'ਪਿਤਾ ਏਅਰ ਸ਼ੋਅ ਦੀ ਵੀਡੀਓ ਲੱਭ ਰਹੇ ਸੀ, ਮਿਲੀ ਪੁੱਤ ਦੇ ਹਾਦਸੇ ਦੀ ਰਿਪੋਰਟ', ਦੁਬਈ 'ਚ ਤੇਜਸ ਕ੍ਰੈਸ਼ 'ਚ ਜਾਨ ਗਵਾਉਣ ਵਾਲੇ ਹਿਮਾਚਲ ਦੇ ਪਾਇਲਟ ਬਾਰੇ ਜਾਣੋ

ਭਾਰਤੀ ਹਵਾਈ ਫੌਜ ਦਾ ਫਾਈਟਰ ਜੈਟ ਤੇਜਸ ਸ਼ੁੱਕਰਵਾਰ ਨੂੰ ਦੁਬਈ ਵਿੱਚ ਏਅਰਸ਼ੋਅ ਦੌਰਾਨ ਕ੍ਰੈਸ਼ ਹੋ ਗਿਆ। ਇਸ ਵਿੱਚ ਪਾਇਲਟ ਵਿੰਗ ਕਮਾਂਡਰ ਨਮਾਂਸ਼ ਸਿਆਲ ਨੂੰ ਆਪਣੀ ਜਾਨ ਗਵਾਉਣੀ ਪਈ।

ਦੁਬਈ ਵਿੱਚ ਅਲ ਮਖ਼ਤੂਮ ਇੰਟਰਨੈਸ਼ਨਲ ਏਅਰਪੋਰਟ ਉੱਤੇ ਇਹ ਹਾਦਸਾ ਸਥਾਨਕ ਸਮੇਂ ਦੇ ਅਨੁਸਾਰ ਦੁਪਹਿਰ ਬਾਅਦ 2 ਵਜੇ ਦੇ ਕਰੀਬ ਹੋਇਆ। ਇਸ ਕ੍ਰੈਸ਼ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੈ। ਵੀਡੀਓ ਵਿੱਚ ਦਿਖ ਰਿਹਾ ਹੈ ਕਿ ਉਡਾਣ ਭਰਨ ਤੋਂ ਠੀਕ ਬਾਅਦ ਤੇਜਸ ਜ਼ਮੀਨ ਉੱਤੇ ਡਿੱਗ ਗਿਆ ਅਤੇ ਉਸ ਵਿੱਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ।

ਪਾਇਲਟ ਨਮਾਂਸ਼ ਸਿਆਲ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਹਨ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਐਕਸ ਉੱਤੇ ਵਿੰਗ ਕਮਾਂਡ ਨਮਾਂਸ਼ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ, "ਦੁਬਈ ਏਅਰ ਸ਼ੋਅ ਵਿੱਚ ਹੋਏ ਤੇਜਸ ਪਲੇਨ ਹਾਦਸੇ ਵਿੱਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਵੀਰ ਸਪੂਤ ਨਮਾਂਸ਼ ਸਿਆਲ ਜੀ ਦੇ ਦੇਹਾਂਤ ਦੀ ਖ਼ਬਰ ਬੇਹੱਦ ਦੁਖਦਾਈ ਅਤੇ ਹਿਰਦਾ ਵਲੂੰਧਰ ਦੇਣ ਵਾਲੀ ਹੈ।"

"ਦੇਸ਼ ਨੇ ਇੱਕ ਬਹਾਦਰ ਅਤੇ ਹੌਂਸਲੇ ਵਾਲੇ ਪਾਇਲਟ ਨੂੰ ਗਵਾ ਦਿੱਤਾ ਹੈ। ਸੋਗ ਵਿੱਚ ਡੁੱਬੇ ਪਰਿਵਾਰ ਵਾਲਿਆਂ ਪ੍ਰਤੀ ਮੇਰੀਆਂ ਡੂੰਘੀਆਂ ਸੰਵੇਦਨਾਵਾਂ ਹਨ। ਵੀਰ ਸਪੂਤ ਨਮਾਂਸ਼ ਸਿਆਲ ਜੀ ਦੀ ਵੀਰਤਾ ਅਤੇ ਰਾਸ਼ਟਰਸੇਵਾ ਦੇ ਪ੍ਰਤੀ ਸਮਰਪਣ ਨੂੰ ਦਿਲੋਂ ਨਮਨ।"

