You’re viewing a text-only version of this website that uses less data. View the main version of the website including all images and videos.
ਪਾਣੀ ਕਾਰਨ ਹੱਥਾਂ 'ਤੇ ਝੁਰੜੀਆਂ ਕਿਉਂ ਪੈ ਜਾਂਦੀਆਂ ਹਨ ਤੇ ਕੀ ਇਹ ਲਾਭਦਾਇਕ ਹੁੰਦੀਆਂ ਹਨ
- ਲੇਖਕ, ਰਿਚਰਡ ਗਰੇ
- ਰੋਲ, ਬੀਬੀਸੀ ਨਿਊਜ਼
ਹੱਥਾਂ-ਪੈਰਾਂ ਨੂੰ ਕੁਝ ਸਮੇਂ ਲਈ ਪਾਣੀ ਵਿੱਚ ਡੁਬੋਈਏ ਤਾਂ ਅਜੀਬ ਜਿਹੀਆਂ ਝੁਰੜੀਆਂ ਪੈ ਜਾਂਦੀਆਂ ਹਨ। ਇਹ ਲੇਖ ਇਨ੍ਹਾਂ ਝੁਰੜੀਆਂ ਦੇ ਰਹੱਸਾਂ ਬਾਰੇ ਹੀ ਹੈ।
ਕੁਝ ਸਮੇਂ ਲਈ ਆਪਣੇ ਹੱਥ ਪਾਣੀ ਵਿੱਚ ਡੁਬੋ ਕੇ ਰੱਖੋ। ਹੱਥਾਂ ਪੈਰਾਂ ਦੇ ਮਾਸ ਦੀ ਸ਼ਕਲ ਹੀ ਬਦਲ ਜਾਂਦੀ ਹੈ ਤੇ ਸਾਡੇ ਸੋਹਲ ਜਿਹੇ ਹੱਥਾਂ-ਪੈਰਾਂ ਦੀ ਚਮੜੀ ਕਿਸੇ ਬੁੱਢੇ ਵਿਅਕਤੀ ਦੀ ਚਮੜੀ ਵਰਗੀ ਹੋ ਜਾਂਦੀ ਹੈ।
ਬੱਚੇ ਅਕਸਰ ਪਾਣੀ ਵਿੱਚ ਹੱਥ ਡੁਬੋ ਕੇ ਕਹਿਣਗੇ- ‘ਮੇਰੇ ਹੱਥ ਬੁੱਢੀ ਮਾਈ ਵਰਗੇ ਹੋ ਗਏ’।
ਇਸ ਬਦਲਾਅ ਤੋਂ ਅਸੀਂ ਸਾਰੇ ਜਾਣੂ ਹਾਂ, ਫਿਰ ਵੀ ਇਹ ਸਾਨੂੰ ਹੈਰਾਨ ਕਰਦਾ ਹੈ। ਸਾਡੇ ਹੱਥਾਂ ਪੈਰਾਂ ਦੀ ਚਮੜੀ ’ਤੇ ਹੀ ਇਹ ਅਜੀਬ ਝੁਰੜੀਆਂ ਪੈਂਦੀਆਂ ਹਨ, ਪਰ ਬਾਕੀ ਸਰੀਰ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਪਾਣੀ ਕਾਰਨ ਬਣਨ ਵਾਲੀਆਂ ਇਨ੍ਹਾਂ ਝੁਰੜੀਆਂ ਨੇ ਸਾਇੰਸਦਾਨਾਂ ਦਾ ਧਿਆਨ ਕਈ ਦਹਾਕਿਆਂ ਤੋਂ ਆਪਣੇ ਵੱਲ ਖਿੱਚਿਆ ਹੈ।
ਹਾਲ ਹੀ ਵਿੱਚ ਸਾਇੰਸਦਾਨਾਂ ਦਾ ਧਿਆਨ ਇਸ ਗੱਲ ਵੱਲ ਵੀ ਗਿਆ ਹੈ ਕਿ ਇਹ ਝੁਰੜੀਆਂ ਕਿਉਂ ਹੁੰਦੀਆਂ ਹਨ ਅਤੇ ਇਹ ਕਰਦੀਆਂ ਕੀ ਹਨ।
ਸਭ ਤੋਂ ਦਿਲਚਸਪ ਸਵਾਲ ਹੈ ਕਿ ਇਹ ਝੁਰੜੀਆਂ ਸਾਡੀ ਸਿਹਤ ਬਾਰੇ ਕੀ ਸੰਕੇਤ ਦਿੰਦੀਆਂ ਹਨ।
ਜਿੱਥੇ ਗਰਮ ਪਾਣੀ ਵਿੱਚ ਲਗਭਗ ਸਾਢੇ ਤਿੰਨ ਮਿੰਟ ਤਾਂ ਠੰਢੇ ਪਾਣੀ ਵਿੱਚ ਝੁਰੜੀਆਂ ਆਉਣ ਨੂੰ 10 ਮਿੰਟ ਵੀ ਲੱਗ ਜਾਂਦੇ ਹਨ। ਹਾਲਾਂਕਿ ਪੂਰੀ ਤਰ੍ਹਾਂ ਝੁਰੜੀਦਾਰ ਹੋਣ ਲਈ 30 ਮਿੰਟ ਤੱਕ ਹੱਥ-ਪੈਰ ਪਾਣੀ ਵਿੱਚ ਡੁਬੋ ਕੇ ਰੱਖਣੇ ਪੈਂਦੇ ਹਨ।
