You’re viewing a text-only version of this website that uses less data. View the main version of the website including all images and videos.
ਹਰਜੀਤ ਕੌਰ ਅਮਰੀਕਾ ਤੋਂ ਭਾਰਤ ਡਿਪੋਰਟ ਹੋਏ, ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, ‘ਭਾਰਤ ਨੂੰ ਗ਼ੈਰ-ਕਾਨੂੰਨੀ ਪਰਵਾਸ ਮਨਜ਼ੂਰ ਨਹੀਂ’
ਅਮਰੀਕਾ 'ਚ ਹਿਰਾਸਤ ਵਿੱਚ ਲਏ ਗਏ 73 ਸਾਲਾ ਹਰਜੀਤ ਕੌਰ ਹੁਣ ਭਾਰਤ ਪਹੁੰਚ ਚੁੱਕੇ ਹਨ। ਉਨ੍ਹਾਂ ਦੇ ਵਕੀਲ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਕਿਵੇਂ ਵਕੀਲ ਅਤੇ ਪਰਿਵਾਰ ਨੂੰ ਕੋਈ ਜਾਣਕਾਰੀ ਦਿੱਤੇ ਬਿਨ੍ਹਾਂ ਹੀ ਹਰਜੀਤ ਕੌਰ ਨੂੰ ਭਾਰਤ ਡੀਪੋਰਟ ਕਰ ਦਿੱਤਾ ਗਿਆ।
ਹਰਜੀਤ ਕੌਰ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਜਾਰੀ ਕਰਕੇ ਸਾਰੀ ਜਾਣਕਾਰੀ ਦਿੱਤੀ ਹੈ।
ਦੀਪਕ ਨੇ ਦੱਸਿਆ ਕਿ ''ਹਰਜੀਤ ਕੌਰ ਭਾਰਤ ਪਹੁੰਚ ਚੁੱਕੇ ਹਨ। ਪਰ ਮੁੱਦਾ ਇਹ ਹੈ ਕਿ ਉਹ ਕਿਵੇਂ ਪਹੁੰਚੇ ਅਤੇ ਉਨ੍ਹਾਂ ਨਾਲ ਕਿਹੋ-ਜਿਹਾ ਵਤੀਰਾ ਕੀਤਾ ਗਿਆ।''
ਉਨ੍ਹਾਂ ਕਿਹਾ, ''ਬੀਬੀ ਹਰਜੀਤ ਕੌਰ ਅਤੇ ਉਨ੍ਹਾਂ ਦਾ ਪਰਿਵਾਰ, ਕਦੇ ਵੀ ਉਨ੍ਹਾਂ ਨੂੰ ਭਾਰਤ ਭੇਜੇ ਜਾਣ ਦੇ ਖ਼ਿਲਾਫ਼ ਨਹੀਂ ਸੀ। ਉਨ੍ਹਾਂ ਨੇ ਕਈ ਵਾਰ ਇਸ ਦੇ ਲਈ ਪਟੀਸ਼ਨ ਵੀ ਪਾਈ ਸੀ ਅਤੇ ਇਸ ਦੀ ਲਿਮਿਟ ਖਤਮ ਹੋ ਚੁੱਕੀ ਸੀ ਅਤੇ ਇਹੀ ਤੱਥ ਸਹੀ ਹੈ।''
''ਜੋ ਗੱਲ ਸੱਚ ਨਹੀਂ ਹੈ, ਉਹ ਇਹ ਹੈ ਕਿ ਜਦੋਂ ਉਨ੍ਹਾਂ ਦੀ ਆਖਰੀ ਅਪੀਲ ਵੀ ਖਾਰਿਜ ਹੋ ਗਈ ਤਾਂ ਉਨ੍ਹਾਂ ਨੇ ਖੁਦ ਇੱਥੇ ਰਹਿਣਾ ਚੁਣਿਆ ਸੀ।''
'ਗ਼ੈਰ-ਕਾਨੂੰਨੀ ਪਰਵਾਸ ਨਾਮਨਜ਼ੂਰ'
