ਸਿੱਖਾਂ ਨੇ ਕਦੋਂ ਕੈਨੇਡਾ ਵੱਲ ਪਰਵਾਸ ਕਰਨਾ ਸ਼ੁਰੂ ਕੀਤਾ ਅਤੇ ਪੰਜਾਬ ’ਚ ਉਭਰੇ ਅੱਤਵਾਦ ਦੇ ਦੌਰ ਦਾ ਇਸ ’ਤੇ ਕੀ ਅਸਰ ਰਿਹਾ

ਤਸਵੀਰ ਸਰੋਤ, Getty Images
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਮੌਜੂਦਾ ਸਮੇਂ ਸਿੱਖ ਕੈਨੇਡਾ ਦੀ ਸਿਆਸਤ, ਆਰਥਿਕਤਾ, ਸਮਾਜਿਕ ਤਾਣੇ-ਬਾਣੇ ਅਤੇ ਸੱਭਿਆਚਾਰ ਦਾ ਅਹਿਮ ਅੰਗ ਹਨ। ਸਿੱਖਾਂ ਦਾ ਕੈਨੇਡਾ ਵਿੱਚ ਅੱਜ ਜੋ ਰੁਤਬਾ ਹੈ, ਉਹ ਉਸ ਵੇਲੇ ਨਹੀਂ ਸੀ ਜਦੋਂ ਸਿੱਖ ਕੈਨੇਡਾ ਜਾਣਾ ਸ਼ੁਰੂ ਹੋਏ ਸਨ।
ਕੈਨੇਡਾ ਵਿੱਚ ਆਪਣਾ ਅਧਾਰ ਕਾਇਮ ਕਰਨ ਲਈ ਸਿੱਖਾਂ ਦੇ ਕੀਤੇ ਸੰਘਰਸ਼ ਦੇ ਕਈ ਹਵਾਲੇ ਮਿਲਦੇ ਹਨ।
ਇੱਥੇ ਅਸੀਂ ਸਿੱਖਾਂ ਦੇ ਕੈਨੇਡਾ ਤੱਕ ਪਹੁੰਚਣ ਦੀਆਂ ਪੈੜਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਆਖ਼ਰ ਸਿੱਖ ਕੈਨੇਡਾ ਕਦੋਂ, ਕਿਉਂ ਅਤੇ ਕਿਵੇਂ ਪਹੁੰਚੇ ? ਕਿਹੜੇ ਸਾਲਾਂ ਵਿੱਚ ਸਿੱਖਾਂ ਦਾ ਕੈਨੇਡਾ ਵੱਲ ਪਰਵਾਸ ਵਧਿਆ ਅਤੇ ਕਦੋਂ ਘਟਿਆ ?
ਕੈਨੇਡਾ ਪਹੁੰਚਣ ਵਾਲਾ ਪਹਿਲਾ ਸਿੱਖ ਕੌਣ ਸੀ ?
ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਪ੍ਰਿੰਸ ਵਿਕਟਰ ਐਲਬਰਟ ਦਲੀਪ ਸਿੰਘ, ਸਿੱਖ ਮੂਲ ਦਾ ਪਹਿਲਾ ਵਿਅਕਤੀ ਮੰਨਿਆ ਜਾਂਦਾ ਹੈ ਜੋ ਕੈਨੇਡਾ ਪਹੁੰਚਿਆ।
ਪ੍ਰਿੰਸ ਵਿਕਟਰ ਐਲਬਰਟ, ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਬੈਂਬਾ ਮੁੱਲਰ ਦੇ ਬੇਟੇ ਸਨ।
ਉਨ੍ਹਾਂ ਨੇ ਕੈਂਬਰਿਜ ਦੇ ਈਟਨ ਅਤੇ ਟ੍ਰਾਈਨਿਟੀ ਵਿੱਚ ਪੜ੍ਹਾਈ ਕਰਨ ਬਾਅਦ, ਸੈਂਡਰਸਟ ਵਿੱਚ ਰਾਇਲ ਮਿਲਟਰੀ ਕਾਲਜ ਵਿੱਚ ਦਾਖ਼ਲਾ ਲੈ ਲਿਆ ਸੀ ਅਤੇ ਫਿਰ ਉਹ ਲੈਫ਼ਟੀਨੈਂਟ ਵਜੋਂ ਪਹਿਲੀ (ਸ਼ਾਹੀ) ਡਰਾਗੂਨਜ਼ ਵਿੱਚ ਕਮਿਸ਼ਨ ਹੋ ਗਏ ਸੀ।
ਸਾਲ 1888 ਵਿੱਚ ਉਨ੍ਹਾਂ ਦੀ ਪੋਸਟਿੰਗ ਬ੍ਰਿਟਿਸ਼ ਨੌਰਥ ਅਮਰੀਕਾ ਵਿੱਚ ਬ੍ਰਿਟਿਸ਼ ਫ਼ੌਜਾਂ ਦੇ ਕਮਾਂਡਰ ਜਨਰਲ ਸਰ ਜੌਹਨ ਰੌਂਸ ਦੇ ਆਨਰੇਰੀ ਸਹਾਇਕ ਵਜੋਂ ਹੈਲੀਫੈਕਸ, ਨੋਵਾ ਸਕੌਟੀਆ ਵਿੱਚ ਹੋ ਗਈ।
ਇਸ ਹਿਸਾਬ ਨਾਲ, ਉਨ੍ਹਾਂ ਨੂੰ ਕੈਨੇਡਾ ਪਹੁੰਚਣ ਵਾਲੇ ਪਹਿਲੇ ਸਿੱਖ ਮੂਲ ਦੇ ਵਿਅਕਤੀ ਕਿਹਾ ਜਾਂਦਾ ਹੈ।
ਉਹ 1890 ਵਿੱਚ ਇੰਗਲੈਂਡ ਪਰਤ ਆਏ ਸੀ।
ਸਿੱਖ ਮਿਊਜ਼ੀਅਮ ਆਫ ਕੈਨੇਡਾ ਦੀ ਵੈਬਸਾਈਟ ਤੋਂ ਅਤੇ ਹਿੰਦੁਸਤਾਨ ਟਾਈਮਜ਼ ਲਈ, ਤਿੰਨ ਵਾਰ ਕੈਨੇਡਾ ਵਿੱਚ ਐੱਮਪੀ ਰਹੇ ਗੁਰਮੰਤ ਗਰੇਵਾਲ ਦੇ ਲੇਖ ਅਤੇ ਕਈ ਹੋਰ ਸਰੋਤਾਂ ਤੋਂ ਇਹ ਜਾਣਕਾਰੀ ਮਿਲਦੀ ਹੈ।
ਇਸ ਤੋਂ ਬਾਅਦ, ਕੈਨੇਡਾ ਜਾਣ ਵਾਲੇ ਸਿੱਖ ਬ੍ਰਿਟਿਸ਼ ਆਰਮੀ ਦੇ ਜਵਾਨ ਸਨ। ਸਾਲ 1897 ਵਿੱਚ ਮਹਾਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਇੰਗਲੈਂਡ ਵਿੱਚ ਵੱਡੇ ਪੱਧਰ ‘ਤੇ ਮਨਾਈ ਗਈ ਸੀ।
ਇਸ ਸਬੰਧੀ ਲੰਡਨ ਵਿੱਚ ਕੱਢੇ ਗਏ ਜਲਸੇ ਵਿੱਚ ਕਈ ਕੌਮਨਵੈਲਥ ਦੇਸ਼ਾਂ ਦੀਆਂ ਫ਼ੌਜੀ ਟੁਕੜੀਆਂ ਸ਼ਾਮਲ ਸਨ, ਜਿਨ੍ਹਾਂ ਵਿੱਚ ਸਿੱਖ ਵੀ ਮੌਜੂਦ ਸਨ।
ਕੈਨੇਡੀਅਨ ਸਿੱਖ ਸਰਜੀਤ ਸਿੰਘ ਜਗਪਾਲ ਆਪਣੀ ਕਿਤਾਬ ‘ਬੀਕਮਿੰਗ ਕੈਨੇਡੀਅਨਜ਼’ ਵਿੱਚ ਲਿਖਦੇ ਹਨ ਕਿ ਹੌਂਗਕੌਂਗ ਰੈਜੀਮੈਂਟ ਦੇ ਸਿੱਖ ਜਵਾਨ ਸਨ ਜੋ ਮਹਾਰਾਣੀ ਵਿਕਟੋਰੀਆ ਦੇ ਡਾਇਮੰਡ ਜੁਬਲੀ ਸਮਾਗਮਾਂ ਵਿੱਚ ਹਿੱਸਾ ਲੈਣ ਤੋਂ ਬਾਅਦ, ਕੈਨੇਡਾ ਰਾਹੀਂ ਹੌਂਗਕੌਂਗ ਵਾਪਸ ਗਏ।
ਸਰਜੀਤ ਸਿੰਘ ਜਗਪਾਲ ਲਿਖਦੇ ਹਨ ਕਿ ਉਹ ਸਿੱਖ ਜਵਾਨ, ਕੈਨੇਡਾ ਦੇ ਧਰਾਤਲ, ਹਰਿਆਵਲ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਇਹ ਆਪਣੇ ਪੰਜਾਬ ਜਿਹਾ ਜਾਪਿਆ।

ਕਿਸੇ ਸਿੱਖ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਕੈਨੇਡਾ ਦਾ ਸਿੱਖਾਂ ਨਾਲ ਨਾਤਾ
ਸਿੱਖਾਂ ਦੇ ਕੈਨੇਡਾ ਦੀ ਧਰਤੀ ‘ਤੇ ਪੈਰ ਰੱਖਣ ਤੋਂ ਪਹਿਲਾਂ ਹੀ ਉੱਥੇ ਸਿੱਖਾਂ ਬਾਰੇ ਚਰਚੇ ਹੋਣ ਦਾ ਹਵਾਲਾ ਵੀ ਮਿਲਦਾ ਹੈ।
ਭਾਰਤ ਦੇ ਸਿੱਖਾਂ ਨੂੰ ਦੁਨੀਆ ਦੀਆਂ ਸਭ ਤੋਂ ਬਹਾਦਰ ਫ਼ੌਜਾਂ ਵਿੱਚ ਗਿਣਿਆ ਜਾਂਦਾ ਸੀ।
