ਗਣਤੰਤਰ ਦਿਵਸ ਮੌਕੇ ਕੌਣ ਹੋਵੇਗਾ ਮੁੱਖ ਮਹਿਮਾਨ, ਇਹ ਕਿਵੇਂ ਤੈਅ ਕੀਤਾ ਜਾਂਦਾ ਹੈ, ਭਾਰਤ ਦੀ ਗਣਤੰਤਰ ਦਿਵਸ ਪਰੇਡ ਵੱਖ ਕਿਉਂ ਹੈ

ਗਣਤੰਤਰ ਦਿਵਸ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਬਰਾਕ ਓਬਾਮਾ ਭਾਰਤ ਦੇ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ; ਉਹ 2015 ਵਿੱਚ ਮੁੱਖ ਮਹਿਮਾਨ ਸਨ
    • ਲੇਖਕ, ਨਿਕਿਤਾ ਯਾਦਵ
    • ਰੋਲ, ਬੀਬੀਸੀ ਨਿਊਜ਼

ਭਾਰਤ ਇਸ ਸਾਲ ਆਪਣਾ 77ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਹ ਉਹੀ ਦਿਨ ਹੈ ਜਦੋਂ ਦੇਸ਼ ਨੇ ਆਪਣਾ ਸੰਵਿਧਾਨ ਅਪਣਾਇਆ ਅਤੇ ਰਸਮੀ ਤੌਰ 'ਤੇ ਇੱਕ ਗਣਤੰਤਰ ਬਣਿਆ, ਭਾਵ ਆਪਣੇ ਬਸਤੀਵਾਦੀ ਅਤੀਤ ਤੋਂ ਪੂਰੀ ਤਰ੍ਹਾਂ ਵੱਖ ਹੋ ਗਿਆ।

ਹਰ ਸਾਲ ਹੋਣ ਵਾਲੀ ਗਣਤੰਤਰ ਦਿਵਸ ਦੀ ਸ਼ਾਨਦਾਰ ਪਰੇਡ ਦਿੱਲੀ ਦੇ ਇਤਿਹਾਸਕ ਰਾਜਪਥ (ਹੁਣ ਕਰਤੱਵ ਪਥ) 'ਤੇ ਹੁੰਦੀ ਹੈ। ਇਸ ਵਿੱਚ ਫੌਜੀ ਟੈਂਕ ਸ਼ਾਮਲ ਹੁੰਦੇ ਹਨ, ਲੜਾਕੂ ਜਹਾਜ਼ ਆਸਮਾਨ ਵਿੱਚ ਗਰਜਦੇ ਹਨ ਅਤੇ ਹਜ਼ਾਰਾਂ ਲੋਕ ਇਸ ਨੂੰ ਵੇਖਦੇ ਹਨ।

ਇਹ ਪਰੇਡ ਆਪਣੇ ਆਪ ਵਿੱਚ ਅਦਭੁੱਤ ਹੁੰਦੀ ਹੈ, ਪਰ ਇਸ ਗੱਲ 'ਤੇ ਵੀ ਸਾਰਿਆਂ ਦੀ ਨਜ਼ਰ ਰਹਿੰਦੀ ਹੈ ਕਿ ਸਮਾਰੋਹ ਵਿੱਚ ਸਭ ਤੋਂ ਮਹੱਤਵਪੂਰਨ ਸੀਟਾਂ 'ਤੇ ਕੌਣ ਬੈਠਾ ਹੈ।

ਇਸ ਸਾਲ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਅਤੇ ਯੂਰਪੀਅਨ ਪਰਿਸ਼ਦ ਪ੍ਰਧਾਨ ਐਂਟੋਨਿਓ ਕੋਸਟਾ ਮੌਜੂਦ ਰਹਿਣਗੇ।

ਭਾਰਤ ਨੇ ਉਨ੍ਹਾਂ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਹੈ। ਇਸ ਨਾਲ ਯੂਰਪੀਅਨ ਯੂਨੀਅਨ ਨੂੰ ਦੇਸ਼ ਦੇ ਸਭ ਤੋਂ ਵੱਕਾਰੀ ਰਾਜ ਸਮਾਗਮਾਂ ਵਿੱਚੋਂ ਇੱਕ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ।

