ਪੰਜਾਬ: 'ਜਾਸੂਸੀ' ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਰੋਪੜ ਦੇ ਯੂਟਿਊਬਰ ਜਸਬੀਰ ਸਿੰਘ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ

ਜਸਬੀਰ ਸਿੰਘ

ਤਸਵੀਰ ਸਰੋਤ, ani

    • ਲੇਖਕ, ਬਿਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਨੂੰ ਮੋਹਾਲੀ ਦੀ ਇੱਕ ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਇਹ ਜਾਣਕਾਰੀ ਜਸਬੀਰ ਸਿੰਘ ਦੇ ਵਕੀਲ ਮੋਹਿਤ ਕੁਮਾਰ ਨੇ ਮੀਡੀਆ ਨੂੰ ਦਿੱਤੀ ਹੈ।

ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਪੁਲਿਸ ਨੇ ਜਸਬੀਰ ਸਿੰਘ ਦਾ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਸੀ ਅਤੇ ਜੱਜ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਦੋ ਦਿਨਾਂ ਦਾ ਰਿਮਾਂਡ ਦੇ ਦਿੱਤਾ।

ਜਸਬੀਰ ਸਿੰਘ ਦੇ ਵਕੀਲ ਮੋਹਿਤ ਕੁਮਾਰ ਨੇ ਕਿਹਾ, "ਮੀਡੀਆ ਵੱਲੋਂ ਜੋ ਕਿਹਾ ਜਾ ਰਿਹਾ ਹੈ ਉਹ ਸੱਚ ਨਹੀਂ ਹੈ ਕਿ ਉਹ ਆਈਐੱਸਆਈ ਏਜੰਟ ਹੈ, ਅਜਿਹਾ ਕੁਝ ਵੀ ਨਹੀਂ ਹੈ।"

"ਜਸਬੀਰ ਸਿਰਫ਼ ਇੱਕ ਆਮ ਵਲੌਗਰ ਹੈ ਜੋ ਸਿਰਫ਼ ਫ਼ਸ ਗਿਆ ਹੈ।"

ਯੂਟਿਊਬਰ ਜਸਬੀਰ ਸਿੰਘ ਨੂੰ ਪੰਜਾਬ ਪੁਲਿਸ ਨੇ 4 ਜੂਨ ਨੂੰ ਜਾਸੂਸੀ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਜਸਬੀਰ ਸਿੰਘ

ਤਸਵੀਰ ਸਰੋਤ, YT Screen Grab

ਤਸਵੀਰ ਕੈਪਸ਼ਨ, ਰੋਪੜ ਦੇ ਰਹਿਣ ਵਾਲੇ ਜਸਬੀਰ ਸਿੰਘ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ

ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਟਵਿੱਟਰ 'ਤੇ ਪੋਸਟ ਕੀਤਾ ਸੀ ਕਿ ਜਸਬੀਰ ਸਿੰਘ ਹਰਿਆਣਾ ਦੇ ਯੂਟਿਊਬਰ ਜੋਯਤੀ ਮਲਹੋਤਰਾ ਦੇ ਸੰਪਰਕ ਵਿੱਚ ਸੀ, ਜਿਸ ਨੂੰ ਪਿਛਲੇ ਮਹੀਨੇ ਹਰਿਆਣਾ ਪੁਲਿਸ ਨੇ ਜਾਸੂਸੀ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਲਿਖਿਆ ਸੀ ਕਿ ਰੂਪਨਗਰ ਜ਼ਿਲ੍ਹੇ ਦੇ ਪਿੰਡ ਮਹਿਲਾਂ ਦੇ ਰਹਿਣ ਵਾਲਾ ਜਸਬੀਰ ਸਿੰਘ 'ਜਾਨ ਮਹਿਲ' ਨਾਮ ਦਾ ਯੂਟਿਊਬ ਚੈਨਲ ਚਲਾਉਂਦੇ ਹਨ ਅਤੇ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਇੱਕ ਜਾਸੂਸੀ ਨੈੱਟਵਰਕ ਨਾਲ ਸਬੰਧ ਹਨ।

