ਪਹਿਲਾਂ ਸਕੂਲ ਪੜ੍ਹਦੇ ਪੁੱਤ ਦੀ 'ਖ਼ੁਦਕੁਸ਼ੀ', ਫਿਰ ਪਿਤਾ ਨੇ ਲਈ ਆਪਣੀ ਜਾਨ, ਕੀ ਹੈ ਨੰਦੇੜ ਨੂੰ ਹਿਲਾਉਣ ਵਾਲਾ ਮਾਮਲਾ

ਹਨੂਮੰਤ ਪੇਲਵਾਰ
ਤਸਵੀਰ ਕੈਪਸ਼ਨ, ਰਾਜੇਂਦਰ ਅਤੇ ਉਨ੍ਹਾਂ ਦੇ ਭਰਾ ਦੀ ਫ਼ਸਲ ਇਸ ਵਾਰ ਖ਼ਰਾਬ ਹੋ ਗਈ ਸੀ
    • ਲੇਖਕ, ਮਸਤਾਨ ਮਿਰਜ਼ਾ
    • ਰੋਲ, ਬੀਬੀਸੀ ਲਈ

ਦਸਵੀਂ ਜਮਾਤ ਦੇ ਇੱਕ ਮੁੰਡੇ ਨੇ ਮੋਬਾਈਲ ਫੋਨ ਅਤੇ ਹੋਰ ਸਕੂਲੀ ਸਮਾਨ ਨਾ ਮਿਲਣ ਕਰਕੇ ਖੇਤ ਵਿੱਚ ਖੁਦਕੁਸ਼ੀ ਕਰ ਲਈ। ਸਵੇਰੇ ਜਦੋਂ ਪਿਤਾ ਵਾਢੀ ਲਈ ਖੇਤ ਗਿਆ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਦੀ ਲਾਸ਼ ਦੇਖੀ ਤਾਂ ਦਰਦ ਸਹਾਰ ਨਾ ਸਕੇ ਤੇ ਉਨ੍ਹਾਂ ਨੇ ਵੀ ਉੱਥੇ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਨੰਦੇੜ ਦੇ ਬਿਲੋਲੀ ਤਾਲੁਕਾ ਦੇ ਮਿੰਕੀ ਪਿੰਡ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜੋ ਕਿਸੇ ਵੀ ਆਮ ਇਨਸਾਨ ਦੇ ਦਿਲ ਨੂੰ ਪਸੀਜ ਕੇ ਰੱਖ ਦੇਵੇਗੀ।

ਪਿਉ-ਪੁੱਤਰ ਵੱਲੋਂ ਇਸ ਤਰ੍ਹਾਂ ਕੀਤੀ ਗਈ ਖੁਦਕੁਸ਼ੀ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਪਈ।

ਬੀਬੀਸੀ ਮਰਾਠੀ ਨੇ ਪੇਲਵਾਰ ਪਰਿਵਾਰ ਦੀ ਤ੍ਰਾਸਦੀ ਬਾਰੇ ਜਾਣਨ ਲਈ ਇਸ ਪਿੰਡ ਦਾ ਦੌਰਾ ਕੀਤਾ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਸਲ ਵਿੱਚ ਕੀ ਹੋਇਆ ਸੀ?

ਮਿੰਕੀ ਇੱਕ ਛੋਟਾ ਜਿਹਾ ਪਿੰਡ ਹੈ ਅਤੇ ਪੈਲਵਾਰ ਕਿਸਾਨ ਪਰਿਵਾਰ ਹੈ। ਪਿੰਡ ਦੀ ਆਬਾਦੀ ਸੌ ਤੋਂ ਵੱਧ ਹੈ। ਇਸ ਪਿੰਡ ਵਿੱਚ ਪੇਲਵਾਰ ਪਰਿਵਾਰ ਦੇ ਰਾਜੇਂਦਰ ਅਤੇ ਹਨੂਮੰਤ ਵਿਰਾਸਤ ਵਿੱਚ ਮਿਲੀ ਹੋਈ ਥੋੜ੍ਹੀ ਜਿਹੀ ਜ਼ਮੀਨ ʼਤੇ ਖੇਤੀ ਕਰਦੇ ਹਨ।