ਇਸ ਦਿਨ ਭਾਰਤ ਆਪਣੀ ਰਾਜਧਾਨੀ ਦੇ ਦਿਲ ਨੂੰ ਇੱਕ ਮੰਚ ਵਿੱਚ ਬਦਲ ਦਿੰਦਾ ਹੈ। ਹਜ਼ਾਰਾਂ ਫੌਜੀ ਤਾੜੀਆਂ ਦੀ ਗੂੰਜ ਵਿੱਚ ਮਾਰਚ ਕਰਦੇ ਹਨ, ਬਖ਼ਤਰਬੰਦ ਵਾਹਨ ਕਰਤੱਵ ਪਥ 'ਤੇ ਅੱਗੇ ਵਧਦੇ ਹਨ, ਜਿਸ ਨੂੰ ਪਹਿਲਾਂ ਰਾਜਪਥ ਜਾਂ ਕਿੰਗਜ਼ ਐਵੇਨਿਊ ਕਿਹਾ ਜਾਂਦਾ ਸੀ। ਰੰਗ-ਬਿਰੰਗੀਆਂ ਝਾਕੀਆਂ ਦਰਸ਼ਕਾਂ ਦੇ ਸਾਹਮਣੇ ਤੋਂ ਲੰਘਦੀਆਂ ਹਨ।

ਦਿੱਲੀ ਵਿੱਚ ਮੌਜੂਦ ਲੋਕ ਇਨ੍ਹਾਂ ਨੂੰ ਸਿੱਧੇ ਤੌਰ 'ਤੇ ਵੇਖਦੇ ਹਨ, ਜਦਕਿ ਦੇਸ਼ ਭਰ ਵਿੱਚ ਕਰੋੜਾਂ ਲੋਕ ਸਕ੍ਰੀਨਾਂ 'ਤੇ ਇਹ ਪਰੇਡ ਦੇਖਦੇ ਹਨ।

ਇਸ ਪਰੇਡ ਦੀ ਪ੍ਰਧਾਨਗੀ ਭਾਰਤ ਦੇ ਰਾਸ਼ਟਰਪਤੀ ਕਰਦੇ ਹਨ। ਮੁੱਖ ਅਤਿਥੀ ਰਾਸ਼ਟਰਪਤੀ ਦੇ ਕੋਲ ਬੈਠਦੇ ਹਨ। ਉਨ੍ਹਾਂ ਦੀ ਸੀਟ ਰਾਸ਼ਟਰਪਤੀ ਦੀ ਕੁਰਸੀ ਦੇ ਬਹੁਤ ਨੇੜੇ ਹੁੰਦੀ ਹੈ, ਇੱਥੋਂ ਤੱਕ ਕਿ ਸਰਕਾਰ ਦੇ ਸਭ ਤੋਂ ਸੀਨੀਅਰ ਅਧਿਕਾਰੀਆਂ ਤੋਂ ਵੀ ਵੱਧ ਨੇੜੇ।

ਪਰੰਪਰਾ – ਜੋ ਭਾਰਤ ਦੀਆਂ ਤਰਜੀਹਾਂ ਬਾਰੇ ਦੱਸਦੀ ਹੈ

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ

ਤਸਵੀਰ ਸਰੋਤ, Ajay Aggarwal/Hindustan Times via Getty

ਤਸਵੀਰ ਕੈਪਸ਼ਨ, ਪਿਛਲੇ ਸਾਲ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨੇ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ

ਭਾਰਤ ਦੇ ਰਾਸ਼ਟਰਪਤੀ ਦੇ ਨਾਲ ਕੌਣ ਬੈਠਦਾ ਹੈ, ਇਹ ਲੰਬੇ ਸਮੇਂ ਤੋਂ ਸਿਰਫ਼ ਪ੍ਰੋਟੋਕੋਲ ਦਾ ਮਾਮਲਾ ਨਹੀਂ ਮੰਨਿਆ ਜਾਂਦਾ ਹੈ।