ਰੂਪਨਗਰ ਦੇ ਪਿੰਡ ਮਹਿਲਾਂ ਤੋਂ ਜਸਬੀਰ ਸਿੰਘ ਨਾਮ ਦੇ ਵਿਅਕਤੀ ਉਪਰ ਇਹ ਕਾਰਵਾਈ ਹੋਈ ਹੈ, ਜੋ ਕਿ ਯੂਟਿਊਬ 'ਤੇ 'ਜਾਨ ਮਹਿਲ' ਨਾਮ ਦਾ ਚੈਨਲ ਚਲਾਉਂਦਾ ਹੈ, ਜਿਸ ਦੇ 11 ਲੱਖ ਤੋਂ ਵੱਧ ਸਬਸਕਰਾਈਬਰ ਹਨ।

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਐਕਸ ਉਪਰ ਜਾਣਕਾਰੀ ਸਾਂਝੀ ਕਰਕੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਸੀ।

ਦਰਅਸਲ, ਇਸ ਤੋਂ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਪੁਲਿਸ ਨੇ ਕਰੀਬ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਉਪਰ ਵੀ ਪਾਕਿਸਤਾਨ ਦੀਆਂ ਏਜੰਸੀਆਂ ਨਾਲ ਖੁਫ਼ੀਆ ਜਾਣਕਾਰੀ ਸਾਂਝਾ ਕਰਨ ਦੇ ਇਲਜ਼ਾਮ ਲਗਾਏ ਗਏ ਸਨ।

ਜਸਬੀਰ ਸਿੰਘ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਜਸਬੀਰ ਸਿੰਘ ਦਾ ਜਾਨ ਮਾਹਲ ਨਾਮ ਦਾ ਯੂਟਿਊਬ ਚੈਨਲ ਚਲਾਉਂਦੇ ਹਨ

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸਐੱਸਓਸੀ), ਮੋਹਾਲੀ ਨੇ ਦਾਅਵਾ ਕੀਤਾ ਹੈ ਕਿ ਜਸਬੀਰ ਸਿੰਘ ਨਾਲ ਜੁੜੇ ਇੱਕ ਅਹਿਮ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ।

ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਜਸਵੀਰ ਸਿੰਘ ਨੂੰ ਪੀਆਈਓ ਸ਼ਕੀਰ ਉਰਫ਼ ਜੱਟ ਰੰਧਾਵਾ ਨਾਲ ਜੁੜਿਆ ਪਾਇਆ ਗਿਆ ਹੈ।

ਪੁਲਿਸ ਮੁਤਾਬਕ ਜੱਟ ਰੰਧਾਵਾ ਇੱਕ ਅੱਤਵਾਦੀ-ਸਮਰਥਿਤ ਜਾਸੂਸੀ ਨੈੱਟਵਰਕ ਦਾ ਹਿੱਸਾ ਹੈ।

ਉਨ੍ਹਾਂ ਉੱਤੇ ਪੰਜਾਬ ਪੁਲਿਸ ਅਨੁਸਾਰ ਐੱਸਐੱਸਓਸੀ ਮੁਹਾਲੀ ਵਿੱਚ ਜਸਬੀਰ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।

ਜਸਬੀਰ ਸਿੰਘ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਪੁਲਿਸ ਨੇ ਜਸਬੀਰ ਸਿੰਘ 3 ਦਿਨਾਂ ਦੀ ਰਿਮਾਂਡ ਹਾਸਿਲ ਕੀਤੀ ਹੈ

ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ, ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਿਸ (ਏਆਈਜੀ) ਐੱਸਐੱਸਓਸੀ ਐੱਸਏਐੱਸ ਨਗਰ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਪੁਲਿਸ ਟੀਮਾਂ ਨੂੰ ਭਰੋਸੇਯੋਗ ਇਤਲਾਹ ਮਿਲੀ ਸੀ ਕਿ ਜਸਬੀਰ ਸਿੰਘ ਉਰਫ਼ ਜਾਨ ਮਹਿਲ, ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਏਜੰਟਾਂ ਸਮੇਤ ਕਈ ਪਾਕਿਸਤਾਨੀ ਸੰਸਥਾਵਾਂ ਦੇ ਸੰਪਰਕ ਵਿੱਚ ਹੈ ਅਤੇ ਭਾਰਤੀ ਫੌਜ ਦੀ ਤੈਨਾਤੀ ਅਤੇ ਦੇਸ਼ ਦੀਆਂ ਹੋਰ ਅੰਦਰੂਨੀ ਗਤੀਵਿਧੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਨੂੰ ਪ੍ਰਦਾਨ ਕਰ ਰਿਹਾ ਹੈ।

ਉਨ੍ਹਾਂ ਕਿਹਾ, "ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਐੱਸਐੱਸਓਸੀ ਐੱਸਏਐੱਸ ਨਗਰ ਦੀਆਂ ਟੀਮਾਂ ਨੇ ਇੰਟੈਲੀਜੈਂਸ-ਅਧਾਰਤ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਸ਼ੱਕੀ ਨੂੰ ਉਸ ਦੇ ਮੋਬਾਈਲ ਡਿਵਾਈਸ ਸਮੇਤ ਗ੍ਰਿਫਤਾਰ ਕਰ ਲਿਆ।"

ਉਨ੍ਹਾਂ ਦਾਅਵਾ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੇ ਮੋਬਾਈਲ ਫੋਨ ਦੀ ਸ਼ੁਰੂਆਤੀ ਫੋਰੈਂਸਿਕ ਜਾਂਚ ਤੋਂ ਲਗਭਗ 150 ਪਾਕਿਸਤਾਨੀ ਸੰਪਰਕ ਮਿਲੇ ਹਨ, ਜਿਨ੍ਹਾਂ ਵਿੱਚ ਪਾਕਿਸਤਾਨੀ ਆਈਐੱਸਆਈ ਏਜੰਟਾਂ, ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਅਤੇ ਹੋਰ ਪਾਕਿਸਤਾਨੀ ਸੰਸਥਾਵਾਂ ਦੇ ਮੋਬਾਈਲ ਨੰਬਰ ਸ਼ਾਮਲ ਹਨ।

ਏਆਈਜੀ ਨੇ ਕਿਹਾ, "ਆਪਣੇ ਬਾਰੇ ਜਾਣਕਾਰੀ ਨੂੰ ਛੁਪਾਉਣ ਦੀ ਕੋਸ਼ਿਸ਼ ਵਿੱਚ, ਮੁਲਜ਼ਮ ਨੇ ਆਪਣੇ ਮੋਬਾਈਲ ਫੋਨ ਤੋਂ ਚੈਟ, ਸੰਪਰਕ ਰਿਕਾਰਡ ਅਤੇ ਪਾਕਿਸਤਾਨੀ ਖ਼ੁਫ਼ੀਆਂ ਹੈਂਡਲਰਾਂ ਨਾਲ ਆਦਾਨ-ਪ੍ਰਦਾਨ ਕੀਤੇ ਗਏ ਦਸਤਾਵੇਜ਼ਾਂ ਸਮੇਤ ਮਹੱਤਵਪੂਰਨ ਡਿਜੀਟਲ ਸਬੂਤ ਮਿਟਾ ਦਿੱਤੇ। ਉਸ ਵੱਲੋਂ ਮਿਟਾਇਆ ਗਿਆ ਡੇਟਾ ਅਤੇ ਲੀਕ ਕੀਤੀ ਜਾਣਕਾਰੀ ਨੂੰ ਮੁੜ ਪ੍ਰਾਪਤ ਕਰਨ ਲਈ ਤਕਨੀਕੀ ਰਿਕਵਰੀ ਅਤੇ ਫੋਰੈਂਸਿਕ ਜਾਂਚ ਜਾਰੀ ਹੈ।"

ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜਸਬੀਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਭਾਰਤੀ ਫੌਜ ਦੀਆਂ ਗਤੀਵਿਧੀਆਂ ਅਤੇ ਤੈਨਾਤੀ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨੀ ਹੈਂਡਲਰਾਂ ਨਾਲ ਸਾਂਝੀ ਕਰਨ ਲਈ ਕੀਤੀ ਸੀ।

ਉਨ੍ਹਾਂ ਨੇ ਅੱਗੇ ਦੱਸਿਆ, "ਜਸਬੀਰ ਦੀ, ਸਾਲ 2024 ਵਿੱਚ ਪਾਕਿਸਤਾਨ ਦੂਤਾਵਾਸ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀਆਂ ਰਾਹੀਂ ਜਯੋਤੀ ਮਲਹੋਤਰਾ ਨਾਲ ਜਾਣ-ਪਛਾਣ ਹੋਈ ਸੀ। ਜਸਬੀਰ ਅਤੇ ਜਯੋਤੀ ਦੋਵੇਂ ਇਕੱਠੇ ਪਾਕਿਸਤਾਨ ਵੀ ਗਏ ਸਨ। ਸੰਭਾਵੀ ਸਾਥੀਆਂ, ਡਿਜੀਟਲ ਸੰਚਾਰ ਵਿਧੀਆਂ ਅਤੇ ਵਿਦੇਸ਼ੀ ਸਬੰਧਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।"

ਪੰਜਾਬ ਪੁਲਿਸ

ਪੁਲਿਸ ਨੇ ਕੀ ਜਾਣਕਾਰੀ ਦਿੱਤੀ

ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਐਕਸ ਪੇਜ ਉਪਰ ਪੋਸਟ ਕਰਦਿਆਂ ਲਿਖਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੁਹਾਲੀ ਨੇ ਮਹਿਲਾਂ ਪਿੰਡ ਦੇ ਜਸਬੀਰ ਸਿੰਘ ਨਾਲ ਜੁੜੇ ਇੱਕ ਮਹੱਤਵਪੂਰਨ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।

ਉਨ੍ਹਾਂ ਲਿਖਿਆ, "ਜਸਬੀਰ ਸਿੰਘ ਨੂੰ ਪੀਆਈਓ ਸ਼ਕੀਰ ਉਰਫ਼ ਜੱਟ ਰੰਧਾਵਾ ਨਾਲ ਜੁੜਿਆ ਪਾਇਆ ਗਿਆ ਹੈ, ਜੋ ਕਿ ਇੱਕ ਅੱਤਵਾਦੀ-ਸਮਰਥਿਤ ਜਾਸੂਸੀ ਨੈੱਟਵਰਕ ਦਾ ਹਿੱਸਾ ਹੈ। ਉਸ ਨੇ ਹਰਿਆਣਾ-ਅਧਾਰਤ ਯੂ ਟਿਊਬਰ ਜਯੋਤੀ ਮਲਹੋਤਰਾ ਅਤੇ ਪਾਕਿਸਤਾਨੀ ਨਾਗਰਿਕ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਅਤੇ ਕੱਢੇ ਗਏ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਨਾਲ ਵੀ ਨਜ਼ਦੀਕੀ ਸੰਪਰਕ ਬਣਾਈ ਰੱਖਿਆ।"

ਪੋਸਟ ਵਿੱਚ ਅੱਗੇ ਲਿਖਿਆ ਗਿਆ ਹੈ, "ਜਾਂਚ ਤੋਂ ਪਤਾ ਲੱਗਾ ਹੈ ਕਿ ਜਸਬੀਰ ਨੇ ਦਾਨਿਸ਼ ਦੇ ਸੱਦੇ 'ਤੇ ਦਿੱਲੀ ਵਿੱਚ ਪਾਕਿਸਤਾਨ ਰਾਸ਼ਟਰੀ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ, ਜਿੱਥੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਅਤੇ ਵਲੌਗਰਾਂ ਨੂੰ ਮਿਲਿਆ ਸੀ। ਉਸ ਦੇ ਇਲੈਕਟ੍ਰਾਨਿਕ ਡਿਵਾਈਸਾਂ ਵਿੱਚ ਕਈ ਪਾਕਿਸਤਾਨ-ਅਧਾਰਤ ਨੰਬਰ ਸਨ, ਜੋ ਹੁਣ ਵਿਸਤ੍ਰਿਤ ਫੋਰੈਂਸਿਕ ਜਾਂਚ ਅਧੀਨ ਹਨ।"

