ਇਜ਼ਰਾਈਲ ਨੇ ਕੀ ਕਾਨੂੰਨ ਤੋੜ ਕੇ ਅਮਰੀਕੀ ਹਥਿਆਰਾਂ ਦੀ ਵਰਤੋਂ ਕੀਤੀ, ਰਿਪੋਰਟ ਕੀ ਕਹਿੰਦੀ ਹੈ

    • ਲੇਖਕ, ਟੌਮ ਬੈਟਮੈਨ
    • ਰੋਲ, ਅਮਰੀਕੀ ਵਿਦੇਸ਼ ਮੰਤਰਾਲੇ ਦੀ ਪੱਤਰਕਾਰ, ਬੀਬੀਸੀ ਨਿਊਜ਼

ਅਮਰੀਕਾ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਜ਼ਰਾਈਲ ਨੇ ਗਾਜ਼ਾ ਯੁੱਧ ਦੌਰਾਨ ਕੁਝ ਮੌਕਿਆਂ 'ਤੇ ਕੌਮਾਂਤਰੀ ਮਨੁੱਖਤਾਵਾਦੀ ਕਾਨੂੰਨ ਦੀ ਉਲੰਘਣਾ ਕਰਕੇ ਆਪਣੇ ਹਥਿਆਰਾਂ ਦੀ ਵਰਤੋਂ ਕੀਤੀ ਹੋ ਸਕਦੀ ਹੈ।

ਅਮਰੀਕੀ ਮੰਤਰਾਲੇ ਨੇ ਕਿਹਾ ਹੈ ਕਿ ਹੋ ਸਕਦਾ ਹੈ ਇਜ਼ਰਾਈਲ ਜਿਨ੍ਹਾਂ ਜ਼ਿੰਮੇਵਾਰੀਆਂ ਨਾਲ ਬੰਨ੍ਹਿਆ ਹੋਇਆ ਹੈ, ਉਨ੍ਹਾਂ ਦੀ ਉਲੰਘਣਾ ਹੋਈ ਹੋਵੇ। ਪਰ ਇਹ ਮੁਲਾਂਕਣ ਕਰਨਾ ਸਹੀ ਹੈ ਕਿ ਅਮਰੀਕਾ ਵੱਲੋਂ ਦਿੱਤੇ ਗਏ ਹਥਿਆਰ ਕਿਨ੍ਹਾਂ ਹਾਲਾਤਾਂ ਵਿੱਚ ਅਤੇ ਕਿਵੇਂ ਵਰਤੇ ਗਏ ਹਨ।

ਹਾਲਾਂਕਿ ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਉਸ ਵੱਲੋਂ ਕੀਤਾ ਗਿਆ ਮੁਲਾਂਕਣ ਅਧੂਰੀ ਜਾਣਕਾਰੀ 'ਤੇ ਆਧਾਰਿਤ ਹੈ।

ਇਜ਼ਰਾਈਲ ਵੱਲੋਂ ਅਮਰੀਕੀ ਹਥਿਆਰਾਂ ਦੀ ਵਰਤੋਂ ਨਾਲ ਸਬੰਧਤ ਰਿਪੋਰਟ ਸ਼ੁੱਕਰਵਾਰ ਨੂੰ ਅਮਰੀਕੀ ਸੰਸਦ ਵਿੱਚ ਪੇਸ਼ ਕੀਤੀ ਗਈ। ਰਿਪੋਰਟ ਦਾਇਰ ਕਰਨ ਵਿੱਚ ਥੋੜ੍ਹੀ ਦੇਰੀ ਹੋਈ ਹੈ।

ਅਮਰੀਕੀ ਸੰਸਦ ਨੇ ਆਪਣੇ ਹੁਕਮ ਵਿੱਚ ਗਾਜ਼ਾ-ਇਜ਼ਰਾਈਲ ਸੰਘਰਸ਼ ਵਿੱਚ ਸ਼ਾਮਲ ਇਜ਼ਰਾਈਲ ਅਤੇ ਛੇ ਹੋਰ ਦੇਸਾਂ ਵੱਲੋਂ ਅਮਰੀਕੀ ਹਥਿਆਰਾਂ ਦੀ ਵਰਤੋਂ ਦੀ ਸਮੀਖਿਆ ਕਰਨ ਲਈ ਕਿਹਾ ਹੈ।

