You’re viewing a text-only version of this website that uses less data. View the main version of the website including all images and videos.
ਗੁਰੂਦੱਤ ਦੇ 100 ਸਾਲ: 31 ਸਾਲ ਦੀ ਉਮਰ ਵਿੱਚ ਜਦੋਂ ਉਨ੍ਹਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ
- ਲੇਖਕ, ਯਾਸਿਰ ਉਸਮਾਨ
- ਰੋਲ, ਫਿਲਮ ਲੇਖਕ
ਮਹਾਨ ਭਾਰਤੀ ਡਾਇਰੈਕਟਰ ਅਤੇ ਅਦਾਕਾਰ ਗੁਰੂ ਦੱਤ ਮਹਿਜ਼ 39 ਸਾਲ ਦੇ ਸਨ ਜਦੋਂ 1964 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਪਰ ਉਹ ਸਿਨੇਮਾ ਦੀ ਅਜਿਹੀ ਵਿਰਾਸਤ ਛੱਡ ਗਏ ਜਿਸ ਨਾਲ ਦਹਾਕਿਆਂ ਬਾਅਦ ਵੀ ਲੋਕ ਜੁੜਿਆ ਮਹਿਸੂਸ ਕਰਦੇ ਹਨ।
ਉਨ੍ਹਾਂ ਦਾ ਜਨਮ ਦੱਖਣ ਭਾਰਤ ਦੇ ਕਰਨਾਟਕ ਸੂਬੇ ਵਿੱਚ 9 ਜੁਲਾਈ 1925 ਨੂੰ ਹੋਇਆ ਸੀ ਅਤੇ ਇਹ ਹਫਤਾ ਉਨ੍ਹਾਂ ਦੀ ਜਨਮ ਸ਼ਤਾਬਦੀ ਵਜੋਂ ਮਨਾਇਆ ਜਾ ਰਿਹਾ ਹੈ।
ਪਰ ਕੈਮਰੇ ਪਿਛਲੇ ਇਨਸਾਨ, ਉਨ੍ਹਾਂ ਦੀ ਭਾਵਨਾਤਮਕ ਉਥਲ-ਪੁਥਲ ਅਤੇ ਮਾਨਸਿਕ ਸਿਹਤ ਤੋਂ ਲੋਕ ਅਣਜਾਣ ਹੀ ਰਹੇ ਹਨ।
ਚੇਤਾਵਨੀ: ਇਸ ਲੇਖ ਵਿਚਲੇ ਵੇਰਵੇ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।
ਸਦਾਬਹਾਰ ਵਿਸ਼ਿਆਂ ਲਈ ਫ਼ਿਲਮ ਸਕੂਲਾਂ ਵਿੱਚ ਜਾਣੀਆਂ ਜਾਂਦੀਆਂ 'ਪਿਆਸਾ' ਅਤੇ 'ਕਾਗਜ਼ ਕੇ ਫੂਲ' ਜਿਹੀਆਂ ਕਲਾਸਿਕ ਹਿੰਦੀ ਫ਼ਿਲਮਾਂ ਦੇ ਨਿਰਮਾਤਾ ਦੱਤ ਨੇ ਫ਼ਿਲਮ ਨਿਰਮਾਣ ਦੀ ਅਜਿਹੀ ਨਿੱਜਤਾ ਭਰੀ, ਅੰਤਰਮੁਖੀ ਸ਼ੈਲੀ ਬਣਾਈ ਜੋ ਅਜ਼ਾਦੀ ਤੋਂ ਬਾਅਦ ਦੇ ਦੌਰ ਵਿੱਚ ਨਿਵੇਕਲੀ ਸੀ।
