You’re viewing a text-only version of this website that uses less data. View the main version of the website including all images and videos.
ਅਮਰੀਕਾ 'ਚ ਪਰਵਾਸੀ ਖੇਤ ਮਜ਼ਦੂਰ : 'ਉਹ ਠੀਕ ਨਹੀਂ ਸੀ, ਪਰ ਮਾਲਕ ਨੇ ਛੁੱਟੀ ਨਹੀਂ ਦਿੱਤੀ ਤੇ ਉਹ ਖੇਤ 'ਚ ਹੀ ਮਰ ਗਿਆ'
- ਲੇਖਕ, ਬ੍ਰਾਂਡਨ ਡਰੇਨਨ ਅਤੇ ਬਰਨਡ ਡੇਬੂਸਮਨ ਜੂਨੀਅਰ
- ਰੋਲ, ਬੀਬੀਸੀ ਪੱਤਰਕਾਰ
ਅਮਰੀਕਾ ਦੇ ਖੇਤਾਂ ਵਿੱਚ ਦਹਾਕਿਆਂ ਤੋਂ ਕੰਮ ਕਰਨ ਵਾਲਾ ਹੂਗੋ (ਬਦਲਿਆ ਹੋਇਆ ਨਾਂ) ਇੱਕ ਵਿਦੇਸ਼ੀ ਮਜ਼ਦੂਰ ਹੈ।
ਹੂਗੋ ਨੇ ਆਪਣੇ ਇੱਕ ਦੋਸਤ ਨੂੰ ਆਲੂਆਂ ਦੇ ਇੱਕ ਵੱਡੇ ਖੇਤ ਵਿੱਚ ਮਰਦੇ ਦੇਖਿਆ, ਉਸਦਾ ਬੇਜਾਨ ਸਰੀਰ ਇੱਕ ਟਰੱਕ ਦੇ ਟਾਇਰ ਕੋਲ ਨਿਢਾਲ ਪਿਆ ਸੀ।
ਜਿੱਥੇ ਇਹ ਸਭ ਵਾਪਰਿਆ ਉਹ ਉੱਤਰੀ ਕੈਰੋਲੀਨਾ ਦੇ ਵੱਡੇ ਖੇਤਾਂ ਵਿੱਚੋਂ ਇੱਕ ਥਾਂ ਸੀ।
ਹੂਗੋ ਯਾਦ ਕਰਦੇ ਹਨ, "ਉਨ੍ਹਾਂ (ਖੇਤ ਦੇ ਮਾਲਕਾਂ) ਨੇ ਉਸਨੂੰ ਕੰਮ ਕਰਨ ਲਈ ਮਜਬੂਰ ਕੀਤਾ ਸੀ।"
“ਉਹ ਉਨ੍ਹਾਂ ਨੂੰ ਦੱਸਦਾ ਰਿਹਾ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਅਤੇ ਮਰ ਰਿਹਾ ਹੈ, ਪਰ ਉਸ ਦੀ ਇੱਕ ਨਾ ਸੁਣੀ ਗਈ।”
“ਇੱਕ ਘੰਟੇ ਬਾਅਦ, ਉਸ ਦੀ ਮੌਤ ਹੋ ਗਈ।”
ਮਜ਼ਦੂਰ ਵਰਗ ਦੇ ਮਾੜੇ ਹਾਲਾਤ
ਹੂਗੋ ਨੇ ਆਪਣਾ ਜ਼ਿਆਦਾਤਰ ਸਮਾਂ ਅਮਰੀਕਾ ਵਿੱਚ ਇੱਕ ਪਰਵਾਸੀ ਖੇਤ ਮਜ਼ਦੂਰ ਵਜੋਂ ਬਿਤਾਇਆ ਹੈ।