ਪੁਲਿਸ ਮੁਤਾਬਕ ਜਸਬੀਰ ਸਿੰਘ ਤਿੰਨ ਵਾਰ ਪਾਕਿਸਤਾਨ ਜਾ ਚੁੱਕਾ ਹੈ ਤੇ ਇਨ੍ਹਾਂ ਦੌਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇੰਦਰਜੀਤ ਸਿੰਘ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਵਿੱਚ ਉਸ ਦਾ ਕੋਈ ਮਾੜਾ ਵਿਹਾਰ ਸਾਹਮਣੇ ਨਹੀਂ ਆਇਆ

ਪਿੰਡ ਦੇ ਸਰਪੰਚ ਨੇ ਕੀ ਦੱਸਿਆ

ਉਧਰ ਮਹਿਲਾਂ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਜਸਬੀਰ ਦਾ ਪਿੰਡ ਵਿੱਚ ਚੰਗਾ ਵਿਵਹਾਰ ਰਿਹਾ ਹੈ।

ਉਨ੍ਹਾਂ ਨੇ ਦੱਸਿਆ, "ਪਿੰਡ ਵਿੱਚ ਤਾਂ ਉਨ੍ਹਾਂ ਦਾ ਵਿਹਾਰ ਬਹੁਤ ਵਧੀਆ ਸੀ। ਕਦੇ ਵੀ ਕੋਈ ਗੱਲ ਨਹੀਂ ਸੁਣੀ। ਸਾਨੂੰ ਤਾਂ ਲੱਗਦਾ ਹੈ ਕਿ ਉਸ ʼਤੇ ਗ਼ਲਤ ਇਲਜ਼ਾਮ ਲਗਾਏ ਹਨ। ਯੂਟਿਊਬ ਦੇ ਨਾਲ ਉਹ ਖੇਤੀਬਾੜੀ ਦਾ ਕੰਮ ਵੀ ਕਰਦਾ ਹੈ।"

"ਉਸ ਕੋਲ 4 ਕੁ ਏਕੜ ਜ਼ਮੀਨ ਹੈ। ਇਸ ਤੋਂ ਪਹਿਲਾਂ ਉਹ 3-4 ਸਾਲ ਬਾਹਰ ਨੌਰਵੇ ਵਿੱਚ ਵੀ ਲਗਾ ਕੇ ਆਇਆ ਹੈ। ਘਰ ਵਿੱਚ ਪਤਨੀ ਅਤੇ ਬੇਟਾ ਹੈ। ਬਾਕੀ ਭਰਾ ਮੁਹਾਲੀ ਰਹਿੰਦੇ ਹਨ।"

ਮਹਾਦੇਵ ਸ਼ੁਕਲਾ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਮਹਾਦੇਵ ਸ਼ੁਕਲਾ ਨੇ ਦੱਸਿਆ ਕਿ ਜਸਬੀਰ ਸਿੰਘ ਨੇ ਜਾਂਚ ਦੌਰਾਨ ਪੂਰਾ ਸਮਰਥਨ ਦਿੱਤਾ ਹੈੇ