ਮਾਹਿਰਾਂ ਦੇ ਅਨੁਸਾਰ, ਦਹਾਕਿਆਂ ਤੋਂ, ਮੁੱਖ ਮਹਿਮਾਨ ਦੀ ਚੋਣ ਇਸ ਗੱਲ ਦਾ ਸੰਕੇਤ ਮੰਨੀ ਜਾਂਦੀ ਹੈ ਕਿ ਭਾਰਤ ਉਸ ਵੇਲੇ ਆਪਣੀ ਵਿਦੇਸ਼ ਨੀਤੀ ਵਿੱਚ ਕਿੰਨਾਂ ਤਰਜੀਹਾਂ ਨੂੰ ਅਹਿਮ ਮੰਨ ਰਿਹਾ ਹੈ ਅਤੇ ਕਿੰਨਾਂ ਰਿਸ਼ਤਿਆਂ ਨੂੰ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਹੈ।

ਇਹ ਪਰੰਪਰਾ 1950 ਵਿੱਚ ਸ਼ੁਰੂ ਹੋਈ ਸੀ, ਜਦੋਂ ਉਸ ਸਮੇਂ ਦੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਰਨੋ ਨੇ ਭਾਰਤ ਦੇ ਪਹਿਲੇ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ ਸੀ। ਆਪਣੇ ਸ਼ੁਰੂਆਤੀ ਸਾਲਾਂ ਵਿੱਚ, ਭਾਰਤ ਗਣਰਾਜ ਨੇ ਨਵੇਂ ਸੁਤੰਤਰ ਦੇਸ਼ਾਂ ਨਾਲ ਸਬੰਧਾਂ ਨੂੰ ਤਰਜੀਹ ਦਿੱਤੀ। ਇਹ ਗੱਲ ਉਸ ਸਮੇਂ ਦੌਰਾਨ ਆਏ ਮੁੱਖ ਮਹਿਮਾਨਾਂ ਦੀ ਚੋਣ ਵਿੱਚ ਵੀ ਝਲਕਦੀ ਹੈ।

ਉਦੋਂ ਤੋਂ, ਦੁਨੀਆ ਭਰ ਦੇ ਨੇਤਾ ਇਸ ਪਰੇਡ ਵਿੱਚ ਸ਼ਾਮਲ ਹੋਏ ਹਨ, ਜੋ ਭਾਰਤ ਦੇ ਵਿਸ਼ਵਵਿਆਪੀ ਸਬੰਧਾਂ ਅਤੇ ਰਣਨੀਤਕ ਤਰਜੀਹਾਂ ਵਿੱਚ ਤਬਦੀਲੀਆਂ ਨੂੰ ਦਰਸਾਉਂਦੇ ਹਨ।

ਮੁੱਖ ਮਹਿਮਾਨਾਂ ਵਿੱਚ ਭੂਟਾਨ ਅਤੇ ਸ਼੍ਰੀਲੰਕਾ ਵਰਗੇ ਗੁਆਂਢੀ ਦੇਸ਼ਾਂ ਦੇ ਨੇਤਾ ਵੀ ਸ਼ਾਮਲ ਹਨ ਅਤੇ ਨਾਲ ਹੀ ਸੰਯੁਕਤ ਰਾਜ ਅਤੇ ਬ੍ਰਿਟੇਨ ਵਰਗੀਆਂ ਵੱਡੀਆਂ ਸ਼ਕਤੀਆਂ ਦੇ ਰਾਜ ਅਤੇ ਸਰਕਾਰ ਦੇ ਮੁਖੀ ਸ਼ਾਮਲ ਹੋਏ ਹਨ।

ਬ੍ਰਿਟੇਨ ਪੰਜ ਵਾਰ ਮੁੱਖ ਮਹਿਮਾਨ ਰਿਹਾ ਹੈ, ਜਿਸ ਵਿੱਚ ਮਹਾਰਾਣੀ ਐਲਿਜ਼ਾਬੈਥ II ਅਤੇ ਪ੍ਰਿੰਸ ਫਿਲਿਪ ਸ਼ਾਮਲ ਹਨ। ਇਹ ਦੋਵਾਂ ਦੇਸ਼ਾਂ ਵਿਚਕਾਰ ਲੰਬੇ ਅਤੇ ਗੁੰਝਲਦਾਰ ਸਬੰਧਾਂ ਨੂੰ ਦਰਸਾਉਂਦਾ ਹੈ।