ਆਮ ਤੌਰ 'ਤੇ ਸਮਝਿਆ ਜਾਂਦਾ ਹੈ ਕਿ ਪਾਣੀ ਦੇ ਪੋਟਿਆਂ ਦੀ ਚਮੜੀ ਦੇ ਸੈੱਲਾਂ ਵਿੱਚ ਦਾਖ਼ਲ ਹੋ ਜਾਣ ਕਾਰਨ ਚਮੜੀ ਸੁੱਜ ਜਾਂਦੀ ਹੈ। ਚਮੜੀ ਦੇ ਸੈੱਲਾਂ ਵਿੱਚ ਪਾਣੀ ਜਾਣ ਦੀ ਪ੍ਰਕਿਰਿਆ ਨੂੰ ਓਸਮੋਸਿਸ ਕਿਹਾ ਜਾਂਦਾ ਹੈ।
ਹਾਲਾਂਕਿ 1935 ਤੱਕ ਸਾਇੰਸਦਾਨਾਂ ਨੂੰ ਲੱਗਦਾ ਰਿਹਾ ਹੈ ਕਿ ਇਸ ਦੇ ਪਿੱਛੇ ਹੋਰ ਵੀ ਕਾਰਨ ਹੈ।
ਡਾਕਟਰਾਂ ਨੇ ਦੇਖਿਆ ਹੈ ਕਿ ਜਿਹੜੇ ਮਰੀਜ਼ਾਂ ਦੀ ਮੀਡੀਅਨ ਨਰਵ ਵੱਢੀ ਜਾਂਦੀ ਹੈ, ਉਨ੍ਹਾਂ ਦੇ ਝੁਰੜੀਆਂ ਨਹੀਂ ਪੈਂਦੀਆਂ । ਇਹ ਮੁੱਖ ਨਰਵਸ (ਨਾੜੀਆਂ) ਬਾਂਹ ਤੋਂ ਹੱਥਾਂ ਵੱਲ ਜਾਂਦੀਆਂ ਹਨ।
ਹੋਰ ਕੰਮਾਂ ਤੋਂ ਇਲਾਵਾ ਇਹ ਨਾੜੀਆਂ, ਪਸੀਨੇ ਅਤੇ ਖੂਨ ਦੀਆਂ ਧਮਣੀਆਂ ਨੂੰ ਸੁੰਗੋੜਨ ਵਰਗੇ ਕੰਮ ਵੀ ਕਰਦੀਆਂ ਹਨ।
ਡਾਕਟਰੀ ਖੋਜ ਤੋਂ ਸਿੱਧ ਹੋਇਆ ਕਿ ਪਾਣੀ ਕਾਰਨ ਪੈਣ ਵਾਲੀਆਂ ਝੁਰੜੀਆਂ ਪਿੱਛੇ ਵੀ ਸਾਡੇ ਕੇਂਦਰੀ ਨਾੜੀ ਤੰਤਰ (ਨਰਵਸ ਸਿਸਟਮ) ਦਾ ‘ਹੱਥ ਹੈ’।
ਅੱਗੇ ਚੱਲ ਕੇ 1970ਵਿਆਂ ਵਿੱਚ ਇਸ ਬਾਰੇ ਹੋਰ ਵੀ ਤੱਥ ਸਾਹਮਣੇ ਆਏ।
ਇੱਕ ਸਾਧਾਰਣ ਪ੍ਰਯੋਗ ਵਿੱਚ ਮਰੀਜ਼ਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਬੈਡ ਦੇ ਨਾਲ ਪਏ ਪਾਣੀ ’ਚ ਆਪਣੇ ਹੱਥ ਡਬੋਣ ਤਾਂ ਜੋ ਉਨ੍ਹਾਂ ਦੀ (ਨਰਵ ਨੂੰ ਪਹੁੰਚੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਸਕੇ, ਜੋ ਖੂਨ ਦੇ ਵਹਾ ਵਰਗੀਆਂ ਪ੍ਰਕਿਰਿਆਵਾਂ ਲਈ ਜ਼ਿੰਮੇਵਾਰ ਹਨ।
ਸਾਲ 2003 ਵਿੱਚ ਨਿਊਰੋਲੋਜਿਸਟ ਈਨਰ ਵਿਲਡਰ-ਸਮਿੱਥ ਅਤੇ ਐਡਿਲੀਨ ਚੋਕ, ਸਿੰਗਾਪੁਰ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਵਿੱਚ ਕੰਮ ਕਰ ਰਹੇ ਸਨ।
ਉਨ੍ਹਾਂ ਨੇ ਅਧਿਐਨ ਵਿੱਚ ਸ਼ਾਮਲ ਲੋਕਾਂ ਦੇ ਹੱਥ ਪਾਣੀ ਵਿੱਚ ਡੁਬੋ ਕੇ ਵਿੱਚ ਖੂਨ ਦੇ ਵਹਾ ਦੇ ਮਾਪ ਲਏ।