ਅਜਿਹੀ ਨੌਕਰੀ ਜਿੱਥੇ ਤਨਖ਼ਾਹ ਆਮ ਤੌਰ 'ਤੇ ਘੱਟੋ-ਘੱਟ ਉਜਰਤ 'ਤੇ ਜਾਂ ਉਸ ਤੋਂ ਵੀ ਘੱਟ ਹੁੰਦੀ ਹੈ ਅਤੇ ਇਸ ਤੋਂ ਵੀ ਅੱਗੇ ਜਿੱਥੇ ਕੰਮ ਦੀਆਂ ਸਥਿਤੀਆਂ ਘਾਤਕ ਹੋ ਸਕਦੀਆਂ ਹਨ।
ਬੀਬੀਸੀ ਨੇ ਹੂਗੋ ਦਾ ਬਦਲਿਆ ਹੋਇਆ ਨਾਮ ਵਰਤਣ ਲਈ ਸਹਿਮਤੀ ਜਤਾਈ ਕਿਉਂਕਿ ਹੂਗੋ ਨੇ ਚਿੰਤਾ ਜ਼ਾਹਰ ਕੀਤੀ ਕਿ ਉਸ ਖੇਤ ਮਜ਼ਦੂਰ ਦੀ ਮੌਤ ਨੂੰ ਘਟਨਾ ਬਾਰੇ ਬੋਲਣ ਦੇ ਨਤੀਜੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹੂਗੋ 2019 'ਚ ਆਪਣੀ ਪਤਨੀ ਨੂੰ ਪਿੱਛੇ ਛੱਡ ਕੇ ਮੈਕਸੀਕੋ ਤੋਂ ਅਮਰੀਕਾ ਕੰਮ ਕਰਨ ਲਈ ਆਇਆ ਸੀ। ਉਨ੍ਹਾਂ ਕੋਲ ਵਰਕ ਵੀਜ਼ਾ ਸੀ।
ਉਹ ਅਮਰੀਕਨ ਕਾਮਯਾਬੀ ਦੇ ਸੁਪਨੇ ਜਿਸ ਨੂੰ “ਅਮੈਰੀਕਨ ਡਰੀਮ” ਕਿਹਾ ਜਾਂਦਾ ਹੈ, ਪਿੱਛੇ ਭੱਜਣ ਲੱਗਿਆਂ ਆਪਣੇ ਦੋ ਬੱਚਿਆਂ ਨੂੰ ਵੀ ਪਿੱਛੇ ਛੱਡ ਕੇ ਗਿਆ ਹੈ।
ਇਹ ਸਭ ਉਸ ਸਮੇਂ ਹੋ ਰਿਹਾ ਸੀ ਜਦੋਂ ਹੂਗੋ ਨੂੰ ਨਹੀਂ ਸੀ ਪਤਾ ਕਿ ਉਹ ਵਾਪਸ ਆ ਕੇ ਆਪਣੇ ਪਰਿਵਾਰ ਨੂੰ ਮੁੜ ਕਦੋਂ ਮਿਲ ਸਕਣਗੇ।
ਆਲੂਆਂ ਦੇ ਖੇਤ ਵਿੱਚ ਮਰਨ ਵਾਲਾ ਉਨ੍ਹਾਂ ਦਾ ਦੋਸਤ ਜੋਸ ਆਰਟੂਰੋ ਗੋਂਜ਼ਾਲੇਜ਼ ਮੈਂਡੋਜ਼ਾ ਸੀ।
ਮੈਂਡੋਜ਼ਾ ਪਹਿਲੀ ਵਾਰ ਕੰਮ ਲਈ ਅਮਰੀਕਾ ਆਇਆ ਸੀ।
ਸਤੰਬਰ 2023 ਵਿੱਚ ਜਦੋਂ 29 ਸਾਲਾ ਮੈਂਡੋਜ਼ਾ ਨੇ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਕੁਝ ਹੀ ਹਫ਼ਤਿਆਂ ਵਿੱਚ ਉਸ ਦੀ ਮੌਤ ਹੋ ਗਈ।
ਮੈਂਡੋਜ਼ਾ ਵੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਮੈਕਸੀਕੋ ਵਿੱਚ ਛੱਡ ਗਿਆ ਸੀ।