ਰਿਪੋਰਟ ਵਿੱਚ ਗਾਜ਼ਾ ਵਿੱਚ ਇਜ਼ਰਾਈਲ ਦੀਆਂ ਕੁਝ ਕਾਰਵਾਈਆਂ ਦੀ ਸਪੱਸ਼ਟ ਆਲੋਚਨਾ ਕੀਤੀ ਗਈ ਹੈ ਪਰ ਇਹ ਕਹਿਣ ਤੋਂ ਬਚਿਆ ਗਿਆ ਹੈ ਕਿ ਇਜ਼ਰਾਈਲੀ ਫੌਜ ਨੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਨੂੰ ਗਾਜ਼ਾ ਵਿੱਚ ਹਮਾਸ ਦੇ ਖਿਲਾਫ 'ਅਸਾਧਾਰਨ ਫੌਜੀ ਚੁਣੌਤੀਆਂ' ਦਾ ਸਾਹਮਣਾ ਕਰਨਾ ਪਿਆ।

ਇਸ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਨੇ ਅਮਰੀਕੀ ਹਥਿਆਰਾਂ ਦੀ ਕਾਨੂੰਨੀ ਵਰਤੋਂ ਬਾਰੇ ਦਿੱਤੀ ਗਈ ਗਰੰਟੀ ਦੀ ਪਾਲਣਾ ਕੀਤੀ ਹੈ।

ਇਸ ਸਬੰਧੀ ਇਸ ਦੇ ਭਰੋਸੇ ਭਰੋਸੇਮੰਦ ਰਹੇ ਹਨ, ਇਸ ਲਈ ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖੀ ਜਾ ਸਕਦੀ ਹੈ।

ਅਮਰੀਕਾ ਨੇ ਕਿਹਾ- ਇਜ਼ਰਾਈਲ ਦੇ ਫੈਸਲਿਆਂ 'ਤੇ ਨਜ਼ਰ ਰਹੇਗੀ

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਉਂਕਿ ਹਮਾਸ 'ਫੌਜੀ ਉਦੇਸ਼ਾਂ ਲਈ ਨਾਗਰਿਕ ਬੁਨਿਆਦੀ ਢਾਂਚੇ ਅਤੇ ਮਨੁੱਖੀ ਢਾਲਾਂ ਦੀ ਵਰਤੋਂ ਕਰਦਾ ਹੈ', ਇਸ ਲਈ ਜੰਗ ਦੇ ਖੇਤਰ ਵਿੱਚ ਜ਼ਮੀਨੀ ਤੱਥਾਂ ਨੂੰ ਨਿਰਧਾਰਤ ਕਰਨਾ ਮੁਸ਼ਕਲ ਹੈ, ਅਤੇ ਇਹ ਵੀ ਕਿ ਸਹੀ ਨਿਸ਼ਾਨੇ ਕਿਹੜੇ ਹਨ ਜਿਨ੍ਹਾਂ ਉੱਤੇ ਸਟੀਕ ਰੂਪ ਵਿੱਚ ਹਮਲਾ ਕੀਤਾ ਜਾ ਸਕਦਾ ਹੈ।

ਪਰ ਇਸ ਵਿੱਚ ਇਹ ਯਕੀਨਨ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਬਣੇ ਹਥਿਆਰਾਂ 'ਤੇ ਇਜ਼ਰਾਈਲ ਦੀ ਨਿਰਭਰਤਾ ਰਹੀ ਹੈ।

ਅਜਿਹੀ ਸਥਿਤੀ ਵਿੱਚ, ਉਨ੍ਹਾਂ ਦੀ ਵਰਤੋਂ ਕੌਮਾਂਤਰੀ ਮਨੁੱਖਤਾਵਾਦੀ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਇਨ੍ਹਾਂ ਦੀ ਵਰਤੋਂ ਹੋਈ ਹੋਵੇਗੀ। ਹੋ ਸਕਦਾ ਹੈ ਕਿ ਲੋਕਾਂ ਨੂੰ ਘੱਟੋ-ਘੱਟ ਨੁਕਸਾਨ ਪਹੁੰਚੇ ਇਸਦਾ ਧਿਆਨ ਰੱਖ ਕੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਹੋਈ ਹੋਵੇ।