ਉਨ੍ਹਾਂ ਦੇਖਿਆ ਕਿ ਜਦੋਂ ਹੱਥਾਂ ’ਤੇ ਝੁਰੜੀਆਂ ਪੈਣ ਲੱਗੀਆਂ ਤਾਂ ਉਂਗਲਾਂ ਵੱਲ ਜਾਂਦੇ (ਖੂਨ ਦੇ ਵਹਾ ਵਿੱਚ ਵੀ ਵਰਣਨਯੋਗ ਕਮੀ ਆਈ।
ਡਾਕਟਰਾਂ ਨੇ ਵਲੰਟੀਅਰਾਂ ਦੇ ਹੱਥਾਂ ’ਤੇ ਸੁੰਨ ਕਰਨ ਵਾਲੀ ਦਵਾਈ ਵੀ ਲਾਈ। ਦਵਾਈ ਨਾਲ ਵੀ ਪਾਣੀ ਵਿੱਚ ਡਬੋਣ ਵਰਗੀਆਂ ਝੁਰੜੀਆਂ ਬਣ ਗਈਆਂ।
ਮੈਨਚੈਸਟਰ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਨਿਊਰੋ-ਵਿਗਿਆਨੀ ਅਤੇ ਮਨੋਵਿਗਿਆਨੀ ਨਿਕ ਡੇਵਿਸ ਮੁਤਾਬਕ, “ਉਂਗਲਾਂ ਵਿੱਚ ਖੂਨ ਦਾ ਵਹਾਅ ਸਤ੍ਹਾ ਤੋਂ ਪਿੱਛੇ ਧੱਕ ਦਿੱਤਾ ਜਾਂਦਾ ਹੈ ਤਾਂ ਉਂਗਲਾਂ ਦੇ ਪੋਟੇ ਪੀਲੇ ਪੈ ਜਾਂਦੇ ਹਨ।”
ਵਿਲਡਰ-ਸਮਿੱਥ ਅਤੇ ਉਨ੍ਹਾਂ ਦੇ ਸਹਿਕਰਮੀਆਂ ਮੁਤਾਬਕ, ਹੱਥ ਪਾਣੀ ਵਿੱਚ ਡੁੱਬਣ ਨਾਲ ਸਾਡੇ ਪਸੀਨੇ ਦੇ ਰੋਮ ਖੁੱਲ੍ਹ ਜਾਂਦੇ ਹਨ ਤੇ ਪਾਣੀ ਚਮੜੀ ਵਿੱਚ ਵੜ ਜਾਂਦਾ ਹੈ। ਇਸ ਕਾਰਨ ਚਮੜੀ ਦੇ ਅੰਦਰ ਲੂਣਾਂ ਦਾ ਸੰਤੁਲਨ ਵਿਗੜ ਜਾਂਦਾ ਹੈ।
ਇਸ ਅਸੰਤੁਲਨ ਕਾਰਨ ਪਸੀਨੇ ਦੇ ਰੋਮਾਂ ਦੀਆਂ ਨਜ਼ਦੀਕੀ ਖੂਨ ਦੀਆਂ ਨਸਾਂ ਸੁੰਗੜ ਜਾਂਦੀਆਂ ਹਨ। ਜਿਸ ਨਾਲ ਬਾਹਰੀ ਚਮੜੀ ਨੂੰ ਅੰਦਰ ਵੱਲ ਖਿੱਚਦੀ ਹੈ।
ਬਾਹਰੀ ਚਮੜੀ ਅੰਦਰੋਂ ਕਿਵੇਂ ਜੁੜੀ ਹੋਈ ਹੈ, ਉਸੇ ਮੁਤਾਬਕ ਝੁਰੜੀਆਂ ਨਿਰਭਰ ਕਰਦੀਆਂ ਹਨ।
ਇਹ ਵੀ ਰਾਇ ਹੈ ਕਿ ਬਾਹਰੀ ਚਮੜੀ ਕੁਝ ਸੁੱਜਣ ਕਾਰਨ ਵੀ ਝੁਰੜੀਆਂ ਕੁਝ ਵਧ ਜਾਂਦੀਆਂ ਹਨ। ਓਸਮੋਸਿਸ ਰਾਹੀਂ ਵੀ ਝੁਰੜੀਆਂ ਪੈਦਾ ਕਰਨ ਲਈ ਚਮੜੀ ਨੂੰ 20% ਸੁੱਜਣਾ ਪਵੇਗਾ, ਤਾਂ ਹੀ ਉਂਗਲਾਂ ਅਕਾਰ ਵਿੱਚ ਵੱਡੀਆਂ ਵੀ ਲੱਗਦੀਆਂ ਹਨ।
ਪਾਬਲੋ ਸਾਇਜ਼ ਵਿਨਾਸ ਕੈਟਲੋਨੀਆ, ਟੈਕਨੀਕਲ ਯੂਨੀਵਰਸਿਟੀ ਵਿੱਚ ਇੱਕ ਜੈਵ-ਰਸਾਇਣਕ ਇੰਜੀਨੀਅਰ ਹਨ।
ਉਹ ਕਹਿੰਦੇ ਹਨ ਕਿ ਜੇ ਅੰਦਰੂਨੀ ਚਮੜੀ ਬਾਹਰੀ ਨਾਲੋਂ ਜ਼ਿਆਦਾ ਸੁੱਜ ਜਾਵੇ ਤਾਂ ਝੁਰੜੀਆਂ ਜਲਦੀ ਉਜਾਗਰ ਹੋ ਜਾਂਦੀਆਂ ਹਨ। ਪਾਬਲੋ ਨੇ ਕੰਪਿਊਟਰ ਮਾਡਲਿੰਗ ਦੁਆਰਾ ਝੁਰੜੀਆਂ ਦਾ ਅਧਿਐਨ ਕੀਤਾ ਹੈ।