ਉਨ੍ਹਾਂ ਦੇ ਗੁੰਝਲਦਾਰ ਕਿਰਦਾਰ ਅਕਸਰ ਉਨ੍ਹਾਂ ਦੇ ਨਿੱਜੀ ਸੰਘਰਸ਼ਾਂ ਨੂੰ ਦਰਸਾਉਂਦੇ ਸੀ। ਵਿਆਪਕ ਰੂਪਕਾਂ ਨੂੰ ਛੂੰਹਦੇ ਉਨ੍ਹਾਂ ਦੇ ਕਹਾਣੀ ਕਹਿਣ ਦੇ ਤਰੀਕੇ, ਦਰਸ਼ਕਾਂ ਨੂੰ ਬਹੁਤ ਹੀ ਸੋਹਣੇ ਸਿਨੇਮਾ ਜ਼ਰੀਏ ਅਸਹਿਜ ਸੱਚਾਈਆਂ ਨਾਲ ਰੂਬਰੂ ਹੋਣ ਲਈ ਸੱਦਾ ਦਿੰਦੇ ਸਨ।
ਕੋਰਿਓਗ੍ਰਾਫਰ ਵਜੋਂ ਫਿਲਮਾਂ ਵਿੱਚ ਐਂਟਰੀ
ਦੱਤ ਦੇ ਜੀਵਨ ਦੀ ਸ਼ੁਰੂਆਤ ਬਹੁਤ ਹੀ ਆਮ ਸੀ। ਉਨ੍ਹਾਂ ਨੇ ਬਚਪਨ ਵਿੱਚ ਵਿੱਤੀ ਕਠਿਨਾਈਆਂ ਅਤੇ ਉਤਰਾਅ-ਚੜ੍ਹਾਅ ਵਾਲੀ ਪਰਿਵਾਰਕ ਜ਼ਿੰਦਗੀ ਦੇਖੀ।
ਜਦੋਂ ਦੱਤ ਦਾ ਪਰਿਵਾਰ ਕੰਮਕਾਜ ਲਈ ਬੰਗਾਲ ਆ ਕੇ ਰਹਿਣ ਲੱਗ ਗਿਆ ਤਾਂ ਸਥਾਨਕ ਸੱਭਿਆਚਾਰ ਨੇ ਦੱਤ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਇਸੇ ਨੇ ਅੱਗੇ ਜਾ ਕੇ ਦੱਤ ਦੀ ਸਿਨੇਮਾ ਪ੍ਰਤੀ ਦਾਰਸ਼ਨਿਕਤਾ ਨੂੰ ਅਕਾਰ ਦਿੱਤਾ।
ਸਾਲ 1940 ਵਿੱਚ ਬੰਬੇ ਫ਼ਿਲਮ ਸਨਅਤ ਵਿੱਚ ਪੈਰ ਰੱਖਣ ਮਗਰੋਂ ਉਨ੍ਹਾਂ ਨੇ ਆਪਣਾ ਗੋਤ ਪਾਦੂਕੋਣ ਛੱਡ ਦਿੱਤਾ। ਉਨ੍ਹਾਂ ਨੇ ਫ਼ਿਲਮੀ ਸਫਰ ਦੀ ਸ਼ੁਰੂਆਤ ਡਾਇਰੈਕਟਰ ਵਜੋਂ ਨਹੀਂ ਬਲਕਿ ਕੋਰਿਓਗ੍ਰਾਫਰ ਵਜੋਂ ਕੀਤੀ ਅਤੇ ਗੁਜ਼ਾਰੇ ਲਈ ਟੈਲੀਫ਼ੋਨ ਓਪਰੇਟਰ ਵਜੋਂ ਵੀ ਕੰਮ ਕੀਤਾ।
ਉਸ ਦਹਾਕੇ ਵਿਚਲੀਆਂ ਘਟਨਾਵਾਂ, ਅਨਿਸ਼ਚਿਤਤਵਾਂ ਅਤੇ ਭਾਰਤ ਦੀ ਅਜ਼ਾਦੀ ਲਈ ਤਿੱਖੇ ਹੋਏ ਸੰਘਰਸ਼ ਨੇ ਉੱਭਰਦੇ ਫ਼ਿਲਮ ਨਿਰਮਾਤਾ ਦੇ ਨਜ਼ਰੀਏ ਨੂੰ ਕਾਫ਼ੀ ਪ੍ਰਭਾਵਿਤ ਕੀਤਾ।
ਇਸੇ ਦੌਰ ਵਿੱਚ ਹੀ ਉਨ੍ਹਾਂ ਨੇ 'ਕਸ਼ਮਕਸ਼' ਲਿਖੀ ਜੋ ਕਿ ਕਲਾਤਮਕ ਗੁੱਸੇ ਅਤੇ ਸਮਾਜਿਕ ਨਿਰਾਸ਼ਾ ਵਿੱਚੋਂ ਨਿਕਲੀ ਹੋਈ ਕਹਾਣੀ ਸੀ, ਇਸੇ ਵਿਚਾਰ ਨੇ ਹੀ ਅੱਗੇ ਜਾ ਕੇ ਉਨ੍ਹਾਂ ਦੀ ਮਾਸਟਰਪੀਸ ਕਹਾਣੀ 'ਪਿਆਸਾ' ਨੂੰ ਅਕਾਰ ਦਿੱਤਾ।
ਸੰਘਰਸ਼ ਦੇ ਦਿਨਾਂ ਤੋਂ ਦੱਤ ਅਤੇ ਦੇਵ ਆਨੰਦ ਦੀ ਦੋਸਤੀ ਸੀ। ਦੇਵ ਆਨੰਦ ਦੀ ਮਦਦ ਨਾਲ ਦੱਤ ਨੂੰ 1951 ਵਿੱਚ ਉਨ੍ਹਾਂ ਦੀ ਪਹਿਲੀ ਫ਼ਿਲਮ ਡਾਇਰੈਕਟ ਕਰਨ ਦਾ ਮੌਕਾ ਮਿਲਿਆ। ਫ਼ਿਲਮ 'ਬਾਜ਼ੀ' ਨੇ ਉਨ੍ਹਾਂ ਨੂੰ ਸ਼ੌਹਰਤ ਦਿੱਤੀ।