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਮੀਡੀਆ ਬਰੀਫ਼ਿੰਗ ਵਿੱਚ ਗ਼ੈਰ-ਕਾਨੂੰਨੀ ਪਰਵਾਸ ਬਾਰੇ ਭਾਰਤ ਸਰਕਾਰ ਦਾ ਪੱਖ ਰੱਖਿਆ ਹੈ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਪੰਜਾਬ ਦੀ ਨਾਗਰਿਕ ਹਰਜੀਤ ਕੌਰ ਨੂੰ ਅਮਰੀਕਾ ਵੱਲੋਂ ਡਿਪੋਰਟ ਕੀਤੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਜਨਵਰੀ 2025 ਤੋਂ ਲੈ ਕੇ ਹੁਣ ਤੱਕ ਕੁੱਲ 2417 ਲੋਕਾਂ ਨੂੰ ਅਮਰੀਕਾ ਵੱਲੋਂ ਡਿਪੋਰਟ ਕੀਤਾ ਗਿਆ ਹੈ।"
"ਅਸੀਂ ਪਰਵਾਸ ਦੇ ਕਾਨੂੰਨੀ ਤਰੀਕੇ ਅਪਣਾਉਣ ਨੂੰ ਉਤਸ਼ਾਹਿਤ ਕਰਦੇ ਹਾਂ। ਭਾਰਤ ਗ਼ੈਰ-ਕਾਨੂੰਨੀ ਪਰਵਾਸ ਦੇ ਖ਼ਿਲਾਫ਼ ਹੈ। ਜਦੋਂ ਕਿਸੇ ਹੋਰ ਦੇਸ਼ ਵਿੱਚ ਕੋਈ ਭਾਰਤੀ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿੰਦਾ ਫੜਿਆ ਜਾਂਦਾ ਹੈ ਤਾਂ ਸਾਡੇ ਨਾਲ ਰਾਬਤਾ ਕੀਤਾ ਜਾਂਦਾ ਹੈ। ਉਸ ਬਾਰੇ ਲੋੜੀਂਦੇ ਦਸਤਾਵੇਜ਼ਾਂ ਜੋ ਇਸ ਦਾਅਵੇ ਨੂੰ ਦਰਾਸਉਂਦੇ ਹੋਣ ਕਿ ਉਹ ਭਾਰਤੀ ਨਾਗਰਿਕ ਹੈ ਸਾਂਝੇ ਕੀਤੇ ਜਾਂਦੇ ਹਨ।"
ਜੈਸਵਾਲ ਨੇ ਕਿਹਾ, "ਅਸੀਂ ਸਾਰੇ ਦਸਤਾਵੇਜ਼ ਚੈੱਕ ਕਰਦੇ ਹਾਂ, ਭਾਰਤੀ ਨਾਗਰਿਕਤਾ ਚੈੱਕ ਕਰਦੇ ਹਾਂ ਅਤੇ ਫ਼ਿਰ ਉਸ ਨੂੰ ਵਾਪਸ ਆਉਣ ਦਿੰਦੇ ਹਾਂ। ਅਮਰੀਕਾ ਤੋਂ ਹੋਣ ਵਾਲੇ ਡਿਪੋਰਟ ਦੇ ਮਾਮਲਿਆਂ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ।
"ਅਸੀਂ ਕਾਨੂੰਨੀ ਤੌਰ ਉੱਤੇ ਪਰਵਾਸ ਨੂੰ ਉਤਸ਼ਾਹਿਤ ਕਰਦੇ ਹਾਂ ਅਤੇ ਨਾਲ ਹੀ ਗ਼ੈਰ-ਕਾਨੂੰਨੀ ਪਰਵਾਸ ਨੂੰ ਨੱਥ ਪਾਉਣ ਲਈ ਉਪਰਾਲੇ ਵੀ ਕਰਦੇ ਹਾਂ।"
"ਭਾਰਤ ਸਰਕਾਰ ਵੱਖ-ਵੱਖ ਸੂਬਾ ਸਰਕਾਰਾਂ ਨਾਲ ਮਿਲਕੇ ਗ਼ੈਰ-ਕਾਨੂੰਨੀ ਪਰਵਾਸ ਨੂੰ ਢੱਲ ਪਾਉਣ ਸਬੰਧੀ ਕੰਮ ਕਰ ਰਹੀ ਹੈ।"
ਹਰਜੀਤ ਕੌਰ ਬਾਰੇ ਭਾਰਤ ਵਿੱਚ ਰਿਸ਼ਤੇਦਾਰਾਂ ਨੇ ਕੀ ਦੱਸਿਆ
ਜਾਣਕਾਰੀ ਮੁਤਾਬਕ, ਭਾਰਤ ਵਿੱਚ ਇਸ ਵੇਲੇ ਹਰਜੀਤ ਕੌਰ ਦੀ ਦੇਖਭਾਲ਼ ਉਨ੍ਹਾਂ ਦੇ ਜੀਜਾ ਕੁਲਵੰਤ ਸਿੰਘ ਕਰ ਰਹੇ ਹਨ, ਜੋ ਕਿ ਭਾਰਤੀ ਹਵਾਈ ਫੌਜ ਦੇ ਸੇਵਾਮੁਕਤ ਅਫ਼ਸਰ ਹਨ।
