ਅਮਰ ਸਿੰਘ ਚਮਕੀਲਾ ਉੱਤੇ ਬਣੀਆਂ ਫ਼ਿਲਮਾਂ ਉੱਤੇ ਕਿਉਂ ਲੱਗੀ ਰੋਕ, ਵਕੀਲਾਂ ਦੀਆਂ ਦਲੀਲਾਂ ਰਾਹੀਂ ਸਮਝੋ ਮਸਲਾ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ਉੱਤੇ ਬਣ ਰਹੀਆਂ ਦੋ ਫ਼ਿਲਮਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।

ਦਰਅਸਲ ਚਮਕੀਲਾ ਦੇ ਜੀਵਨ ਉੱਤੇ ਇੱਕ ਫ਼ਿਲਮ ਬਾਲੀਵੁੱਡ 'ਚ ਬਣਾਈ ਜਾ ਰਹੀ ਹੈ ਅਤੇ ਦੂਜੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਬਣ ਰਹੀ ਹੈ।

ਇਸ ਪੂਰੇ ਮਾਮਲੇ ਵਿੱਚ ਇੱਕ ਤੀਜੀ ਧਿਰ ਵੀ ਹੈ, ਜਿਸ ਨੂੰ ਇਨ੍ਹਾਂ ਦੋਵਾਂ ਫ਼ਿਲਮਾਂ 'ਤੇ ਇਤਰਾਜ਼ ਹੈ ਅਤੇ ਫ਼ਿਲਮ ਬਣਾਉਣ ਸਬੰਧੀ ਰਾਈਟਸ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਹੈ।

ਇਸ ਮਾਮਲੇ ਵਿੱਚ ਪਹਿਲੀ ਸੁਣਵਾਈ 21 ਮਾਰਚ 2023 ਨੂੰ ਹੋਈ ਸੀ ਅਤੇ ਹੁਣ ਇਸ ਸਬੰਧੀ ਲੁਧਿਆਣਾ ਦੀ ਅਦਾਲਤ ਨੇ ਦੋਵਾਂ ਪੱਖਾਂ (ਰੰਧਾਵਾ ਪੱਖ ਅਤੇ ਰਿਲਾਇੰਸ ਇੰਡਸਟਰੀਜ਼) ਨੂੰ ਸੁਣਨ ਤੋਂ ਬਾਅਦ ਫੈਸਲਾ ਆਪਣੇ ਕੋਲ ਸੁਰੱਖਿਅਤ ਰੱਖ ਲਿਆ ਹੈ।

ਜਾਣਕਾਰੀ ਮੁਤਾਬਕ, ਅਦਾਲਤ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾ ਸਕਦੀ ਹੈ।

ਬੀਬੀਸੀ ਪੰਜਾਬੀ ਨੇ ਇਸ ਪੂਰੇ ਮਾਮਲੇ ਨੂੰ ਸਮਝਣ ਲਈ ਦੋਹਾਂ ਪੱਖਾਂ ਦੇ ਵਕੀਲਾਂ ਨਾਲ ਗੱਲਬਾਤ ਕੀਤੀ, ਜਾਣੋ ਉਨ੍ਹਾਂ ਨੇ ਕੀ ਕਿਹਾ।

ਇਸ਼ਦੀਪ ਰੰਧਾਵਾ ਦਾ ਪੱਖ

ਮਰਹੂਮ ਨਿਰਮਾਤਾ-ਨਿਰਦੇਸ਼ਕ ਗੁਰਦੇਵ ਸਿੰਘ ਰੰਧਾਵਾ ਦੇ ਪੁੱਤਰ ਇਸ਼ਦੀਪ ਰੰਧਾਵਾ ਨੇ ਚਮਕੀਲਾ 'ਤੇ ਬਣ ਰਹੀਆਂ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ਦਾ ਵਿਰੋਧ ਕੀਤਾ ਹੈ।

ਉਨ੍ਹਾਂ ਦੇ ਵਕੀਲ ਭੁਪਿੰਦਰ ਸਿੰਘ ਸਿੱਧੂ ਕਹਿੰਦੇ ਹਨ, ''ਨਿਰਮਾਤਾ-ਨਿਰਦੇਸ਼ਕ ਗੁਰਦੇਵ ਸਿੰਘ ਰੰਧਾਵਾ ਨੇ ਸਾਲ 2012 ਵਿੱਚ ਅਮਰ ਸਿੰਘ ਚਮਕੀਲਾ ਦੇ (ਪਹਿਲੇ) ਪਤਨੀ ਗੁਰਮੇਲ ਕੌਰ ਦੇ ਨਾਲ ਇਕਰਾਰਨਾਮਾ ਕੀਤਾ ਸੀ।''