ਉਨ੍ਹਾਂ ਨੂੰ ਮਸ਼ਹੂਰ ਗਾਇਕਾ ਗੀਤਾ ਰੌਏ ਨਾਲ ਪਿਆਰ ਹੋ ਗਿਆ ਅਤੇ ਬਹੁਤ ਸਾਰੇ ਜਾਨਣ ਵਾਲਿਆਂ ਮੁਤਾਬਕ ਇਹ ਸ਼ੁਰੂਆਤੀ ਸਾਲ ਉਨ੍ਹਾਂ ਦਾ ਸਭ ਤੋਂ ਖੁਸ਼ਹਾਲ ਸਮਾਂ ਸੀ।
ਆਪਣੀ ਫ਼ਿਲਮ ਕੰਪਨੀ ਖੋਲ੍ਹਣ ਤੋਂ ਬਾਅਦ ਰੋਮਾਂਟਿਕ ਕਾਮੇਡੀ ਫਿਲਮਾਂ 'ਆਰ-ਪਾਰ' ਅਤੇ 'ਮਿਸਟਰ ਐਂਡ ਮਿਸਿਜ਼ 55' ਉਨ੍ਹਾਂ ਦੀਆਂ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਸਨ। ਦੋਵੇਂ ਫ਼ਿਲਮਾਂ ਵਿੱਚ ਹੀ ਉਹ ਮੁੱਖ ਭੂਮਿਕਾ ਵਿੱਚ ਸਨ। ਪਰ ਕਲਾਤਮਕ ਗਹਿਰਾਈ ਲਈ ਉਨ੍ਹਾਂ ਨੇ ਫ਼ਿਲਮ 'ਪਿਆਸਾ' ਬਣਾਈ ਜੋ ਉਨ੍ਹਾਂ ਦੀ ਪਛਾਣ ਬਣੀ।
ਇਹ ਇੱਕ ਗੰਭੀਰ ਫ਼ਿਲਮ ਸੀ ਜਿਸ ਵਿੱਚ ਪਦਾਰਥਵਾਦੀ ਦੁਨੀਆਂ ਵਿੱਚ ਇੱਕ ਕਲਾਕਾਰ ਦੇ ਸੰਘਰਸ਼ ਨੂੰ ਦਰਸਾਇਆ ਗਿਆ ਸੀ। ਦਹਾਕਿਆਂ ਬਾਅਦ ਇਹ ਇਕਲੌਤੀ ਹਿੰਦੀ ਫ਼ਿਲਮ ਬਣੀ ਜਿਸ ਨੇ ਟਾਈਮਜ਼ ਮੈਗਜ਼ੀਨ ਦੀ ਵੀਹਵੀਂ ਸਦੀ ਦੀਆਂ 100 ਮਹਾਨ ਫ਼ਿਲਮਾਂ ਦੀ ਸੂਚੀ ਵਿੱਚ ਜਗ੍ਹਾ ਬਣਾਈ।
ਖੁਦਕੁਸ਼ੀ ਦੀ ਕੋਸ਼ਿਸ਼
ਮੇਰੇ ਵੱਲੋਂ ਲਿਖੀ ਗੁਰੂਦੱਤ ਦੀ ਜੀਵਨੀ ਦੌਰਾਨ ਮੇਰੀ ਸਹਿਯੋਗੀ ਰਹੀ ਦੱਤ ਦੀ ਛੋਟੀ ਭੈਣ, ਮਰਹੂਮ ਲਲਿਤਾ ਲਾਜਮੀ ਨੇ ਕਿਹਾ ਸੀ ਕਿ 'ਪਿਆਸਾ' ਉਸ ਦੇ ਭਰਾ ਦਾ 'ਡਰੀਮ ਪ੍ਰੌਜੈਕਟ' ਸੀ ਅਤੇ ਉਹ ਇਸ ਵਿੱਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ ਸੀ।
ਇੱਕ ਡਾਇਰੈਕਟਰ ਵਜੋਂ, ਦੱਤ ਅਜਿਹੀਆਂ ਫ਼ਿਲਮਾਂ ਬਣਾਉਣ ਦੇ ਸ਼ੌਕੀਨ ਸਨ ਜੋ ਸੈੱਟ ਉਤੇ ਅਕਾਰ ਲੈਂਦੀਆਂ ਸਨ।