“ਅਸੀਂ ਲੋੜਾਂ ਦੇ ਮਾਰੇ ਇੱਥੇ ਆਏ ਹਾਂ। ਬਸ ਜ਼ਰੂਰਤਾਂ ਦੀ ਮਜਬੂਰੀ ਹੀ ਸਾਡੇ ਉੱਤੇ ਕੰਮ ਕਰਨ ਲਈ ਦਬਾਅ ਪਾਉਂਦੀ ਹੈ।”
ਕਿਸਾਨਾਂ ਅਤੇ ਮੀਟ ਪੈਕ ਕਰਨ ਵਾਲੇ ਕਾਮਿਆਂ ਤੋਂ ਲੈ ਕੇ ਲਾਈਨ ਕੁੱਕ ਅਤੇ ਨਿਰਮਾਣ ਮਜ਼ਦੂਰਾਂ ਤੱਕ, ਪਰਵਾਸੀ ਅਕਸਰ ਖ਼ਤਰਨਾਕ ਨੌਕਰੀਆਂ ਕਰਦੇ ਹਨ।
ਜਿੱਥੇ ਕੰਮ ਵਾਲੀ ਥਾਂ 'ਤੇ ਹੋਣ ਵਾਲੀਆਂ ਮੌਤਾਂ ਬਾਰੇ ਆਮ ਤੌਰ 'ਤੇ ਵੱਡੀ ਗਿਣਤੀ ਲੋਕਾਂ ਨੂੰ ਜਾਣਕਾਰੀ ਨਹੀਂ ਮਿਲਦੀ।
ਪਰ ਪਿਛਲੇ ਇੱਕ ਸਾਲ ਤੋਂ ਇਹ ਮੁੱਦਾ ਸੁਰਖੀਆਂ ਵਿੱਚ ਥਾਂ ਬਣਾ ਰਿਹਾ ਹੈ।
ਕਈ ਵੱਡੇ ਸਮਰੱਥ ਲੋਕਾਂ ਦੀਆਂ ਮੌਤਾਂ ਅਤੇ ਸਰਹੱਦ 'ਤੇ ਵਧੇ ਪਰਵਾਸੀ ਸੰਕਟ ਨੇ ਪਰਵਾਸੀ ਮਜ਼ਦੂਰਾਂ ਵਿਰੋਧੀ ਬਿਆਨਬਾਜ਼ੀ ਨੂੰ ਵਧਾ ਦਿੱਤਾ ਹੈ।
ਜਿਸ ਦਿਨ ਮੈਂਡੋਜ਼ਾ ਦੀ ਮੌਤ ਹੋਈ, ਉਸ ਦਿਨ ਬਹੁਤ ਤੇਜ਼ ਗਰਮ ਹਵਾਵਾਂ ਚੱਲ ਰਹੀਆਂ ਸਨ।
ਤਾਪਮਾਨ 32 ਡਿਗਰੀ ਸੈਲਸੀਅਸ ਦੇ ਨੇੜੇ ਸੀ। ਮਜ਼ਦੂਰਾਂ ਦੇ ਪੀਣ ਲਈ ਪਾਣੀ ਤੱਕ ਨਹੀਂ ਸੀ।
ਖੇਤ ਮਾਲਕ ਦੇ ਨਿਯਮਾਂ ਮੁਤਾਬਕ ਘੰਟਿਆਂ-ਲੰਬੀਆਂ ਸ਼ਿਫਟਾਂ ਦੌਰਾਨ ਸਿਰਫ ਇੱਕ ਪੰਜ ਮਿੰਟ ਦੇ ਬ੍ਰੇਕ ਦੀ ਆਗਿਆ ਦਿੱਤੀ ਸੀ।
ਗਰਮੀ ਤੋਂ ਬਚਣ ਲਈ ਇੱਕ ਜਗ੍ਹਾ ਖੁੱਲ੍ਹੇ ਮੈਦਾਨ ਵਿੱਚ ਖੜ੍ਹੀ ਏਅਰ ਕੰਡੀਸ਼ਨਿੰਗ ਤੋਂ ਬਿਨ੍ਹਾਂ ਹੋਰ ਕੋਈ ਥਾਂ ਨਹੀਂ ਸੀ।
ਅਧਿਕਾਰੀਆਂ ਨੇ ਕੀ ਦੱਸਿਆ
ਉੱਤਰੀ ਕੈਰੋਲੀਨਾ ਡਿਪਾਰਟਮੈਂਟ ਆਫ ਲੇਬਰ ਵਲੋਂ ਇੱਕ ਰਿਪੋਰਟ ਵਿੱਚ ਵੇਰਵੇ ਦਿੱਤੇ ਗਏ ਹਨ
ਇਸ ਸੰਸਥਾ ਨੇ ਇਸ ਸਾਲ ਬਰਨਜ਼ ਫਾਰਮਿੰਗ ਕਾਰਪੋਰੇਸ਼ਨ ਨੂੰ ਖੇਤਾਂ ਵਿੱਚ ‘ਖਤਰਨਾਕ’ ਸਥਿਤੀਆਂ ਵਿੱਚ ਕੰਮ ਕਰਵਾਉਣ ਬਦਲੇ ਜੁਰਮਾਨਾ ਵੀ ਲਾਇਆ ਸੀ।