ਬ੍ਰਿਟਿਸ਼ ਨੌਰਥ ਅਮਰਿਕਾ ਐਕਟ ਤੋਂ ਬਾਅਦ, ਸਾਲ 1868 ਵਿੱਚ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੌਹਨ ਏ.ਮੈਕਡੋਨਲਡ ਨੇ ਭਾਰਤ ਵਿੱਚ ਆਪਣੇ ਇੱਕ ਦੋਸਤ ਨੂੰ ਚਿੱਠੀ ਵਿੱਚ ਲਿਖਿਆ ਸੀ।
ਕੈਨੇਡਾ ਦੇ ਸਿੱਖ ਹੈਰੀਟੇਜ ਮਿਊਜ਼ੀਅਮ ਦੀ ਵੈਬਸਾਈਟ ’ਤੇ ਇਸ ਦਾ ਜ਼ਿਕਰ ਕੀਤਾ ਗਿਆ ਹੈ, “ਕਿਸੇ ਦਿਨ ਜਦੋਂ ਇੰਗਲੈਂਡ ਅਤੇ ਯੂਐੱਸਏ ਵਿਚਕਾਰ ਜੰਗ ਹੋਏਗੀ ਤਾਂ ਭਾਰਤ ਸਿੱਖਾਂ ਦੀ ਫ਼ੌਜ ਭੇਜ ਕੇ ਸਾਡੀ ਮਦਦ ਕਰ ਸਕਦਾ ਹੈ।”
ਇਸ ਤੋਂ ਵੀ ਪਹਿਲਾਂ 1843-1845 ਦੌਰਾਨ ਬ੍ਰਿਟਿਸ਼ ਰਾਜ ਵਿੱਚ ਕੈਨੇਡਾ ਦੇ ਗਵਰਨਰ ਜਨਰਲ ਰਹਿਣ ਵਾਲੇ ਅਫ਼ਸਰ ਸਰ ਚਾਰਲਜ਼ ਮੈਟਕਾਲਫ ਦੀ ਪਤਨੀ ਇੱਕ ਪੰਜਾਬੀ ਸਿੱਖ ਬੀਬੀ ਸੀ।
ਸਰ ਚਾਰਲਜ਼ ਮੈਟਕਾਲਫ ਨੇ, ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਅਫਸਰ ਵਜੋਂ, ਮਹਾਰਾਜਾ ਰਣਜੀਤ ਸਿੰਘ ਨਾਲ ਲਾਹੌਰ ਸੰਧੀ ਕੀਤੀ ਸੀ ਅਤੇ ਲਾਹੌਰ ਰਾਜ ਦੀ ਹੀ ਸਿੱਖ ਬੀਬੀ ਨਾਲ ਵਿਆਹ ਕਰਵਾਇਆ ਸੀ।
ਮੈਟਕਾਲਫ ਦੇ ਕੈਨੇਡਾ ਵਿੱਚ ਗਵਰਵਰ ਜਨਰਲ ਰਹਿਣ ਦੌਰਾਨ, ਕੀ ਉਨ੍ਹਾਂ ਦੀ ਸਿੱਖ ਪਤਨੀ ਵੀ ਉਨ੍ਹਾਂ ਦੇ ਨਾਲ ਕੈਨੇਡਾ ਗਈ ਸੀ ਜਾਂ ਨਹੀਂ, ਇਸ ਬਾਰੇ ਹਵਾਲਾ ਨਹੀਂ ਮਿਲ ਸਕਿਆ ਹੈ।

ਰੁਜ਼ਗਾਰ ਲਈ ਸਿੱਖਾਂ ਦਾ ਕੈਨੇਡਾ ਆਉਣਾ ਕਦੋਂ ਤੇ ਕਿਵੇਂ ਸ਼ੁਰੂ ਹੋਇਆ ?
ਵੀਹਵੀਂ ਸਦੀ (1900ਵਿਆਂ) ਦੀ ਸ਼ੁਰੂਆਤ ਵਿੱਚ ਸਿੱਖਾਂ ਨੇ ਰੁਜ਼ਗਾਰ ਲਈ ਕੈਨੇਡਾ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਸੀ।
ਕਿਤਾਬ ਬੀਕਮਿੰਗ ਕੈਨੇਡੀਅਨਜ਼, ਵਿੱਚ ਸਰਜੀਤ ਸਿੰਘ ਜਗਪਾਲ ਲਿਖਦੇ ਹਨ ਕਿ ਮਹਾਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਵੇਲੇ ਕੈਨੇਡਾ ਤੋਂ ਲੰਘ ਕੇ ਹੌਂਗਕੌਂਗ ਪਰਤਣ ਵਾਲੇ ਸਿੱਖ ਫ਼ੌਜੀਆਂ ਜ਼ਰੀਏ, ਭਾਈਚਾਰੇ ਵਿੱਚ ਇਸ ਨਵੇਂ ਦੇਸ਼ ਅਤੇ ਇੱਥੇ ਮੌਕਿਆਂ ਦੀ ਸੰਭਾਵਨਾ ਬਾਰੇ ਗੱਲਾਂ ਫੈਲੀਆਂ।
ਕੈਨੇਡਾ ਵਿੱਚ ਗਦਰੀ ਬਾਬਿਆਂ ਦੇ ਇਤਿਹਾਸ ਬਾਰੇ ਕਿਤਾਬਾਂ ਲਿਖਣ ਵਾਲੇ ਸੋਹਣ ਸਿੰਘ ਪੂਨੀ ਨੇ ਸਾਨੂੰ ਦੱਸਿਆ, “ਹੌਂਗਕੌਂਗ ਵਿੱਚ ਬ੍ਰਿਟਿਸ਼ ਰਾਜ ਦੌਰਾਨ ਕੰਮ ਕਰਦੇ ਸਿੱਖਾਂ ਨੂੰ ਹੌਲੀ-ਹੌਲੀ ਸਥਾਨਕ ਲੋਕਾਂ ਅਤੇ ਚੀਨੀ ਲੋਕਾਂ ਰਾਹੀਂ ਵੀ ਕੈਨੇਡਾ ਤੇ ਅਮਰੀਕਾ ਬਾਰੇ ਪਤਾ ਲੱਗਣ ਲੱਗਿਆ ਸੀ।"
"ਕਿਉਂਕਿ ਚੀਨੀ ਲੋਕ ਸਾਡੇ ਤੋਂ ਪਹਿਲਾਂ ਹੀ ਕੈਨੇਡਾ ਵੱਲ ਪਰਵਾਸ ਕਰਨ ਲੱਗੇ ਸਨ। ਸਾਡੇ ਲੋਕ ਪਹਿਲਾਂ ਆਸਟ੍ਰੇਲੀਆ ਵੀ ਜਾ ਰਹੇ ਸਨ, ਸਾਲ 1901 ਵਿੱਚ ਉੱਥੇ ਇਮੀਗਰੇਸ਼ਨ ਨੀਤੀਆਂ ਕਰਕੇ ਆਸਟ੍ਰੇਲੀਆ ਪਰਵਾਸ ਰੁਕਣ ਕਾਰਨ ਵੀ ਸਾਡੇ ਲੋਕਾਂ ਨੂੰ ਕੈਨੇਡਾ ਇੱਕ ਬਦਲ ਵਜੋਂ ਦਿਸਿਆ।"
"ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਸਿੱਖਾਂ ਨੇ ਇੱਥੋਂ ਕੈਨੇਡਾ ਦਾ ਰੁਖ਼ ਕੀਤਾ ਅਤੇ ਫਿਰ ਹੌਲੀ-ਹੌਲੀ ਪੰਜਾਬ ਤੱਕ ਇਸ ਨਵੇਂ ਦੇਸ਼ ਬਾਰੇ ਚਰਚੇ ਪਹੁੰਚੇ।”
ਸੋਹਣ ਸਿੰਘ ਪੂਨੀ ਖ਼ੁਦ ਸਾਲ 1972 ਤੋਂ ਕੈਨੇਡਾ ਰਹਿੰਦੇ ਹਨ।
1903-04 ਤੋਂ ਰੁਜ਼ਗਾਰ ਲਈ ਸਿੱਖ ਕੈਨੇਡਾ ਆਉਣੇ ਸ਼ੁਰੂ ਹੋ ਗਏ ਸਨ। ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਤੋਂ ਮਿਲੀ ਜਾਣਕਾਰੀ ਮੁਤਾਬਕ, ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਤਕਰੀਬਨ 5500 ਸਿੱਖ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿੱਚ ਆ ਕੇ ਰਹਿਣ ਲੱਗੇ ਸੀ।
ਉਸ ਵੇਲੇ ਸਿੱਖ ਜ਼ਿਆਦਾਤਰ ਇੱਥੋਂ ਦੀਆਂ ਲੱਕੜ ਮਿੱਲਾਂ, ਸੀਮੇਂਟ ਫ਼ੈਕਟਰੀਆਂ, ਰੇਲਵੇ ਵਰਕਰਾਂ ਵਜੋਂ ਜਾਂ ਖੇਤਾਂ ਵਿੱਚ ਕੰਮ ਕਰਦੇ ਸੀ। ਉਸ ਵੇਲੇ ਸਿਰਫ਼ ਆਦਮੀ ਹੀ ਇੱਥੇ ਰੁਜ਼ਗਾਰ ਲਈ ਰਹਿੰਦੇ ਸੀ। ਸਰਕਾਰ ਦੀਆਂ ਇਮੀਗਰੇਸ਼ਨ ਨੀਤੀਆਂ ਕਰਕੇ ਉਹ ਆਪਣੀਆਂ ਪਤਨੀਆਂ, ਬੱਚਿਆਂ ਨੂੰ ਇੱਥੇ ਨਹੀਂ ਲਿਆ ਸਕਦੇ ਸੀ। ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਸਿੱਖਾਂ ਦਾ ਪਹਿਲਾ ਘਰ ਸੀ।