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਕੁਲਵੰਤ ਸਿੰਘ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਲੰਘੀ 24 ਸਤੰਬਰ ਨੂੰ ਹਰਜੀਤ ਕੌਰ ਨੂੰ ਦਿੱਲੀ ਏਅਰਪੋਰਟ ਤੋਂ ਰਿਸੀਵ ਕੀਤਾ ਹੈ।
ਕੁਲਵੰਤ ਸਿੰਘ ਨੇ ਦੱਸਿਆ ਕਿ ਫਿਲਹਾਲ ਹਰਜੀਤ ਕੌਰ ਕਿਸੇ ਵੀ ਤਰ੍ਹਾਂ ਦਾ ਬਿਆਨ ਦੇਣ ਲਈ ਮਾਨਸਿਕ ਤੌਰ 'ਤੇ ਤਿਆਰ ਨਹੀਂ ਹਨ ਅਤੇ ਸਦਮੇ ਵਿੱਚ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਪਰਿਵਾਰ ਕਿਸੇ ਵੀ ਤਰ੍ਹਾਂ ਦਾ ਬਿਆਨ ਦੇਣ ਬਾਰੇ ਬਾਅਦ ਵਿੱਚ ਵਿਚਾਰ ਕਰੇਗਾ।
ਹਰਜੀਤ ਕੌਰ ਦਾ ਪੂਰਾ ਮਾਮਲਾ ਕੀ ਹੈ?
8 ਸਤੰਬਰ 2025 ਨੂੰ, ਸੈਨ ਫਰਾਂਸਿਸਕੋ ਵਿੱਚ ਆਈਸੀਈ (ਯੂਐੱਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ) ਦੀ ਰੁਟੀਨ ਮੁਲਾਕਾਤ ਦੌਰਾਨ, 73 ਸਾਲਾ ਹਰਜੀਤ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਬੇਕਰਸਫੀਲਡ ਦੇ ਮੇਸਾ ਵਰਡੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।
ਹਰਜੀਤ ਦੇ ਸਮਰਥਨ ਲਈ ਬਣਾਈ ਗਈ ਵੈੱਬਸਾਈਟ ਬ੍ਰਿੰਗ ਹਰਜੀਤ ਹੋਮ ਦੇ ਮੁਤਾਬਕ ਹਰਜੀਤ ਕੌਰ, ਜਿਨ੍ਹਾਂ ਨੂੰ ਸ਼ਾਂਤਾ ਜਾਂ ਸਰਬਜੀਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ, 73 ਸਾਲ ਦੇ ਹਨ ਜੋ 30 ਸਾਲਾਂ ਤੋਂ ਵੱਧ ਸਮੇਂ ਤੋਂ ਈਸਟ ਬੇਅ, ਕੈਲੀਫੋਰਨੀਆ ਵਿੱਚ ਰਹਿੰਦੇ ਸਨ।
ਹਰਕਿਊਲਸ ਦੇ ਵਸਨੀਕ, ਹਰਜੀਤ ਕੌਰ ਨੇ ਬਰਕਲੇ ਵਿੱਚ ਇੱਕ ਛੋਟੇ ਕਾਰੋਬਾਰ ਵਿੱਚ ਦੋ ਦਹਾਕਿਆਂ ਤੱਕ ਕੰਮ ਕੀਤਾ।