ਫਰਾਂਸ ਅਤੇ ਰੂਸ (ਪਹਿਲਾਂ ਸੋਵੀਅਤ ਯੂਨੀਅਨ) ਦੇ ਨੇਤਾਵਾਂ ਨੂੰ ਵੀ 1950 ਤੋਂ ਬਾਅਦ ਲਗਭਗ ਪੰਜ ਵਾਰ ਸੱਦਾ ਦਿੱਤਾ ਗਿਆ ਹੈ। ਇਹ ਇਨ੍ਹਾਂ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਲੰਬੇ ਸਮੇਂ ਤੋਂ ਚੱਲ ਰਹੇ ਰਣਨੀਤਕ ਸਬੰਧਾਂ ਨੂੰ ਦਰਸਾਉਂਦਾ ਹੈ।

ਗਣਤੰਤਰ ਦਿਵਸ ਲਈ ਮੁੱਖ ਮਹਿਮਾਨ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ?

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1961 ਵਿੱਚ ਭਾਰਤ ਦੀ ਗਣਤੰਤਰ ਦਿਵਸ ਪਰੇਡ ਵਿੱਚ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਮੁੱਖ ਮਹਿਮਾਨ ਸਨ

ਇੰਨੇ ਸਾਰੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਦੇ ਆਉਣ ਦੇ ਨਾਲ, ਇਹ ਸਵਾਲ ਉੱਠਦਾ ਹੈ ਕਿ ਭਾਰਤ ਹਰ ਸਾਲ ਗਣਤੰਤਰ ਦਿਵਸ ਲਈ ਮੁੱਖ ਮਹਿਮਾਨ ਦੀ ਚੋਣ ਕਿਵੇਂ ਕਰਦਾ ਹੈ।

ਮੁੱਖ ਮਹਿਮਾਨ ਦੀ ਚੋਣ ਦੀ ਪ੍ਰਕਿਰਿਆ ਆਮ ਤੌਰ 'ਤੇ ਲੋਕਾਂ ਤੋਂ ਲੁਕੀ ਰਹਿੰਦੀ ਹੈ। ਸਾਬਕਾ ਡਿਪਲੋਮੈਟਾਂ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਆਮ ਤੌਰ 'ਤੇ ਵਿਦੇਸ਼ ਮੰਤਰਾਲੇ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਸੰਭਾਵੀ ਮਹਿਮਾਨਾਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ।

ਅੰਤਿਮ ਫੈਸਲਾ ਫਿਰ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਲਿਆ ਜਾਂਦਾ ਹੈ, ਅਤੇ ਚੁਣੇ ਹੋਏ ਦੇਸ਼ਾਂ ਨਾਲ ਰਸਮੀ ਸੰਪਰਕ ਕੀਤਾ ਜਾਂਦਾ ਹੈ। ਇਸ ਪੂਰੀ ਪ੍ਰਕਿਰਿਆ ਵਿੱਚ ਕਈ ਮਹੀਨੇ ਲੱਗ ਸਕਦੇ ਹਨ।

ਭਾਰਤੀ ਵਿਦੇਸ਼ ਮੰਤਰਾਲੇ ਦੇ ਇੱਕ ਸਾਬਕਾ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੋਲਦਿਆਂ ਕਿਹਾ, "ਰਣਨੀਤਕ ਉਦੇਸ਼, ਖੇਤਰੀ ਸੰਤੁਲਨ, ਅਤੇ ਕੀ ਕਿਸੇ ਦੇਸ਼ ਨੂੰ ਪਹਿਲਾਂ ਸੱਦਾ ਦਿੱਤਾ ਗਿਆ ਹੈ, ਸਭ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।"

ਸੰਯੁਕਤ ਰਾਜ ਅਮਰੀਕਾ ਵਿੱਚ ਸਾਬਕਾ ਭਾਰਤੀ ਰਾਜਦੂਤ ਨਵਤੇਜ ਸਰਨਾ ਦੱਸਦੇ ਹਨ ਕਿ ਇਸ ਫੈਸਲੇ ਵਿੱਚ ਕਾਫ਼ੀ ਸੋਚ-ਵਿਚਾਰ ਕੀਤੀ ਜਾਂਦੀ ਹੈ।