ਉਹ ਦੱਸਦੇ ਹਨ, “ਸਾਧਾਰਣ ਝੁਰੜੀਆਂ ਲਈ ਚਮੜੀ ਦੀਆਂ ਦੋਵੇਂ ਪਰਤਾਂ ਬਰਾਬਰ ਸੁੱਜਣੀਆਂ ਚਾਹੀਦੀਆਂ ਹਨ। ਜੇ ਤੁਹਾਡੇ ਅੰਦਰ ਇਹ ਨਿਊਰੋਲੋਜੀਕਲ ਪ੍ਰਕਿਰਿਆ ਨਹੀਂ ਵਾਪਰਦੀ ਤਾਂ ਝੁਰੜੀਆਂ ਵਿੱਚ ਰੁਕਾਵਟ ਪੈਦਾ ਹੁੰਦੀ ਹੈ।”
ਹੁਣ ਜੇ ਝੁਰੜੀਆਂ ਨੂੰ ਸਾਡੀਆਂ ਨਾੜੀਆਂ ਕਾਬੂ ਕਰਦੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਪਾਣੀ ਵਿੱਚ ਰਹਿਣ ਦੌਰਾਨ ਸਾਡਾ ਸਰੀਰ ਨਿਰੰਤਰ ਪ੍ਰਤੀਕਿਰਿਆ ਕਰਦਾ ਹੈ।
ਡੇਵਿਸ ਕਹਿੰਦੇ ਹਨ, “ਇਸ ਦਾ ਮਤਲਬ ਹੈ ਕਿ ਇਨ੍ਹਾਂ ਦਾ ਕੋਈ ਕਾਰਨ ਹੈ। ਹੋ ਸਕਦਾ ਹੈ ਇਸ ਦਾ ਸਾਨੂੰ ਕੋਈ ਲਾਭ ਹੁੰਦਾ ਹੋਵੇ।”
ਝੁਰੜੀਆਂ ਦੇ ਫਾਇਦੇ
ਡੇਵਿਸ ਦੇ ਬੇਟੇ ਨੇ ਇੱਕ ਦਿਨ ਨਹਾਉਣ ਦੌਰਾਨ ਡੇਵਿਡ ਨੂੰ ਇਨ੍ਹਾਂ ਝੁਰੜੀਆਂ ਦੇ ਫਾਇਦਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਇਸ ਬਾਰੇ ਹੋਰ ਖੋਜ ਸ਼ੁਰੂ ਕੀਤੀ।
ਸਾਲ 2020 ਦੌਰਾਨ ਸਾਇੰਸ ਮਿਊਜ਼ੀਅਮ, ਲੰਡਨ ਆਉਣ ਵਾਲੇ 500 ਸੈਲਾਨੀਆਂ ’ਤੇ ਅਧਿਐਨ ਕਰਕੇ ਦੇਖਿਆ ਕਿ ਪਲਾਸਟਿਕ ਦੀ ਕੋਈ ਵਸਤੂ ਫੜ੍ਹਨ ਲਈ ਉਨ੍ਹਾਂ ਨੂੰ ਕਿੰਨੀ ਤਾਕਤ ਲਾਉਣੀ ਪੈਂਦੀ ਹੈ।
ਕੋਈ ਹੈਰਾਨੀ ਨਹੀਂ ਸੀ ਕਿ ਬਿਨਾਂ-ਝੁਰੜੀ ਦੇ ਹੱਥਾਂ ਨਾਲ ਕੋਈ ਚੀਜ਼ ਸਹਿਜੇ ਹੀ ਪਕੜ ਵਿੱਚ ਆ ਜਾਂਦੀ ਹੈ। ਇਸ ਲਈ ਉਨ੍ਹਾਂ ਦੀ ਪਕੜ ਵਧੀਆ ਸੀ।
ਦੇਖਿਆ ਗਿਆ ਕਿ ਲੋਕਾਂ ਦੇ ਹੱਥ ਪਾਣੀ ਵਿੱਚ ਡੁੱਬੇ ਹੋਣ ਨਾਲ ਉਨ੍ਹਾਂ ਨੂੰ ਕੋਈ ਚੀਜ਼ ਫੜ੍ਹਨ ਲਈ ਘੱਟ ਤਾਕਤ ਦੀ ਲੋੜ ਪਈ। ਭਾਵੇਂ ਕਿ ਅਜੇ ਉਨ੍ਹਾਂ ਦੇ ਹੱਥ ਗਿੱਲੇ ਹੀ ਸਨ।
ਡੇਵਿਸ ਮੁਤਾਬਕ, “ਨਤੀਜੇ ਸਾਫ਼ ਸਨ ਕਿ ਝੁਰੜੀਆਂ ਨਾਲ ਵਸਤੂਆਂ ਅਤੇ ਉਂਗਲਾਂ ਦਰਮਿਆਨ ਰਗੜ ਵਧ ਜਾਂਦੀ ਹੈ। ਸਾਡੀਆਂ ਉਂਗਲਾਂ ਇਸ ਪ੍ਰਤੀ ਸੰਵੇਦਨਸ਼ੀਲ ਵੀ ਹਨ। ਇਸ ਸਦਕਾ ਅਸੀਂ ਕਿਸੇ ਚੀਜ਼ ’ਤੇ ਵਧੀਆ ਪਕੜ ਬਣਾ ਸਕਦੇ ਹਾਂ।”
ਡੇਵਿਸ ਦੇ ਵਾਲੰਟੀਅਰ ਜੋ ਵਸਤੂਆਂ ਚੁੱਕ ਰਹੇ ਸਨ, ਉਹ ਕੁਝ ਸਿੱਕਿਆਂ ਤੋਂ ਵੱਧ ਭਾਰੀ ਨਹੀਂ ਸੀ।