ਉਨ੍ਹਾਂ ਇਕਰਾਰਨਾਮੇ ਦੀਆਂ ਸਤਰਾਂ ਪੜ੍ਹਦਿਆਂ ਦੱਸਿਆ ਕਿ ਗੁਰਮੇਲ ਕੌਰ ਨੇ 5 ਲੱਖ ਰੁਪਏ ਲੈ ਕੇ ਆਪਣੇ ਅਤੇ ਆਪਣੇ ਪਰਿਵਾਰ ਵੱਲੋਂ ਗੁਰਦੇਵ ਸਿੰਘ ਨੂੰ ਫ਼ਿਲਮ ਬਣਾਉਣ ਦੇ ਮਾਲਕਾਨਾ ਹੱਕ ਦੇ ਦਿੱਤੇ ਸਨ, ਜੋ ਕਿ ਉਨ੍ਹਾਂ ਦੇ ਵਾਰਿਸਾਂ ਕੋਲ ਵੀ ਰਹਿਣਗੇ।

ਐਡਵੋਕੇਟ ਸਿੱਧੂ ਮੁਤਾਬਕ, ਇਸ ਤੋਂ ਬਾਅਦ ਰੰਧਾਵਾ ਨੇ ਫ਼ਿਲਮ ਬਣਾਉਣ 'ਤੇ ਕਾਫ਼ੀ ਖਰਚਾ ਕੀਤਾ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਵੀ ਸ਼ੂਟਿੰਗ ਕੀਤੀ।

ਉਨ੍ਹਾਂ ਕਿਹਾ, ''ਰਿਲਾਇੰਸ ਨੇ ਪਿਛਲੇ ਸਾਲ ਗੁਰਮੇਲ ਕੌਰ ਨਾਲ ਫ਼ਿਲਮ ਬਣਾਉਣ ਲਈ ਇਕਰਾਰਨਾਮਾ ਕਰ ਲਿਆ। ਇਸ ਦੌਰਾਨ ਉਨ੍ਹਾਂ ਨੇ ਇਸ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ।''

ਉਨ੍ਹਾਂ ਕਿਹਾ ਕਿ ਸ਼ੂਟਿੰਗ ਦੌਰਾਨ ਹੀ ਗੁਰਮੇਲ ਸਿੰਘ ਰੰਧਾਵਾ ਦੀ ਮੌਤ ਹੋ ਗਈ ਅਤੇ ਜਦੋਂ ਉਨ੍ਹਾਂ ਦੇ ਬੱਚਿਆਂ ਨੂੰ ਬਾਲੀਵੁੱਡ ਦੀ ਫ਼ਿਲਮ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਹੱਕਾਂ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ।

ਚਮਕੀਲਾ ਤੇ ਉਨ੍ਹਾਂ ਉਪਰ ਬਣ ਰਹੀਆਂ ਫ਼ਿਲਮਾਂ ਬਾਰੇ ਖਾਸ ਗੱਲਾਂ:

  • ਧਨੀ ਰਾਮ ਉਰਫ ਅਮਰ ਸਿੰਘ ਚਮਕੀਲਾ ਫੈਕਟਰੀਆਂ ’ਚ ਦਿਹਾੜੀ ਕਰਦੇ ਸਨ, ਫਿਰ ਉਹ ਮਸ਼ਹੂਰ ਗਾਇਕ ਬਣੇ
  • ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨੇ ਕਈ ਹਿੱਟ ਗਾਣੇ ਗਾਏ ਸਨ
  • 8 ਮਾਰਚ 1988 ਨੂੰ ਜਲੰਧਰ ਦੇ ਮਹਿਸਮਪੁਰ ਵਿੱਚ ਚਮਕੀਲਾ ਤੇ ਅਮਰਜੋਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ
  • ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੇ ਪਤਨੀ ਅਮਰਜੋਤ ਕੌਰ ਦੇ ਜੀਵਨ 'ਤੇ ਦੋ ਫ਼ਿਲਮਾਂ ਬਣ ਰਹੀਆਂ ਹਨ
  • ਚਮਕੀਲਾ ਅਤੇ ਅਮਰਜੋਤ ਦੇ ਜੀਵਨ ਉਪਰ ਫ਼ਿਲਮਾਂ ਬਣਾਉਣ ਨੂੰ ਲੈ ਕੇ ਰਾਇਟਸ ਦਾ ਵਿਵਾਦ ਬਣਿਆ ਹੋਇਆ ਹੈ
  • ਇੱਕ ਫ਼ਿਲਮ ਬਾਲੀਵੁੱਡ 'ਚ ਨਿਰਦੇਸ਼ਕ ਇਮਤਿਆਜ਼ ਅਲੀ ਬਣਾ ਰਹੇ ਹਨ ਅਤੇ ਦੂਜੀ ਪੰਜਾਬੀ ਫ਼ਿਲਮ ਜੋੜੀ ਹੈ

ਸੰਮਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ''ਇਸ 'ਚ ਪੰਜ ਪਾਰਟੀਆਂ ਬਣਾਈਆਂ ਗਈਆਂ ਸਨ।ਇੱਕ ਗੁਰਮੇਲ ਕੌਰ, ਦੂਜਾ ਰਿਲਾਇੰਸ, ਨਿਰਦੇਸ਼ਕ ਇਮਤਿਆਜ਼ ਅਲੀ, ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ। ਇਸ ਵਿੱਚ ਗੁਰਮੇਲ ਕੌਰ ਅਤੇ ਰਿਲਾਇੰਸ ਦੇ ਵਲੀਕ ਪੇਸ਼ ਹੋ ਰਹੇ ਹਨ।''

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਇਸ਼ਦੀਪ ਰੰਧਾਵਾ ਬਨਾਮ ਰਿਲਾਇੰਸ ਇੰਡਸਟਰੀਜ਼ ਦਾ ਕੇਸ ਪਹਿਲਾਂ ਸਟੇਅ ਹੋ ਗਿਆ ਸੀ।

ਐਡਵੋਕੇਟ ਸਿੱਧੂ ਮੁਤਾਬਕ, ''ਇਸ ਦੌਰਾਨ ਸਾਨੂੰ ਪਤਾ ਲੱਗਿਆ ਕਿ ਇੱਕ ਹੋਰ ਫਿਲਮ ਬਣ ਕੇ ਤਿਆਰ ਹੋ ਗਈ ਹੈ। ਸਾਨੂੰ ਲੱਗਿਆ ਕਿ ਸਾਨੂੰ ਸਟੇਅ ਦਾ ਕਹਿ ਕੇ ਦੂਜੇ ਪਾਸੇ ਦੂਜੀ ਫਿਲਮ ਬਣ ਗਈ ਹੈ, ਜਿਸ ਦਾ ਨਾਮ ਜੋੜੀ ਹੈ ਅਤੇ ਜਿਸ 'ਚ ਵੀ ਅਦਾਕਾਰ ਦਿਲਜੀਤ ਹੀ ਹਨ।''

''ਉਸ ਦੀ ਰਿਲੀਜ਼ ਦੀ ਤਾਰੀਖ਼ ਪਤਾ ਲੱਗਣ 'ਤੇ ਅਸੀਂ ਅਦਾਲਤ 'ਚ ਗਏ ਅਤੇ ਉਸ 'ਤੇ ਰੋਕ ਲੱਗ ਗਈ। ਉਹ ਸਾਰੀ ਫ਼ਿਲਮ ਹੀ ਚਮਕੀਲਾ ਦੀ ਜ਼ਿੰਦਗੀ 'ਤੇ ਅਧਾਰਿਤ ਹੈ।''

ਉਨ੍ਹਾਂ ਚਮਕੀਲਾ ਦੀ ਜੀਵਨੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਫਿਲਮ 'ਚ ਇਸ ਕਿਤਾਬ ਤੋਂ ਕਾਫ਼ੀ ਸੀਨ ਫ਼ਿਲਮਾਏ ਗਏ ਹਨ।