ਇਸ ਪਰਿਵਾਰ ਦੇ 46 ਸਾਲਾ ਰਾਜੇਂਦਰ ਪੇਲਵਾਰ ਦੇ ਤਿੰਨ ਬੱਚੇ ਹਨ।

ਇਨ੍ਹਾਂ ਤਿੰਨ ਬੱਚਿਆਂ ਵਿੱਚੋਂ, ਸਭ ਤੋਂ ਛੋਟਾ ਓਮਕਾਰ ਅਤੇ ਸਭ ਤੋਂ ਵੱਡਾ ਸ਼੍ਰੀਕਾਂਤ ਲਾਤੂਰ ਜ਼ਿਲ੍ਹੇ ਦੇ ਉਦਗੀਰ ਵਿੱਚ ਸਥਿਤ ਇੱਕ ਆਸ਼ਰਮ ਵਿੱਚ ਪੜ੍ਹ ਰਹੇ ਸਨ।

16 ਸਾਲਾਂ ਓਮਕਾਰ ਇਸ ਸਾਲ 10ਵੀਂ ਵਿੱਚ ਸੀ ਅਤੇ ਇੱਕ ਹੁਸ਼ਿਆਰ ਵਿਦਿਆਰਥੀ ਸੀ। ਉਸ ਦੀ ਬੋਰਡ ਪ੍ਰੀਖਿਆ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਸੀ। ਉਸ ਤੋਂ ਪਹਿਲਾਂ ਓਮਕਾਰ ਅਤੇ ਸ਼੍ਰੀਕਾਂਤ ਪਿੰਡ ਆਏ ਹੋਏ ਸਨ।

ਉਸ ਦੀ ਕਲਾਸ ਦੇ ਕਈ ਬੱਚਿਆਂ ਕੋਲ ਮੋਬਾਈਲ ਫੋਨ ਹਨ ਅਤੇ ਉਹ ਬੱਚੇ ਸਕੂਲ ਵਿੱਚ ਵਧੀਆ ਯੂਨੀਫਾਰਮ ਪਾ ਕੇ ਆਉਂਦੇ ਸਨ।

ਮਿੰਕੀ ਪਿੰਡ
ਤਸਵੀਰ ਕੈਪਸ਼ਨ, ਮਿੰਕੀ ਪਿੰਡ ਦੀ ਆਬਾਦੀ ਸੌ ਦੇ ਕਰੀਬ ਹੈ

ਕਲਾਸ ਦੇ ਹੋਰਨਾਂ ਬੱਚਿਆਂ ਵਾਂਗ ਮੋਬਾਈਲ ਲੈਣ ਦੀ ਆਸ ਵਿੱਚ ਓਮਕਾਰ ਨੇ ਵੀ ਆਪਣੇ ਪਿਤਾ (ਰਾਜੇਂਦਰ ਪੇਲਵਾਰ) ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ, ਕਰਜ਼ੇ ਵਿੱਚ ਡੁੱਬੇ ਪਿਤਾ ਨੇ ਕਿਹਾ, "ਇਸ ਸਾਲ ਆਪਣੀ ਪੜ੍ਹਾਈ ʼਤੇ ਧਿਆਨ ਦਿਓ ਅਤੇ ਅਗਲੇ ਸਾਲ ਅਸੀਂ ਮੋਬਾਈਲ ਲੈ ਲਵਾਂਗੇ।"

ਓਮਕਾਰ ਦੇ ਪਿਤਾ ਦੀ ਆਰਥਿਕ ਹਾਲਤ ਖ਼ਰਾਬ ਸੀ ਪਰ ਫਿਰ ਵੀ ਓਮਕਾਰ ਮੋਬਾਈਲ ਫੋਨ ਅਤੇ ਸਕੂਲ ਦਾ ਹੋਰ ਸਮਾਨ ਖਰੀਦਣ ਲਈ ਜ਼ਿੱਦ ਕਰਦਾ ਰਿਹਾ।