ਸਕ੍ਰਿਪਟ ਅਤੇ ਸੰਵਾਦ ਵਿੱਚ ਕਈ ਬਦਲਾਅ ਕਰ ਦਿੰਦੇ ਸਨ ਅਤੇ ਕੈਮਰਾ ਤਕਨੀਕਾਂ ਨਾਲ ਪ੍ਰਯੋਗ ਕਰਦੇ ਸਨ। ਕਿਉਂਕਿ ਉਹ ਦ੍ਰਿਸ਼ ਰੱਦ ਕਰਨ ਅਤੇ ਦੁਬਾਰਾ ਫਿਲਮਾਉਣ ਲਈ ਜਾਣੇ ਜਾਂਦੇ ਸਨ, ਫ਼ਿਲਮ 'ਪਿਆਸਾ' ਦੌਰਾਨ ਇਹ ਕਾਫ਼ੀ ਚਿੰਤਾਜਨਕ ਸਥਿਤੀ ਤੱਕ ਪਹੁੰਚ ਗਿਆ ਸੀ।
ਜਿਵੇਂ ਕਿ ਫ਼ਿਲਮ ਦੇ ਮਸ਼ਹੂਰ ਕਲਾਈਮੈਕਸ ਨੂੰ ਫਿਲਮਾਉਣ ਲਈ ਉਨ੍ਹਾਂ ਨੇ 104 ਵਾਰ ਟੇਕ ਲਏ ਸਨ।
ਲਾਜਮੀ ਨੇ ਦੱਸਿਆ ਸੀ ਕਿ ਜੇ ਕੰਮ ਠੀਕ ਨਹੀਂ ਸੀ ਹੁੰਦਾ ਤਾਂ ਉਹ ਚੀਕਦੇ ਸੀ ਅਤੇ ਬਹੁਤ ਗੁੱਸੇ ਵਿੱਚ ਆ ਜਾਂਦੇ ਸੀ।
ਲਲਿਤਾ ਲਾਜਮੀ ਨੇ ਕਿਹਾ, "ਨੀਂਦ ਉਨ੍ਹਾਂ ਤੋਂ ਦੂਰ ਹੋ ਗਈ ਸੀ। ਸ਼ਰਾਬ ਦਾ ਦੁਰ-ਉਪਯੋਗ ਅਤੇ ਸ਼ਰਾਬ 'ਤੇ ਨਿਰਭਰਤਾ ਸ਼ੁਰੂ ਹੋ ਗਈ ਸੀ। ਇੱਥੋਂ ਤੱਕ ਕਿ ਉਨ੍ਹਾਂ ਨੇ ਵਿਸਕੀ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਲੈਣੀਆਂ ਵੀ ਸ਼ੁਰੂ ਕਰ ਦਿੱਤੀਆਂ ਸੀ। ਗੁਰੂ ਦੱਤ ਨੇ 'ਪਿਆਸਾ' ਬਣਾਉਣ ਲਈ ਆਪਣੀ ਨੀਂਦ, ਸੁਫਨੇ ਅਤੇ ਯਾਦਾਂ ਸਭ ਦਾਅ 'ਤੇ ਲਗਾ ਦਿੱਤੇ ਸਨ।"
1956 ਵਿੱਚ ਜਦੋਂ ਉਨ੍ਹਾਂ ਦਾ ਅਭਿਲਾਸ਼ੀ ਪ੍ਰੌਜੈਕਟ ਮੁਕੰਮਲ ਹੋਣ ਦੇ ਨੇੜੇ ਸੀ ਤਾਂ 31 ਸਾਲ ਦੇ ਦੱਤ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਨੇ ਕਿਹਾ, "ਜਦੋਂ ਖ਼ਬਰ ਮਿਲੀ ਤਾਂ ਅਸੀਂ ਪਾਲੀ ਹਿੱਲ (ਜਿੱਥੇ ਉਹ ਰਹਿੰਦੇ ਸੀ) ਵੱਲ ਗਏ। ਮੈਨੂੰ ਪਤਾ ਸੀ ਉਸ ਅੰਦਰ ਉਥਲ ਪੁਥਲ ਚੱਲ ਰਹੀ ਸੀ। ਉਹ ਅਕਸਰ ਮੈਨੂੰ ਬੁਲਾਉਂਦਾ ਸੀ ਕਿ ਕੁਝ ਗੱਲ ਕਰਨੀ ਹੈ ਪਰ ਜਦੋਂ ਮੈਂ ਜਾਂਦੀ ਸੀ ਤਾਂ ਕੁਝ ਨਹੀਂ ਕਹਿੰਦਾ ਸੀ।"
ਪਰ ਹਸਪਤਾਲ ਵਿੱਚ ਛੁੱਟੀ ਮਿਲਣ ਤੋਂ ਬਾਅਦ ਪਰਿਵਾਰ ਵੱਲੋਂ ਕੋਈ ਪੇਸ਼ੇਵਰ ਮਦਦ ਨਹੀਂ ਮੰਗੀ ਗਈ ਸੀ।