ਕਿਤਾਬ ‘ਬੀਕਮਿੰਗ ਕੈਨੇਡੀਅਨਜ਼’ ਵਿੱਚ ਸਰਜੀਤ ਸਿੰਘ ਜਗਪਾਲ ਲਿਖਦੇ ਹਨ, “ਭਾਵੇਂ ਉਸ ਵੇਲੇ ਕੈਨੇਡਾ ਆ ਰਹੇ ਸਿੱਖ ਆਮ ਤੌਰ ‘ਤੇ ਅਨਪੜ੍ਹ ਅਤੇ ਅਕੁਸ਼ਲ ਸਨ ਪਰ ਮਿਹਨਤੀ ਹੋਣ ਕਰਕੇ ਉਨ੍ਹਾਂ ਨੂੰ ਪਹਿਲ ਮਿਲਣ ਲੱਗੀ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਗੋਰੇ ਕਾਮਿਆਂ ਤੋਂ ਘੱਟ ਤਨਖਾਹ ਦੇ ਕੇ ਕੰਮ ਕਰਵਾਇਆ ਜਾ ਸਕਦਾ ਸੀ।”
ਲੁਧਿਆਣਾ ਦੇ ਜੀਜੀਐੱਨ ਕਾਲਜ ਵਿੱਚ ਪਰਵਾਸੀ ਸਾਹਿਤ ਕੇਂਦਰ ਦੇ ਕੋਆਰਡੀਨੇਟਰ ਅਸਟੈਂਟ ਪ੍ਰੋਫੈਸਰ ਡਾ. ਤੇਜਿੰਦਰ ਕੌਰ ਕਹਿੰਦੇ ਹਨ ਕਿ ਉਸ ਵੇਲੇ ਪਰਵਾਸ ਕਰ ਰਹੇ ਸਿੱਖਾਂ ਦਾ ਮਕਸਦ ਪੈਸਾ ਕਮਾਉਣਾ ਅਤੇ ਵਾਪਸ ਪਰਤਣਾ ਹੁੰਦਾ ਸੀ।
ਡਾ. ਤੇਜਿੰਦਰ ਕਹਿੰਦੇ ਹਨ, “ਜਦੋਂ ਸ਼ੁਰੂਆਤ ਵਿੱਚ ਸਿੱਖ ਕੈਨੇਡਾ ਵਿੱਚ ਜਾਣਾ ਸ਼ੁਰੂ ਹੋਏ ਉਨ੍ਹਾਂ ਨੂੰ ਭਾਸ਼ਾ ਨੂੰ ਲੈ ਕੇ ਕਾਫ਼ੀ ਸਮੱਸਿਆਵਾਂ ਆਉਂਦੀਆਂ ਸਨ। ਉਨ੍ਹਾਂ ਨੂੰ ਵਿਦੇਸ਼ੀ ਧਰਤੀ ‘ਤੇ ਸਥਾਨਕ ਲੋਕਾਂ ਨਾਲ ਬੋਲਚਾਲ ਤੇ ਸੰਵਾਦ ਕਰਨ ਵੇਲੇ ਝਿਜਕ ਵੀ ਮਹਿਸੂਸ ਹੁੰਦੀ ਸੀ।"
"ਉਹ ਸਥਾਨਕ ਲੋਕਾਂ ਨਾਲ ਜ਼ਿਆਦਾ ਰਾਬਤੇ ਵਿੱਚ ਨਹੀਂ ਆਉਂਦੇ ਸੀ। ਉਸ ਵੇਲੇ ਉਹ ਕਮਾ ਕੇ ਵਾਪਸ ਜਾਣ ਦੀ ਸੋਚ ਰੱਖਦੇ ਸੀ, ਸੰਚਾਰ ਦੇ ਸਾਧਨ ਘੱਟ ਸੀ, ਇਸ ਲਈ ਘਰ ਪਰਤਣ ਦੀ ਸੋਚ ਰੱਖਦੇ ਸੀ।”
ਸਰਜੀਤ ਸਿੰਘ ਜਗਪਾਲ ਦੀ ਕਿਤਾਬ ਵਿੱਚੋਂ ਮਿਲੇ ਹਵਾਲੇ ਮੁਤਾਬਕ, ਪੰਜਾਬ ਤੋਂ ਇੱਥੇ ਆਉਣ ਵਾਲੇ ਪਰਵਾਸੀਆਂ ਦਾ ਰੂਟ ਪਹਿਲਾਂ ਪੰਜਾਬ ਤੋਂ ਕਲਕੱਤਾ ਤੱਕ ਟਰੇਨ ਜ਼ਰੀਏ ਅਤੇ ਫਿਰ ਉੱਥੋਂ ਪਾਣੀ ਦੇ ਰਸਤਿਓਂ ਜਹਾਜ਼ਾਂ ਰਾਹੀਂ ਹੌਂਗਕੌਂਗ ਹੁੰਦਿਆਂ ਹੋਇਆਂ ਕੈਨੇਡਾ ਪਹੁੰਚਣਾ ਹੁੰਦਾ ਸੀ।
ਸ਼ੁਰੂਆਤੀ ਦੌਰ ਵਿੱਚ ਆਏ ਲੋਕਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦਰਜ ਬਿਆਨਾਂ ਮੁਤਾਬਕ ਇਸ ਕਿਤਾਬ ਵਿੱਚ ਲਿਖਿਆ ਗਿਆ ਹੈ ਕਿ ਸਾਡੇ ਲੋਕ ਕੜਾਕੇ ਦੀ ਠੰਡ ਵਿੱਚ ਘੋੜਿਆਂ ਦੇ ਤਬੇਲਿਆਂ ਅੰਦਰ ਜਾਂ ਸਖ਼ਤ ਲੱਕੜਾਂ ਉੱਤੇ ਸੌਂਦੇ ਰਹੇ ਹਨ।
ਇਹ ਵੀ ਦਰਜ ਹੈ ਕਿ ਭਾਰਤ ਤੋਂ ਆਉਣ ਵੇਲੇ ਕੰਬਲ ਆਪਣੇ ਨਾਲ ਲਿਆਉਂਦੇ ਸੀ ਤਾਂ ਕਿ ਸਰਦੀਆਂ ਵਿੱਚ ਦਿਨ ਕੱਟ ਸਕਣ।

ਤਸਵੀਰ ਸਰੋਤ, Getty Images
ਕੈਨੇਡਾ ਵਿੱਚ ਪਹਿਲਾ ਗੁਰਦੁਆਰਾ
ਵੈਨਕੂਵਰ ਵਿੱਚ ਸਾਲ 1906 ਵਿੱਚ ਖ਼ਾਲਸਾ ਦੀਵਾਨ ਸੁਸਾਇਟੀ ਬਣੀ, ਜਿਸ ਦਾ ਮਕਸਦ ਸਿੱਖਾਂ ਦੀਆਂ ਸਮਾਜਿਕ, ਧਾਰਮਿਕ, ਰਾਜਨੀਤਿਕ, ਸੱਭਿਆਚਾਰਕ ਤੇ ਅਧਿਆਤਮਕ ਲੋੜਾਂ ਪੂਰੀਆਂ ਕਰਨਾ ਸੀ।
ਖਾਲਸਾ ਦੀਵਾਨ ਸੁਸਾਇਟੀ ਨੇ ਹੀ ਕੈਨੇਡਾ ਵਿੱਚ ਪਹਿਲੇ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ। ਵੈਨਕੂਵਰ ਵਿੱਚ 1908 ’ਚ ਕੈਨੇਡਾ ਦਾ ਪਹਿਲਾ ਗੁਰਦੁਆਰਾ ਲੋਕਾਂ ਲਈ ਖੋਲ੍ਹਿਆ ਗਿਆ।
ਇਸ ਗੁਰਦੁਆਰੇ ਦੀ ਬਣਤਰ 1901 ਵਿੱਚ ਹੌਂਗਕੌਂਗ ਵਿੱਚ ਬਣੇ ਪਹਿਲੇ ਗੁਰਦੁਆਰਾ ਸਾਹਿਬ ਨਾਲ ਮਿਲਦੀ ਜੁਲਦੀ ਸੀ, ਕਿਉਂਕਿ ਪਾਣੀ ਦੇ ਰਸਤਿਓਂ ਭਾਰਤ ਤੋਂ ਕੈਨੇਡਾ ਆਉਣ ਵਾਲੇ ਸਿੱਖਾਂ ਲਈ ਹੌਂਗਕੌਂਗ ਰਸਤੇ ਵਿੱਚ ਰੁਕਣ ਦੀ ਥਾਂ ਹੁੰਦਾ ਸੀ। ਹੌਂਗਕੌਂਗ ਰੁਕਣ ਵੇਲੇ ਸਿੱਖ ਇਸ ਗੁਰਦੁਆਰਾ ਸਾਹਿਬ ਵਿਖੇ ਸ਼ਰਨ ਲੈਂਦੇ ਸੀ।
ਗੁਰਦੁਆਰਾ ਸਾਹਿਬ ਦਾ ਨਿਰਮਾਣ, ਕੈਨੇਡਾ ਪਰਵਾਸ ਕਰ ਚੁੱਕੇ ਸਿੱਖਾਂ ਲਈ ਇੱਕ ਅਹਿਮ ਮੀਲ ਪੱਥਰ ਸੀ।
ਸੋਹਣ ਸਿੰਘ ਪੂਨੀ ਦੱਸਦੇ ਹਨ ਕਿ ਹੁਣ ਉੱਥੇ ਰਹਿੰਦੇ ਸਿੱਖਾਂ ਨੂੰ ਇੱਕ ਸਥਾਨ ਮਿਲ ਗਿਆ ਸੀ, ਜਿੱਥੇ ਉਹ ਜਾ ਕੇ ਆਪਣੇ ਭਾਈਚਾਰੇ ਨਾਲ ਵਿਚਾਰ-ਵਟਾਂਦਰੇ ਕਰ ਸਕਦੇ ਸੀ, ਇਕੱਠੇ ਹੋ ਸਕਦੇ ਸੀ। ਦੇਸ਼ ਅਤੇ ਘਰਾਂ ਤੋਂ ਦੂਰ ਸਿੱਖਾਂ ਲਈ ਗੁਰਦੁਆਰੇ ਇੱਕ ਕੇਂਦਰ ਬਣ ਗਏ ਸਨ।
ਕੈਨੇਡਾ ਵਿੱਚ ਸਿੱਖਾਂ ਦੇ ਸ਼ੁਰੂਆਤੀ ਪਰਵਾਸ ਨੂੰ ਠੱਲ੍ਹ
ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ, ਮਿਸੀਗੁਆ ਦੇ ਅੰਕੜਿਆਂ ਮੁਤਾਬਕ ਵਿੱਚ 1908 ਵਿੱਚ ਸਿੱਖਾਂ ਦੀ ਗਿਣਤੀ ਕਰੀਬ 5500 ਸੀ, ਪਰ ਸਾਲ 1918 ਵਿੱਚ ਇਹ ਗਿਣਤੀ ਮਹਿਜ਼ 700 ਰਹਿ ਗਈ।
ਉਸ ਦਾ ਕਾਰਨ ਸੀ, ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਜਦੋਂ ਸਿੱਖ, ਕਾਮਿਆਂ ਵਜੋਂ ਕੈਨੇਡਾ ਪਹੁੰਚਣ ਲੱਗੇ ਤਾਂ ਕਈ ਕਾਰਨਾਂ ਕਰਕੇ ਉਨ੍ਹਾਂ ਪ੍ਰਤੀ ਨਫ਼ਰਤ ਵੀ ਸ਼ੁਰੂ ਹੋਈ। ਸਿਆਸੀ ਕਾਰਨਾਂ ਦੇ ਨਾਲ-ਨਾਲ, ਇਨ੍ਹਾਂ ਵਿੱਚ ਸਥਾਨਕ ਲੋਕਾਂ ਦਾ ਰੁਜ਼ਗਾਰ ਖੁਸਣ ਦਾ ਡਰ ਵੀ ਇੱਕ ਕਾਰਨ ਸੀ।
ਅਪ੍ਰੈਲ 1907 ਵਿੱਚ ਮਿਉਂਸੀਪਲ ਇਨਕਾਰਪੋਰੇਸ਼ਨ ਐਕਟ ਵਿੱਚ ਬਦਲਾਅ ਕੀਤੇ ਜਾਣ ਵੇਲੇ ਸਿੱਖਾਂ ਨੂੰ ਵੋਟਿੰਗ ਹੱਕ ਤੋਂ ਵਾਂਝਾ ਰੱਖਿਆ ਗਿਆ, ਜਿਸ ਨਾਲ ਸਿੱਖ ਫੈਡਰਲ ਵੋਟਿੰਗ ਤੋਂ ਵੀ ਬਾਹਰ ਹੋ ਗਏ।
ਕਰੀਬ ਚਾਲੀ ਸਾਲ ਤੱਕ ਸਿੱਖ ਕੈਨੇਡਾ ਦੀ ਸਿਆਸੀ ਪ੍ਰਕਿਰਿਆ ਤੋਂ ਬਾਹਰ ਰਹੇ। ਇਸ ਸਮੇਂ ਦੌਰਾਨ ਨਾ ਤਾਂ ਸਿੱਖਾਂ ਨੂੰ ਵੋਟਿੰਗ ਦਾ ਅਧਿਕਾਰ ਸੀ ਅਤੇ ਨਾ ਹੀ ਉੱਥੋਂ ਦੀ ਨਾਗਰਿਕਤਾ ਦਾ।
ਸੋਹਣ ਸਿੰਘ ਪੂਨੀ ਦੱਸਦੇ ਹਨ ਅਤੇ ਜਗਵੰਤ ਗਰੇਵਾਲ ਨੇ ਵੀ ਆਪਣੇ ਲੇਖ ਵਿੱਚ ਇਸ ਦਾ ਜ਼ਿਕਰ ਕੀਤਾ ਹੈ।
ਸਿੱਖਾਂ ਪ੍ਰਤੀ ਨਸਲੀ ਨਫ਼ਰਤ, ਹੋਰ ਦੇਸ਼ਾਂ ਵਿੱਚ ਵੀ ਦਿਸ ਰਹੀ ਸੀ। ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਦੀ ਵੈਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ, ਸਤੰਬਰ 1907 ਵਿੱਚ, ਯੂਐੱਸਏ ਦੇ ਵਾਸ਼ਿੰਗਟਨ ਵਿੱਚ 400-500 ਗੋਰਿਆਂ ਦੀ ਭੀੜ ਨੇ ਲੱਕੜ ਮਿੱਲਾਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਸਿੱਖ ਵਰਕਰਾਂ ਨੂੰ ਘੇਰ ਕੇ ਕੁੱਟ ਮਾਰ ਕੀਤੀ ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਕੱਢਿਆ।
ਕੈਨੇਡਾ ਦਾ ਬਾਰਡਰ ਨੇੜੇ ਹੋਣ ਕਰਕੇ ਕੁਝ ਹੀ ਦਿਨਾਂ ਬਾਅਦ ਇਸੇ ਤਰ੍ਹਾਂ ਦੀ ਹਿੰਸਾ ਵੈਨਕੂਵਰ ਵਿੱਚ ਵਾਪਰੀ। ਇਸ ਘਟਨਾ ਨੂੰ ਏਸ਼ੀਅਨ-ਵਿਰੋਧੀ ਦੰਗੇ ਵੀ ਕਿਹਾ ਗਿਆ।
ਇਸੇ ਦੌਰਾਨ ਕੈਨੇਡਾ ਵਿੱਚ ਭਾਰਤੀਆਂ ਦਾ ਆਉਣਾ ਰੋਕਣ ਲਈ ਇਮੀਗਰੇਸ਼ਨ ਨੀਤੀਆਂ ਵਿੱਚ ਬਦਲਾਅ ਬਾਰੇ ਵੀ ਚਰਚਾ ਹੋਣ ਲੱਗੀ ਅਤੇ ਜਨਵਰੀ 1908 ਵਿੱਚ ਨਵੀਂ ਨੀਤੀ ਅਤੇ ਹੁਕਮ ਜਾਰੀ ਹੋਏ।
ਇਨ੍ਹਾਂ ਮੁਤਾਬਕ, ਕੈਨੇਡਾ ਆਉਣ ਵਾਲੇ ਸਾਰੇ ਪਰਵਾਸੀ ਪੁਖ਼ਤਾ ਟਿਕਟ ਰਾਹੀਂ ਅਤੇ ਉਨ੍ਹਾਂ ਦੇ ਮੂਲ ਦੇਸ਼ ਤੋਂ ਸਿੱਧੇ ਇੱਥੇ ਆਉਣ। ਉਸ ਵੇਲੇ ਕੈਨੇਡਾ ਦੀ ਸਰਕਾਰ ਨੇ ਭਾਰਤ ਤੋਂ ਸਿੱਧਾ ਕੈਨੇਡਾ ਲਿਆਉਣ ਵਾਲੀ ਇਕਲੌਤੀ ਸ਼ਿਪਿੰਗ ਕੰਪਨੀ, ਕੈਨੇਡੀਅਨ ਪੈਸੀਫਿਕ ਸਟੀਮਸ਼ਿਪ ਕੰਪਨੀ ‘ਤੇ ਵੀ ਸੇਵਾਵਾਂ ਬੰਦ ਕਰਨ ਦਾ ਦਬਾਅ ਪਾਇਆ।

ਤਸਵੀਰ ਸਰੋਤ, VANCOUVER PUBLIC LIBRARY
ਕਾਮਾਗਾਟਾਮਾਰੂ ਘਟਨਾ
ਦੂਜੇ ਹੁਕਮ ਮੁਤਾਬਕ, ਕੈਨੇਡਾ ਆਉਣ ਵਾਲੇ ਸਾਰੇ ਏਸ਼ੀਅਨ ਪਰਵਾਸੀਆਂ ਕੋਲ 200 ਡਾਲਰ ਹੋਣੇ ਲਾਜ਼ਮੀ ਸਨ। ਇਹ ਏਸ਼ੀਅਨਾਂ ਲਈ ਵਿਤਕਰੇ ਵਾਲਾ ਸੀ ਕਿਉਂਕਿ ਬਾਕੀ ਥਾਂਵਾਂ ਤੋਂ ਆਉਣ ਵਾਲੇ ਪਰਵਾਸੀਆਂ ਲਈ ਇਹ ਸ਼ਰਤ ਸਿਰਫ਼ 25 ਡਾਲਰ ਦੀ ਸੀ।
ਇਸ ਤੋਂ ਬਾਅਦ ਸਾਲ 1914 ਵਿੱਚ ਕਾਮਾਗਾਟਾਮਾਰੂ ਦੀ ਘਟਨਾ ਵਾਪਰੀ।
ਸਰਜੀਤ ਸਿੰਘ ਜਗਪਾਲ ਨੇ ਇਸ ਘਟਨਾ ਬਾਰੇ ਲਿਖਿਆ ਹੈ ਕਿ ਸਿੱਖ ਕਾਰੋਬਾਰੀ ਗੁਰਦਿੱਤ ਸਿੰਘ ਨੇ ਕੈਨੇਡਾ ਦੀਆਂ ਪਰਵਾਸ ਨੀਤੀਆਂ ਨੂੰ ਚੁਣੌਤੀ ਦਿੰਦਿਆਂ ਭਾਰਤੀਆਂ ਨੂੰ ਕੈਨੇਡਾ ਲਿਆਉਣ ਲਈ ਜਪਾਨੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ‘ਤੇ ਕੀਤਾ।
ਹੌਂਗਕੌਂਗ, ਸ਼ੰਘਾਈ ਤੇ ਯੋਕੋਹਾਮਾ ਹੁੰਦਿਆਂ ਇਹ ਜਹਾਜ਼ 23 ਮਈ 1914 ਨੂੰ ਵੈਨਕੂਵਰ ਪਹੁੰਚਿਆ।
ਇਸ ਵਿੱਚ ਬਹੁ-ਗਿਣਤੀ ਸਿੱਖਾਂ ਸਮੇਤ 376 ਲੋਕ ਸਵਾਰ ਸਨ। ਇਸ ਜਹਾਜ਼ ਦੀਆਂ ਸਵਾਰੀਆਂ ਨੂੰ ਇੱਥੇ ਉਤਰਨ ਨਹੀਂ ਦਿੱਤਾ ਗਿਆ ਅਤੇ ਦੋ ਮਹੀਨੇ ਬਾਅਦ 23 ਜੁਲਾਈ 1914 ਨੂੰ ਆਖ਼ਰਕਾਰ ਜਹਾਜ਼ ਨੂੰ ਇੱਥੋਂ ਵਾਪਸ ਭੇਜ ਦਿੱਤਾ ਗਿਆ।