ਇਸ ਲਈ ਪਕੜ ਵੀ ਘੱਟ ਚਾਹੀਦੀ ਸੀ ਪਰ ਨਿਸ਼ਚਿਤ ਹੀ ਪਾਣੀ ਦੇ ਅੰਦਰ ਕੋਈ ਵੱਡੀ ਚੀਜ਼ ਫੜ੍ਹਨ ਸਮੇਂ ਹੱਥਾਂ ਦੀਆਂ ਝੁਰੜੀਆਂ ਸਦਕਾ ਵਧੀ ਹੱਥਾਂ ਦੀ ਰਗੜ ਬਹੁਤ ਸਹਾਈ ਸਿੱਧ ਹੋ ਸਕਦੀ ਹੈ।
ਉਹ ਕਹਿੰਦੇ ਹਨ, “ਜੇ ਤੁਹਾਨੂੰ ਤਾਕਤ ਘੱਟ ਲਾਉਣੀ ਪੈਂਦੀ ਹੈ ਤਾਂ ਮਾਸ-ਪੇਸ਼ੀਆਂ ਘੱਟ ਥੱਕਣਗੀਆਂ ਤੇ ਤੁਸੀਂ ਜ਼ਿਆਦਾ ਦੇਰ ਕੋਈ ਕੰਮ ਕਰਦੇ ਰਹਿ ਸਕੋਗੇ।”
ਡੇਵਿਸ ਦੇ ਨਤੀਜੇ ਉਨ੍ਹਾਂ ਹੋਰ ਖੋਜਕਾਰਾਂ ਨਾਲ ਮਿਲਦੇ ਹਨ, ਜਿਨ੍ਹਾਂ ਨੇ ਕਿਹਾ ਹੈ ਕਿ ਝੁਰੜੀਆਂ ਨਾਲ ਗਿੱਲੀਆਂ ਵਸਤਾਂ ’ਤੇ ਸਾਡੀ ਪਕੜ ਜ਼ਿਆਦਾ ਹੁੰਦੀ ਹੈ।
ਸਾਲ 2013 ਵਿੱਚ ਬ੍ਰਿਟੇਨ ਦੀ ਨਿਊਕਾਸਲ ਯੂਨੀਵਰਸਿਟੀ ਵਿੱਚ ਨਿਊਰੋ-ਵਿਗਿਆਨੀਆਂ ਨੇ ਵਲੰਟੀਅਰਾਂ ਨੂੰ ਪਾਣੀ ਵਿੱਚ ਡੁੱਬੇ ਕੱਚ ਦੇ ਵੱਡੇ-ਛੋਟੇ ਕੰਚੇ ਇੱਕ ਜਾਰ ਤੋਂ ਦੂਜੇ ਜਾਰ ਵਿੱਚ ਪਾਉਣ ਲਈ ਕਿਹਾ।
ਪਹਿਲੇ ਪ੍ਰਯੋਗ ਵਿੱਚ ਕੰਚੇ ਸੁੱਕੇ ਸਨ। ਦੂਜੇ ਵਿੱਚ ਉਹ ਪਾਣੀ ਨਾਲ ਭਰੇ ਜਾਰ ਵਿੱਚ ਰੱਖੇ ਗਏ ਸਨ।
ਵਲੰਟੀਅਰਾਂ ਨੂੰ ਗੈਰ-ਝੁਰੜੀਦਾਰ ਹੱਥਾਂ ਨਾਲ ਵਸਤੂਆਂ ਚੁੱਕ ਕੇ ਦੂਜੇ ਜਾਰ ਵਿੱਚ ਰੱਖਣ ਵਿੱਚ 17 ਫੀਸਦੀ ਜ਼ਿਆਦਾ ਸਮਾਂ ਲੱਗਿਆ।
ਜਦਕਿ ਉਨ੍ਹਾਂ ਨੇ ਝੁਰੜੀਆਂ ਵਾਲੇ ਗਿੱਲੇ ਹੱਥਾਂ ਨਾਲ, ਗਿੱਲੇ ਪਰ ਬਿਨਾਂ ਝੁਰੜੀਆਂ ਵਾਲੇ ਹੱਥਾਂ ਦੇ ਮੁਕਾਬਲੇ 12 ਫੀਸਦੀ ਜ਼ਿਆਦਾ ਤੇਜ਼ੀ ਨਾਲ ਡੁੱਬੇ ਹੋਏ ਕੰਚਿਆਂ ਨੂੰ ਇੱਕ ਭਾਂਡੇ ਤੋਂ ਦੂਜੇ ਵਿੱਚ ਰੱਖਿਆ।
ਦਿਲਚਸਪ ਗੱਲ ਇਹ ਸੀ ਕਿ ਸੁੱਕੀਆਂ ਵਸਤੂਆਂ ਦੇ ਸੰਬੰਧ ਵਿੱਚ ਝੁਰੜੀਆਂ ਜਾਂ ਬਿਨਾਂ ਝੁਰੜੀਆਂ ਵਾਲੇ ਹੱਥਾਂ ਵਿੱਚ ਕੋਈ ਫਰਕ ਨਹੀਂ ਸੀ।
ਕੁਝ ਵਿਗਿਆਨੀਆਂ ਦੀ ਰਾਇ ਹੈ ਕਿ ਹੱਥਾਂ-ਪੈਰਾਂ ਦੀਆਂ ਝੁਰੜੀਆਂ ਗੱਡੀ ਦੇ ਟਾਇਰਾਂ ਦੀਆਂ ਗੁੱਡੀਆਂ ਵਾਂਗ ਕੰਮ ਕਰਦੀਆਂ ਹਨ। ਇਹ ਗੁੱਡੀਆਂ ਟਾਇਰਾਂ ਨੂੰ ਗਿੱਲੀਆਂ ਸੜਕਾਂ ’ਤੇ ਧਿਲਕਣ ਤੋਂ ਬਚਾਉਂਦੀਆਂ ਹਨ।
ਜਪਾਨੀ ਬਾਂਦਰ ਵਿੱਚ ਇਹ ਵਿਸ਼ੇਸ਼ਤਾ
ਝੁਰੜੀਆਂ ਦੀ ਵਜ੍ਹਾ ਨਾਲ ਪਾਣੀ ਉਂਗਲਾਂ ਤੇ ਵਸਤੂਆਂ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਅਤੇ ਪਕੜ ਵਧੀਆ ਬਣਦੀ ਹੈ।