ਰਿਪੋਰਟ ਵਿੱਚ ਖੇਤ ਵਿੱਚ ਹੋਈ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਜ਼ਿਕਰ ਕੀਤਾ ਗਿਆ ਹੈ ਕਿ ਪ੍ਰਬੰਧਕਾਂ ਨੇ ਕਦੇ ਵੀ ਸਿਹਤ ਸੰਭਾਲ ਸੇਵਾਵਾਂ ਨੂੰ ਨਹੀਂ ਬੁਲਾਇਆ ਅਤੇ ਨਾ ਹੀ ਫਸਟ-ਏਡ ਇਲਾਜ ਮੁਹੱਈਆ ਕਰਵਾਈ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ, “ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ, ਮੈਂਡੋਜ਼ਾ ਪਰੇਸ਼ਾਨ ਤੇ ਬੇਚੈਨ ਸੀ, ਉਸ ਨੂੰ ਤੁਰਨ, ਬੋਲਣ ਅਤੇ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋ ਰਹੀ ਸੀ। ਥੋੜੀ ਹੀ ਦੇਰ ਵਿੱਚ ਉਹ ਬੇਹੋਸ਼ ਹੋ ਗਿਆ ਸੀ।"
ਰਿਪੋਰਟ ਮੁਤਾਬਕ ਆਖ਼ਿਰ ਇੱਕ ਹੋਰ ਖੇਤ ਮਜ਼ਦੂਰ ਨੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ। ਪਰ ਉਸ ਸਮੇਂ ਤੱਕ ਮੈਂਡੋਜ਼ਾ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ।
ਖੇਤ ਮਾਲਕ ਦੇ ਕਾਨੂੰਨੀ ਪ੍ਰਤੀਨਿਧ ਨੇ ਬੀਬੀਸੀ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਹ ਲੇਬਰ ਵਿਭਾਗ ਦੀਆਂ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੇ ਹਨ।
ਉਨ੍ਹਾਂ ਕਿਹਾ, "ਟੀਮ ਦੇ ਬਹੁਤ ਸਾਰੇ ਮੈਂਬਰ ਸਾਲਾਂ ਤੋਂ ਬਰਨਜ਼ ਕੰਮ ਕਰਨ ਲਈ ਮੁੜ ਰਹੇ ਸਨ ਅਤੇ ਹੁਣ ਖੇਤ ਪ੍ਰਬੰਧਕਾਂ ਦੇ ਸਿਹਤ ਅਤੇ ਸੁਰੱਖਿਆ ਪ੍ਰਤੀ ਸੁਚੇਤ ਹੋਣ ਕਰਕੇ ਹੀ ਉਹ ਵੱਡੀ ਗਿਣਤੀ ਵਿੱਚ ਆ ਰਹੇ ਹਨ।”