ਲਾਜਮੀ ਨੇ ਕਿਹਾ ਕਿ ਉਸ ਵੇਲੇ ਮਾਨਸਿਕ ਸਿਹਤ, ਸਮਾਜ ਵਿੱਚ 'ਕਲੰਕਿਤ' ਵਿਸ਼ਾ ਸੀ ਅਤੇ 'ਪਿਆਸਾ' 'ਤੇ ਕਾਫ਼ੀ ਪੈਸਾ ਲੱਗਿਆ ਹੋਣ ਕਾਰਨ ਪਰਿਵਾਰ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਭਰਾ ਦੇ ਅੰਦਰੂਨੀ ਸੰਘਰਸ਼ ਪਿਛਲੇ ਕਾਰਨਾਂ ਨੂੰ ਪੂਰੀ ਤਰ੍ਹਾਂ ਨਹੀਂ ਜਾਣਿਆ।
ਫ਼ਿਲਮ ਡਾਇਰੈਕਟ ਕਰਨੀ ਛੱਡੀ
ਸਾਲ 1957 ਵਿੱਚ ਰਿਲੀਜ਼ ਹੋਈ ਪਿਆਸਾ, ਵਪਾਰਕ ਅਤੇ ਅਲੋਚਨਾਤਮਤ- ਦੋਹਾਂ ਪੱਖਾਂ ਤੋਂ ਵੱਡੀ ਜਿੱਤ ਸੀ ਜਿਸ ਨੇ ਦੱਤ ਨੂੰ ਸਟਾਰਡਮ ਦਿੱਤਾ। ਪਰ ਦੱਤ ਨੇ ਸਫ਼ਲਤਾ ਦੇ ਬਾਵਜੂਦ ਅਕਸਰ ਇੱਕ ਖਾਲ੍ਹੀਪਣ ਦੀ ਭਾਵਨਾ ਜ਼ਾਹਿਰ ਕੀਤੀ।
ਪਿਆਸਾ ਦੇ ਮੁੱਖ ਸਿਨੇਮੈਟੋਗ੍ਰਾਫਰ ਵੀਕੇ ਮੂਰਥੀ ਨੇ ਦੱਤ ਨੂੰ ਯਾਦ ਕਰਦਿਆਂ ਕਿਹਾ, "ਮੈਂ ਇੱਕ ਡਾਇਰੈਕਟਰ ਤੇ ਐਕਟਰ ਬਣਨਾ ਚਾਹੁੰਦਾ ਸੀ, ਚੰਗੀਆਂ ਫ਼ਿਲਮਾਂ ਬਣਾਉਣਾ ਚਾਹੁੰਦਾ ਸੀ, ਮੈਂ ਸਭ ਹਾਸਿਲ ਕੀਤਾ। ਮੇਰੇ ਕੋਲ ਪੈਸਾ ਹੈ, ਸਭ ਕੁਝ ਹੈ ਪਰ ਫਿਰ ਵੀ ਕੁਝ ਨਹੀਂ ਹੈ।"
ਦੱਤ ਦੀਆਂ ਫ਼ਿਲਮਾਂ ਅਤੇ ਨਿੱਜੀ ਜ਼ਿੰਦਗੀ ਦਰਮਿਆਨ ਵੀ ਇੱਕ ਅਜੀਬ ਵਿਰੋਧਾਭਾਸ ਸੀ।
ਲਾਜਮੀ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਫ਼ਿਲਮਾਂ ਵਿੱਚ ਅਕਸਰ ਤਾਕਤਵਰ ਅਤੇ ਸੁਤੰਤਰ ਔਰਤਾਂ ਚਿਤਰੀਆਂ ਜਾਂਦੀਆਂ ਸੀ ਪਰ ਨਿੱਜੀ ਜ਼ਿੰਦਗੀ ਵਿੱਚ ਆਪਣੀ ਪਤਨੀ ਤੋਂ ਉਹ ਰਵਾਇਤੀ ਭੂਮਿਕਾ ਵਿੱਚ ਰਹਿਣ ਦੀ ਉਮੀਦ ਕਰਦੇ ਸਨ ਅਤੇ ਚਾਹੁੰਦੇ ਸਨ ਕਿ ਉਹ ਸਿਰਫ਼ ਉਨ੍ਹਾਂ ਦੀ ਕੰਪਨੀ ਵੱਲੋਂ ਬਣਾਈਆਂ ਫ਼ਿਲਮਾਂ ਵਿੱਚ ਹੀ ਗਾਵੇ।
ਆਪਣੀ ਕੰਪਨੀ ਦੀ ਤਰੱਕੀ ਲਈ ਦੱਤ ਦਾ ਸਧਾਰਨ ਨਿਯਮ ਸੀ ਕਿ ਹਰ ਕਲਾਤਮਕ ਦਾਅ ਤੋਂ ਬਾਅਦ ਇੱਕ ਲਾਹੇਵੰਦ ਵਪਾਰਕ ਫ਼ਿਲਮ ਹੋਣੀ ਚਾਹੀਦੀ ਹੈ।