ਉਹ ਦੱਸਦੇ ਹਨ, "ਇਹ ਮੁੱਖ ਭਾਈਵਾਲਾਂ, ਗੁਆਂਢੀਆਂ ਅਤੇ ਵੱਡੀਆਂ ਸ਼ਕਤੀਆਂ ਨੂੰ ਸੰਤੁਲਿਤ ਕਰਨ ਦਾ ਮਾਮਲਾ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਉਸ ਸਮੇਂ ਸਬੰਧਤ ਦੇਸ਼ ਦੇ ਨੇਤਾ ਦੀ ਉਪਲਬਧਤਾ ਵੀ ਇੱਕ ਵੱਡੀ ਭੂਮਿਕਾ ਨਿਭਾਉਂਦੀ ਹੈ।

ਵਿਦੇਸ਼ ਨੀਤੀ ਵਿਸ਼ਲੇਸ਼ਕ ਹਰਸ਼ ਵੀ. ਪੰਤ ਕਹਿੰਦੇ ਹਨ ਕਿ ਮੁੱਖ ਮਹਿਮਾਨਾਂ ਦੀ ਬਦਲਦੀ ਸੂਚੀ ਭਾਰਤ ਦੇ ਦੁਨੀਆ ਨਾਲ ਵਧਦੇ ਸਬੰਧਾਂ ਨੂੰ ਦਰਸਾਉਂਦੀ ਹੈ।

ਉਹ ਕਹਿੰਦੇ ਹਨ, "ਜੇ ਤੁਸੀਂ ਇਸ ਸਾਲ ਯੂਰਪੀ ਸੰਘ ਦੇ ਵਫ਼ਦ ਨੂੰ ਦੇਖਦੇ ਹੋ, ਜਿਸ ਵਿੱਚ ਇਸਦੀ ਅਗਵਾਈ ਵੀ ਸ਼ਾਮਲ ਹੈ, ਤਾਂ ਇਹ ਬਿਲਕੁਲ ਸਪੱਸ਼ਟ ਹੈ ਕਿ ਅਸੀਂ ਯੂਰਪੀ ਸੰਘ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ।"

ਉਨ੍ਹਾਂ ਇਹ ਵੀ ਕਿਹਾ ਕਿ ਇਹ ਵੀ ਸੰਭਵ ਹੈ ਕਿ ਇਸ ਦੌਰਾਨ ਇੱਕ ਵਪਾਰ ਸਮਝੌਤੇ ਦਾ ਐਲਾਨ ਹੋਵੇ। ਇਹ ਦਰਸਾਉਂਦਾ ਹੈ ਕਿ ਭਾਰਤ ਅਤੇ ਯੂਰਪੀ ਸਮੂਹ ਮੌਜੂਦਾ ਭੂ-ਰਾਜਨੀਤਿਕ ਸਥਿਤੀ 'ਤੇ ਇੱਕ ਸਾਂਝਾ ਦ੍ਰਿਸ਼ਟੀਕੋਣ ਸਾਂਝਾ ਕਰਦੇ ਹਨ।

ਇਹ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਭਾਰਤ ਵੀ ਸੰਯੁਕਤ ਰਾਜ ਅਮਰੀਕਾ ਨਾਲ ਵਪਾਰ ਸਮਝੌਤੇ 'ਤੇ ਗੱਲਬਾਤ ਕਰ ਰਿਹਾ ਹੈ। ਇਹ ਗੱਲਬਾਤ ਲਗਭਗ ਇੱਕ ਸਾਲ ਤੋਂ ਚੱਲ ਰਹੀ ਹੈ।

ਇਸ ਸਮੇਂ ਦੌਰਾਨ, ਸੰਯੁਕਤ ਰਾਜ ਅਮਰੀਕਾ ਨੇ ਭਾਰਤੀ ਸਾਮਾਨਾਂ 'ਤੇ 50 ਪ੍ਰਤੀਸ਼ਤ ਟੈਰਿਫ ਲਗਾਇਆ ਹੈ, ਜੋ ਕਿ ਏਸ਼ੀਆ ਵਿੱਚ ਸਭ ਤੋਂ ਵੱਧ ਹੈ। ਇਸ ਵਿੱਚ ਰੂਸ ਤੋਂ ਤੇਲ ਖਰੀਦਣ 'ਤੇ ਜੁਰਮਾਨੇ ਸ਼ਾਮਲ ਹਨ। ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਹੋ ਗਏ ਹਨ।