ਪਰ ਹੂਗੋ ਵਾਪਸ ਨਹੀਂ ਆਇਆ ਸੀ। ਉਸਦਾ ਕਹਿਣਾ ਹੈ ਕਿ ਉਹ ਹੁਣ ਇੱਕ ਵੈਲਡਿੰਗ ਕੰਪਨੀ ਵਿੱਚ ਕੰਮ ਕਰਦਾ ਹੈ।
ਹੂਗੋ ਕਹਿੰਦੇ ਹਨ, “ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨਾਲ ਮਾੜੀਆਂ ਘਟਨਾਵਾਂ ਵਾਪਰਦੀਆਂ ਹਨ। ਮੈਨੂੰ ਪਤਾ ਹੈ ਕਿ ਇਹ ਮੇਰੇ ਨਾਲ ਵੀ ਹੋ ਸਕਦਾ ਹੈ।"
ਅੰਕੜੇ ਕੀ ਦੱਸਦੇ ਹਨ
ਯੂਐੱਸ ਬਿਊਰੋ ਆਫ਼ ਲੇਬਰ ਸਟੈਟਿਸਟਿਕਸ ਦੇ ਅੰਕੜੇ ਦੱਸਦੇ ਹਨ ਕਿ ਖੇਤੀਬਾੜੀ ਉਦਯੋਗ ਵਿੱਚ ਕੰਮ ਵਾਲੀ ਥਾਂ 'ਤੇ ਹੋਣ ਵਾਲੀਆਂ ਮੌਤਾਂ ਦੀ ਦਰ ਸਭ ਤੋਂ ਵੱਧ ਹੈ, ਉਸ ਤੋਂ ਬਾਅਦ ਆਵਾਜਾਈ ਅਤੇ ਨਿਰਮਾਣ ਖੇਤਰ ਆਉਂਦੇ ਹਨ।
ਇਸ ਸਾਲ ਦੇ ਸ਼ੁਰੂ ਵਿੱਚ, ਇੱਕ ਤੋਂ ਬਾਅਦ ਇੱਕ ਹੋਈਆਂ ਮੌਤਾਂ ਨੇ ਇਨ੍ਹਾਂ ਵਿੱਚੋਂ ਕੁਝ ਖ਼ਤਰਿਆਂ ਨੂੰ ਉਜਾਗਰ ਕੀਤਾ ਸੀ।
ਮਾਰਚ ਮਹੀਨੇ ਬਾਲਟੀਮੋਰ ਵਿੱਚ ਇੱਕ ਪੁਲ ਦੇ ਢਹਿ ਜਾਣ ਨਾਲ 6 ਲਾਤੀਨੀ ਅਮਰੀਕੀ ਕਾਮਿਆਂ ਦੀ ਮੌਤ ਹੋ ਗਈ ਸੀ।
ਹਫ਼ਤਿਆਂ ਬਾਅਦ, ਮੈਕਸੀਕਨ ਖੇਤ ਮਜ਼ਦੂਰਾਂ ਨੂੰ ਖੇਤਾਂ ਵਿੱਚ ਲਿਜਾ ਰਹੀ ਇੱਕ ਬੱਸ ਫਲੋਰੀਡਾ ਵਿੱਚ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ ਸੀ।
ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ ਵਿੱਚ ਬੋਲਦੇ ਹੋਏ, ਮੈਰੀਲੈਂਡ ਦੇ ਗਵਰਨਰ ਵੇਸ ਮੂਰ ਨੇ ਬਾਲਟੀਮੋਰ ਦੀ ਘਟਨਾ ਨੂੰ ਯਾਦ ਕਰਦਿਆਂ ਕਿਹਾ ਸੀ, "ਜਦੋਂ ਅਸੀਂ ਸੌਂ ਰਹੇ ਸੀ ਤਾਂ ਇੱਕ ਪੁਲ ਉੱਤੇ ਟੋਏ ਭਰਨ ਦਾ ਕੰਮ ਕਰ ਰਹੇ ਕੁਝ ਮਜ਼ਦੂਰ ਆਪਣੀ ਜਾਨ ਗਵਾ ਬੈਠੇ। ਸਾਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ।”