ਪਰ ਪਿਆਸਾ ਦੀ ਵੱਡੀ ਕਾਮਯਾਬੀ ਤੋਂ ਬਾਅਦ, ਉਨ੍ਹਾਂ ਨੇ ਆਪਣਾ ਹੀ ਨਿਯਮ ਦਰਕਿਨਾਰ ਕੀਤਾ ਅਤੇ ਆਪਣੀ ਸਭ ਤੋਂ ਨਿੱਜੀ, ਮਹਿੰਗੀ ਅਤੇ ਅਰਧ-ਆਤਮਜੀਵਨੀ ਜਿਹੀ ਫ਼ਿਲਮ 'ਕਾਗਜ਼ ਕੇ ਫੂਲ' ਬਣਾਉਣੀ ਸ਼ੁਰੂ ਕਰ ਦਿੱਤੀ।
ਇਹ ਇੱਕ ਫ਼ਿਲਮ ਨਿਰਮਾਤਾ ਦੀ ਨਾਖੁਸ਼ ਵਿਆਹੁਤਾ ਜ਼ਿੰਦਗੀ ਅਤੇ ਆਪਣੇ ਕੰਮ ਨਾਲ ਦੁਚਿੱਤੀ ਭਰੇ ਰਿਸ਼ਤੇ ਦੀ ਕਹਾਣੀ ਬਿਆਨ ਕਰਦੀ ਹੈ। ਇਸ ਫ਼ਿਲਮ ਦਾ ਅੰਤ ਫ਼ਿਲਮ ਨਿਰਮਾਤਾ ਦੀ ਮੌਤ ਨਾਲ ਹੁੰਦਾ ਹੈ ਜਦੋਂ ਉਹ ਇਕਲਾਪੇ ਅਤੇ ਬਰਬਾਦ ਹੋਏ ਰਿਸ਼ਤਿਆਂ ਨਾਲ ਸਮਝੌਤੇ ਕਰਨ ਵਿੱਚ ਅਸਫ਼ਲ ਹੋ ਜਾਂਦਾ ਹੈ।
ਭਾਵੇਂ ਹੁਣ ਇਸ ਨੂੰ ਇੱਕ ਕਲਾਸਿਕ ਫ਼ਿਲਮ ਮੰਨਿਆ ਜਾਂਦਾ ਹੈ, ਪਰ ਉਸ ਵੇਲੇ ਵਪਾਰਕ ਪੱਖੋਂ ਇਹ ਫ਼ਿਲਮ ਫਲੌਪ ਹੋਈ ਸੀ। ਇਹ ਅਜਿਹਾ ਝਟਕਾ ਸੀ ਜਿਸ ਤੋਂ ਦੱਤ ਕਦੇ ਉੱਭਰ ਨਹੀਂ ਸੀ ਸਕੇ।
ਚੈਨਲ 4 ਦੀ ਦਸਤਾਵੇਜ਼ੀ ਇਨ ਸਰਚ ਆਫ ਗੁਰੂਦੱਤ, ਉਨ੍ਹਾਂ ਦੀ ਸਹਿ-ਕਲਾਕਾਰ ਵਾਹੀਦਾ ਰਹਿਮਾਨ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ, "ਜ਼ਿੰਦਗੀ ਵਿੱਚ ਦੋ ਹੀ ਚੀਜ਼ਾਂ ਤਾਂ ਹਨ- ਸਫ਼ਲਤਾ ਅਤੇ ਅਸਫ਼ਲਤਾ। ਇਨ੍ਹਾਂ ਦੇ ਵਿਚਕਾਰ ਕੁਝ ਵੀ ਨਹੀਂ ਹੈ।"
'ਕਾਗਜ਼ ਕੇ ਫੂਲ' ਤੋਂ ਬਾਅਦ ਉਨ੍ਹਾਂ ਨੇ ਕਦੇ ਕੋਈ ਫ਼ਿਲਮ ਡਾਇਰੈਕਟ ਨਹੀਂ ਕੀਤੀ।
ਪਰ ਉਨ੍ਹਾਂ ਦੀ ਕੰਪਨੀ ਨੇ ਸਮੇਂ ਨਾਲ ਘਾਟਾ ਪੂਰਾ ਕਰ ਲਿਆ ਅਤੇ ਪ੍ਰੋਡਿਊਸਰ ਵਜੋਂ 'ਚੌਦਵੀਂ ਕਾ ਚਾਂਦ' ਨਾਲ ਉਨ੍ਹਾਂ ਨੇ ਧਮਾਕੇਦਾਰ ਵਾਪਸੀ ਕੀਤੀ ਜੋ ਕਿ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵੱਡੀ ਕਮਰਸ਼ੀਅਲ ਹਿੱਟ ਰਹੀ।
ਉਨ੍ਹਾਂ ਨੇ ਫਿਰ ਅਬਰਾਰ ਅਲਵੀ ਵੱਲੋਂ ਨਿਰਦੇਸ਼ਿਤ 'ਸਾਹਿਬ ਬੀਬੀ ਔਰ ਗ਼ੁਲਾਮ' ਲਾਂਚ ਕੀਤੀ। ਲਾਜਮੀ ਨੇ ਕਿਹਾ ਕਿ ਉਸ ਸਮੇਂ ਤੱਕ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਗਹਿਰੇ ਉਥਲ-ਪੁਥਲ ਵਿੱਚ ਸੀ।