ਇਸ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਕੋਲ ਫੌਜੀ ਕਾਰਵਾਈਆਂ ਰਾਹੀਂ ਆਮ ਨਾਗਰਿਕਾਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਣ ਦੇ ਤਰੀਕੇ, ਤਜਰਬਾ ਅਤੇ ਉਪਕਰਨ ਹਨ। ਪਰ ਆਮ ਨਾਗਰਿਕਾਂ ਦੀ ਮੌਤ ਦੀ ਵੱਡੀ ਗਿਣਤੀ ਇਹ ਸਵਾਲ ਚੁੱਕਦੀ ਹੈ ਕਿ ਕੀ ਇਜ਼ਰਾਈਲੀ ਫੌਜ ਨੇ ਹਥਿਆਰਾਂ ਦੀ ਪ੍ਰਭਾਵਸ਼ਾਲੀ ਵਰਤੋਂ ਕੀਤੀ ਵੀ ਜਾਂ ਨਹੀਂ।

ਰਿਪੋਰਟ ਮੁਤਾਬਕ ਸੰਯੁਕਤ ਰਾਸ਼ਟਰ ਅਤੇ ਮਨੁੱਖਤਾਵਾਦੀ ਸੰਗਠਨਾਂ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਨਾਗਰਿਕਾਂ ਨੂੰ ਪਹੁੰਚਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਜੋ ਕਦਮ ਚੁੱਕੇ ਹਨ, ਉਹ ਅਸੰਗਤ, ਬੇਅਸਰ ਅਤੇ ਨਾਕਾਫੀ ਸਨ।

ਅਮਰੀਕੀ ਵਿਦੇਸ਼ ਮੰਤਰਾਲੇ ਨੇ ਪਾਇਆ ਕਿ ਇਜ਼ਰਾਈਲ ਨੇ ਸੰਘਰਸ਼ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਪਹੁੰਚਾਉਣ ਦੇ ਅਮਰੀਕੀ ਯਤਨਾਂ ਵਿੱਚ ਪੂਰੀ ਤਰ੍ਹਾਂ ਸਹਿਯੋਗ ਨਹੀਂ ਕੀਤਾ। ਹਾਲਾਂਕਿ, ਹੁਣ ਉਹ ਸਥਿਤੀ ਬਦਲ ਗਈ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ, "ਅਸੀਂ ਇਸ ਵੇਲੇ ਇਹ ਮੁਲਾਂਕਣ ਨਹੀਂ ਕਰ ਰਹੇ ਹਾਂ ਕਿ ਕੀ ਇਜ਼ਰਾਈਲੀ ਸਰਕਾਰ ਗਾਜ਼ਾ ਵਿੱਚ ਅਮਰੀਕੀ ਮਨੁੱਖਤਾਵਾਦੀ ਸਹਾਇਤਾ ਦੀ ਡਿਲਵਰੀ ਜਾਂ ਆਵਾਜਾਈ ਨੂੰ ਰੋਕ ਰਹੀ ਹੈ ਜਾਂ ਸੀਮਤ ਕਰ ਰਹੀ ਹੈ।"

ਇਸ ਰਿਪੋਰਟ ਦੇ ਲੇਖਕਾਂ ਵਿੱਚ ਤੁਰਕੀ ਵਿੱਚ ਸਾਬਕਾ ਅਮਰੀਕੀ ਰਾਜਦੂਤ ਡੇਵਿਡ ਸੈਟਰਫੀਲਡ ਸ਼ਾਮਿਲ ਰਹੇ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਆਪਣੀ ਕਿਸਮ ਦੀ ਪਹਿਲੀ ਰਿਪੋਰਟ ਹੈ। ਅਮਰੀਕਾ ਇਜ਼ਰਾਈਲ ਦੇ ਕਦਮਾਂ ਦੀ ਸਮੀਖਿਆ ਕਰਨਾ ਜਾਰੀ ਰੱਖੇਗਾ।

ਉਨ੍ਹਾਂ ਨੇ ਕਿਹਾ, "ਦੁਨੀਆਂ ਨੇ ਅਜਿਹਾ ਟਕਰਾਅ ਕਦੇ ਨਹੀਂ ਦੇਖਿਆ ਹੈ। ਅਸੀਂ ਸਪੱਸ਼ਟ ਅਤੇ ਭਰੋਸੇਮੰਦ ਫੈਸਲਾ ਦੇਣ ਲਈ ਹਰ ਚੀਜ਼ 'ਤੇ ਵਿਚਾਰ ਕੀਤਾ ਹੈ।"