ਉਨ੍ਹਾਂ ਕਿਹਾ, ''ਇਸ ਫਿਲਮ ਨੂੰ ਰਿਧਮ ਬੁਆਏਜ਼ ਐਂਟਰਟੇਨਮੈਂਟ ਅਤੇ ਦਿਲਜੀਤ ਮੋਸ਼ਨ ਪਿਕਚਰ ਨੇ ਮਿਲ ਕੇ ਬਣਾਇਆ ਹੈ। ਇਸ 'ਚ ਦਿਲਜੀਤ ਅਤੇ ਨਿਮਰਤ ਖਹਿਰਾ ਨੇ ਕੰਮ ਕੀਤਾ ਹੈ।''

ਬਾਲੀਵੁੱਡ ਫ਼ਿਲਮ ਦਾ ਕੀ ਹੈ ਮਾਮਲਾ

ਰੰਧਾਵਾ ਪੱਖ ਨੂੰ ਬਾਲੀਵੁੱਡ 'ਚ ਬਣ ਰਹੀ ਫ਼ਿਲਮ 'ਤੇ ਵੀ ਇਤਰਾਜ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ ਦੇ ਰਾਈਟਸ ਉਨ੍ਹਾਂ ਕੋਲ ਹਨ।

ਇਸ ਬਾਰੇ ਗੱਲ ਕਰਦਿਆਂ ਰਿਲਾਇੰਸ ਪੱਖ ਦੇ ਵਕੀਲ ਆਰਕੇ ਸ਼ਰਮਾ ਨੇ ਕਿਹਾ, ''ਅਜਿਹੀ ਕੋਈ ਗੱਲ ਨਹੀਂ ਹੈ ਕਿ ਰਿਲਾਇੰਸ ਕੋਲ ਰਾਈਟਸ ਨਹੀਂ ਹਨ। ਇਨ੍ਹਾਂ ਨੇ ਆਪਣੀ ਗੱਲ ਕਹੀ ਹੈ ਕਿ ਉਨ੍ਹਾਂ ਕੋਲ ਗੁਰਮੇਲ ਕੌਰ ਦੇ ਰਾਈਟਸ ਹਨ।''

''ਬਾਕੀ ਅਮਰ ਸਿੰਘ ਚਮਕੀਲਾ ਦੀ ਫ਼ਿਲਮ ਦੇ ਰਾਈਟਸ ਦੇਣ ਦਾ ਇਕੱਲੇ ਗੁਰਮੇਲ ਕੌਰ ਕੋਲ ਕੋਈ ਹੱਕ ਨਹੀਂ ਸੀ। ਉਸ (ਚਮਕੀਲੇ) ਦੀਆਂ ਕੁੜੀਆਂ ਤੋਂ ਕੋਈ ਰਾਈਟਸ ਨਹੀਂ ਲਏ ਗਏ।''

ਐਡਵੋਕੇਟ ਸ਼ਰਮਾ ਮੁਤਾਬਕ, ''ਚਮਕੀਲੇ ਦੇ ਪਹਿਲੇ ਵਿਆਹ ਤੋਂ ਦੋ ਧੀਆਂ ਹਨ ਅਤੇ ਅਮਰਜੋਤ ਕੌਰ ਨਾਲ ਦੂਜੇ ਵਿਆਹ ਤੋਂ ਇੱਕ ਬੇਟਾ ਜੈਮਨਜੀਤ ਸਿੰਘ ਹੈ, ਉਸ ਤੋਂ ਵੀ ਕੋਈ ਰਾਈਟਸ ਨਹੀਂ ਲਏ ਗਏ।''

ਉਨ੍ਹਾਂ ਕਿਹਾ ਕਿ ਇਸ ਕਰਕੇ ਇਨ੍ਹਾਂ ਦਾ ਇਕਰਾਰਨਾਮਾ ਆਪਣੇ ਆਪ 'ਚ ਠੀਕ ਨਹੀਂ ਹੈ। ਉਸ ਦੀ ਕੋਈ ਕਾਨੂੰਨੀ ਕੀਮਤ ਨਹੀਂ ਹੈ।