ਅਮਰੀਕਾ ਵਿੱਚ ਸ਼ਰਨ ਦੇ ਕੇਸ ਤੋਂ ਇਨਕਾਰ ਹੋਣ ਤੋਂ ਬਾਅਦ ਹਰਜੀਤ ਨੇ 13 ਸਾਲਾਂ ਤੋਂ ਵੱਧ ਸਮੇਂ ਲਈ ਹਰ ਛੇ ਮਹੀਨਿਆਂ ਵਿੱਚ ਆਈਸੀਈ ਚੈੱਕ-ਇਨ ਦੀ ਪਾਲਣਾ ਕੀਤੀ। ਇਸ ਵੈੱਬਸਾਈਟ ਵਿੱਚ ਦਾਅਵਾ ਕੀਤਾ ਗਿਆ ਕਿ ਆਈਸੀਈ ਨੇ ਉਨ੍ਹਾਂ ਨੂੰ ਨਿਗਰਾਨੀ ਹੇਠ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਸੀ।
ਆਈਸੀਈ ਨੇ ਬੀਬੀਸੀ ਨੂੰ ਦਿੱਤੇ ਜਵਾਬ ਵਿੱਚ ਆਖਿਆ ਹੈ, ''ਹਰਜੀਤ ਕੌਰ ਇੱਕ ਗ਼ੈਰ-ਕਾਨੂੰਨੀ ਪਰਵਾਸੀ ਹੈ ਜਿਸਨੇ 1991 ਤੋਂ ਆਪਣਾ ਕੇਸ ਲੜਿਆ ਹੈ, ਤਕਰੀਬਨ 34 ਸਾਲਾਂ ਤੋਂ ਵੱਧ ਸਮੇਂ ਤੱਕ। ਉਨ੍ਹਾਂ ਨੂੰ 2005 ਵਿੱਚ, 20 ਸਾਲ ਪਹਿਲਾਂ ਇੱਕ ਇਮੀਗ੍ਰੇਸ਼ਨ ਜੱਜ ਦੁਆਰਾ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ ਸੀ ਅਤੇ ਉਹ ਨਹੀਂ ਗਏ।"
"ਉਨ੍ਹਾਂ ਨੇ 9ਵੀਂ ਸਰਕਟ ਕੋਰਟ ਆਫ਼ ਅਪੀਲ ਤੱਕ ਕਈ ਅਪੀਲਾਂ ਦਾਇਰ ਕੀਤੀਆਂ ਹਨ ਅਤੇ ਹਰ ਵਾਰ ਹਾਰ ਗਏ। ਹੁਣ ਜਦੋਂ ਉਨ੍ਹਾਂ ਨੇ ਸਾਰੇ ਕਾਨੂੰਨੀ ਉਪਾਅ ਖ਼ਤਮ ਕਰ ਦਿੱਤੇ ਹਨ, ਤਾਂ ਆਈਸੀਈ ਅਮਰੀਕੀ ਕਾਨੂੰਨ ਅਤੇ ਜੱਜ ਦੇ ਹੁਕਮਾਂ ਨੂੰ ਲਾਗੂ ਕਰ ਰਹੀ ਹੈ।''
ਬ੍ਰਿੰਗ ਹਰਜੀਤ ਹੋਮ ਮੁਤਾਬਕ, ਹਰਜੀਤ ਕੌਰ ਤਿੰਨ ਦਹਾਕੇ ਪਹਿਲਾਂ ਭਾਰਤ ਤੋਂ ਆਪਣੇ ਦੋ ਬੇਟਿਆਂ ਨਾਲ ਅਮਰੀਕਾ ਗਏ ਸਨ।
12 ਸਤੰਬਰ ਨੂੰ ਅਮਰੀਕਾ ਵਿਖੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਮੌਜੂਦ ਸਨ।
ਅਮਰੀਕੀ ਵੈੱਬਸਾਈਟ ਬਰਕਲੇਸਾਈਡ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਦੀ ਪੋਤੀ ਸੁਖਦੀਪ ਕੌਰ ਨੇ ਕਿਹਾ ਸੀ ਕਿ ਉਹ ਆਪਣੀ ਦਾਦੀ ਦੀ ਹਿਰਾਸਤ ਦੀ ਘਟਨਾ ਤੋਂ ਬਾਅਦ ਹੈਰਾਨ ਹਨ।
ਹਰਜੀਤ ਕੌਰ ਦੀ ਨੂੰਹ ਮਨਜੀਤ ਕੌਰ ਨੇ ਵੀ ਆਖਿਆ ਸੀ ਕਿ ਹਰਜੀਤ ਕੌਰ ਨੇ ਹਮੇਸ਼ਾ ਵਰਕ ਪਰਮਿਟ ਵਾਸਤੇ ਅਪਲਾਈ ਕੀਤਾ ਹੈ ਅਤੇ ਉਹ ਅਮਰੀਕਾ ਵਿੱਚ ਟੈਕਸ ਭਰਦੇ ਆਏ ਹਨ।