ਅਮਰੀਕਾ ਵਿੱਚ ਅਸਥਾਈ ਕਾਮੇ
ਮੈਂਡੋਜ਼ਾ ਅਤੇ ਹੂਗੋ ਦੋਵਾਂ ਕੋਲ ਐੱਚ-2ਏ ਵੀਜ਼ਾ ਸੀ, ਜੋ ਉਨ੍ਹਾਂ ਨੂੰ ਅਸਥਾਈ ਤੌਰ 'ਤੇ ਅਮਰੀਕਾ ਦੇ ਖੇਤਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਸੀ। ਬੀਤੇ ਕੁਝ ਸਾਲਾਂ ਵਿੱਚ ਇਸ ਕਿਸਮ ਦੇ ਵੀਜ਼ੇ 'ਤੇ ਨਿਰਭਰ ਵਿਦੇਸ਼ਾਂ ਦੇ ਨਾਗਰਿਕ ਕਾਮਿਆਂ ਦੀ ਗਿਣਤੀ ਅਮਰੀਕਾ ਵਿੱਚ ਵਧੀ ਹੈ।
2017-2022 ਦਰਮਿਆਨ ਐੱਚ-2ਏ ਵੀਜ਼ਾ ਧਾਰਕਾਂ ਦੀ ਗਿਣਤੀ ਵਿੱਚ 64.7 ਫ਼ੀਸਦੀ ਵਾਧਾ ਹੋਇਆ। ਯਾਨੀ ਤਕਰੀਬਨ 150,000 ਅਸਥਾਈ ਕਾਮੇ ਅਮਰੀਕਾ ਕੰਮ ਕਰਨ ਗਏ।
ਨੈਸ਼ਨਲ ਸੈਂਟਰ ਫਾਰ ਫਾਰਮਵਰਕਰਜ਼ ਹੈਲਥ ਦੇ ਮੁਤਾਬਕ, ਕੁੱਲ ਮਿਲਾ ਕੇ ਤਕਰੀਬਨ 70 ਫ਼ੀਸਦੀ ਖੇਤ ਮਜ਼ਦੂਰ ਵਿਦੇਸ਼ੀ ਹਨ ਅਤੇ ਤਿੰਨ-ਚੌਥਾਈ ਤੋਂ ਵੱਧ ਹਿਸਪੈਨਿਕ ਹਨ।
ਕੋਲੋਰਾਡੋ ਡੇਨਵਰ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਕਲੋਈ ਈਸਟ ਇਮੀਗ੍ਰੇਸ਼ਨ ਨੀਤੀ ਦੇ ਮਾਹਰ ਹਨ। ਉਨ੍ਹਾਂ ਦਾ ਕਹਿਣਾ ਹੈ, "ਅਮਰੀਕਾ ਵਿੱਚ ਕਾਮਿਆਂ ਦੀ ਮੰਗ ਨੂੰ ਪੂਰਾ ਕਰਨ ਲਈ ਇਮੀਗ੍ਰੇਸ਼ਨ ਇੱਕ ਅਹਿਮ ਸਾਧਨ ਹੈ।"
“ਅਸੀਂ ਇਸ ਤੱਥ ਨੂੰ ਜਾਣਦੇ ਹਾਂ ਕਿ ਵਿਦੇਸ਼ਾਂ ਵਿੱਚ ਜੰਮੇ ਹੋਏ ਕਾਮੇ ਉਸ ਕਿਸਮ ਦੀਆਂ ਖਤਰਨਾਕ ਨੌਕਰੀਆਂ ਕਰਨ ਨੂੰ ਤਿਆਰ ਹੋ ਜਾਂਦੇ ਹਨ, ਜੋ ਅਮਰੀਕਾ ਵਿੱਚ ਪੈਦਾ ਹੋਏ ਕਾਮੇ ਨਹੀਂ ਕਰਦੇ।”