ਜਸਬੀਰ ਦੇ ਵਕੀਲ ਨੇ ਕੀ ਕਿਹਾ

ਜਸਬੀਰ ਸਿੰਘ ਦੇ ਵਕੀਲ ਐਡਵੋਕੇਟ ਮਹਾਦੇਵ ਸ਼ੁਕਲਾ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਟੇਟ ਸਪੈਸ਼ਲ ਸੈੱਲ ਵੱਲੋਂ ਜਸਬੀਰ ਸਿੰਘ ਦੇ ਖ਼ਿਲਾਫ਼ ਇਹ ਇਲਜ਼ਾਮ ਸਨ ਕਿ ਉਸ ਦੇ ਆਈਐੱਸਆਈ ਨਾਲ ਲਿੰਕ ਹਨ ਅਤੇ ਉਸ ਨੂੰ ਇੰਟਰਨੈਸ਼ਨਲ ਫੰਡਿੰਗ ਹੁੰਦੀ ਹੈ। ਉਸ ਕੋਲ ਕੁਝ ਅਜਿਹਾ ਸੰਜੀਦਾ ਡੇਟਾ ਹੈ, ਜੋ ਇਨ੍ਹਾਂ ਨਾਲ ਹਾਸਿਲ ਕਰਨਾ ਹੈ। ਇਸ ਲਈ ਉਨ੍ਹਾਂ ਨੇ ਜੱਜ ਕੋਲ ਅਰਜ਼ੀ ਲਗਾ ਕੇ ਉਸ ਦੀ 7 ਦਿਨਾਂ ਦੀ ਰਿਮਾਂਡ ਮੰਗੀ ਸੀ।

ਪਰ ਜੱਜ ਨੇ ਸਿਰਫ਼ 3 ਦਿਨਾਂ ਦਾ ਰਿਮਾਂਡ ਹੀ ਐੱਸਐੱਸਓਸੀ ਨੂੰ ਦਿੱਤਾ ਹੈ ਅਤੇ ਨਾਲ ਹੀ ਸ਼ਨੀਵਾਰ ਨੂੰ ਮੁੜ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਨੇ ਦੱਸਿਆ, "ਜਸਬੀਰ ਦਾ ਕਹਿਣਾ ਹੈ ਕਿ ਉਸ ਨੂੰ 17 ਮਈ 2025 ਤੋਂ ਸੰਮਨ ਜਾਰੀ ਹੋ ਰਹੇ ਸਨ ਅਤੇ ਉਹ ਐੱਸਐੱਸਓਸੀ ਕੋਲ ਲਗਾਤਾਰ ਪੇਸ਼ ਹੋ ਰਹੇ ਸਨ।

"ਉਸ ਨੇ ਕਿਹਾ ਕਿ ਉਸ ਨੇ ਜਾਂਚ ਦਾ ਪੂਰਾ ਸਮਰਥਨ ਦਿੱਤਾ, ਉਸ ਦਾ ਫੋਨ ਵੀ ਐੱਸਐੱਸਓਸੀ ਨੇ ਲੈ ਲਿਆ। ਇਸ ਦੇ ਨਾਲ ਜਸਬੀਰ ਸਿੰਘ ਦੱਸਿਆ ਹੈ ਕਿ ਉਸ ਨੇ ਆਪਣੇ ਬੈਂਕਾਂ ਦਾ ਸਾਰਾ ਡੇਟਾ ਅਤੇ ਰਿਕਾਰਡ ਐੱਸਐੱਸਓਸੀ ਨੂੰ ਲਿਆ ਕੇ ਦਿੱਤਾ ਹੈ।"

"ਪਰ ਐੱਸਐੱਸਓਸੀ ਨੇ ਇਸ ਸਭ ਨੂੰ ਅਣਗੌਲਿਆਂ ਕਰ ਕੇ ਉਨ੍ਹਾਂ ਉੱਤੇ ਝੂਠੇ ਇਲਜ਼ਾਮ ਲਗਾ ਕਿ ਐੱਫਆਈਆਰ ਦਰਜ ਕੀਤੀ ਹੈ ਅਤੇ ਹੁਣ ਉਹ ਪੁਲਿਸ ਰਿਮਾਂਡ ਖ਼ਤਮ ਹੋਣ ਮਗਰੋਂ ਆਪਣਾ ਤਰਕ ਜੱਜ ਅੱਗੇ ਰੱਖਾਂਗੇ।"