ਹਾਦਸੇ ਬਾਰੇ ਇੱਕ ਬਿਆਨ ਵਿੱਚ ਭਾਰਤੀ ਹਵਾਈ ਫੌਜ ਨੇ ਕਿਹਾ, "ਸ਼ੁੱਕਰਵਾਰ ਨੂੰ ਦੁਬਈ ਏਅਰ ਸ਼ੋਅ ਵਿੱਚ ਹਵਾਈ ਪ੍ਰਦਰਸ਼ਨ ਦੌਰਾਨ ਭਾਰਤੀ ਹਵਾਈ ਫੌਜ (IAF) ਦਾ ਤੇਜਸ ਪਲੇਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਦੀ ਜਾਨ ਚਲੀ ਗਈ। ਭਾਰਤੀ ਹਵਾਈ ਫੌਜ ਇਸ ਨਾ ਪੂਰੇ ਹੋਣ ਵਾਲੇ ਨੁਕਸਾਨ 'ਤੇ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਕੋਰਟ ਆਫ਼ ਇਨਕੁਆਰੀ ਦਾ ਗਠਨ ਕੀਤਾ ਜਾ ਰਿਹਾ ਹੈ।"

ਪਿਤਾ ਏਅਰ ਸ਼ੋਅ ਦੀ ਵੀਡੀਓ ਲੱਭ ਰਹੇ ਸਨ

ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਨੇ ਸਿਆਲ ਦੇ ਪਿਤਾ ਜਗਨ ਨਾਥ ਸਿਆਲ ਨਾਲ ਗੱਲ ਕੀਤੀ।

ਜਗਨ ਨਾਥ ਸਿਆਲ ਨੇ ਦੱਸਿਆ, "ਮੈਂ ਆਖਰੀ ਵਾਰ ਆਪਣੇ ਪੁੱਤਰ ਨਾਲ ਵੀਰਵਾਰ ਨੂੰ ਗੱਲ ਕੀਤੀ ਸੀ। ਉਸਨੇ ਮੈਨੂੰ ਟੀਵੀ ਜਾਂ ਯੂਟਿਊਬ 'ਤੇ ਆਪਣਾ ਏਅਰ ਸ਼ੋਅ ਦੇਖਣ ਲਈ ਕਿਹਾ ਸੀ।"

ਉਨ੍ਹਾਂ ਕਿਹਾ, "ਸ਼ੁੱਕਰਵਾਰ ਸ਼ਾਮ 4 ਵਜੇ, ਮੈਂ ਯੂਟਿਊਬ 'ਤੇ ਏਅਰ ਸ਼ੋਅ ਦੀ ਵੀਡੀਓ ਲੱਭ ਰਿਹਾ ਸੀ। ਮੈਂ ਇੱਕ ਪਲੇਨ ਹਾਦਸੇ ਦੀ ਰਿਪੋਰਟ ਦੇਖੀ। ਤੁਰੰਤ ਮੈਂ ਆਪਣੀ ਨੂੰਹ ਨੂੰ ਫ਼ੋਨ ਕੀਤਾ, ਮੇਰੀ ਨੂੰਹ ਵੀ ਵਿੰਗ ਕਮਾਂਡਰ ਹੈ। ਮੈਂ ਉਸਨੂੰ ਇਹ ਦੇਖਣ ਲਈ ਕਿਹਾ ਕਿ ਕੀ ਹੋਇਆ ਹੈ। ਕੁਝ ਹੀ ਪਲਾਂ ਵਿੱਚ ਹਵਾਈ ਫੌਜ ਦੇ ਛੇ ਅਧਿਕਾਰੀ ਸਾਡੇ ਘਰ ਪਹੁੰਚੇ ਅਤੇ ਮੈਨੂੰ ਪਤਾ ਲੱਗਾ ਕਿ ਕੁਝ ਗਲਤ ਹੈ।"