ਉਨ੍ਹਾਂ ਇਹ ਵੀ ਆਖਿਆ ਸੀ ਕਿ ਜਦੋਂ ਉਨ੍ਹਾਂ ਨੇ ਹਰਜੀਤ ਕੌਰ ਨਾਲ ਫ਼ੋਨ ਤੇ ਗੱਲ ਕੀਤੀ ਤਾਂ ਉਹ ਕਾਫੀ ਘਬਰਾਏ ਹੋਏ ਲੱਗ ਰਹੇ ਸਨ।
'ਆਈਸੀਈ ਉਨ੍ਹਾਂ ਨੂੰ ਟਰੈਵਲ ਡੌਕੂਮੈਂਟ ਮੁੱਹਈਆ ਨਹੀਂ ਕਰਾ ਸਕਿਆ'
ਹਰਜੀਤ ਕੌਰ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਦੱਸਿਆ ਕਿ ''ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਅਤੇ ਫਿਰ ਦੱਸ ਰਿਹਾ ਹਾਂ ਕਿ ਅਪੀਲ ਖਾਰਿਜ ਹੋਣ ਤੋਂ ਬਾਅਦ ਉਹ 13 ਸਾਲਾਂ ਤੱਕ ਰੂਟੀਨ ਚੈਕਅਪ ਲਈ ਪੇਸ਼ ਹੁੰਦੇ ਰਹੇ ਹਨ। ਟਰੈਵਲ ਡੌਕੂਮੈਂਟ ਲਈ ਜਿਵੇਂ ਵੀ ਹੋ ਸਕਦਾ ਸੀ ਉਨ੍ਹਾਂ ਨੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ।''
''ਆਈਸੀਈ ਉਨ੍ਹਾਂ ਨੂੰ ਟਰੈਵਲ ਡੌਕੂਮੈਂਟ ਮੁਹੱਈਆ ਨਹੀਂ ਕਰਾ ਸਕਿਆ ਅਤੇ ਜਦੋਂ ਉਨ੍ਹਾਂ ਨੂੰ ਹਿਰਾਸਤ 'ਚ ਲਏ 2 ਹਫਤੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ, ਉਦੋਂ ਵੀ ਨਹੀਂ।''
''ਜਦੋਂ ਮੈਂ ਪਿਛਲੇ ਸੋਮਵਾਰ ਉਨ੍ਹਾਂ ਨੂੰ ਮਿਲਣ ਗਿਆ ਸੀ, ਉਦੋਂ ਵੀ ਉਨ੍ਹਾਂ ਕੋਲ ਟਰੈਵਲ ਡੌਕੂਮੈਂਟ ਨਹੀਂ ਸਨ।''
''ਇਸ ਲਈ, ਮੀਡੀਆ 'ਚ ਅਤੇ ਆਈਸੀਈ ਦੇ ਬੁਲਾਰੇ ਵੱਲੋਂ ਇਹ ਕਹਿਣਾ ਕਿ ਬੀਬੀ ਜੀ ਖੁਦ ਇੱਥੇ ਰਹਿਣਾ ਚਾਹੁੰਦੇ ਸਨ, ਉਹ ਟੈਕਸ ਸਿਸਟਮ 'ਤੇ ਬੋਝ ਸਨ, ਗਲਤ ਹੈ। ਸਗੋਂ ਉਹ ਤਾਂ ਖੁਦ ਟੈਕਸ ਸਿਸਟਮ ਵਿੱਚ ਸਹਿਯੋਗ ਦੇ ਰਹੇ ਸਨ।''
''ਉਨ੍ਹਾਂ ਨੂੰ ਵਾਪਸ ਭੇਜੇ ਜਾਣ ਦੇ ਇੰਤਜ਼ਾਰ ਦੌਰਾਨ ਉਨ੍ਹਾਂ ਨੇ ਕਾਨੂੰਨ ਦੇ ਤਹਿਤ ਰਹਿੰਦਿਆਂ ਕੰਮ ਕੀਤਾ।''
'ਸਾਡੀ ਕੋਈ ਮੰਗ ਨਹੀਂ ਸੁਣੀ'
ਦੀਪਕ ਆਹਲੂਵਾਲੀਆ ਨੇ ਕਿਹਾ, ''ਬੀਬੀ ਜੀ ਨੇ ਖੁਦ ਟਰੈਵਲ ਡੌਕੂਮੈਂਟ ਪ੍ਰਾਪਤ ਕਰ ਲਏ ਸਨ ਅਤੇ ਅਸੀਂ ਉਨ੍ਹਾਂ ਦੇ ਅਧਾਰ 'ਤੇ ਸਰਕਾਰ ਅਤੇ ਆਈਸੀਈ ਨਾਲ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਇੱਕ ਕਮਰਸ਼ੀਅਲ ਫਲਾਈਟ ਰਾਹੀਂ ਡਿਪੋਰਟ ਕੀਤਾ ਜਾਵੇ।''