ਫਿਰ ਉਸ ਦੇ ਪਿਤਾ ਨੇ ਉਸ ਨੂੰ ਡਾਂਟਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ ਅਤੇ ਇਸ ਲਈ ਉਹ ਮੋਬਾਈਲ ਫੋਨ ਨਹੀਂ ਖਰੀਦ ਸਕਦੇ।

ਹੈਲਪਲਾਈਨ

ਇਸ ਘਟਨਾ ਤੋਂ ਬਾਅਦ 8 ਜਨਵਰੀ, 2025 ਨੂੰ ਓਮਕਾਰ ਪਰੇਸ਼ਾਨ ਹੋ ਕੇ ਘਰੋਂ ਨਿਕਲ ਗਿਆ।

ਅਗਲੇ ਦਿਨ, ਯਾਨਿ 9 ਜਨਵਰੀ ਦੀ ਸਵੇਰ ਨੂੰ ਰਾਜੇਂਦਰ ਪੇਲਵਾਰ ਹਰ ਰੋਜ਼ ਵਾਂਗ ਖੇਤਾਂ ਵਿੱਚ ਕੰਮ ਕਰਨ ਲਈ ਬਾਹਰ ਗਏ, ਪਰ ਜਿਵੇਂ ਹੀ ਉਹ ਉੱਥੇ ਪਹੁੰਚੇ, ਸਾਹਮਣੇ ਵਾਲਾ ਦ੍ਰਿਸ਼ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਉਨ੍ਹਾਂ ਨੇ ਦੇਖਿਆ ਕਿ ਓਮਕਾਰ ਨੇ ਖੇਤ ਵਿੱਚ ਖੁਦਕੁਸ਼ੀ ਕਰ ਲਈ ਸੀ।

ਰਾਜੇਂਦਰ ਪੇਲਵਾਰ ਪੁੱਤਰ ਦੇ ਖੁਦਕੁਸ਼ੀ ਦੇ ਦੁੱਖ ਨੂੰ ਸਹਾਰ ਨਹੀਂ ਸਕੇ ਅਤੇ ਇਸ ਤੋਂ ਬਾਅਦ, ਉਨ੍ਹਾਂ ਨੇ ਵੀ ਆਪਣੀ ਜ਼ਿੰਦਗੀ ਵੀ ਉੱਥੇ ਹੀ ਖ਼ਤਮ ਕਰ ਲਈ।

ਰਾਜੇਂਦਰ ਪੇਲਵਾਰ
ਤਸਵੀਰ ਕੈਪਸ਼ਨ, ਰਾਜੇਂਦਰ ਪੇਲਵਾਰ ਨੇ ਆਪਣੇ ਪੁੱਤਰ ਦੀ ਮੌਤ ਨਾ ਸਹਾਰਦੇ ਹੋਏ ਖੁਦਕੁਸ਼ੀ ਕਰ ਲਈ

ʻਹੁਣ ਜੀਣ ਦੀ ਇੱਛਾ ਨਹੀਂ ਰਹੀʼ

ਬੀਬੀਸੀ ਨੇ ਰਾਜੇਂਦਰ ਦੀ ਮਾਂ ਅਤੇ ਓਮਕਾਰ ਦੀ ਦਾਦੀ ਚੰਦਰਬਾਈ ਪੇਲਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਆਪਣੇ ਪੁੱਤਰ ਤੇ ਪੋਤਰੇ ਦੋਵਾਂ ਨੂੰ ਗੁਆ ਦਿੱਤਾ।