ਇਹ ਪੁੱਛੇ ਜਾਣ 'ਤੇ ਕਿ ਅਧਿਕਾਰ ਸਿਰਫ ਇੱਕ ਪੱਖ ਨੂੰ ਦੇਣ ਦੀ ਗੱਲ ਹੋਈ ਸੀ, ਨਾ ਕਿ ਇਨ੍ਹਾਂ ਨੂੰ ਹੋਰ ਅੱਗੇ ਵੇਚਣ ਦੀ... ਇਸ 'ਤੇ ਐਡਵੋਕੇਟ ਸ਼ਰਮਾ ਨੇ ਕਿਹਾ, ''ਉਨ੍ਹਾਂ ਮੁਤਾਬਕ, ਉਨ੍ਹਾਂ ਕੋਲ 2012 ਤੋਂ ਹੀ ਰਾਈਟਸ ਹਨ। ਪਰ ਮੈਂ ਦੱਸ ਚੁੱਕਿਆ ਹਾਂ ਕਿ ਉਹ ਰਾਈਟਸ ਗੁਰਮੇਲ ਕੌਰ ਇੱਕਲੇ ਨਹੀਂ ਦੇ ਸਕਦੇ ਸਨ।''

ਉਨ੍ਹਾਂ ਰਿਲਾਇੰਸ ਦਾ ਪੱਖ ਸਪਸ਼ਟ ਕਰਦਿਆਂ ਕਿਹਾ ਕਿ 'ਰਿਲਾਇੰਸ ਕੋਲ ਸਭ ਦੇ ਰਾਈਟਸ ਹਨ, ਗੁਰਮੇਲ ਕੌਰ ਦੇ, ਉਨ੍ਹਾਂ ਦੀਆਂ ਧੀਆਂ ਦੇ ਤੇ ਜੈਮਨਜੋਤ ਸਿੰਘ ਦੇ ਵੀ।''

''ਦੂਜੀ ਗੱਲ ਇਹ ਹੈ ਕਿ ਜਿਨ੍ਹਾਂ 2012 ਦੇ ਰਾਈਟਸ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਦਾ ਇਸਤੇਮਾਲ ਇਨ੍ਹਾਂ ਨੇ 1 ਸਾਲ ਦੇ ਅੰਦਰ-ਅੰਦਰ ਕਰਨਾ ਸੀ। ਫਿਰ 5 ਸਾਲ ਦੇ ਅੰਦਰ ਇਨ੍ਹਾਂ ਨੇ ਅਦਾਲਤ 'ਚ ਕਲੇਮ ਕਰਨਾ ਸੀ, ਉਹ ਵੀ ਨਾ ਹੋ ਸਕਿਆ। ਇਨ੍ਹਾਂ ਨੇ ਕੇਸ 2023 'ਚ ਪਾਇਆ ਹੈ।''

''ਇਹ ਸਿਰਫ਼ ਇਨ੍ਹਾਂ ਨੇ ਰਿਲਾਇੰਸ ਨੂੰ ਬਲੈਕਮੇਲ ਕਰਨ ਲਈ ਕੀਤਾ ਹੈ।''

ਉਨ੍ਹਾਂ ਕਿਹਾ, ''ਗੁਰਮੇਲ ਕੌਰ ਦੇ ਕਹਿਣ ਮੁਤਾਬਕ ਉਨ੍ਹਾਂ ਨੇ ਗੁਰਦੇਵ ਸਿੰਘ ਰੰਧਾਵਾ ਨੂੰ ਕੋਈ ਮਾਲਿਕਾਨਾ ਹੱਕ ਨਹੀਂ ਦਿੱਤਾ। ਉਨ੍ਹਾਂ ਕੋਲੋਂ ਧੋਖੇ ਨਾਲ ਹਸਤਾਖ਼ਰ ਕਰਵਾਏ ਗਏ ਹਨ।''

ਉਨ੍ਹਾਂ ਕਿਹਾ, ''ਉਹ ਸਿੱਖਿਆ ਪ੍ਰਾਪਤ ਨਹੀਂ ਹਨ, ਉਨ੍ਹਾਂ ਤੋਂ ਹਸਤਾਖ਼ਰ ਨਹੀਂ ਲਏ ਗਏ, ਅੰਗੂਠੇ ਲਗਵਾਏ ਗਏ ਹਨ।''

ਆਰਕੇ ਸ਼ਰਮਾ ਕਹਿੰਦੇ ਹਨ ਕਿ ''ਦੂਜੇ ਪਾਸੇ ਉਨ੍ਹਾਂ ਦੀਆਂ ਧੀਆਂ ਤੇ ਜੈਨਮਜੀਤ ਸਿੰਘ ਪੜ੍ਹੇ-ਲਿਖੇ ਹਨ ਅਤੇ ਉਨ੍ਹਾਂ ਨੇ ਰਿਲਾਇੰਸ ਨੂੰ ਗੁਰਮੇਲ ਕੌਰ ਦੇ ਨਾਲ ਆਪਣੇ ਰਾਈਟਸ ਦਿੱਤੇ ਹਨ।''