ਜਦੋਂ ਇਹ ਜਹਾਜ਼ ਕਲਕੱਤਾ ਦੇ ਬਜਬਜ ਘਾਟ ਵਾਪਸ ਪਹੁੰਚਿਆਂ ਤਾਂ ਉਦੋਂ ਤੱਕ ਕੈਨੇਡਾ ਪਹਿਲੀ ਵਿਸ਼ਵ ਜੰਗ ਵਿੱਚ ਸ਼ਾਮਲ ਹੋ ਚੁੱਕਿਆ ਸੀ।
ਬ੍ਰਿਟਿਸ਼ ਸਰਕਾਰ ਨੇ ਕਲਕੱਤਾ ਪਹੁੰਚਣ ‘ਤੇ ਜਹਾਜ਼ ਦੀਆਂ ਸਵਾਰੀਆਂ ‘ਤੇ ਬ੍ਰਿਟਿਸ਼ ਹਕੂਮਤ ਖ਼ਿਲਾਫ਼ ਸਾਜਿਸ਼ ਦੇ ਇਲਜ਼ਾਮ ਲਗਾਏ।
ਕਈਆਂ ਸਵਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਨ੍ਹਾਂ ਨੂੰ ਸਾਲਾਂ ਬੱਧੀ ਜੇਲ੍ਹਾਂ ਵਿੱਚ ਤਸੀਹੇ ਝੱਲਣੇ ਪਏ, ਕੁਝ ਉੱਥੇ ਹੋਈ ਫਾਇਰਿੰਗ ਵਿੱਚ 20 ਲੋਕ ਜਾਨ ਗਵਾ ਬੈਠੇ ਸੀ ਅਤੇ ਕਈ ਜ਼ਖਮੀ ਹੋਏ ਸੀ।
ਇਹ ਸਾਰੀਆਂ ਘਟਨਾਵਾਂ ਆਪਣੇ-ਆਪ ਵਿੱਚ ਭਾਰਤੀਆਂ (ਸਿੱਖਾਂ) ਦੇ ਕੈਨੇਡਾ ਵਿੱਚ ਪਰਵਾਸ ਨੂੰ ਠੱਲ੍ਹ ਪਾਉਣ ਲਈ ਕਾਫ਼ੀ ਅਸਰਦਾਰ ਸਾਬਿਤ ਹੋਈਆਂ ਅਤੇ ਕੈਨੇਡਾ ਵਿੱਚ ਸਿੱਖਾਂ ਦੀ ਗਿਣਤੀ ਘਟ ਗਈ।
ਕਿਤਾਬ ‘ਬੀਕਮਿੰਗ ਕੈਨੇਡੀਅਨਜ਼’ ਤੋਂ ਅੰਕੜੇ ਮਿਲਦੇ ਹਨ ਕਿ 1915 ਵਿੱਚ ਇੱਕ ਸਿੱਖ ਕੈਨੇਡਾ ਆਇਆ, ਪਰ ਇਸ ਤੋਂ ਬਾਅਦ 1919 ਤੱਕ ਕੈਨੇਡਾ ਵਿੱਚ ਪਰਵਾਸ ਕਰਨ ਵਾਲੇ ਸਿੱਖਾਂ ਦਾ ਅੰਕੜਾ ਸਿਫ਼ਰ ਰਿਹਾ।
ਸਰਜੀਤ ਸਿੰਘ ਜਗਪਾਲ ਲਿਖਦੇ ਹਨ, “ਪਹਿਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਿੱਖਾਂ ਵਿੱਚੋਂ ਕਈ ਇਹ ਸੋਚ ਕੇ ਭਾਰਤ ਪਰਤ ਆਏ ਕਿ ਦੇਸ਼ ਦੀ ਅਜ਼ਾਦੀ ਤੋਂ ਬਿਨ੍ਹਾਂ ਕੈਨੇਡਾ ਵਿੱਚ ਉਨ੍ਹਾਂ ਦੀ ਹਾਲਤ ਨਹੀਂ ਸੁਧਰ ਸਕਦੀ।"
"ਕੁਝ ਸਿੱਖ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਯੂਐੱਸਏ ਚਲੇ ਗਏ। ਕਈ ਸਿੱਖ ਕੈਨੇਡਾ ਵਿੱਚ ਫ਼ਿਰਕੂ ਹਿੰਸਾ ਦੀਆਂ ਘਟਨਾਵਾਂ ਵਿੱਚ ਜਾਨਾਂ ਗਵਾ ਬੈਠੇ।“

ਤਸਵੀਰ ਸਰੋਤ, Getty Images
ਅਗਲੀ ਲਹਿਰ ਵਿੱਚ ਸਿੱਖ ਔਰਤਾਂ ਦਾ ਕੈਨੇਡਾ ਆਉਣਾ
ਪਿਛਲੇ ਦਹਾਕੇ ਵਿੱਚ ਮੁਸ਼ਕਲਾਂ ਹੰਢਾਉਣ ਤੋਂ ਬਾਅਦ, ਫਿਰ ਤੋਂ ਸਿੱਖਾਂ ਲਈ ਕੈਨੇਡਾ ਵਿੱਚ ਸੁਨਹਿਰੇ ਭਵਿੱਖ ਦੀ ਉਮੀਦ ਜਾਗੀ।
ਪਹਿਲੀ ਵਿਸ਼ਵ ਜੰਗ ਵਿੱਚ ਕੈਨੇਡਾ ਲਈ ਦਿੱਤੀਆਂ ਸੇਵਾਵਾਂ ਅਤੇ ਜਾਨਾਂ ਸਦਕਾ 1918 ਵਿੱਚ, ਭਾਰਤੀਆਂ ’ਤੇ ਲੱਗੀਆਂ ਪਰਵਾਸ ਪਾਬੰਦੀਆਂ ਹਟਾਉਣ ਦਾ ਦਬਾਅ ਪੈਣ ਲੱਗਿਆ ਸੀ।
ਸਾਲ 1919 ਵਿੱਚ ਕੈਨੇਡਾ ਨੇ ਇਮੀਗਰੇਸ਼ਨ ਨੀਤੀਆਂ ਵਿੱਚ ਬਦਲਾਅ ਕੀਤਾ ਅਤੇ ਉਦੋਂ ਉੱਥੇ ਰਹਿੰਦੇ ਸਿੱਖਾਂ ਨੂੰ ਇਜਾਜ਼ਤ ਮਿਲ ਗਈ ਕਿ ਉਹ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਇੱਥੇ ਬੁਲਾ ਸਕਦੇ ਹਨ।
ਸਿੱਖ ਔਰਤਾਂ ਦਾ ਕੈਨੇਡਾ ਆਉਣਾ 1920 ਵਿੱਚ ਹੀ ਸ਼ੁਰੂ ਹੋਇਆ। ਸਰਜੀਤ ਸਿੰਘ ਜਗਪਾਲ ਦੀ ਕਿਤਾਬ ਦੇ ਅੰਕੜਿਆਂ ਮੁਤਾਬਕ, ਸਾਲ 1920 ਵਿੱਚ 10 ਸਿੱਖਾਂ ਨੇ ਕੈਨੇਡਾ ਪਰਵਾਸ ਕੀਤਾ। ਇਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ।
ਹਾਲਾਂਕਿ, ਇਸ ਕਿਤਾਬ ਵਿੱਚ ਅਤੇ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਦੀ ਵੈਬਸਾਈਟ ਮੁਤਾਬਕ, ਕੈਨੇਡਾ ਦੀ ਧਰਤੀ ‘ਤੇ ਪੈਦਾ ਹੋਏ ਪਹਿਲੇ ਸਿੱਖ ਹਰਦਿਆਲ ਸਿੰਘ ਅਟਵਾਲ ਨੂੰ ਦੱਸਿਆ ਗਿਆ ਹੈ।
ਉਨ੍ਹਾਂ ਦਾ ਜਨਮ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਵਿੱਚ 28 ਅਗਸਤ, 1912 ਨੂੰ ਹੋਇਆ ਸੀ।
ਉਨ੍ਹਾਂ ਦੇ ਪਿਤਾ ਬਲਵੰਤ ਸਿੰਘ, ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਸਨ ਅਤੇ ਮਾਂ ਕਰਤਾਰ ਕੌਰ ਸਨ। ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਨੇ ਉਨ੍ਹਾਂ ਦਾ ਜਨਮ ਸਰਟੀਫਿਕੇਟ ਸਾਂਝਾ ਕੀਤਾ ਹੈ।
ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਜੇਕਰ ਸਿੱਖ ਔਰਤਾਂ ਦਾ ਕੈਨੇਡਾ ਆਉਣਾ 1920 ਵਿੱਚ ਸ਼ੁਰੂ ਹੋਇਆ, ਤਾਂ ਕਰਤਾਰ ਕੌਰ 1912 ਦੌਰਾਨ ਵੈਨਕੂਵਰ ਕਿਸ ਤਰ੍ਹਾਂ ਪਹੁੰਚ ਸਕੇ ਸੀ।