ਇਹ ਦਰਸਾਉਂਦਾ ਹੈ ਕਿ ਮਨੁੱਖਾਂ ਦੇ ਹੱਥਾਂ-ਪੈਰਾਂ ’ਤੇ ਪਾਣੀ ਕਾਰਨ ਬਣਨ ਵਾਲੀਆਂ ਝੁਰੜੀਆਂ ਸ਼ਾਇਦ ਸਾਨੂੰ ਗਿੱਲੀਆਂ ਵਸਤਾਂ ਫੜ੍ਹਨ ਅਤੇ ਚੀਕਣੀ ਸਤ੍ਹਾ ’ਤੇ ਚਲਣ ਵਿੱਚ ਮਦਦ ਕਰਨ ਲਈ ਵਿਕਸਤ ਹੋਈਆਂ ਹੋਣਗੀਆਂ।
ਟੌਮ ਸਮੂਲਡਰਸ, ਨਿਊਕਾਸਲ ਯੂਨੀਵਰਸਿਟੀ ਵਿੱਚ ਇੱਕ ਵਿਕਾਸਵਾਦੀ ਨਿਊਰੋ-ਵਿਗਿਆਨੀ ਹਨ। ਉਨ੍ਹਾਂ ਨੇ ਹੀ 2013 ਵਿੱਚ ਇਸ ਅਧਿਐਨ ਦੀ ਅਗਵਾਈ ਕੀਤੀ ਸੀ।
ਉਹ ਦੱਸਦੇ ਹਨ, “ਕਿਉਂਕਿ ਅਜਿਹਾ ਲੱਗਦਾ ਹੈ ਕਿ ਝੁਰੜੀਆਂ ਸਾਨੂੰ ਪਾਣੀ ਦੇ ਹੇਠਾਂ ਵਧੀਆ ਪਕੜ ਦਿੰਦੀਆਂ ਹਨ, ਮੈਂ ਮੰਨਾਂਗਾ ਕਿ ਇਸ ਦਾ ਸੰਬੰਧ ਬਹੁਤ ਸਿੱਲ੍ਹੇ ਹਾਲਾਤ ਜਾਂ ਸੰਭਵ ਤੌਰ ’ਤੇ ਪਾਣੀ ਦੇ ਹੇਠਾਂ ਵਸਤੂਆਂ ਚੱਕਣ-ਥੱਲਣ ਨਾਲ ਹੋਵੇਗਾ।”
ਇਸ ਨੇ ਸਾਡੇ ਪੁਰਖਿਆਂ ਨੂੰ ਗਿੱਲੇ ਤਿਲਕਣੇ ਪੱਥਰਾਂ ’ਤੇ ਤੁਰਨ, ਟਾਹਣੀਆਂ ਜਾਂ ਪੱਥਰ ਫੜ੍ਹਨ ਵਿੱਚ ਮਦਦ ਕੀਤੀ ਹੋਵੇਗੀ। ਇਸੇ ਤਰ੍ਹਾਂ ਮਿਸਾਲ ਵਜੋਂ ਇਸ ਨੇ ਉਨ੍ਹਾਂ ਦੀ ਮਦਦ ਮੱਛੀਆਂ ਵਰਗੀ ਖੁਰਾਕ ਨੰਗੇ ਹੱਥੀਂ ਫੜ੍ਹਨ ਵਿੱਚ ਕੀਤੀ ਹੋਵੇਗੀ।
ਉਂਗਲਾਂ ਦੀਆਂ ਝੁਰੜੀਆਂ ਮਨੁੱਖਾਂ ਤੱਕ ਸੀਮਤ ਸਮਝੀਆਂ ਜਾਂਦੀਆਂ ਹਨ ਅਤੇ ਮਨੁੱਖਾਂ ਦੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਵਿੱਚ ਇਹ ਵਿਸ਼ੇਸ਼ਤਾ ਅਜੇ ਦੇਖੀ ਨਹੀਂ ਗਈ ਹੈ।
ਹਾਲਾਂਕਿ ਗਰਮ ਪਾਣੀ ਦੇ ਚਸ਼ਮਿਆਂ ਵਿੱਚ ਬੈਠ ਕੇ ਨਹਾਉਣ ਵਾਲੇ ਜਪਾਨੀ ਬਾਂਦਰਾਂ ਦੀਆਂ ਉਂਗਲਾਂ ’ਤੇ ਵੀ ਝੁਰੜੀਆਂ ਪੈਂਦੀਆਂ ਹਨ।
ਮਨੁੱਖ ਦੇ ਦੂਜੇ ਨੇੜਲੇ-ਸੰਬੰਧੀਆਂ ਵਿੱਚ ਭਾਵੇਂ ਝੁਰੜੀਆਂ ਦੇ ਸਬੂਤ ਨਹੀਂ ਮਿਲੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਦੇ ਝੁਰੜੀਆਂ ਪੈਂਦੀਆਂ ਹੀ ਨਾ ਹੋਣ।
ਸਮੂਲਡਰਸ ਦੱਸਦੇ ਹਨ ਕਿ ਅਜੇ “ਸਾਨੂੰ ਇਸ ਸਵਾਲ ਦਾ ਜਵਾਬ ਨਹੀਂ ਪਤਾ ਹੈ।”