ਜਗਨ ਨਾਥ ਸਿਆਲ ਇੱਕ ਸੇਵਾਮੁਕਤ ਸਕੂਲ ਪ੍ਰਿੰਸੀਪਲ ਹਨ। ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਜਗਨ ਨਾਥ ਸਿਆਲ ਅਤੇ ਉਨ੍ਹਾਂ ਦੀ ਪਤਨੀ, ਵੀਨਾ ਸਿਆਲ, ਇਸ ਸਮੇਂ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਆਪਣੇ ਪੁੱਤਰ ਦੇ ਘਰ ਹਨ।

ਉਨ੍ਹਾਂ ਕਿਹਾ ਕਿ ਉਹ ਦੋ ਹਫ਼ਤੇ ਪਹਿਲਾਂ ਆਪਣੀ ਪੋਤੀ, ਆਰੀਆ ਸਿਆਲ ਦੀ ਦੇਖਭਾਲ ਕਰਨ ਲਈ ਆਪਣੇ ਕਾਂਗੜਾ ਸਥਿਤ ਪਿੰਡ ਤੋਂ ਕੋਇੰਬਟੂਰ ਆਏ ਸਨ। ਉਨ੍ਹਾਂ ਦੀ ਪਤਨੀ ਕੋਲਕਾਤਾ ਵਿੱਚ ਸਿਖਲਾਈ ਲੈ ਰਹੀ ਹੈ।

ਸਿਆਲ 2009 ਵਿੱਚ ਐਨਡੀਏ ਪਾਸ ਕਰਨ ਤੋਂ ਬਾਅਦ ਡਿਫੈਂਸ ਵਿੱਚ ਸ਼ਾਮਲ ਹੋਏ ਸਨ। ਪਿਤਾ ਨੇ ਕਿਹਾ ਕਿ ਉਹ ਪੜ੍ਹਾਈ ਵਿੱਚ ਬਹੁਤ ਵਧੀਆ ਸੀ।

ਉਨ੍ਹਾਂ ਦੇ ਪਿਤਾ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ, "ਮੈਂ ਹਵਾਈ ਫੌਜ ਦੇ ਅਧਿਕਾਰੀ ਨੂੰ ਪੁੱਛਿਆ ਜੋ ਸਾਨੂੰ ਦੱਸਣ ਲਈ ਆਇਆ ਸੀ ਕਿ ਮ੍ਰਿਤਕ ਦੇਹ ਕਦੋਂ ਆਵੇਗੀ। ਉਨ੍ਹਾਂ ਨੇ ਮੈਨੂੰ ਕੋਈ ਪੱਕਾ ਸਮਾਂ ਨਹੀਂ ਦੱਸਿਆ, ਪਰ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਪ੍ਰਕਿਰਿਆਵਾਂ ਨੂੰ ਪੂਰਾ ਹੋਣ ਵਿੱਚ ਦੋ ਦਿਨ ਲੱਗਣਗੇ।"

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਲੋਕ ਸਭਾ ਮੈਂਬਰ ਅਤੇ ਭਾਜਪਾ ਆਗੂ ਅਨੁਰਾਗ ਠਾਕੁਰ ਨੇ ਵੀ ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਆਪਣੀਆਂ ਸੰਵੇਦਨਾਵਾਂ ਪ੍ਰਗਟ ਕਰਦੇ ਹੋਏ ਲਿਖਿਆ, "ਦੁਬਈ ਏਅਰ ਸ਼ੋਅ ਵਿੱਚ ਤੇਜਸ ਪਲੇਨ ਹਾਦਸੇ ਵਿੱਚ ਵੀਰਭੂਮੀ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਨਮਾਂਸ਼ ਸਿਆਲ ਜੀ ਦੇ ਦੇਹਾਂਤ ਦੀ ਖ਼ਬਰ ਬਹੁਤ ਦੁਖਦਾਈ ਹੈ।"