1920 ਤੋਂ 1946 ਤੱਕ ਥੋੜ੍ਹੇ ਥੋੜ੍ਹੇ ਸਿੱਖ ਕੈਨੇਡਾ ਜਾਂਦੇ ਰਹੇ। ਇਸ ਦੌਰਾਨ 1930 ਵਿੱਚ ਸਭ ਤੋਂ ਵੱਧ 80 ਸਿੱਖਾਂ ਦੇ ਕੈਨੇਡਾ ਪਰਵਾਸ ਕਰਨ ਦਾ ਅੰਕੜਾ ਕਿਤਾਬ ਬੀਕਮਿੰਗ ਕੈਨੇਡੀਅਨ ਵਿੱਚ ਛਾਪਿਆ ਗਿਆ ਹੈ। 1942 ਤੋਂ 1944 ਤੱਕ ਫਿਰ ਸਿੱਖਾਂ ਦੇ ਕੈਨੇਡਾ ਪਰਵਾਸ ਕਰਨ ਦੀ ਗਿਣਤੀ ਸਿਫ਼ਰ ਛਾਪੀ ਗਈ ਹੈ।

ਤਸਵੀਰ ਸਰੋਤ, Getty Images
ਭਾਰਤ ਦੀ ਅਜ਼ਾਦੀ ਅਤੇ ਕੈਨੇਡਾ ਵਿੱਚ ਸਿੱਖਾਂ ਨੂੰ 40 ਸਾਲ ਪਹਿਲਾਂ ਖੁੱਸਿਆ ਹੱਕ ਮਿਲਣਾ
ਚਾਲੀ ਸਾਲ ਪਹਿਲਾਂ 1907 ਵਿੱਚ ਵੋਟਿੰਗ ਹੱਕਾਂ ਤੋਂ ਵਾਂਝਾ ਕੀਤੇ ਜਾਣ ਵਾਲੇ ਸਿੱਖਾਂ ਨੂੰ ਇਸ ਸਾਲ ਕੈਨੇਡਾ ਵਿੱਚ ਵੋਟਿੰਗ ਦਾ ਹੱਕ ਮਿਲਿਆ।
ਸੋਹਣ ਸਿੰਘ ਪੂਨੀ ਦੱਸਦੇ ਹਨ ਕਿ ਅਪ੍ਰੈਲ 1947 ਵਿੱਚ ਨਿਯਮ ਬਦਲੇ ਗਏ ਜਿਸ ਨਾਲ ਸਿੱਖਾਂ ਅਤੇ ਹੋਰ ਈਸਟ ਇੰਡੀਅਨਜ਼ ਨੂੰ ਵੋਟ ਦਾ ਅਧਿਕਾਰ ਮਿਲਿਆ।
ਉਸੇ ਸਾਲ ਸਤੰਬਰ ਵਿੱਚ ਮਿਊਂਸੀਪਲ ਵਿੱਚ ਵੋਟਿੰਗ ਦਾ ਹੱਕ ਸਿੱਖਾਂ ਨੂੰ ਮਿਲਿਆ। ਉਸੇ ਸਾਲ ਭਾਰਤ ਨੂੰ ਅਜ਼ਾਦੀ ਮਿਲੀ ਸੀ।
ਇਸ ਸਾਲ ਤੋਂ ਉੱਥੇ ਰਹਿਣ ਵਾਲੇ ਸਿੱਖ ਵੀ ਆਖਿਰ ਕੈਨੇਡੀਅਨ ਬਣ ਗਏ ਸੀ। ਇਸ ਤੋਂ ਬਾਅਦ, ਸਿੱਖ ਉੱਥੋਂ ਦੀ ਸਿਆਸਤ ਵਿੱਚ ਵੀ ਹਿੱਸਾ ਲੈਣ ਲੱਗੇ ਸੀ। 1947 ਵਿੱਚ ਪਿਛਲੇ ਚਾਲੀ ਸਾਲਾਂ ਵਿੱਚੋਂ ਸਭ ਤੋਂ ਵੱਧ 130 ਸਿੱਖਾਂ ਨੇ ਕੈਨੇਡਾ ਪਰਵਾਸ ਕੀਤਾ।
ਉਦੋਂ ਤੱਕ ਵੀ, ਜ਼ਿਆਦਾਤਰ ਸਿੱਖਾਂ ਦਾ ਕੈਨੇਡਾ ਜਾਣ ਦਾ ਕਾਰਨ ਰੁਜ਼ਗਾਰ ਅਤੇ ਬਿਹਤਰ ਜ਼ਿੰਦਗੀ ਦੀ ਭਾਲ ਸੀ।
ਇੱਕ ਕਾਰਨ ਉਸ ਸਾਲ ਭਾਰਤ ਅਤੇ ਪਾਕਿਸਤਾਨ ਦੀ ਵੰਡ ਵੀ ਮੰਨੀ ਗਈ, ਜਿਸ ਨਾਲ ਪ੍ਰਭਾਵਿਤ ਹੋਏ ਪੰਜਾਬ ਵਿੱਚ ਅਨਿਸ਼ਚਿਤਤਾ ਵਾਲਾ ਮਾਹੌਲ ਬਣਨ ਕਰਕੇ ਹੋਰ ਭਾਈਚਾਰਿਆਂ ਸਮੇਤ ਸਿੱਖਾਂ ਨੇ ਵਿਦੇਸ਼ੀ ਧਰਤੀ ਨੂੰ ਬਿਹਤਰ ਬਦਲ ਮੰਨਿਆ।
ਵਾਸ਼ਿੰਗਟਨ ਪੋਸਟ ਦੇ ਇਕ ਲੇਖ ਵਿੱਚ ਯੂਨੀਵਰਸਿਟੀ ਆਫ ਕੈਲਗਰੀ ਦੇ ਧਰਮ ਵਿਭਾਗ ਵਿੱਚ ਪੜ੍ਹਾਉਣ ਵਾਲੇ ਹਰਜੀਤ ਸਿੰਘ ਗਰੇਵਾਲ ਕਹਿੰਦੇ ਹਨ ਕਿ ਭਾਵੇਂ ਉਸ ਵੇਲੇ ਸਿੱਖ ਅਮਰੀਕਾ, ਆਸਟ੍ਰੇਲੀਆ ਤੇ ਬ੍ਰਿਟੇਨ ਜਿਹੇ ਦੇਸ਼ਾਂ ਵਿੱਚ ਵੀ ਗਏ ਪਰ ਵੱਡੀ ਗਿਣਤੀ ਨੇ ਕੈਨੇਡਾ ਦਾ ਰੁਖ਼ ਕੀਤਾ।
ਜਦੋਂ ਸਿੱਖਾਂ ਨੂੰ ਸਿਟੀਜ਼ਨਸ਼ਿਪ ਅਤੇ ਵੋਟਿੰਗ ਦਾ ਹੱਕ ਮਿਲਿਆ ਤਾਂ ਸਿੱਖ ਉੱਥੋਂ ਦੀ ਸਿਆਸਤ ਵਿੱਚ ਵੀ ਹਿੱਸਾ ਲੈਣ ਲੱਗ ਗਏ।1950 ਵਿੱਚ ਪਹਿਲੀ ਵਾਰ ਨਿਰੰਜਨ ਸਿੰਘ ਗਰੇਵਾਲ਼, ਬ੍ਰਿਟਿਸ਼ ਕੋਲੰਬੀਆ ਦੇ ਸਿਟੀ ਕਾਊਂਸਲ ਲਈ ਚੁਣੇ ਗਏ ਸੀ।

ਤਸਵੀਰ ਸਰੋਤ, Getty Images
ਪਰਵਾਸ ਨੀਤੀਆਂ ਵਿੱਚ ਹੋਰ ਬਦਲਾਅ ਤੇ ਕੈਨੇਡਾ ਪਹੁੰਚਣ ਦੀ ਇੱਕ ਹੋਰ ਲਹਿਰ
1947 ਵਿੱਚ ਭਾਵੇਂ ਕੈਨੇਡਾ ਵਿੱਚ ਸਿੱਖਾਂ ਨੂੰ ਵੋਟਿੰਗ ਦਾ ਹੱਕ ਮਿਲ ਗਿਆ ਸੀ, ਪਰ ਹਾਲੇ ਵੀ ਕਈ ਵਿਤਕਰੇ ਸਨ।
ਭਾਰਤ ਤੋਂ ਆਏ ਪਰਵਾਸੀਆਂ ਨੂੰ ਕੈਨੇਡਾ ਦੀ ਨਾਗਰਿਕਤਾ ਲੈਣ ਲਈ ਅਤੇ ਪਤੀ/ਪਤਨੀ ਜਾਂ ਬੱਚੇ ਨੂੰ ਬੁਲਾਉਣ ਦੀ ਅਰਜ਼ੀ ਲਾਉਣ ਲਈ ਪੰਜ ਸਾਲ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਜਦਕਿ ਯੂਰਪੀਅਨ ਇੱਥੇ ਆਉਂਦੇ ਹੀ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਸੀ।
ਸਿੱਖਾਂ ਨੇ ਵਿਤਕਰਿਆਂ ਖ਼ਿਲਾਫ਼ ਲੜਣਾ ਜਾਰੀ ਰੱਖਿਆ।1962 ਵਿੱਚ ਪਰਵਾਸ ਦਾ ਕੋਟਾ ਸਿਸਟਮ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਅਤੇ 1967 ਵਿੱਚ ਕੈਨੇਡਾ ਨੇ ਨਵੀਆਂ ਪਰਵਾਸ ਨੀਤੀਆਂ ਲਾਗੂ ਕੀਤੀਆਂ।
1964-1971 ਤੱਕ ਵੱਡੀ ਗਿਣਤੀ ਵਿੱਚ ਇੱਥੇ ਸਿੱਖਾਂ ਦਾ ਪਰਵਾਸ ਹੋਇਆ। ਕਿਤਾਬ ਬੀਕਮਿੰਗ ਕੈਨੇਡੀਅਨ ਦੇ ਅੰਕੜਿਆਂ ਮੁਤਾਬਕ, 1964 ਵਿੱਚ ਕੈਨੇਡਾ ਜਾਣ ਵਾਲੇ ਸਿੱਖਾਂ ਦਾ ਗਿਣਤੀ 1,154 ਸੀ।
1969,1970 ਅਤੇ 1971 ਵਿੱਚ ਪ੍ਰਤੀ ਸਾਲ ਕੈਨੇਡਾ ਆਉਣ ਵਾਲੇ ਸਿੱਖਾਂ ਦੀ ਗਿਣਤੀ ਪੰਜ ਹਜ਼ਾਰ ਤੋਂ ਉੱਤੇ ਹੋ ਗਈ ਸੀ।