''ਅਸੀਂ ਸਿਰਫ ਇੰਨੀ ਹੀ ਮੰਗ ਕਰ ਰਹੇ ਸੀ। ਪਰ ਉਨ੍ਹਾਂ ਨੇ ਸਾਡੇ ਨਾਲ ਕੋਈ ਸਿੱਧਾ ਸੰਪਰਕ ਨਹੀਂ ਕੀਤਾ। ਪਿਛਲੇ ਵੀਰਵਾਰ ਨੂੰ ਜੋ ਇੱਕ ਗੱਲ ਸਾਨੂੰ ਡਿਪੋਰਟੇਸ਼ਨ ਅਫ਼ਸਰ ਤੋਂ ਸੁਣਨ ਨੂੰ ਮਿਲੀ, ਉਹ ਸੀ - 'ਅਸੀਂ ਇਸ 'ਤੇ ਵਿਚਾਰ ਕਰ ਰਹੇ ਹਾਂ'।''
''ਸਾਨੂੰ ਟਰੈਵਲ ਡੌਕੂਮੈਂਟ ਮਿਲ ਗਏ ਸਨ, ਉਨ੍ਹਾਂ (ਆਈਸੀਈ) ਨੂੰ ਵੀ ਪਤਾ ਸੀ। ਅਸੀਂ ਪਿਛਲੇ ਸੋਮਵਾਰ ਹਰਜੀਤ ਕੌਰ ਲਈ ਟਿਕਟ ਵੀ ਬੁੱਕ ਕਰ ਲਈ ਸੀ।''
''ਅਸੀਂ ਦੋ ਮੰਗਾਂ ਕੀਤੀਆਂ ਸਨ ਕਿ ਜਾਂ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਜਾਂ ਫਿਰ ਉਨ੍ਹਾਂ (ਹਰਜੀਤ ਕੌਰ) ਨੂੰ 24-48 ਘੰਟਿਆਂ ਲਈ ਰਿਹਾਈ ਦਿੱਤੀ ਜਾਵੇ, ਭਾਵੇਂ ਉਨ੍ਹਾਂ ਦੇ ਪੈਰ 'ਤੇ ਟਰੈਕਟਰ ਲਗਾ ਕੇ ਹੀ ਸਹੀ, ਤਾਂ ਜੋ ਉਹ ਆਪਣੇ ਪਰਿਵਾਰ ਅਤੇ ਜਾਣਕਾਰਾਂ ਨੂੰ ਅਲਵਿਦਾ ਕਹਿ ਸਕਣ ਅਤੇ ਆਪਣੇ ਜ਼ਰੂਰੀ ਕੰਮ ਮੁਕਾ ਸਕਣ।''
''ਅਸੀਂ ਜਹਾਜ਼ ਦੀਆਂ ਟਿਕਟਾਂ ਵੀ ਨਾਲ ਨੱਥੀ ਕੀਤੀਆਂ ਸਨ ਪਰ ਉਨ੍ਹਾਂ ਨੇ ਜਵਾਬ ਦੇਣਾ ਹੀ ਬੰਦ ਕਰ ਦਿੱਤਾ।''
'ਬਿਨ੍ਹਾਂ ਦੱਸੇ ਕੀਤਾ ਡਿਪੋਰਟ'
ਦੀਪਕ ਮੁਤਾਬਕ, ''ਸਗੋਂ ਉਹ ਸ਼ਨੀਵਾਰ ਸਵੇਰੇ 2 ਵਜੇ ਦੇ ਕਰੀਬ ਬਿਨ੍ਹਾਂ ਵਕੀਲ ਨੂੰ ਜਾਂ ਕਿਸੇ ਨੂੰ ਕੋਈ ਜਾਣਕਾਰੀ ਦਿੱਤੇ ਹਰਜੀਤ ਕੌਰ ਨੂੰ ਬੇਕਰਸ ਫੀਲਡ ਤੋਂ ਐਲਏ ਲੈ ਗਏ। ਉਨ੍ਹਾਂ ਦੇ ਹਥਕੜੀਆਂ ਲਗਾਈਆਂ 'ਤੇ ਉਨ੍ਹਾਂ ਨੂੰ ਜੌਰਜੀਆ ਦੀ ਫਲਾਈਟ 'ਚ ਬਿਠਾ ਦਿੱਤਾ।''
''24 ਘੰਟੇ ਉਨ੍ਹਾਂ ਦੀ ਭਾਲ਼ ਤੋਂ ਬਾਅਦ, ਉਨ੍ਹਾਂ ਨੂੰ ਆਖਰ ਜੌਰਜੀਆ ਤੋਂ ਇੱਕ ਕਾਲ ਕਰਨ ਦਾ ਮੌਕਾ ਮਿਲਿਆ। ਉਹ ਸਾਨੂੰ ਖੁਦ ਇਹ ਦੱਸ ਵੀ ਨਹੀਂ ਪਾ ਰਹੇ ਸਨ ਕਿ ਉਹ ਅਸਲ ਵਿੱਚ ਕਿੱਥੇ ਹਨ।''