ਇਹ ਫ਼ਿਲਮ ਪਿਆਰ-ਹੀਣ ਵਿਆਹੁਤਾ ਜ਼ਿੰਦਗੀ ਵਿੱਚ ਫਸੀ ਔਰਤ ਦਾ ਇਕਲਾਪਾ ਦਰਸਾਉਂਦੀ ਸੀ ਜੋ ਕਿ ਹੋਰ ਔਰਤਾਂ ਦੇ ਸ਼ੌਕੀਨ ਆਦਮੀ ਨਾਲ ਵਿਆਹੀ ਹੋਈ ਹੈ।
ਲੇਖਕ ਬਿਮਲ ਮਿਤਰਾ ਯਾਦ ਕਰਦੇ ਹਨ ਕਿ ਦੱਤ ਨੇ ਉਨ੍ਹਾਂ ਨਾਲ ਨੀਂਦ ਨਾ ਆਉਣ ਅਤੇ ਨੀਂਦ ਦੀਆਂ ਗੋਲੀਆਂ ਖਾਣ ਬਾਰੇ ਜ਼ਿਕਰ ਕੀਤਾ ਸੀ। ਉਦੋਂ ਤੱਕ, ਉਨ੍ਹਾਂ ਦਾ ਵਿਆਹ ਦਮ ਤੋੜ ਚੁੱਕਿਆ ਸੀ ਅਤੇ ਮਾਨਸਿਕ ਸਿਹਤ ਬਦਤਰ ਹੋ ਚੁੱਕੀ ਸੀ।
ਮਿੱਤਰਾ ਨੇ ਦੱਤ ਨਾਲ ਆਪਣੀਆਂ ਗੱਲਾਂ ਯਾਦ ਕਰਦਿਆਂ ਕਿਹਾ ਕਿ ਉਹ ਅਕਸਰ ਕਹਿੰਦੇ ਸੀ, "ਮੈਨੂੰ ਲਗਦਾ ਹੈ ਮੈਂ ਪਾਗਲ ਹੋ ਜਾਵਾਂਗਾ।"
ਇੱਕ ਰਾਤ, ਦੱਤ ਨੇ ਫਿਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਹ ਤਿੰਨ ਦਿਨਾਂ ਤੱਕ ਬੇਹੋਸ਼ ਰਹੇ।
ਲਾਜਮੀ ਨੇ ਕਿਹਾ ਕਿ ਉਸ ਤੋਂ ਬਾਅਦ ਡਾਕਟਰ ਦੀ ਸਲਾਹ 'ਤੇ ਉਨ੍ਹਾਂ ਦੇ ਪਰਿਵਾਰ ਨੇ ਮਨੋਵਿਗਿਆਨੀ ਨੂੰ ਉਨ੍ਹਾਂ ਦੇ ਇਲਾਜ ਲਈ ਬੁਲਾਇਆ ਪਰ ਦੱਤ ਕਦੇ ਇਸ ਦੀ ਪਾਲਣਾ ਨਹੀਂ ਕਰਦੇ ਸੀ।
ਲਾਜਮੀ ਨੇ ਪਛਤਾਵੇ ਨਾਲ ਕਿਹਾ, "ਅਸੀਂ ਫਿਰ ਕਦੇ ਮਨੋਵਿਗਿਆਨੀ ਨੂੰ ਨਹੀਂ ਸੱਦਿਆ।"
ਉਨ੍ਹਾਂ ਦਾ ਮੰਨਣਾ ਸੀ ਕਿ ਸਾਲਾਂ ਤੱਕ ਉਨ੍ਹਾਂ ਦਾ ਭਰਾ ਮਦਦ ਲਈ ਚੁੱਪਚਾਪ ਰੋਂਦੇ ਰਿਹਾ, ਸ਼ਾਇਦ ਹਨੇਰੇ ਵਿੱਚ ਫਸਿਆ ਮਹਿਸੂਸ ਕਰਦਾ ਰਿਹਾ ਜਿੱਥੇ ਕੋਈ ਉਨ੍ਹਾਂ ਦਾ ਦੁਖ ਨਾ ਦੇਖ ਸਕੇ, ਇੰਨੇ ਹਨੇਰੇ ਵਿੱਚ ਕਿ ਉਨ੍ਹਾਂ ਨੂੰ ਵੀ ਬਾਹਰ ਆਉਣ ਦਾ ਰਾਹ ਨਹੀਂ ਦਿਸ ਸਕਿਆ।
ਦੱਤ ਨੂੰ ਛੁੱਟੀ ਮਿਲਣ ਤੋਂ ਕੁਝ ਦਿਨ ਬਾਅਦ, ʻਸਾਹਿਬ ਬੀਬੀ ਔਰ ਗ਼ੁਲਾਮʼ ਦਾ ਫਿਲਮਾਂਕਣ ਸ਼ੁਰੂ ਹੋ ਗਿਆ, ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ।