ਫਲੋਰੀਡਾ, ਟੈਕਸਸ ਅਤੇ ਜਾਰਜੀਆ ਵਿੱਚ ਖੇਤੀਬਾੜੀ ਐੱਚ- 2ਏ ਮਜ਼ਦੂਰਾਂ ਦੀ ਇੱਕ 2020 ਵਿੱਚ ਹੋਈ ਫੈਡਰਲ ਜਾਂਚ ਨੇ ‘ਆਧੁਨਿਕ ਗ਼ੁਲਾਮੀֹ’ ਵਰਗੀਆਂ ਸਥਿਤੀਆਂ ਦਾ ਹਵਾਲਾ ਦਿੱਤਾ ਹੈ।
ਜਾਂਚ ਦੌਰਾਨ 24 ਲੋਕਾਂ 'ਤੇ ਤਸਕਰੀ, ਮਨੀ ਲਾਂਡਰਿੰਗ ਅਤੇ ਹੋਰ ਅਪਰਾਧਾਂ ਦੇ ਇਲਜ਼ਾਮ ਲਗਾਏ ਗਏ ਸਨ।
"‘ਅਮਰੀਕਨ ਡਰੀਮ’ ਦੁਨੀਆ ਭਰ ਦੇ ਬੇਸਹਾਰਾ ਅਤੇ ਨਿਰਾਸ਼ ਲੋਕਾਂ ਲਈ ਇੱਕ ਵੱਡਾ ਆਕਰਸ਼ਣ ਹੈ। ਪਰ ਇਹ ਸਥਿਤੀ ਦਾ ਇੱਕ ਦੂਜਾ ਪਾਸਾ ਵੀ। ਕਿਉਂਕਿ ਇੱਕ ਹੋਰ ਸਚਾਈ ਇਹ ਵੀ ਹੈ ਕਿ ਕਈਆਂ ਨੂੰ ਮਜ਼ਦੂਰੀ ਲਈ ਆਏ ਲੋਕਾਂ ਦਾ ਸ਼ੋਸ਼ਣ ਕਰਨ ਦਾ ਸੌਖਾ ਮਿਲ ਜਾਂਦਾ ਹੈ।”
ਅਤੇ ਜਿੱਥੇ ਲੋੜ ਹੁੰਦੀ ਹੈ, ਉੱਥੇ ਉਹਨਾਂ ਦਾ ਲਾਲਚ ਹੁੰਦਾ ਹੈ, ਜੋ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਹਨ।
ਕਾਰਜਕਾਰੀ ਯੂਐੱਸ ਅਟਾਰਨੀ ਡੇਵਿਡ ਐਸਟੇਸ ਨੇ ਉਸ ਸਮੇਂ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਸੀ।
“ਮਾਹਰਾਂ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਤੌਰ 'ਤੇ ਦੇਸ ਵਿੱਚ ਦਾਖ਼ਲ ਹੋਣ ਵਾਲੇ ਪਰਵਾਸੀਆਂ ਨੂੰ ਜੇ ਕੰਮ ਉੱਤੇ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ ਲਈ ਸੁਰੱਖਿਆ ਇੰਤਜ਼ਾਮ ਹੋਰ ਵੀ ਮਾੜੇ ਹੋ ਸਕਦੇ ਹਨ।”
ਸੈਂਟਰ ਫਾਰ ਮਾਈਗ੍ਰੇਸ਼ਨ ਸਟੱਡੀਜ਼ ਦੇ ਮੁਤਾਬਕ ਅਤੇ ਤਕਰੀਬਨ ਅੱਧੇ ਖੇਤੀਬਾੜੀ ਕਾਮੇ ਦਸਤਾਵੇਜ਼ਾਂ ਤੋਂ ਬਿਨ੍ਹਾਂ ਹੀ ਕੰਮ ਉੱਤੇ ਲੱਗੇ ਹੋਏ ਹਨ।