''ਐਤਵਾਰ ਨੂੰ ਅਸੀਂ 2 ਵਿਅਕਤੀਆਂ ਨੂੰ ਡਿਟੈਂਸ਼ਨ ਫੈਸਿਲਿਟੀ ਵਿੱਚ ਬੀਬੀ ਜੀ ਨਾਲ ਮੁਲਾਕਾਤ ਕਰਨ ਲਈ ਭੇਜਿਆ ਪਰ ਉਨ੍ਹਾਂ (ਅਧਿਕਾਰੀਆਂ) ਨੇ ਬੇਨਤੀ ਅਸਵੀਕਾਰ ਕਰ ਦਿੱਤੀ। ਉਨ੍ਹਾਂ ਨੇ ਸਿਰਫ ਬੇਨਤੀ ਅਸਵੀਕਾਰ ਨਹੀਂ ਕੀਤੀ, ਸਗੋਂ ਇਸ ਬਾਰੇ ਵੀ ਕੁਝ ਨਹੀਂ ਦੱਸਿਆ ਕਿ ਬੀਬੀ ਜੀ ਉੱਥੇ ਹਨ ਜਾਂ ਨਹੀਂ। ਬਲਕਿ ਮੰਗਲਵਾਰ ਨੂੰ ਆਉਣ ਲਈ ਕਿਹਾ।''
''ਮੈਂ ਸ਼ਨੀਵਾਰ ਨੂੰ ਉਨ੍ਹਾਂ ਨੂੰ ਇੱਕ ਐਮਰਜੈਂਸੀ ਈਮੇਲ ਵੀ ਲਿਖੀ, ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਅੱਜ ਬੁੱਧਵਾਰ ਹੋ ਗਿਆ ਹੈ ਤੇ ਅੱਜ ਉਨ੍ਹਾਂ ਦਾ ਜਵਾਬ ਆਇਆ ਹੈ ਕਿ ਮੈਂ ਹਰਜੀਤ ਕੌਰ ਨੂੰ 2 ਦਿਨਾਂ ਬਾਅਦ ਮਿਲ ਸਕਦਾ ਹਾਂ, ਜਦਕਿ ਉਹ ਤਾਂ ਪਹਿਲਾਂ ਹੀ ਪੰਜਾਬ ਪਹੁੰਚ ਚੁੱਕੇ ਹਨ। ਫਿਰ ਉਹ ਮੇਰੀ ਮੁਲਾਕਾਤ ਕਿਸ ਨਾਲ ਕਰਵਾਉਣਗੇ?''
'ਉਨ੍ਹਾਂ ਨੂੰ ਹਥਕੜੀ ਨਹੀਂ ਪਹਿਨਾਈ ਗਈ'
ਉਨ੍ਹਾਂ ਕਿਹਾ ਕਿ ਇਹ ਸਭ ਉਹ ਇਸ ਲਈ ਦੱਸ ਰਹੇ ਹਨ ਤਾਂ ਜੋ ਲੋਕਾਂ ਦੇ ਸਾਹਮਣੇ ਦੋਵੇਂ ਪੱਖ ਆ ਸਕਣ ਕਿ 'ਅਸੀਂ ਕੀ ਕੀਤਾ ਅਤੇ ਉਨ੍ਹਾਂ ਨੇ ਕੀ ਕੀਤਾ'।
''ਸ਼ੁੱਕਰਵਾਰ ਦੇਰ ਰਾਤ (ਸ਼ਨੀਵਾਰ ਸਵੇਰੇ 2 ਵਜੇ ਦੇ ਕਰੀਬ) ਨੂੰ ਉਨ੍ਹਾਂ ਐਲਏ ਤੋਂ ਜੌਰਜੀਆ ਦੇ ਜਹਾਜ਼ 'ਚ ਬਿਠਾ ਦਿੱਤਾ ਗਿਆ। ਇਸ ਦੌਰਾਨ ਨਾ ਖਾਣਾ ਦਿੱਤਾ ਗਿਆ ਅਤੇ ਨਾ ਕੁਝ ਹੋਰ।''
''ਫਿਰ ਸੋਮਵਾਰ ਸ਼ਾਮ ਨੂੰ 7 ਵਜੇ ਦੇ ਕਰੀਬ ਉਨ੍ਹਾਂ ਨੂੰ ਜੌਰਜੀਆ ਤੋਂ ਜਹਾਜ਼ 'ਚ ਬਿਠਾਇਆ ਗਿਆ ਅਤੇ ਇਨ੍ਹਾਂ 60-70 ਘੰਟਿਆਂ ਦੌਰਾਨ ਉਨ੍ਹਾਂ ਨੂੰ ਬੈੱਡ ਤੱਕ ਨਹੀਂ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਹੋਰ ਡਿਪੋਰਟ ਕੀਤੇ ਜਾ ਰਹੇ ਲੋਕਾਂ ਨਾਲ ਇੱਕ ਕਮਰੇ 'ਚ ਰਖਿਆ ਗਿਆ ਜਿੱਥੇ ਪੱਥਰ ਦੇ ਬੈਂਚ ਸਨ। ਉਨ੍ਹਾਂ ਨੂੰ ਫਰਸ਼ 'ਤੇ ਇੱਕ ਕੰਬਲ ਨਾਲ ਸੌਣਾ ਪਿਆ। ਜਦੋਂ ਉਹ ਜਾਗੇ ਤਾਂ ਉਹ ਉੱਠ ਵੀ ਨਹੀਂ ਪਾ ਰਹੇ ਸਨ ਕਿਉਂਕਿ ਉਨ੍ਹਾਂ ਦੇ ਗੋਡਿਆਂ ਦੀ ਦੋ ਵਾਰ ਸਰਜਰੀ ਹੋ ਚੁੱਕੀ ਹੈ।''