ਉਨ੍ਹਾਂ ਕਿਹਾ ਕਿ ''ਸਾਡੀ ਇੱਕ ਦਲੀਲ ਇਹ ਵੀ ਸੀ ਕਿ ਇਹ ਕੇਸ ਜਾਂ ਤਾਂ ਕਮਰਸ਼ੀਅਲ ਮਾਮਲਿਆਂ ਦੀ ਅਦਾਲਤ 'ਚ ਸੁਣਿਆ ਜਾਂਦਾ ਜਾਂ ਫਿਰ ਜ਼ਿਲ੍ਹਾ ਅਦਾਲਤ 'ਚ। ਇਸ ਦਾ ਦੂਜੇ ਪੱਖ ਕੋਲ ਕੋਈ ਜਵਾਬ ਨਹੀਂ ਸੀ।''

ਅਮਰ ਸਿੰਘ ਚਮਕੀਲਾ 'ਤੇ ਬਣ ਰਹੀਆਂ ਦੋ ਫ਼ਿਲਮਾਂ

ਇਨ੍ਹੀਂ ਦਿਨੀਂ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੇ ਪਤਨੀ ਅਮਰਜੋਤ ਕੌਰ ਦੇ ਜੀਵਨ 'ਤੇ ਦੋ ਫ਼ਿਲਮਾਂ ਬਣ ਰਹੀਆਂ ਹਨ।

ਇੱਕ ਫ਼ਿਲਮ ਬਾਲੀਵੁੱਡ 'ਚ ਬਣ ਰਹੀ ਹੈ ਜਿਸ ਨੂੰ ਨਿਰਦੇਸ਼ਕ ਇਮਤਿਆਜ਼ ਅਲੀ ਬਣਾ ਰਹੇ ਹਨ ਅਤੇ ਇਸ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨਜ਼ਰ ਆਉਣਗੇ।

ਇਹ ਫ਼ਿਲਮ ਰਿਲਾਇੰਸ ਇੰਡਸਟਰੀਜ਼ ਦੇ ਬੈਨਰ ਹੇਠ ਬਣ ਰਹੀ ਹੈ ਅਤੇ ਫਿਲਹਾਲ ਇਸ ਫ਼ਿਲਮ ਦੀ ਸ਼ੂਟਿੰਗ ਹੋ ਰਹੀ ਹੈ।

ਦੂਜੀ ਫ਼ਿਲਮ ਪੰਜਾਬੀ ਫ਼ਿਲਮ ਇੰਡਸਟਰੀ 'ਚ ਬਣੀ ਹੈ ਜੋ ਕਿ ਬਣ ਕੇ ਤਿਆਰ ਹੈ ਅਤੇ ਅਦਾਲਤ ਨੇ ਅਜੇ ਇਸ 'ਤੇ ਰੋਕ ਲਗਾ ਦਿੱਤੀ ਹੈ।

ਇਸ ਫ਼ਿਲਮ ਦਾ ਨਾਮ ਜੋੜੀ ਹੈ ਅਤੇ ਇਸ 'ਚ ਵੀ ਦਿਲਜੀਤ ਹੀ ਹਨ ਅਤੇ ਮਹਿਲਾ ਅਦਾਕਾਰ ਨਿਮਰਤ ਖਹਿਰਾ ਹਨ।

''ਇਸ ਫਿਲਮ ਨੂੰ ਰਿਧਮ ਬੁਆਏਜ਼ ਐਂਟਰਟੇਨਮੈਂਟ ਅਤੇ ਦਿਲਜੀਤ ਮੋਸ਼ਨ ਪਿਕਚਰ ਨੇ ਮਿਲ ਕੇ ਬਣਾਇਆ ਹੈ।

ਕੌਣ ਸਨ ਅਮਰ ਸਿੰਘ ਚਮਕੀਲਾ

ਬੀਬੀਸੀ ਪੰਜਾਬੀ ਦੇ ਪੱਤਰਕਾਰ ਦਲੀਪ ਸਿੰਘ ਨੇ ਚਮਕੀਲੇ ਦੇ ਜੀਵਨ 'ਤੇ ਇੱਕ ਰਿਪੋਰਟ ਲਿਖੀ ਸੀ। ਇਸੇ ਰਿਪੋਰਟ ਦੇ ਕੁਝ ਅੰਸ਼ ਇਸੇ ਪ੍ਰਕਾਰ ਹਨ:

ਅਮਰ ਸਿੰਘ ਚਮਕੀਲਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਡੁੱਗਰੀ ਵਿੱਚ 1960ਵਿਆਂ ਵਿੱਚ ਹੋਇਆ ਸੀ।

ਅਮਰ ਸਿੰਘ ਚਮਕੀਲਾ ਦਾ ਅਸਲ ਨਾਂ ਧਨੀ ਰਾਮ ਸੀ।

ਆਰਥਿਕ ਹਾਲਤ ਪਤਲੀ ਹੋਣ ਕਾਰਨ ਪਰਿਵਾਰਕ ਜ਼ਿੰਮੇਵਾਰੀਆਂ ਦੀ ਪੰਡ ਨੌਜਵਾਨ ਧਨੀ ਰਾਮ ਦੇ ਸਿਰ ਉੱਤੇ ਛੇਤੀ ਹੀ ਪੈ ਗਈ।

ਉਨ੍ਹਾਂ ਨੇ ਲੁਧਿਆਣਾ ਦੀ ਹੌਜ਼ਰੀ ਫੈਕਟਰੀ ਵਿੱਚ ਕੰਮ ਲੱਭ ਲਿਆ ਤੇ ਉੱਥੋਂ ਰੋਜ਼ੀ-ਰੋਟੀ ਕਮਾਉਣ ਲੱਗੇ।

ਪਰਿਵਾਰ ਵਾਲਿਆਂ ਮੁਤਾਬਕ ਅਮਰ ਸਿੰਘ ਚਮਕੀਲਾ ਨੂੰ ਗੀਤ ਲਿਖਣ ਦਾ ਕਾਫੀ ਸ਼ੌਕ ਸੀ ਪਰ ਇਸ ਸ਼ੌਕ ਨੂੰ ਸ਼ਾਇਦ ਕਿਸੇ ਮੌਕੇ ਦਾ ਇੰਤਜ਼ਾਰ ਸੀ।

ਚਮਕੀਲਾ ਦੀ ਗਾਇਕੀ ਦਾ ਸਫ਼ਰ

ਜਦੋਂ ਧਨੀ ਰਾਮ ਉਰਫ ਅਮਰ ਸਿੰਘ ਚਮਕੀਲਾ ਫੈਕਟਰੀਆਂ ਵਿੱਚ ਦਿਹਾੜੀਆਂ ਕਰ ਰਹੇ ਸੀ, ਉਸ ਵੇਲੇ ਸੁਰਿੰਦਰ ਛਿੰਦਾ ਨੇ ਗਾਇਕੀ ਵਿੱਚ ਆਪਣਾ ਚੰਗਾ ਨਾਂ ਕਮਾ ਲਿਆ ਸੀ।

ਡੁੱਗਰੀ ਦੇ ਧਨੀ ਰਾਮ ਨੂੰ ਚਮਕੀਲਾ ਬਣਾਉਣ ਵਾਲੇ ਵੀ ਸੁਰਿੰਦਰ ਛਿੰਦਾ ਹੀ ਹਨ।

ਉਹ ਇਸ ਬਾਰੇ ਕਿੱਸਾ ਦੱਸਦੇ ਹੋਏ ਕਹਿੰਦੇ ਹਨ, “ਚੰਡੀਗੜ੍ਹ ਦੇ ਬੁੜੈਲ ਵਿੱਚ ਰਾਮਲੀਲਾ ਮੌਕੇ ਸਾਡੀ ਬੁਕਿੰਗ ਸੀ। ਉੱਥੇ ਚਮਕੀਲਾ ਸਾਡੇ ਨਾਲ ਹੈਲਪਰ ਵਜੋਂ ਸੀ।”

ਸੁਰਿੰਦਰ ਛਿੰਦਾ ਦੱਸਦੇ ਹਨ ਕਿ ਇੱਕ ਵਾਰ ਉਹ ਰਾਜਸਥਾਨ ਵੱਲ ਜਾ ਰਹੇ ਸਨ ਤਾਂ ਸਾਥੀਆਂ ਨੇ ਕਿਹਾ ਕਿ ਚਮਕੀਲੇ ਦਾ ਗਾਣਾ ਸੁਣ ਲਓ ਤਾਂ ਚਮਕੀਲੇ ਨੇ ਗੀਤ ਸੁਣਾਇਆ, ‘ਮੈਂ ਡਿੱਗੀ ਤਿਲਕ ਕੇ’।