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ। ਸੋਸ਼ਲ ਮੀਡੀਆ ਸਾਈਟ ਐਕਸ 'ਤੇ ਇੱਕ ਪੋਸਟ ਵਿੱਚ ਉਨ੍ਹਾਂ ਲਿਖਿਆ, "ਦੁਬਈ ਏਅਰ ਸ਼ੋਅ ਵਿੱਚ ਹਵਾਈ ਪ੍ਰਦਰਸ਼ਨ ਦੌਰਾਨ ਇੱਕ ਬਹਾਦਰ ਭਾਰਤੀ ਹਵਾਈ ਫੌਜ ਦੇ ਪਾਇਲਟ ਦੀ ਮੌਤ ਉੱਤੇ 'ਤੇ ਡੂੰਘਾ ਦੁੱਖ ਹੈ। ਦੁਖੀ ਪਰਿਵਾਰ ਨਾਲ ਮੇਰੀਆਂ ਸੰਵੇਦਨਾਵਾਂ ਹਨ। ਪੂਰਾ ਦੇਸ਼ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ।"

ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਜਨਰਲ ਚੌਹਾਨ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਸਾਰੇ ਰੈਂਕਾਂ ਦੇ ਅਧਿਕਾਰੀਆਂ ਨੇ ਤੇਜਸ ਪਲੇਨ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਸਵਦੇਸ਼ੀ ਤੇਜਸ ਵਿੱਚ ਕਿਹੜੀਆਂ ਤਕਨੀਕਾਂ ਸ਼ਾਮਲ ਹਨ

ਸਿੰਗਲ-ਇੰਜਣ ਵਾਲਾ ਤੇਜਸ ਲੜਾਕੂ ਪਲੇਨ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਹੈ। ਇਸਦੀ ਨਿਰਮਾਤਾ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਯਾਨਿ HAL ਹੈ।

ਇਹ ਪਲੇਨ ਦੂਰੋਂ ਦੁਸ਼ਮਣ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ ਅਤੇ ਦੁਸ਼ਮਣ ਦੇ ਰਾਡਾਰ ਤੋਂ ਬਚਣ ਦੇ ਸਮਰੱਥ ਹੈ। ਇਹ ਭਾਰੇ ਸੁਖੋਈ ਜਹਾਜ਼ਾਂ ਵਾਂਗ ਹੀ ਹਥਿਆਰ ਅਤੇ ਮਿਜ਼ਾਈਲਾਂ ਲੈ ਜਾ ਸਕਦਾ ਹੈ।

2004 ਤੋਂ, ਤੇਜਸ ਅਪਗ੍ਰੇਡ ਕੀਤੇ F404-GE-IN20 ਇਲੈਕਟ੍ਰਿਕ ਇੰਜਣਾਂ ਦੀ ਵਰਤੋਂ ਕਰ ਰਿਹਾ ਹੈ। ਤੇਜਸ ਮਾਰਕ 1 ਵੇਰੀਐਂਟ ਮੌਜੂਦਾ ਵੇਲੇ ਵਿੱਚ F404 IN20 ਇੰਜਣ ਦੀ ਵਰਤੋਂ ਕਰ ਰਿਹਾ ਹੈ।

ਮਾਰਕ 1A ਅਡੀਸ਼ਨ ਇਸ ਇੰਜਣ ਦੀ ਵਰਤੋਂ ਕਰਨਾ ਜਾਰੀ ਰੱਖੇਗਾ, ਜਦੋਂ ਕਿ ਭਵਿੱਖ ਦਾ ਤੇਜਸ ਮਾਰਕ 2 ਵਧੇਰੇ ਸ਼ਕਤੀਸ਼ਾਲੀ ਜਨਰਲ ਇਲੈਕਟ੍ਰਿਕ F414 INS6 ਇੰਜਣ ਨਾਲ ਲੈਸ ਹੋਵੇਗਾ।