ਚੰਦਰਬਾਈ ਨੇ ਕਿਹਾ, "ਪਹਿਲਾਂ ਮੇਰੇ ਪਤੀ ਦੀ ਅਚਾਨਕ ਮੌਤ ਹੋ ਗਈ ਅਤੇ ਹੁਣ ਮੇਰੇ ਪੁੱਤਰ ਅਤੇ ਪੋਤਰੇ ਨੇ ਵੀ ਖੁਦਕੁਸ਼ੀ ਕਰ ਲਈ ਹੈ। ਹੁਣ ਜੀਣ ਦੀ ਕੋਈ ਇੱਛਾ ਨਹੀਂ ਰਹੀ ਹੈ।"

ਓਮਕਾਰ ਦੇ ਵੱਡੇ ਭਰਾ ਸ਼੍ਰੀਕਾਂਤ ਪੇਲਵਾਰ ਨੇ ਕਿਹਾ, "ਓਮਕਾਰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਪਹਿਲੇ ਦਰਜੇ ਨਾਲ ਸਕੂਲ ਪਾਸ ਕਰਦਾ ਸੀ। ਪਰ ਕਿਉਂਕਿ ਸਕੂਲ ਆਉਣ ਵਾਲੇ ਉਸਦੇ ਦੋਸਤਾਂ ਕੋਲ ਮੋਬਾਈਲ ਫੋਨ ਸਨ, ਇਸ ਲਈ ਉਸ ਨੂੰ ਵੀ ਮੋਬਾਈਲ ਫੋਨਾਂ ਵਿੱਚ ਦਿਲਚਸਪੀ ਹੋ ਗਈ।"

'ਬੈਂਕ ਦਾ ਸਾਬ੍ਹ ਕਰਜ਼ਾ ਚੁਕਾਉਣ ਲਈ ਕਹਿੰਦਾ ਸੀ"

ਬੀਬੀਸੀ ਮਰਾਠੀ ਨੇ ਰਾਜੇਂਦਰ ਪੇਲਵਰ ਦੇ ਭਰਾ ਨਾਲ ਵੀ ਗੱਲ ਕੀਤੀ। ਰਾਜੇਂਦਰ ਅਤੇ ਉਨ੍ਹਾਂ ਦਾ ਭਰਾ ਹਨੂਮੰਤ ਪੇਲਵਾਰ ਇਕੱਠੇ ਖੇਤੀ ਕਰਦੇ ਸਨ।

ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ, ਹਨੂਮੰਤ ਪੇਲਵਾਰ ਨੇ ਕਿਹਾ, "ਇਸ ਸਾਲ ਭਾਰੀ ਬਾਰਿਸ਼ ਕਾਰਨ ਫ਼ਸਲ ਤਬਾਹ ਹੋ ਗਈ ਸੀ। ਬੈਂਕ ਤੋਂ ਇੱਕ ਨੋਟਿਸ ਆਇਆ ਸੀ। ਬੈਂਕ ਦਾ ਸਾਬ੍ਹ ਘਰ ਆਉਂਦਾ ਸੀ। ਉਹ ਖੇਤ ਵੇਚਣ ਅਤੇ ਕਰਜ਼ਾ ਚੁਕਾਉਣ ਦੀ ਵਿਵਸਥਾ ਕਰ ਰਿਹਾ ਸੀ।"

"ਮੇਰਾ ਭਰਾ ਤਣਾਅ ਵਿੱਚ ਸੀ ਅਤੇ ਜਦੋਂ ਪੁੱਤਰ ਨੇ ਅਜਿਹਾ ਕਦਮ ਚੁੱਕਿਆ ਤਾਂ ਮੇਰੇ ਭਰਾ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ।"