''ਜਦੋਂ ਉਨ੍ਹਾਂ ਨੇ ਖਾਣਾ ਮੰਗਿਆ ਤਾਂ ਜੋ ਉਹ ਦਵਾਈ ਲੈ ਸਕਣ, ਉਨ੍ਹਾਂ ਦੀ ਮੰਗ ਨੂੰ ਅਣਸੁਣਿਆ ਕਰ ਦਿੱਤਾ ਗਿਆ। ਉਨ੍ਹਾਂ ਨੂੰ ਭੁੱਖਾ ਨਹੀਂ ਰੱਖਿਆ ਗਿਆ, ਚੀਜ਼ ਸੈਂਡਵਿਚ ਦਿੱਤਾ ਗਿਆ ਪਰ ਜਦੋਂ ਉਨ੍ਹਾਂ ਨੇ ਹੋਰ ਖਾਣਾ ਅਤੇ ਦਵਾਈ ਲਈ ਪਾਣੀ ਮੰਗਿਆ ਤਾਂ ਉਨ੍ਹਾਂ ਨੂੰ ਬਰਫ਼ ਦੇ ਦਿੱਤੀ ਗਈ।''
''ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦੰਦ ਨਕਲੀ ਹਨ, ਉਹ ਇਹ ਨਹੀਂ ਖਾ ਸਕਦੇ ਤਾਂ ਅਗਲੇ ਬੰਦੇ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਗਲਤੀ ਹੈ।''
''ਇਸ ਦੌਰਾਨ ਉਨ੍ਹਾਂ ਨੇ ਆਪਣੇ ਵਕੀਲ ਨਾਲ ਗੱਲ ਕਰਨ ਦੀ ਬੇਨਤੀ ਕੀਤੀ, ਜੋ ਕਿ ਨਹੀਂ ਮੰਨੀ ਗਈ। ਨਾ ਹੀ ਉਨ੍ਹਾਂ ਨੂੰ ਨਹਾਉਣ ਦਿੱਤਾ ਗਿਆ।''
ਉਨ੍ਹਾਂ ਦੱਸਿਆ ਕਿ ਫਿਰ ਸੋਮਵਾਰ ਸ਼ਾਮ ਨੂੰ ਹਰਜੀਤ ਕੌਰ ਨੂੰ ਜੌਰਜੀਆ ਤੋਂ ਅਰਮੀਨੀਆ ਅਤੇ ਫਿਰ ਅਰਮੀਨੀਆ ਤੋਂ ਇੱਕ ਆਈਸੀਈ ਦੇ ਇੱਕ ਚਾਰਟਿਡ ਪਲੇਨ ਰਾਹੀਂ ਇੰਡੀਆ ਭੇਜ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੀ ਉਮਰ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਨੂੰ ਹਥਕੜੀ ਨਹੀਂ ਪਹਿਨਾਈ ਗਈ ਸੀ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਭਾਵੇਂ ਹਰਜੀਤ ਕੌਰ ਦਾ ਹੈ ਪਰ ਉਨ੍ਹਾਂ ਵਰਗੇ ਬਹੁਤ ਸਾਰੇ ਹੋਰ ਹਨ ਜੋ ਇਹ ਸਭ ਝੱਲ ਰਹੇ ਹਨ ਅਤੇ ਇਸ ਲਈ ਨਿਯਮਾਂ ਵਿੱਚ ਬਦਲਾਅ ਦੀ ਲੋੜ ਹੈ।
ਇਸ ਦੌਰਾਨ ਉਨ੍ਹਾਂ ਕੇਸ ਵਿੱਚ ਮਦਦ ਕਰਨ ਵਾਲਿਆਂ ਦਾ ਵੀ ਧੰਨਵਾਦ ਕੀਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