ਮੁੱਖ ਮਹਿਮਾਨ ਦੀ ਮੌਜੂਦਗੀ ਤੋਂ ਮਿਲਣ ਵਾਲਾ ਸੁਨੇਹਾ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 2007 ਵਿੱਚ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਹੋਏ ਸਨ

ਮਾਹਿਰਾਂ ਦੀ ਰਾਇ ਹੈ ਕਿ ਮੁੱਖ ਮਹਿਮਾਨ ਦੀ ਚੋਣ ਭਾਰਤ ਦੀਆਂ ਤਰਜੀਹਾਂ ਬਾਰੇ ਦੱਸਦੀ ਹੈ।

ਪੰਤ ਕਹਿੰਦੇ ਹਨ, "ਪਰੇਡ ਦੇ ਮੁੱਖ ਮਹਿਮਾਨ ਦੀ ਚੋਣ ਤੁਹਾਨੂੰ ਉਸ ਸਮੇਂ ਭਾਰਤ ਦੀਆਂ ਤਰਜੀਹਾਂ ਦਾ ਅੰਦਾਜ਼ਾ ਦਿੰਦੀ ਹੈ। ਇਹ ਦੱਸਦੀ ਹੈ ਕਿ ਭਾਰਤ ਕਿਸ ਖੇਤਰ 'ਤੇ ਧਿਆਨ ਦੇਣਾ ਚਾਹੁੰਦਾ ਹੈ ਜਾਂ ਕਿਸੇ ਖ਼ਾਸ ਉਪਲੱਬਧੀ ਨੂੰ ਹਾਸਲ ਕਰਨਾ ਚਾਹੁੰਦਾ ਹੈ।"

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਗਲੋਬਲ ਸਾਊਥ ਨਾਲ ਲਗਾਤਾਰ ਨੇੜਲੇ ਸੰਬੰਧ ਬਣਾ ਕੇ ਰੱਖ ਰਿਹਾ ਹੈ।

ਮਿਸਾਲ ਵਜੋਂ, ਸਾਲ 2018 ਵਿੱਚ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਆਸਿਆਨ ਦੇ ਆਗੂਆਂ ਨੂੰ ਮੁੱਖ ਅਤਿਥੀ ਬਣਾਇਆ ਗਿਆ ਸੀ।

ਪੰਤ ਕਹਿੰਦੇ ਹਨ ਕਿ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਖੇਤਰੀ ਸਮੂਹ ਨੂੰ ਸੱਦਾ ਦਿੱਤਾ ਗਿਆ। ਇਹ ਆਸਿਆਨ ਨਾਲ ਭਾਰਤ ਦੇ 25 ਸਾਲਾਂ ਦੇ ਲਗਾਅ ਨੂੰ ਦਰਸਾਉਣ ਲਈ ਕੀਤਾ ਗਿਆ ਸੀ।

ਇਸੇ ਤਰ੍ਹਾਂ, ਮਹਿਮਾਨ ਸੂਚੀ ਵਿੱਚ ਕੁਝ ਨਾਮਾਂ ਦੀ ਗੈਰ-ਮੌਜੂਦਗੀ ਵੀ ਤਣਾਅਪੂਰਨ ਰਿਸ਼ਤਿਆਂ ਨੂੰ ਦਰਸਾਉਂਦੀ ਹੈ।