ਸੋਹਣ ਸਿੰਘ ਪੂਨੀ ਦੱਸਦੇ ਹਨ ਕਿ ਉਸ ਵੇਲੇ ਤੱਕ ਕੈਨੇਡਾ ਆਉਣ ਲਈ ਕਿਸੇ ਵੀਜ਼ੇ ਦੀ ਲੋੜ ਨਹੀਂ ਸੀ।
ਵਿਜ਼ੀਟਰ ਵਜੋਂ ਕੈਨੇਡਾ ਆ ਕੇ ਇੱਥੇ ਰਹਿਣ ਲਈ ਅਰਜ਼ੀ ਦੇਣੀ ਹੁੰਦੀ ਸੀ। ਸੋਹਣ ਸਿੰਘ ਵੀ 1972 ਵਿੱਚ ਇਹ ਨਿਯਮ ਬਦਲਣ ਤੋਂ ਪਹਿਲਾਂ ਕੈਨੇਡਾ ਆ ਗਏ ਸਨ।
ਸੋਹਣ ਸਿੰਘ ਪੂਨੀ ਦੱਸਦੇ ਹਨ ਕਿ ਉਦੋਂ ਦੁਆਬੇ ਵਿੱਚੋਂ ਲੋਕ ਕੈਨੇਡਾ ਅਤੇ ਹੋਰ ਬਾਹਰੇ ਮੁਲਕਾਂ ਵਿੱਚ ਜਾਣ ਲੱਗੇ ਸੀ।
“ਪਰਵਾਸ ਦਾ ਮੁੱਖ ਕਾਰਨ ਹਾਲੇ ਵੀ ਬਿਹਤਰ ਰੁਜ਼ਗਾਰ ਹੀ ਸੀ। ਉਸ ਵੇਲੇ ਲੋਕ ਬਾਹਰਲੀ ਕਮਾਈ ਜ਼ਰੀਏ ਆਪਣੇ ਜੱਦੀ ਪਿੰਡਾਂ ਵਿੱਚ ਵੱਡੀਆਂ ਕੋਠੀਆਂ ਬਣਾਉਣ ਲੱਗੇ ਸੀ।"
"ਮੈਂ ਵੀ ਛੋਟੇ ਹੁੰਦਿਆਂ ਕਿਸੇ ਐੱਨਆਰਆਈ ਦੀ ਕੋਠੀ ਦੇਖੀ ਸੀ ਅਤੇ ਸੋਚਿਆ ਸੀ ਕਿ ਜੇ ਮੈਂ ਵੀ ਕੈਨੇਡਾ ਚਲਿਆ ਜਾਵਾਂ ਤਾਂ ਸਾਡੇ ਘਰ ਦੀ ਗਰੀਬੀ ਵੀ ਚੁੱਕੀ ਜਾਊਂਗੀ। ਜਿਸ ਤਰ੍ਹਾਂ ਮੈਂ ਬਾਹਰਲੀ ਕਮਾਈ ਤੋਂ ਪ੍ਰਭਾਵਿਤ ਹੋ ਕੇ ਕੈਨੇਡਾ ਗਿਆ, ਹੋਰ ਵੀ ਕਈ ਲੋਕਾਂ ਦੇ ਕੈਨੇਡਾ ਜਾਣ ਦੇ ਫ਼ੈਸਲੇ ਪਿੱਛੇ ਇਹੀ ਕਾਰਨ ਹੁੰਦਾ ਸੀ।“

ਤਸਵੀਰ ਸਰੋਤ, Getty Images
ਪੰਜਾਬ ਵਿੱਚ ਅੱਤਵਾਦ ਦਾ ਕੈਨੇਡਾ ਵਿੱਚ ਪਰਵਾਸ ‘ਤੇ ਅਸਰ
ਪੰਜਾਬ ਵਿੱਚ 1980 ਤੋਂ 1992 ਤੱਕ ਜਦੋਂ ਅੱਤਵਾਦ ਦਾ ਦੌਰ ਰਿਹਾ, ਇੱਕ ਵਾਰ ਫਿਰ ਪੰਜਾਬੀ ਸਿੱਖਾਂ ਦੇ ਵਿਦੇਸ਼ਾਂ ਵੱਲ ਰੁਖ ਕਰਨ ਦੀ ਲਹਿਰ ਚੱਲੀ।
ਡਾ.ਤੇਜਿੰਦਰ ਕੌਰ ਕਹਿੰਦੇ ਹਨ, “ਕੁਝ ਲੋਕ ਤਾਂ ਕਾਨੂੰਨੀ ਤੌਰ ਤੇ ਗਏ, ਪੰਜਾਬ ਵਿੱਚ ਮਾਹੌਲ ਵਿਗੜਨ ਕਾਰਨ ਕੁਝ ਲੋਕਾਂ ਨੇ ਵਿਦੇਸ਼ਾਂ ਵਿੱਚ ਜਾਣ ਦੇ ਗੈਰ-ਕਾਨੂੰਨੀ ਰਾਹ ਵੀ ਅਪਣਾਏ।"
"ਉਦੋਂ, ਹੋਰ ਕਈ ਦੇਸ਼ਾਂ ਤੋਂ ਇਲਾਵਾ ਕੈਨੇਡਾ ਵੀ ਪੰਜਾਬੀ ਸਿੱਖਾਂ ਨੇ ਆਪਣੇ ਪਰਵਾਸ ਲਈ ਚੁਣਿਆ। ਉਸ ਵੇਲੇ ਮਾਪਿਆਂ ਦਾ ਆਪਣੇ ਨੌਜਵਾਨ ਮੁੰਡਿਆਂ ਨੂੰ ਪੰਜਾਬ ਤੋਂ ਬਾਹਰ ਸੁਰੱਖਿਅਤ ਸਮਝਣਾ ਵੀ ਉਸ ਦੌਰ ਦੇ ਪਰਵਾਸ ਦਾ ਕਾਰਨ ਬਣਿਆ।“
ਡਾ. ਤੇਜਿੰਦਰ ਕੌਰ ਦੱਸਦੇ ਹਨ ਕਿ ਉਸ ਦੌਰ ਵਿੱਚ ਸਿੱਖਾਂ ਦੇ ਵਿਦੇਸ਼ ਜਾਣ ਦਾ ਕਾਰਨ ਰੁਜ਼ਗਾਰ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਮਾਝੇ ਇਲਾਕੇ ਤੋਂ ਵਧੇਰੇ ਨੌਜਵਾਨ ਜਾਣਾ ਸ਼ੁਰੂ ਹੋਏ।
ਡਾ. ਤੇਜਿੰਦਰ ਕਹਿੰਦੇ ਹਨ ਕਿ ਇੱਥੋਂ ਤੱਕ ਕਿ ਪੰਜਾਬ ਅੱਤਵਾਦ ਵੇਲੇ ਵੀ ਕੈਨੇਡਾ ਜਾਣ ਵਾਲੇ ਕਈ ਲੋਕ ਸੋਚਦੇ ਸੀ ਕਿ ਹਾਲਾਤ ਠੀਕ ਹੋਣ ਬਾਅਦ ਪਰਤ ਆਉਣਗੇ।
ਪਰ ਜ਼ਿੰਦਗੀ ਦੇ ਕੁਝ ਸਾਲ ਵਿਦੇਸ਼ ਰਹਿਣ ਬਾਅਦ, ਉਨ੍ਹਾਂ ਨੂੰ ਵਾਪਸ ਪਰਤਣ ਦਾ ਬਦਲ ਵੀ ਦੁਚਿੱਤੀ ਵਾਲਾ ਮਹਿਸੂਸ ਹੋਣ ਲੱਗਦਾ ਹੈ, ਇਸ ਲਈ ਜ਼ਿਆਦਾਤਰ ਲੋਕ ਉੱਥੇ ਹੀ ਵਸ ਜਾਂਦੇ ਹਨ।
ਬਾਹਰਲੇ ਪੈਸੇ ਨਾਲ ਪੰਜਾਬ ਵਿੱਚ ਜ਼ਮੀਨਾਂ ਬਣਾਉਣ ਦੇ ਦੌਰ ਤੋਂ ਜ਼ਮੀਨਾਂ ਵੇਚ ਕੇ ਬਾਹਰ ਜਾਣ ਦਾ ਦੌਰ
ਇਸ ਤੋਂ ਬਾਅਦ, ਸਾਲ 2000 ਤੋਂ ਕੈਨੇਡਾ ਵਿੱਚ ਸਿੱਖਾਂ ਦੇ ਪਰਵਾਸ ਦਾ ਨਵਾਂ ਪੰਨਾ ਸ਼ੁਰੂ ਹੋਇਆ।
ਪਿਛਲੇ ਵੀਹ ਸਾਲਾਂ ਵਿੱਚ ਕੈਨੇਡਾ ਵਿੱਚ ਸਿੱਖਾਂ ਦੀ ਗਿਣਤੀ ਦੁਗਣੀ ਹੋਈ ਹੈ। ਡਾ. ਤੇਜਿੰਦਰ ਕੌਰ ਦੱਸਦੇ ਹਨ ਕਿ ਕੈਨੇਡਾ ਜਾਣ ਲਈ ਆਈਲਟਸ (IELTS) ਦੀ ਪ੍ਰਕਿਰਿਆ, ਕੈਨੇਡਾ ਦੀਆਂ ਨਵੀਂਆਂ ਇਮੀਗਰੇਸ਼ਨ ਨੀਤੀਆਂ ਨਾਲ ਪਰਵਾਸ ਦਾ ਇੱਕ ਨਵਾਂ ਦੌਰ ਆਇਆ।
ਡਾ. ਤੇਜਿੰਦਰ ਨੇ ਕਿਹਾ, “ਕਿਸੇ ਵੇਲੇ ਲੋਕ ਇੱਥੋਂ ਕਮਾਈ ਲਈ ਜਾਂਦੇ ਸੀ, ਇੱਥੇ ਆ ਕੇ ਜ਼ਮੀਨਾਂ ਬਣਾਉਂਦੇ ਸੀ ਅਤੇ ਪਰ ਹੁਣ ਉਹ ਦੌਰ ਆ ਗਿਆ ਹੈ ਜਦੋਂ ਲੋਕ ਆਪਣੀਆਂ ਨੌਕਰੀਆਂ ਛੱਡ ਕੇ ਜਾਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਹਨ। ਮੌਜੂਦਾ ਸਮੇਂ, ਪਰਵਾਸ ਰੁਜ਼ਗਾਰ ਦੀ ਲੋੜ ਨਾਲ਼ੋਂ ਇੱਕ ਬਿਮਾਰੀ ਦੀ ਤਰ੍ਹਾਂ ਵਧੇਰੇ ਜਾਪ ਰਿਹਾ ਹੈ।”
ਡਾ. ਤੇਜਿੰਦਰ ਕਹਿੰਦੇ ਹਨ ਕਿ ਆਈਲਟਸ ਸਿਸਟਮ ਸ਼ੁਰੂ ਹੋਣ ਨਾਲ, ਕੁੜੀਆਂ ਦੀ ਪਰਵਾਸ ਵਿੱਚ ਭੂਮਿਕਾ ਬਹੁਤ ਬਦਲੀ ਹੈ।