ਮਨੁੱਖਾਂ ਵਿੱਚ ਇਹ ਵਿਸ਼ੇਸ਼ਤਾ ਵਿਕਾਸ ਦੇ ਕਿਸ ਪੜਾਅ ’ਤੇ ਪੈਦਾ ਹੋਈ, ਇਸ ਬਾਰੇ ਕੁਝ ਦਿਲਚਸਪ ਸੰਕੇਤ ਮਿਲਦੇ ਹਨ।
ਉਂਗਲਾਂ ਦੀਆਂ ਝੁਰੜੀਆਂ ਤਾਜ਼ੇ ਪਾਣੀ ਦੇ ਮੁਕਾਬਲੇ ਸਮੁੰਦਰੀ ਪਾਣੀ ਵਿੱਚ ਮੱਧਮ ਹੁੰਦੀਆਂ ਨੇ ਅਤੇ ਸਮਾਂ ਵੀ ਜ਼ਿਆਦਾ ਲੱਗਦਾ ਹੈ।
ਇਸ ਦੀ ਵਜ੍ਹਾ ਇਹ ਹੋ ਸਕਦੀ ਹੈ ਕਿ ਲੂਣ ਦੀ ਮਾਤਰਾ ਦੇ ਜਿਸ ਅਸੰਤੁਲਨ ਕਾਰਨ ਇਹ ਝੁਰੜੀਆਂ ਪੈਂਦੀਆਂ ਹਨ, ਸਮੁੰਦਰੀ ਪਾਣੀ ਵਿੱਚ ਉਹ ਅਸੰਤੁਲਨ ਪੈਦਾ ਹੋਣ ਨੂੰ ਵਧੇਰੇ ਸਮਾਂ ਲੱਗਦਾ ਹੋਵੇਗਾ।
ਕੁਝ ਵਿਗਿਆਨੀਆਂ ਮੁਤਾਬਕ, ਇਹ ਵਰਤਾਰਾ ਮਹਿਜ਼ ਸੰਜੋਗ ਹੀ ਹੈ ਅਤੇ ਇਸ ਦਾ ਮਨੁੱਖੀ ਨਸਲ ਦੇ ਵਿਕਾਸ ਨਾਲ ਕੋਈ ਸੰਬੰਧ ਨਹੀਂ ਹੈ।
ਪਕੜ ਵਿੱਚ ਕਮੀ
ਇਸ ਵਰਤਾਰੇ ਦੇ ਕੁਝ ਹੋਰ ਹੈਰਾਨੀਜਨਕ ਰਹੱਸ ਵੀ ਹਨ। ਇਸਤਰੀਆਂ ਵਿੱਚ ਇਹ ਮਰਦਾਂ ਨਾਲੋਂ ਦੇਰੀ ਨਾਲ ਬਣਦੀਆਂ ਹਨ।
ਸਾਡੇ ਹੱਥਾਂ ਨੂੰ ਮੁੜ ਸਧਾਰਨ ਹੋਣ ਵਿੱਚ 10-20 ਮਿੰਟ ਲੱਗ ਜਾਂਦੇ ਹਨ। ਕੀ ਇਨ੍ਹਾਂ ਕਾਰਨ ਪਾਣੀ ਵਿੱਚ ਸਾਡੀ ਪਕੜ ਵਿੱਚ ਕੋਈ ਕਮੀ ਆਉਂਦੀ ਹੈ?
ਬਿਲਕੁਲ, ਜੇ ਇਹ ਝੁਰੜੀਆਂ ਪਾਣੀ ਦੇ ਅੰਦਰ ਸਾਡੀ ਪਕੜ ਵਧਾਉਂਦੀਆਂ ਹਨ ਤੇ ਸੁੱਕੇ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਤਾਂ ਸਾਡੀਆਂ ਉਂਗਲਾਂ 'ਤੇ ਹਮੇਸ਼ਾ ਲਈ ਝੁਰੜੀਆਂ ਨਾ ਪੈ ਜਾਣ?
ਇਸ ਦੀ ਇੱਕ ਵਜ੍ਹਾ ਤਾਂ ਇਹ ਹੋ ਸਕਦੀ ਹੈ ਕਿ ਝੁਰੜੀਆਂ ਦੇ ਹੋਣ ਜਾਂ ਨਾ ਹੋਣ ਨਾਲ ਸਾਡੇ ਹੱਥਾਂ-ਪੈਰਾਂ ਦੀ ਸੰਵੇਦਨਾਸ਼ੀਲਤਾ ਵੀ ਪ੍ਰਭਾਵਿਤ ਹੁੰਦੀ ਹੈ।
ਹਾਲਾਂਕਿ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਇਨ੍ਹਾਂ ਨਾਲ ਸਾਡੀ ਵਸਤੂਆਂ ਨੂੰ ਛੋਹ ਕੇ ਨਿਖੇੜਨ ਦੀ ਸਮਰੱਥਾ ਵਿੱਚ ਕੋਈ ਫਰਕ ਨਹੀਂ ਪੈਂਦਾ।
ਡੇਵਿਸ ਕਹਿੰਦੇ ਹਨ, “ਕੁਝ ਲੋਕ ਇਨ੍ਹਾਂ ਤੋਂ ਕਤਰਾਉਂਦੇ ਹਨ ਕਿਉਂਕਿ ਝੁਰੜੀਆਂ ਵਾਲੇ ਹੱਥਾਂ ਨਾਲ ਕੁਝ ਚੁੱਕਣਾ ਅਜੀਬ ਜਿਹਾ ਅਹਿਸਾਸ ਹੁੰਦਾ ਹੈ।”