ਵਕੀਲ ਨੇ ਅੱਗੇ ਦੱਸਿਆ ਕਿ ਐੱਸਐੱਸਓਸੀ ਨੇ ਜੱਜ ਸਾਹਮਣੇ ਕੋਈ ਵੀ ਸਖ਼ਤ ਸਬੂਤ ਨਹੀਂ ਪੇਸ਼ ਕੀਤੇ ਅਤੇ ਇਸੇ ਲਈ ਹੀ ਉਨ੍ਹਾਂ ਨੂੰ 7 ਦਿਨਾਂ ਦੀ ਬਜਾਇ 3 ਦਿਨਾਂ ਦੀ ਰਿਮਾਂਡ ਮਿਲੀ ਹੈ।

ਯੂਟਿਊਬਰ ਜਯੋਤੀ ਮਲਹੋਤਰਾ ਕੌਣ

ਜਯੋਤੀ ਮਲਹੋਤਰਾ

ਤਸਵੀਰ ਸਰੋਤ, Jyoti Malhotra/FB

ਤਸਵੀਰ ਕੈਪਸ਼ਨ, ਹਿਸਾਰ ਦੀ ਟ੍ਰੈਵਲ ਵਲੌਗਰ ਅਤੇ ਯੂਟਿਊਬਰ ਜਯੋਤੀ ਮਲਹੋਤਰਾ ਨੂੰ ਵੀ ਜਾਸੂਸੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ

ਹਰਿਆਣਾ ਦੇ ਹਿਸਾਰ ਦੀ ਟ੍ਰੈਵਲ ਬਲੌਗਰ ਅਤੇ ਯੂਟਿਊਬਰ ਜਯੋਤੀ ਮਲਹੋਤਰਾ ਨੂੰ ਵੀ ਮਈ ਵਿੱਚ ਜਾਸੂਸੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਯੋਤੀ ਮਲਹੋਤਰਾ ਇੱਕ ਟ੍ਰੈਵਲ ਵਲੌਗਰ ਹਨ। ਉਨ੍ਹਾਂ ਨੇ ਯੂਟਿਊਬ ਚੈਨਲ ਦਾ ਨਾਮ 'ਟ੍ਰੈਵਲ ਵਿਦ ਜੋ' ਹੈ। ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ਉੱਤੇ ਕਈ ਵੱਖ-ਵੱਖ ਦੇਸ਼ਾਂ ਦੇ ਆਪਣੇ ਸਫ਼ਰਨਾਮੇ ਸਾਂਝੇ ਕੀਤੇ ਹਨ।

ਹਿਸਾਰ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਜਯੋਤੀ ਆਪਣੀ ਆਮਦਨ ਤੋਂ ਵੱਧ ਆਲੀਸ਼ਾਨ ਜ਼ਿੰਦਗੀ ਜੀਅ ਰਹੀ ਸੀ।

ਉਸ ਵੇਲੇ ਹਿਸਾਰ ਦੇ ਐੱਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਬੀਤੇ ਦਿਨੀਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਜਯੋਤੀ ਨੂੰ ਆਪਣੀ ਇੱਕ ਏਸੱਟ ਬਣਾਉਣ ਦੀ ਤਿਆਰੀ ਕਰ ਰਿਹਾ ਸੀ, ਜੋ ਭਾਰਤ ਦੀ ਖ਼ੁਫੀਆ ਜਾਣਕਾਰੀ ਮੁਹੱਈਆ ਕਰਵਾਏ।

''ਦੁਸ਼ਮਣ ਦੇਸ਼ ਅਜਿਹੇ ਨੌਜਵਾਨ ਇਨਫਲੂਐਂਸਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਪੈਸੇ ਲਈ, ਨੌਜਵਾਨ ਵੀ ਗ਼ਲਤ ਰਸਤਾ ਅਪਣਾਉਂਦੇ ਹਨ। ਪੁਲਿਸ ਸੁਪਰੀਡੈਂਟ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਹੋਏ ਹਮਲੇ ਤੋਂ ਪਹਿਲਾਂ ਜਯੋਤੀ ਜੰਮੂ ਕਸ਼ਮੀਰ ਗਈ ਸੀ ਅਤੇ ਪਾਕਿਸਤਾਨ ਵੀ ਗਈ ਸੀ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)