ਇਸੇ ਪਿੰਡ ਦੇ ਇੱਕ ਨੌਜਵਾਨ ਕਿਸਾਨ ਪ੍ਰਕਾਸ਼ ਭੰਡਾਰੇ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਤੋਂ, ਇਸ ਖੇਤਰ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਪੇਲਵਰ ਦਾ ਖੇਤ ਨਦੀ ਦੇ ਨੇੜੇ ਹੈ, ਇਸ ਲਈ ਉਨ੍ਹਾਂ ਦਾ ਖੇਤ 12 ਮਹੀਨੇ ਪਾਣੀ ਵਿੱਚ ਡੁੱਬਿਆ ਰਹਿੰਦਾ ਹੈ। ਇਸ ਲਈ ਉਸ ਕੋਲ ਕੋਈ ਚਾਰਾ ਨਹੀਂ ਬਚਿਆ ਸੀ।"

"ਉਨ੍ਹਾਂ ਨੂੰ ਬੈਂਕਾਂ ਅਤੇ ਨਿੱਜੀ ਸ਼ਾਹੂਕਾਰਾਂ ਤੋਂ ਕਰਜ਼ੇ ਅਤੇ ਉਨ੍ਹਾਂ ਦੇ ਨੋਟਿਸ ਮਿਲ ਰਹੇ ਸਨ। ਇਸ ਲਈ ਉਹ ਤਣਾਅ ਵਿੱਚ ਸਨ। ਜੇਕਰ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਹੈ, ਤਾਂ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਚੰਗਾ ਮੁੱਲ ਦੇਣਾ ਚਾਹੀਦਾ ਹੈ ਅਤੇ ਮੁਆਵਜ਼ਾ ਕਾਫ਼ੀ ਹੋਣਾ ਚਾਹੀਦਾ ਹੈ।"

ਰਾਜੇਂਦਰ ਦਾ ਭਰਾ ਹਨੂਮੰਤ ਪੇਲਵਾਰ
ਤਸਵੀਰ ਕੈਪਸ਼ਨ, ਰਾਜੇਂਦਰ ਦੇ ਭਰਾ ਹਨੂਮੰਤ ਪੇਲਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਰਾ ਤਣਾਅ ਵਿੱਚ ਸੀ

ਪ੍ਰਸ਼ਾਸਨ ਵੱਲੋਂ ਭਰੋਸਾ

ਨਾਂਦੇੜ ਦੇ ਬਿਲੋਲੀ ਤਾਲੁਕਾ ਦੇ ਸਬ-ਡਿਵੀਜ਼ਨਲ ਅਫ਼ਸਰ ਕ੍ਰਾਂਤੀ ਡੋਂਬੇ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਦਾ ਭਰੋਸਾ ਦਿੱਤਾ।

ਬਿਲੋਲੀ ਦੇ ਉਪ-ਮੰਡਲ ਅਧਿਕਾਰੀ ਕ੍ਰਾਂਤੀ ਡੋਂਬੇ ਨੇ ਕਿਹਾ, "ਅਸੀਂ ਅਗਲੇ ਇੱਕ ਹਫ਼ਤੇ ਦੌਰਾਨ ਪ੍ਰਭਾਵਿਤ ਪਰਿਵਾਰਾਂ ਨੂੰ ਸਰਕਾਰੀ ਯੋਜਨਾਵਾਂ ਦੇ ਸਾਰੇ ਲਾਭ ਪ੍ਰਦਾਨ ਕਰਾਂਗੇ।"

ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਾਹਮਣੇ ਲਿਆਂਦਾ ਹੈ ਕਿ ਮਰਾਠਵਾੜਾ ਦੇ ਕਿਸਾਨਾਂ ਦੀ ਆਰਥਿਕ ਅਤੇ ਮਾਨਸਿਕ ਹਾਲਤ ਕਿੰਨੀ ਮਾੜੀ ਹੋ ਗਈ ਹੈ, ਜੋ ਸੋਕੇ, ਬਹੁਤ ਜ਼ਿਆਦਾ ਬਾਰਿਸ਼ ਅਤੇ ਫ਼ਸਲ ਖ਼ਰਾਬ ਹੋਣ ਵਰਗੀਆਂ ਕਈ ਸਮੱਸਿਆਵਾਂ ਨਾਲ ਘਿਰੇ ਹੋਏ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)