ਜਦੋਂ ਮਿਤਰਾ ਨੇ ਘਟਨਾ ਬਾਰੇ ਪੁੱਛਿਆ ਤਾਂ ਦੱਤ ਨੇ ਕਿਹਾ, "ਅੱਜਕਲ੍ਹ ਮੈਂ ਅਕਸਰ ਸੋਚਦਾ ਹਾਂ ਕਿ ਇਹ ਕਿਸ ਚੀਜ਼ ਦੀ ਬੇਚੈਨੀ ਸੀ ਕਿ ਮੈਂ ਖੁਦਕੁਸ਼ੀ ਲਈ ਤਿਆਰ ਸੀ? ਜਦੋਂ ਮੈਂ ਇਸ ਬਾਰੇ ਸੋਚਦਾ ਹਾਂ ਤਾਂ ਡਰ ਜਾਂਦਾ ਹੈ। ਪਰ ਉਸ ਦਿਨ ਮੈਨੂੰ ਉਹ ਨੀਂਦ ਦੀਆਂ ਗੋਲੀਆਂ ਖਾਣ ਵਿੱਚ ਕੋਈ ਦੁਚਿੱਤੀ ਮਹਿਸੂਸ ਨਹੀਂ ਹੋਈ।"
ਫ਼ਿਲਮ ਸਫ਼ਲ ਹੋਈ ਅਤੇ ਇਸ ਨੇ 1963 ਬਰਲਿਨ ਫ਼ਿਲਮ ਫੈਸਟੀਵਲ ਵਿੱਚ ਭਾਰਤ ਦੀ ਰਸਮੀ ਐਂਟਰੀ ਕਰਾਈ। ਫ਼ਿਲਮ ਨੇ ਨੈਸ਼ਨਲ ਐਵਾਰਡ ਵੀ ਜਿੱਤਿਆ।
ਪਰ ਦੱਤ ਦਾ ਨਿੱਜੀ ਸੰਘਰਸ਼ ਵਧਦਾ ਹੀ ਗਿਆ। ਉਹ ਆਪਣੀ ਪਤਨੀ ਤੋਂ ਵੱਖ ਹੋ ਗਏ ਅਤੇ ਭਾਵੇਂ ਫ਼ਿਲਮਾਂ ਵਿੱਚ ਅਦਾਕਾਰੀ ਕਰਦੇ ਰਹੇ ਪਰ ਇਕਲਾਪੇ ਨਾਲ ਜੂਝਦੇ ਰਹੇ। ਅਕਸਰ ਰਾਹਤ ਲਈ ਸ਼ਰਾਬ ਅਤੇ ਨੀਂਦ ਦੀਆਂ ਗੋਲੀਆਂ ਦਾ ਸਹਾਰਾ ਲੈਂਦੇ ਸੀ।
ਦੱਤ 10 ਅਕਤੂਬਰ, 1964 ਨੂੰ 39 ਸਾਲ ਦੀ ਉਮਰ ਵਿੱਚ ਆਪਣੇ ਕਮਰੇ ਅੰਦਰ ਮ੍ਰਿਤ ਮਿਲੇ।
ਵਹੀਦਾ ਰਹਿਮਾਨ ਨੇ 1967 ਦੇ ਜਰਨਲ ਆਫ ਫ਼ਿਲਮ ਇੰਡਸਟਰੀ ਵਿੱਚ ਲਿਖਿਆ, "ਮੈਂ ਜਾਣਦੀ ਸੀ ਕਿ ਉਹ ਹਮੇਸ਼ਾ ਇਹ ਚਾਹ ਰਿਹਾ ਸੀ, ਇਸ (ਮੌਤ) ਲਈ ਤਰਸ ਰਿਹਾ ਸੀ ਅਤੇ ਉਸ ਨੂੰ ਮਿਲ ਗਈ।"
ਪਿਆਸਾ ਦੇ ਮੁੱਖ ਕਿਰਦਾਰ ਵਾਂਗੂ ਦੱਤ ਨੂੰ ਸੱਚੀ ਪ੍ਰਸ਼ੰਸਾ ਉਨ੍ਹਾਂ ਦੇ ਜਾਣ ਤੋਂ ਬਾਅਦ ਹੀ ਮਿਲੀ।
ਸਿਨੇਮਾ ਪ੍ਰੇਮੀ ਅਕਸਰ ਸੋਚਦੇ ਹਨ ਕਿ ਜੇ ਦੱਤ ਲੰਬਾ ਜਿਉਂਦੇ ਤਾਂ ਕੀ ਹੋਣਾ ਸੀ। ਸ਼ਾਇਦ ਉਹ ਆਪਣੀ ਦਾਰਸ਼ਨਿਕਤਾ ਅਤੇ ਸਾਹਿਤਕ ਕੰਮ ਨਾਲ ਭਾਰਤੀ ਸਿਨੇਮਾ ਨੂੰ ਅਕਾਰ ਦੇਣ ਦਾ ਕੰਮ ਕਰਦੇ ਰਹਿੰਦੇ।
ਯਾਸਿਰ ਉਸਮਾਨ ਗੁਰੂ ਦੱਤ ਦੀ ਜੀਵਨੀ 'ਐਨ ਅਨਫਿਨਿਸ਼ਡ ਸਟੋਰੀ' ਦੇ ਲੇਖਕ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