ਉਹ ਦੱਸਦੇ ਹਨ ਕਿ ਮੌਜੂਦਾ ਦੌਰ ਤੋਂ ਪਹਿਲਾਂ ਜ਼ਿਆਦਾਤਰ ਆਦਮੀ ਵਿਦੇਸ਼ ਜਾਂਦੇ ਸੀ ਅਤੇ ਵਿਆਹ ਤੋਂ ਬਾਅਦ ਆਪਣੀਆਂ ਪਤਨੀਆਂ ਨੂੰ ਲੈ ਕੇ ਜਾਂਦੇ ਸੀ ਜਾਂ ਕਈ ਵਾਰ ਪਤਨੀਆਂ ਇੱਥੇ ਹੀ ਰਹਿ ਜਾਂਦੀਆਂ ਸੀ।
ਜਦਕਿ ਹੁਣ ਵਧੇਰੇ ਕੁੜੀਆਂ ਸਟੱਡੀ ਵੀਜ਼ੇ ‘ਤੇ ਬਾਹਰ ਜਾਂਦੀਆਂ ਹਨ ਅਤੇ ਉਹ ਵਿਆਹ ਕਰਕੇ ਮੁੰਡੇ ਬਾਹਰ ਲਿਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਦੁਆਬੇ ਤੇ ਮਾਝੇ ਤੋਂ ਬਾਅਦ ਹੁਣ ਇਹ ਲਹਿਰ ਮਾਲਵੇ ਦੇ ਲੋਕਾਂ ਨੂੰ ਕੈਨੇਡਾ ਲਿਜਾ ਰਹੀ ਹੈ।

ਤਸਵੀਰ ਸਰੋਤ, Getty Images
ਡਾ. ਤੇਜਿੰਦਰ ਨੇ ਕਿਹਾ, “ਇਸ ਦੌਰ ਵਿੱਚ ਸਾਡਾ ਸਮਾਜਿਕ ਢਾਂਚਾ ਵੀ ਕਾਫ਼ੀ ਬਦਲਿਆ ਹੈ। ਕੈਨੇਡਾ ਜਾਂ ਹੋਰ ਬਾਹਰਲੇ ਮੁਲਕਾਂ ਵਿੱਚ ਜਾ ਵਸਣ ਦੀ ਚਾਹ ਵਿੱਚ ਲੋਕ ਜਾਤ-ਪਾਤ ਜਾਂ ਆਰਥਿਕ ਸਥਿਤੀ ਨੂੰ ਅਣਗੌਲਿਆਂ ਕਰਨ ਲੱਗੇ ਹਨ।"
"ਸਾਡੇ ਸਮਾਜ ਦੀ ਕੱਟੜ ਜਾਤੀ ਪ੍ਰਥਾ ਨੂੰ ਢਾਹ ਲੱਗੀ ਹੈ। ਆਈਲਟਸ ਪਾਸ ਕੁੜੀ, ਭਾਵੇਂ ਗਰੀਬ ਘਰ ਦੀ ਹੋਵੇ, ਦੌਲਤਮੰਦ ਪਰਿਵਾਰ ਉਸ ਨੂੰ ਵਿਦੇਸ਼ ਭੇਜਣ ਦਾ ਖ਼ਰਚਾ ਚੁੱਕਦੇ ਹਨ ਤਾਂ ਕਿ ਉਨ੍ਹਾਂ ਦੇ ਲੜਕੇ ਨੂੰ ਬਾਹਰ ਲੈ ਜਾਵੇ।”
ਉਨ੍ਹਾਂ ਦੱਸਿਆ ਕਿ ਇਹ ਸਾਲ 2000 ਤੋਂ ਬਾਅਦ ਹੀ ਹੋਇਆ ਹੈ ਕਿ ਹੁਣ ਬਾਰ੍ਹਵੀਂ ਕਰਨ ਬਾਅਦ, 18-19 ਸਾਲ ਦੀ ਉਮਰ ਵਿੱਚ ਹੀ ਬੱਚੇ ਬਾਹਰ ਜਾ ਰਹੇ ਹਨ, ਜਦਕਿ ਇਸ ਤੋਂ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ।
ਪਹਿਲਾਂ ਆਦਮੀ ਵਿਦੇਸ਼ ਜਾਂਦੇ ਸੀ ਅਤੇ ਆਪਣੇ ਬੱਚਿਆਂ ਨੂੰ ਸੱਦਦੇ ਸਨ। ਹੁਣ ਬੱਚੇ ਵਿਦੇਸ਼ ਜਾਂਦੇ ਹਨ ਅਤੇ ਮਾਪਿਆਂ ਨੂੰ ਸੱਦਦੇ ਹਨ।
ਡਾ. ਤੇਜਿੰਦਰ ਮੁਤਾਬਕ, ਕੈਨੇਡਾ ਨੂੰ ਆਪਣੀ ਆਰਥਿਕਤਾ ਚਲਾਉਣ ਲਈ ਜਿਸ ਤਰ੍ਹਾਂ ਦੀ ਨੌਜਵਾਨ ਲੇਬਰ ਦੀ ਲੋੜ ਹੈ, ਉਸ ਦੀ ਪੂਰਤੀ ਸਿੱਖ ਬੱਚਿਆਂ ਸਮੇਤ ਭਾਰਤੀ ਤੇ ਹੋਰ ਏਸ਼ੀਅਨ ਮੂਲ ਦੇ ਬੱਚੇ ਕਰ ਰਹੇ ਹਨ।
ਕੈਨੇਡਾ ਦੀ ਵਿਦਿਆਰਥੀਆਂ ਨੂੰ ਵੀਜ਼ੇ ਦੇਣ ਦੀ ਖੁੱਲ੍ਹ ਪੰਜਾਬ ਵਿੱਚੋਂ ਪਰਵਾਸ ਦੀ ਮੌਜੂਦਾ ਲਹਿਰ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰ ਰਹੀ ਹੈ।
ਉਹ ਕਹਿੰਦੇ ਹਨ ਕਿ ਹੁਣ ਭਾਵੇਂ ਸਿੱਖ ਵਿਦਿਆਰਥੀ ਵਜੋਂ, ਕੈਨੇਡਾ ਜਾ ਰਹੇ ਹਨ ਪਰ ਉਨ੍ਹਾਂ ਦਾ ਮਕਸਦ ਉੱਥੇ ਹੀ ਵਸ ਜਾਣ ਦਾ ਹੁੰਦਾ ਹੈ।
ਉਹ ਸ਼ੁਰੂਆਤੀ ਸਾਲਾਂ ਵਿੱਚ ਹੀ ਘਰ ਲੈਣ ਦਾ ਜਾਂ ਗੱਡੀਆਂ ਲੈਣ ਦਾ ਫ਼ੈਸਲਾ ਕਰ ਲੈਂਦੇ ਹਨ। ਹੁਣ ਕੈਨੇਡਾ ਵਿੱਚ ਕਾਫ਼ੀ ਗੁਰਦੁਆਰਾ ਸਾਹਿਬ ਬਣਨਾ, ਸੱਭਿਆਚਾਰਕ ਗਰੁਪ ਬਣਨਾ, ਸਿੱਖਾਂ ਦੀ ਗਿਣਤੀ ਵਧਣਾ ਉੱਥੇ ਰਹਿੰਦੇ ਸਿੱਖਾਂ ਲਈ ਇੱਕ ਸਕਰਾਤਮਕਤਾ ਪੈਦਾ ਕਰਦਾ ਹੈ।
ਬੇਸ਼ੱਕ, ਮੌਜੂਦਾ ਸਮੇਂ ਵਿੱਚ ਪਰਵਾਸੀ ਸਿੱਖਾਂ ਦੀਆਂ ਕੈਨੇਡਾ ਵਿੱਚ ਵੱਖਰੀਆਂ ਚੁਣੌਤੀਆਂ ਹਨ।
ਮੌਜੂਦਾ ਵੇਲੇ ਕੈਨੇਡਾ ਵਿੱਚ ਸਿੱਖਾਂ ਦੀ ਅਹਿਮੀਅਤ
ਵੀਹਵੀਂ ਸਦੀ ਦੀ ਸ਼ੁਰੂਆਤ ਤੋਂ ਕੈਨੇਡਾ ਵਿੱਚ ਸਿੱਖਾਂ ਨੇ ਕਈ ਤਰ੍ਹਾਂ ਦਾ ਸੰਘਰਸ਼ ਕੀਤਾ। ਨਸਲੀ ਨਫ਼ਰਤ ਤੋਂ ਲੈ ਕੇ, ਆਪਣੀ ਧਾਰਮਿਕ ਪਛਾਣ ਨੂੰ ਕਾਇਮ ਕਰਨ ਤੱਕ ਦੀ ਲੜਾਈ ਲੜੀ।
ਹੁਣ ਸਿੱਖ ਕੈਨੇਡਾ ਵਿੱਚ ਹਰ ਖੇਤਰ ਵਿੱਚ ਭੂਮਿਕਾ ਨਿਭਾ ਰਹੇ ਹਨ। ਇੱਥੋਂ ਤੱਕ ਕਿ ਕੈਨੇਡਾ ਸਰਕਾਰ ਵਿੱਚ ਐੱਮਪੀ ਹਨ ਅਤੇ ਮੰਤਰੀ ਹਨ। ਸਾਲ 2015 ਵਿੱਚ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਕੈਬਨਿਟ ਦੇ ਚਾਰ ਮੰਤਰੀ ਸਿੱਖ ਸਨ।
ਸਾਲ 2021 ਦੇ ਅੰਕੜਿਆਂ ਮੁਤਾਬਕ, ਕੈਨੇਡਾ ਵਿੱਚ ਸਿੱਖਾਂ ਦੀ ਗਿਣਤੀ 7.71 ਲੱਖ ਸੀ। ਇਨ੍ਹਾਂ ਵਿੱਚੋਂ ਕਰੀਬ ਤੀਹ ਫੀਸਦੀ ਸਿੱਖਾਂ ਨੂੰ ਇੱਥੇ ਹੀ ਜਨਮ ਹੋਣ ਕਾਰਨ ਨਾਗਰਿਕਤਾ ਹਾਸਲ ਹੈ।
ਕੈਨੇਡਾ ਦੀ ਅਬਾਦੀ ਦਾ 2.1 ਫੀਸਦੀ ਹਿੱਸਾ ਸਿੱਖ ਹਨ, ਜਿਸ ਕਾਰਨ ਉੱਥੋਂ ਦੀ ਸਿਆਸਤ ਲਈ ਵੀ ਬੇਹਦ ਅਹਿਮ ਹਨ। ਪੰਜਾਬੀ ਭਾਸ਼ਾ, ਕੈਨੇਡਾ ਦੀ ਤੀਜੀ ਸਭ ਤੋਂ ਹਰਮਨ ਪਿਆਰੀ ਭਾਸ਼ਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