ਸਾਲ 1965 ਤੋਂ ਪਹਿਲਾਂ ਪਾਕਿਸਤਾਨ ਦੇ ਆਗੂ ਦੋ ਵਾਰ ਮੁੱਖ ਮਹਿਮਾਨ ਵਜੋਂ ਆਏ ਸਨ, ਪਰ 1965 ਵਿੱਚ ਦੋਵੇਂ ਗੁਆਂਢੀ ਦੇਸ਼ਾਂ ਦਰਮਿਆਨ ਜੰਗ ਤੋਂ ਬਾਅਦ ਪਾਕਿਸਤਾਨ ਨੂੰ ਫਿਰ ਕਦੇ ਵੀ ਸੱਦਾ ਨਹੀਂ ਦਿੱਤਾ ਗਿਆ। ਇਹ ਰਿਸ਼ਤਿਆਂ ਵਿੱਚ ਲਗਾਤਾਰ ਤਣਾਅ ਦਾ ਸੰਕੇਤ ਮੰਨਿਆ ਜਾਂਦਾ ਹੈ।

ਚੀਨ ਸਿਰਫ਼ ਇੱਕ ਵਾਰ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਇਆ, ਜਦੋਂ ਮਾਰਸ਼ਲ ਯੇ ਜਿਆਨਯਿੰਗ 1958 ਵਿੱਚ ਭਾਰਤ ਆਏ ਸਨ। ਇਸ ਤੋਂ ਚਾਰ ਸਾਲ ਬਾਅਦ ਦੋਵਾਂ ਦੇਸ਼ਾਂ ਵਿੱਚ ਸੀਮਾ ਵਿਵਾਦ ਨੂੰ ਲੈ ਕੇ ਜੰਗ ਹੋਈ ਸੀ।

ਭਾਰਤ ਦੀ ਗਣਤੰਤਰ ਦਿਵਸ ਪਰੇਡ ਵੱਖਰੀ ਕਿਉਂ

ਗਣਤੰਤਰ ਦਿਵਸ

ਤਸਵੀਰ ਸਰੋਤ, EPA/Shutterstock

ਤਸਵੀਰ ਕੈਪਸ਼ਨ, ਭਾਰਤ ਦਾ ਗਣਤੰਤਰ ਦਿਵਸ ਆਪਣੀ ਫੌਜ ਦੀ ਸਮਰੱਥਾ ਦੇ ਪ੍ਰਦਰਸ਼ਨ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਖੇਤਰੀ ਝਾਕੀਆਂ ਨੂੰ ਵੀ ਜੋੜਦਾ ਹੈ

ਪਰ ਗਣਤੰਤਰ ਦਿਵਸ ਦੀ ਮਹੱਤਤਾ ਸਿਰਫ਼ ਕੂਟਨੀਤੀ ਅਤੇ ਮਹਿਮਾਨ ਸੂਚੀ ਤੱਕ ਸੀਮਤ ਨਹੀਂ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਭਾਰਤ ਦੀ ਪਰੇਡ ਦੁਨੀਆ ਦੇ ਹੋਰ ਦੇਸ਼ਾਂ ਦੀਆਂ ਫੌਜੀ ਪਰੇਡ ਨਾਲੋਂ ਕਈ ਮਾਅਨਿਆਂ ਵਿੱਚ ਵੱਖਰੀ ਹੈ। ਇੱਕ ਕਾਰਨ ਇਹ ਹੈ ਕਿ ਭਾਰਤ ਵਿੱਚ ਲਗਭਗ ਹਰ ਸਾਲ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਹੁੰਦਾ ਹੈ।

ਇਸ ਤੋਂ ਇਲਾਵਾ, ਜ਼ਿਆਦਾਤਰ ਦੇਸ਼ਾਂ ਵਿੱਚ ਅਜਿਹੀਆਂ ਪਰੇਡਾਂ ਫੌਜਾਂ ਦੀ ਜਿੱਤ ਦੀ ਯਾਦ ਵਿੱਚ ਹੁੰਦੀਆਂ ਹਨ।

ਮਿਸਾਲ ਵਜੋਂ, ਰੂਸ ਦਾ 'ਵਿਕਟਰੀ ਡੇਅ' ਦੂਜੇ ਵਿਸ਼ਵ ਯੁੱਧ ਵਿੱਚ ਜਰਮਨੀ ਦੀ ਹਾਰ ਦੀ ਯਾਦ ਦਿਵਾਉਂਦਾ ਹੈ। ਫ਼ਰਾਂਸ ਦਾ 'ਬੈਸਟਿਲ ਡੇਅ' ਫ਼ਰਾਂਸੀਸੀ ਕ੍ਰਾਂਤੀ ਦੀ ਸ਼ੁਰੂਆਤ ਅਤੇ ਰਾਜਸ਼ਾਹੀ ਦੇ ਪਤਨ ਦਾ ਪ੍ਰਤੀਕ ਹੈ। ਚੀਨ ਦੀ ਫੌਜੀ ਪਰੇਡ ਦੂਜੇ ਵਿਸ਼ਵ ਯੁੱਧ ਵਿੱਚ ਜਪਾਨ 'ਤੇ ਉਸ ਦੀ ਜਿੱਤ ਨੂੰ ਦਰਸਾਉਂਦੀ ਹੈ।