ਤੇਜਸ ਲੜਾਕੂ ਪਲੇਨ ਸੁਖੋਈ ਲੜਾਕੂ ਜਹਾਜ਼ ਨਾਲੋਂ ਹਲਕਾ ਹੈ ਅਤੇ ਅੱਠ ਤੋਂ ਨੌਂ ਟਨ ਦਾ ਬੋਝ ਚੁੱਕ ਸਕਦਾ ਹੈ। ਇਸ ਤੋਂ ਇਲਾਵਾ, ਇਹ ਆਵਾਜ਼ ਦੀ ਗਤੀ ਭਾਮਾਚ 1.6 ਤੋਂ ਲੈਕੇ 1.8, ਤੱਕ ਦੀ ਤੇਜ਼ੀ ਨਾਲ ਉੱਡ ਸਕਦਾ ਹੈ ਅਤੇ ਉਹ ਵੀ 52,000 ਫੁੱਟ ਦੀ ਉਚਾਈ ਤੱਕ।

ਤੇਜਸ ਵਿੱਚ ਕਈ ਵਿਲੱਖਣ ਤਕਨੀਕਾਂ ਸ਼ਾਮਲ ਹਨ, ਜਿਵੇਂ ਕ੍ਰਿਟੀਕਲ ਆਪਰੇਸ਼ਨ ਸਮਰਥਾ ਦੇ ਲਈ 'ਐਕਟਿਵ ਇਲੈਕਟ੍ਰਾਨਿਕਲੀ-ਸਕੈਨਡ ਰਡਾਰ' ਭਾਵ ਇਲੈਕਟ੍ਰੋਨਿਕ ਰੂਪ ਵਿੱਚ ਸਕੈਨ ਰਡਾਰ, ਬਿਆਂਡ ਵਿਜੁਅਲ ਰੇਂਜ (BVR) ਮਿਜ਼ਾਇਲ, ਇਲੈਕਟ੍ਰਾਨਿਕ ਵਾਰ ਫੇਅਰ ਸੁਈਟ ਅਥੇ ਏਅਰ ਟੂ ਏਅਰ ਰਿਫਯੂਲਿੰਗ ਦੀ ਸਹੂਲਤ ਹੈ।

ਇਸ ਸਾਲ ਸਤੰਬਰ ਵਿੱਚ, ਭਾਰਤੀ ਰੱਖਿਆ ਮੰਤਰਾਲੇ ਨੇ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਨਾਲ 97 ਤੇਜਸ ਪਲੇਨ ਖਰੀਦਣ ਲਈ ਇੱਕ ਸੌਦੇ 'ਤੇ ਹਸਤਾਖਰ ਕੀਤੇ। ਡਿਲੀਵਰੀ 2027 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।

ਇਸ ਤੋਂ ਪਹਿਲਾਂ 2021 ਵਿੱਚ, ਭਾਰਤ ਸਰਕਾਰ ਨੇ 83 ਤੇਜਸ ਪਲੇਨ ਲਈ HAL ਨਾਲ ਇੱਕ ਸੌਦੇ 'ਤੇ ਹਸਤਾਖਰ ਕੀਤੇ ਸਨ। ਡਿਲੀਵਰੀ 2024 ਲਈ ਤਹਿ ਕੀਤੀ ਗਈ ਸੀ, ਪਰ ਸੰਯੁਕਤ ਰਾਜ ਤੋਂ ਆਯਾਤ ਕੀਤੇ ਇੰਜਣਾਂ ਦੀ ਘਾਟ ਕਾਰਨ ਦੇਰੀ ਹੋ ਗਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)