“ਮੈਂ ਇਹ ਗੀਤ ਗਾਇਆ ਤੇ ਚਮਕੀਲੇ ਦਾ ਲਿਖਿਆ ਪਹਿਲਾ ਹੀ ਗੀਤ ਸੁਪਰ ਹਿੱਟ ਹੋ ਗਿਆ।”

ਸੁਰਿੰਦਰ ਛਿੰਦਾ ਕਹਿੰਦੇ ਹਨ ਕਿ ਮੈਂ ਇਸ ਮਗਰੋਂ ਚਮਕੀਲੇ ਦੇ ਲਿਖੇ ਕਈ ਗੀਤ ਗਾਏ।

ਅਮਰ ਸਿੰਘ ਚਮਕੀਲਾ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਵਿੱਚ ਵੱਖ-ਵੱਖ ਕੁੜੀਆਂ ਨਾਲ ਜੋੜੀਆਂ ਬਣਾਈਆਂ ਪਰ ਅਮਰਜੋਤ ਨਾਲ ਉਨ੍ਹਾਂ ਦੀ ਜੋੜੀ ਕਾਫੀ ਹਿੱਟ ਹੋਈ।

ਚਮਕੀਲਾ ਅਤੇ ਅਮਰਜੋਤ ਨੇ ਕਈ ਹਿੱਟ ਗਾਣੇ ਦਿੱਤੇ। ਇਨ੍ਹਾਂ ਵਿੱਚ 'ਪਹਿਲੇ ਲਲਕਾਰੇ ਨਾਲ',' ਟਕੁਏ ਤੇ ਟਕੁਆ' ਅੱਜ ਵੀ ਗਣਗੁਣਾਏ ਜਾਂਦੇ ਹਨ।

ਚਮਕੀਲਾ ਤੇ ਅਮਰਜੋਤ ਦਾ ਕਤਲ

8 ਮਾਰਚ 1988 ਨੂੰ ਜਲੰਧਰ ਦੇ ਮਹਿਸਮਪੁਰ ਵਿੱਚ ਅਮਰ ਸਿੰਘ ਚਮਕੀਲਾ, ਅਮਰਜੋਤ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਤਲ ਕਰ ਦਿੱਤਾ ਗਿਆ।

ਪੁਲਿਸ ਉਨ੍ਹਾਂ ਦੇ ਕੇਸ ਦੀ ਤਫ਼ਤੀਸ਼ ਨੂੰ ਬੰਦ ਕਰ ਚੁੱਕੀ ਹੈ। ਡੀਐੱਸਪੀ ਹਰਜਿੰਦਰ ਸਿੰਘ ਨੇ ਦੱਸਿਆ ਸੀ, “ਇਸ ਕਤਲ ਦੀ ਵਾਰਦਾਤ ਬਾਰੇ ਥਾਣਾ ਨੂਰਮਹਿਲ ਵਿੱਚ ਚਮਕੀਲੇ ਦੇ ਡਰਾਇਵਰ ਦੇ ਬਿਆਨਾਂ ਉੱਤੇ ਮਾਮਲਾ ਦਰਜ ਹੋਇਆ ਸੀ। ਤਫ਼ਤੀਸ਼ ਦੌਰਾਨ ਤਿੰਨ ਸ਼ੱਕੀਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ।”

“ਤਿੰਨੇ ਮੁਲਜ਼ਮਾਂ ਨੂੰ ਅਦਾਲਤ ਨੇ ਭਗੌੜਾ ਕਰਾਰ ਕਰ ਦਿੱਤਾ ਸੀ। ਇਹ ਤਿੰਨੇ ਮੁਲਜ਼ਮ ਵੱਖ-ਵੱਖ ਥਾਂਵਾਂ ਅਤੇ ਵੱਖ-ਵੱਖ ਸਮਿਆਂ ਉੱਤੇ ਪੁਲਿਸ ਦੇ ਮੁਕਾਬਲਿਆਂ ਵਿੱਚ ਮਾਰੇ ਜਾ ਚੁੱਕੇ ਹਨ। ਅਦਾਲਤ ਵੱਲੋਂ ਇਸ ਕੇਸ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)