ਪੰਤ ਕਹਿੰਦੇ ਹਨ ਕਿ ਇਸ ਦੇ ਉਲਟ ਭਾਰਤ ਦਾ ਉਤਸਵ ਸੰਵਿਧਾਨ 'ਤੇ ਕੇਂਦਰਿਤ ਹੁੰਦਾ ਹੈ।

ਉਹ ਕਹਿੰਦੇ ਹਨ, "ਕਈ ਹੋਰ ਦੇਸ਼ਾਂ ਵਿੱਚ ਅਜਿਹੇ ਸਮਾਰੋਹ ਜੰਗ ਵਿੱਚ ਜਿੱਤ ਨਾਲ ਜੁੜੇ ਹੁੰਦੇ ਹਨ। ਅਸੀਂ ਅਜਿਹਾ ਨਹੀਂ ਕਰਦੇ। ਅਸੀਂ ਇੱਕ ਸੰਵਿਧਾਨਕ ਲੋਕਤੰਤਰ ਬਣਨ ਦਾ ਉਤਸਵ ਮਨਾਉਂਦੇ ਹਾਂ, ਭਾਵ ਸੰਵਿਧਾਨ ਦੇ ਲਾਗੂ ਹੋਣ ਦਾ।"

ਪੱਛਮੀ ਦੇਸ਼ਾਂ ਦੀਆਂ ਕਈ ਫੌਜੀ ਪਰੇਡਾਂ ਤੋਂ ਵੱਖ, ਭਾਰਤ ਦਾ ਗਣਤੰਤਰ ਦਿਵਸ ਆਪਣੀ ਫੌਜ ਦੀ ਸਮਰੱਥਾ ਦੇ ਪ੍ਰਦਰਸ਼ਨ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਖੇਤਰੀ ਝਾਕੀਆਂ ਨੂੰ ਵੀ ਜੋੜਦਾ ਹੈ। ਇਸ ਨਾਲ ਸ਼ਕਤੀ ਅਤੇ ਵਿਭਿੰਨਤਾ, ਦੋਵੇਂ ਦਾ ਸੁਨੇਹਾ ਜਾਂਦਾ ਹੈ।

ਰਣਨੀਤੀ ਅਤੇ ਪ੍ਰਤੀਕਾਂ ਤੋਂ ਅੱਗੇ ਇਹ ਪਰੇਡ ਮਹਿਮਾਨ 'ਤੇ ਅਕਸਰ ਨਿੱਜੀ ਪ੍ਰਭਾਵ ਵੀ ਛੱਡਦੀ ਹੈ।

ਨਾਮ ਨਾ ਛਾਪਣ ਦੀ ਸ਼ਰਤ 'ਤੇ ਗੱਲ ਕਰਨ ਵਾਲੇ ਇੱਕ ਸਾਬਕਾ ਅਧਿਕਾਰੀ ਨੇ ਯਾਦ ਕੀਤਾ ਕਿ ਓਬਾਮਾ ਪਰਿਵਾਰ ਊਟਾਂ 'ਤੇ ਸਵਾਰ ਦਸਤਿਆਂ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਸੀ। ਇਹ ਦ੍ਰਿਸ਼ ਰਸਮੀ ਪ੍ਰੋਗਰਾਮ ਖ਼ਤਮ ਹੋਣ ਤੋਂ ਕਾਫ਼ੀ ਸਮੇਂ ਬਾਅਦ ਤੱਕ ਵੀ ਉਨ੍ਹਾਂ ਦੇ ਜ਼ਹਿਨ ਵਿੱਚ ਰਿਹਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)