਂ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਪਰਿਵਾਰ ਦੇ ਵੱਡੇ-ਵਡੇਰੇ ਪਹਿਲਾਂ ਪੱਟੀ ਦੇ ਪਿੰਡ ਨੱਥੂਚੱਕ ਵਿੱਚ ਰਹਿੰਦੇ ਸਨ ਅਤੇ ਬਾਅਦ ਵਿੱਚ ਉਹ ਅੰਮ੍ਰਿਤਸਰ ਨੇੜੇ ਪੈਂਦੇ ਪਿੰਡ ਖਾਨਕੋਟ ਵਿਖੇ ਜਾ ਵਸੇ ਸਨ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਪੰਨੂ ਦਾ ਇੱਕ ਭਰਾ ਤੇ ਇੱਕ ਭੈਣ ਹਨ। ਉਨ੍ਹਾਂ ਦੀ ਸਾਰੀ ਪੜ੍ਹਾਈ ਭਾਰਤ ਵਿੱਚ ਹੀ, ਲੁਧਿਆਣਾ ਅਤੇ ਚੰਡੀਗੜ੍ਹ ਤੋਂ ਹੋਈ ਹੈ। ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਵੀ ਭਾਰਤ ਵਿੱਚ ਹੀ ਕੀਤੀ ਹੈ। ਪੰਨੂ ਦੇ ਪਿਤਾ ਮਹਿੰਦਰ ਸਿੰਘ ਪੰਜਾਬ ਮਾਰਕੀਟਿੰਗ ਬੋਰਡ ਦੇ ਸਕੱਤਰ ਸਨ।

1990ਵਿਆਂ ਵਿੱਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ। ਕਾਲਜ ਦੇ ਸਮੇਂ ਤੋਂ ਹੀ ਉਹ ਸਟੂਡੈਂਟ ਐਕਟੀਵਿਸਟ ਬਣ ਗਏ ਸਨ ਅਤੇ ਸਟੂਡੈਂਟ ਪੌਲੀਟਿਕਸ ਵਿੱਚ ਐਕਟਿਵ ਹੋ ਗਏ ਸਨ।

ਨੱਬੇ ਦੇ ਦਹਾਕੇ ਵਿੱਚ ਪੰਨੂ ਉੱਤੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਚੰਡੀਗੜ੍ਹ ਸ਼ਹਿਰਾਂ ਵਿੱਚ ਸਥਿਤ ਥਾਣਿਆਂ ਵਿੱਚ ਇਰਾਦਤਨ ਕਤਲ ਅਤੇ ਕਤਲ ਕਰਨ ਦੇ ਕੇਸ ਦਰਜ ਕੀਤੇ ਗਏ।

ਇਸ ਤੋਂ ਬਾਅਦ, 1991-92 ਵਿੱਚ ਪੰਨੂ ਅਮਰੀਕਾ ਚਲੇ ਗਏ। ਉੱਥੇ ਜਾ ਕੇ ਉਨ੍ਹਾਂ ਨੇ ਕਨੈਕਟੀਕਟ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ, ਜਿੱਥੇ ਪੰਨੂ ਨੇ ਐੱਮਬੀਏ ਫਾਇਨਾਂਸ ਅਤੇ ਨਿਊਯਾਰਕ ਯੂਨੀਵਰਸਿਟੀ ਵਿੱਚ ਮਾਸਟਰਜ਼ ਆਫ਼ ਲਾਅ ਦੀ ਡਿਗਰੀ ਹਾਸਿਲ ਕੀਤੀ।

ਅਮਰੀਕਾ ਵਿੱਚ ਉਚੇਰੀ ਸਿੱਖਿਆ ਲੈਣ ਤੋਂ ਬਾਅਦ ਪੰਨੂ ਨੇ ਨਿਊਯਾਰਕ ਸਥਿਤ ਵਾਲ ਸਟਰੀਟ ਵਿੱਚ ਸਿਸਟਮ ਐਨੇਲਿਸਟ ਵਜੋਂ 2014 ਤੱਕ ਕੰਮ ਕੀਤਾ। ਉਹ ਅਮਰੀਕਾ ਜਾ ਕੇ ਵੀ ਸਿਆਸੀ ਤੌਰ 'ਤੇ ਸਰਗਰਮ ਰਹੇ।

ਪੰਨੂ ਇੱਕ ਡਿਫੈਂਸ ਵਕੀਲ ਹਨ ਅਤੇ ਉਨ੍ਹਾਂ ਨੇ ਸਾਲ 2007 ਵਿੱਚ ਹੀ ਸਿਖਸ ਫਾਰ ਜਸਟਿਸ ਦੀ ਸਥਾਪਨਾ ਕੀਤੀ ਸੀ।

ਸਿਖਸ ਫਾਰ ਜਸਟਿਸ ਦਾ ਰਜਿਸਟਰਡ ਦਫ਼ਤਰ ਵਾਸ਼ਿੰਗਟਨ ਵਿੱਚ ਹੈ ਅਤੇ ਪੰਨੂ ਦਾ ਦਫ਼ਤਰ ਨਿਊਯਾਰਕ ਵਿੱਚ ਹੈ, ਜਿੱਥੇ ਉਹ ਆਪਣੀ ਲਾਅ ਫਰਮ ਚਲਾਉਂਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)