“ਇਸ ਦੀ ਇੱਕ ਵਜ੍ਹਾ ਇਹ ਹੋ ਸਕਦੀ ਹੈ ਕਿ ਸਾਡੀ ਚਮੜੀ ਵਿੱਚ ਤਾਂ ਬਦਲਾਅ ਆਉਂਦਾ ਹੀ ਹੈ, ਇਸ ਦਾ ਕੋਈ ਮਨੋਵਿਗਿਆਨਕ ਪਹਿਲੂ ਵੀ ਹੋ ਸਕਦਾ ਹੈ। ਇਸ ਦੀ ਜਾਂਚ ਕਰਨਾ ਦਿਲਚਸਪ ਹੋ ਸਕਦਾ ਹੈ। ਕੁਝ ਕੰਮ ਅਜਿਹੇ ਵੀ ਹੋ ਸਕਦੇ ਹਨ ਜੋ ਅਸੀਂ ਝੁਰੜੀਦਾਰ ਉਂਗਲਾਂ ਨਾਲ ਘੱਟ ਕਰਦੇ ਹਾਂ।”
ਪਾਣੀ ਵਿੱਚ ਪੈਣ ਵਾਲੀਆਂ ਝੁਰੜੀਆਂ ਸਾਡੀ ਸਿਹਤ ਬਾਰੇ ਵੀ ਕੁਝ ਮਹੱਤਵਪੂਰਨ ਜਾਣਕਾਰੀ ਦੇ ਸਕਦੀਆਂ ਹਨ।
ਮਿਸਾਲ ਵਜੋਂ ਪਸੋਰੀਸਿਸ ਅਤੇ ਵਿਟੀਲੀਗੋ (ਫੁਲਵ੍ਹੈਰੀ) ਵਰਗੀਆਂ ਚਮੜੀ ਨਾਲ ਜੁੜੀਆਂ ਬੀਮਾਰੀਆਂ ਦੇ ਮਰੀਜ਼ਾਂ ਵਿੱਚ ਇਹ ਝੁਰੜੀਆਂ ਦੇਰੀ ਨਾਲ ਬਣਦੀਆਂ ਹਨ।
ਜਦਕਿ ਸਿਸਟਿਕ ਫਾਇਬਰੋਸਿਸ, ਅਤੇ ਦੂਜੀਆਂ ਜਨੈਟਿਕ ਬੀਮਾਰੀਆਂ ਦੇ ਵਾਹਕਾਂ ਵਿੱਚ ਹਥੇਲੀਆਂ ਤੇ ਉਂਗਲੀਆਂ ਵਿੱਚ ਝੁਰੜੀਆਂ ਜ਼ਿਆਦਾ ਬਣਦੀਆਂ ਹਨ।
ਦੂਜੀ ਕਿਸਮ ਦੀ ਸ਼ੂਗਰ (ਟਾਈਪ-2 ਡਾਇਬਿਟੀਜ਼) ਦੇ ਮਰੀਜ਼ਾਂ ਵਿੱਚ ਵੀ ਕਦੇ-ਕਦੇ ਦੇਖਿਆ ਗਿਆ ਹੈ ਕਿ ਝੁਰੜੀਆਂ ਘੱਟ ਹੁੰਦੀਆਂ ਹਨ।
ਇਸੇ ਤਰ੍ਹਾਂ ਦਿਲ ਦੇ ਮਰੀਜ਼ਾਂ ਵਿੱਚ ਵੀ ਹੱਥ ਪਾਣੀ ਵਿੱਚ ਡਬੋ ਕੇ ਰੱਖਣ ਨਾਲ ਝੁਰੜੀਆਂ ਘੱਟ ਬਣਦੀਆਂ ਦੇਖੀਆਂ ਗਈਆਂ ਹਨ। ਅਜਿਹਾ ਸ਼ਾਇਦ ਉਨ੍ਹਾਂ ਦੇ ਕਾਰਡੀਓ-ਵੈਸਕਿਊਲਰ ਪ੍ਰਣਾਲੀ ਵਿੱਚ ਵਿਘਨ ਕਾਰਨ ਹੁੰਦਾ ਹੈ।
ਇਸੇ ਤਰ੍ਹਾਂ ਇਹ ਵੀ ਦੇਖਿਆ ਗਿਆ ਹੈ ਕਿ ਕੁਝ ਲੋਕਾਂ ਦੇ ਇੱਕ ਹੱਥ ’ਤੇ ਦੂਜੇ ਨਾਲੋਂ ਜ਼ਿਆਦਾ ਝੁਰੜੀਆਂ ਪੈਂਦੀਆਂ ਹਨ। ਭਾਵੇਂ ਕਿ ਦੋਵਾਂ ਹੱਥਾਂ ਨੂੰ ਸਮਾਨ ਸਮੇਂ ਲਈ ਪਾਣੀ ਵਿੱਚ ਡਬੋ ਕੇ ਰੱਖਿਆ ਜਾਵੇ।
ਇਸ ਨੂੰ ਪਾਰਕਿਨਸਨ ਬੀਮਾਰੀ ਦੇ ਸ਼ੁਰੂਆਤੀ ਲੱਛਣ ਵਜੋਂ ਵੀ ਦੇਖਿਆ ਗਿਆ ਹੈ। ਜਿੱਥੇ ਕਿ ਸਰੀਰ ਦਾ ਸਿੰਪਥੈਟਿਕ ਨਰਵਸ ਸਿਸਟਮ ਇੱਕ ਹੱਥ ਵਿੱਚ ਸਹੀ ਕੰਮ ਨਹੀਂ ਕਰ ਰਿਹਾ ਹੁੰਦਾ।
ਇਸ ਲਈ ਜਦੋਂ ਪਹਿਲੇ ਸਵਾਲ ਕਿ ਪਾਣੀ ਵਿੱਚ ਹੱਥ ਪਾਉਣ ਨਾਲ ਝੁਰੜੀਆਂ ਕਿਉਂ ਪੈਂਦੀਆਂ ਹਨ, ਦਾ ਹੀ ਅਜੇ ਮੁਕੰਮਲ ਉੱਤਰ ਨਹੀਂ ਹੈ। ਸਾਡੇ ਝੁਰੜੀਦਾਰ ਪੋਟੇ ਡਾਕਟਰਾਂ ਦੀ ਹੋਰ ਦੂਜੇ ਤਰੀਕਿਆਂ ਨਾਲ ਸਹਾਇਤਾ ਜ਼ਰੂਰ ਕਰ ਰਹੇ ਹਨ।