ਬਾਇਡਨ ਦੀ ਚੇਤਾਵਨੀ ਦਾ ਕਿੰਨਾ ਅਸਰ ਹੋਵੇਗਾ

ਇਹ ਰਿਪੋਰਟ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੁਆਰਾ ਜਨਤਕ ਤੌਰ 'ਤੇ ਜਾਰੀ ਕੀਤੀ ਗਈ ਚੇਤਾਵਨੀ ਤੋਂ ਬਾਅਦ ਆਈ ਹੈ ਕਿ ਜੇਕਰ ਇਜ਼ਰਾਈਲ ਰਫਾਹ 'ਤੇ ਹਮਲਾ ਕਰਦਾ ਹੈ ਤਾਂ ਉਹ ਉਸ ਨੂੰ ਬੰਬਾਂ ਅਤੇ ਤੋਪਾਂ ਦੀ ਸਪਲਾਈ ਬੰਦ ਕਰ ਦੇਵੇਗਾ। ਇਸ ਸਮੇਂ ਲੱਖਾਂ ਫਲਸਤੀਨੀ ਰਫਾਹ ਵਿੱਚ ਸ਼ਰਨ ਲੈ ਰਹੇ ਹਨ।

ਇਸ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੋਂ ਕੁਝ ਸਮਾਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਚੇਤਾਵਨੀ ਦਿੱਤੀ ਸੀ ਕਿ ਰਫਾਹ ਵਿੱਚ ਕਾਰਵਾਈ 'ਲਾਲ ਲਕੀਰ' ਨੂੰ ਪਾਰ ਕਰ ਦੇਵੇਗੀ। ਉਸ ਨੇ ਕਿਹਾ ਸੀ ਕਿ ਜੇ ਲੋੜ ਪਈ ਤਾਂ ਇਜ਼ਰਾਈਲ ਪੂਰੀ ਤਰ੍ਹਾਂ ਆਪਣੇ ਦਮ 'ਤੇ ਲੜੇਗਾ।

ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਸੋਮਵਾਰ ਤੋਂ ਹੁਣ ਤੱਕ 80 ਹਜ਼ਾਰ ਲੋਕ ਰਫਾਹ ਤੋਂ ਭੱਜ ਚੁੱਕੇ ਹਨ। ਲਗਾਤਾਰ ਬੰਬਾਰੀ ਦੌਰਾਨ ਇਜ਼ਰਾਈਲੀ ਟੈਂਕ ਅਜਿਹੀਆਂ ਥਾਵਾਂ 'ਤੇ ਇਕੱਠੇ ਹੋ ਰਹੇ ਹਨ ਜਿੱਥੋਂ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਸ ਦੌਰਾਨ ਇਜ਼ਰਾਈਲੀ ਫੌਜ ਨੇ ਜ਼ਮੀਨੀ ਕੰਟਰੋਲ ਸਥਾਪਤ ਕਰ ਲਿਆ ਹੈ ਅਤੇ ਮਿਸਰ ਦੇ ਨਾਲ ਰਫਾਹ ਕਰਾਸਿੰਗ ਨੂੰ ਬੰਦ ਕਰ ਦਿੱਤਾ ਹੈ।

ਉਥੇ ਹੀ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਕੇਰੇਮ ਸ਼ਾਲੋਮ ਕਰਾਸਿੰਗ ਤੋਂ ਇਜ਼ਰਾਈਲ ਜਾਣ ਵਾਲੀ ਸੜਕ ਉਸ ਦੇ ਵਾਹਨਾਂ ਅਤੇ ਕਰਮਚਾਰੀਆਂ ਲਈ ਬੇਹੱਦ ਖਤਰਨਾਕ ਬਣ ਗਈ ਹੈ।

ਹਮਾਸ ਨੇ ਪਿਛਲੇ ਸਾਲ 7 ਅਕਤੂਬਰ ਨੂੰ ਦੱਖਣੀ ਗਾਜ਼ਾ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿਚ 1200 ਇਜ਼ਰਾਇਲੀ ਨਾਗਰਿਕ ਮਾਰੇ ਗਏ ਸਨ ਅਤੇ 252 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ।

ਇਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ 'ਤੇ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ। ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ ਇਸ ਹਮਲੇ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 34,900 ਹੋ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)