ਖੇਤੀ ਨਾਲ ਸਬੰਧਤ ਜੋਖ਼ਮ ਭਰੀਆਂ ਹਾਲਾਤਾਂ
ਇੰਟਰਨੈਸ਼ਨਲ ਮਾਈਗ੍ਰੇਸ਼ਨ ਰਿਵਿਊ ਵਿੱਚ ਪ੍ਰਕਾਸ਼ਿਤ ਇੱਕ ਲੇਖ ਮੁਤਾਬਕ, “ਗੈਰ-ਦਸਤਾਵੇਜ਼ੀ ਪਰਵਾਸੀ ਕਾਮੇ ਸਭ ਤੋਂ ਖਤਰਨਾਕ ਸਥਿਤੀਆਂ ਵਿੱਚ ਮਜਬੂਰੀ ਦੇ ਕੰਮ ਕਰਦੇ ਹਨ।”
ਖੇਤੀਬਾੜੀ ਉਦਯੋਗ ਵਿੱਚ ਸਭ ਤੋਂ ਖਤਰਨਾਕ ਨੌਕਰੀਆਂ ਵਿੱਚੋਂ ਇੱਕ ਡੇਅਰੀ ਫਾਰਮਿੰਗ ਹੈ।
ਖ਼ਤਰਿਆਂ ਵਿੱਚ ਜ਼ਹਿਰੀਲੇ ਰਸਾਇਣਾਂ ਜਾਂ ਖ਼ਤਰਨਾਕ ਮਸ਼ੀਨਰੀ ਨਾਲ ਸੁਰੱਖਿਅਤ ਸੀਮਾਂ ਤੋਂ ਵੱਧ ਸੰਪਰਕ ਸ਼ਾਮਲ ਹੈ।
ਖਾਦ ਲਈ ਬਣਾਏ ਗਏ ਟੋਇਆਂ ਵਿੱਚ ਮਾਰੂ ਜ਼ਹਿਰੀਲੀਆਂ ਗੈਸਾਂ ਅਤੇ ਡੁੱਬਣ ਦੇ ਜੋਖਮ ਹਮੇਸ਼ਾਂ ਮੌਜੂਦ ਰਹਿੰਦਾ ਹੈ।
ਜਾਨਵਰ ਆਪਣੇ ਆਪ ਵਿੱਚ ਵੀ ਇੱਕ ਖ਼ਤਰਾ ਹੋ ਸਕਦਾ ਹੈ।
ਓਲਗਾ, ਜੋ ਕਿ ਇੱਕ ਕਿਸ਼ੋਰ ਦੇ ਰੂਪ ਵਿੱਚ ਮੈਕਸੀਕੋ ਤੋਂ ਅਮਰੀਕਾ ਚਲੇ ਗਏ ਸਨ। ਵਰਮੋਂਟ ਵਿੱਚ ਇੱਕ ਗੈਰ-ਦਸਤਾਵੇਜ਼ੀ ਪਰਵਾਸੀ ਡੇਅਰੀ ਫਾਰਮ ਵਰਕਰ ਵਜੋਂ ਕੰਮ ਕਰਦੇ ਹਨ।
ਓਲਗਾ ਦੱਸਦੀ ਹੈ ਕਿ ਉਸਨੇ ਅੱਖੀਂ ਦੇਖਿਆ ਜਦੋਂ ਉਸ ਦੀ ਭੈਣ ਨੂੰ ਇੱਕ ਗਾਂ ਨੇ ਲਤਾੜ ਦਿੱਤਾ ਸੀ।
ਓਲਗਾ ਯਾਦ ਕਰਦੇ ਹਨ, "ਇਹ ਉਸ ਲਈ ਮਰਨ ਵਾਲੀ ਸਥਿਤੀ ਸੀ। ਉਸ ਦੀ ਜੀਭ ਹੀ ਬਾਹਰ ਆ ਗਈ ਸੀ।”
ਓਲਗਾ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਘਟਨਾ ਨਾਲ ਉਸਦੀ ਭੈਣ ਦੀ ਬਾਂਹ ਟੁੱਟ ਗਈ ਸੀ।
ਉਸ ਦੀਆਂ ਦੋ ਪਸਲੀਆਂ ਵੀ ਟੁੱਟ ਗਈਆਂ ਸਨ। ਖੇਤ ਦੇ ਮੈਨੇਜਰ ਨੇ ਉਸ ਨੂੰ ਫ਼ੌਰਨ ਹੀ ਕੰਮ ਉੱਤੇ ਵਾਪਸ ਆਉਣ ਲਈ ਕਿਹਾ ਸੀ।
ਓਲਗਾ ਕਹਿੰਦੇ ਹਨ ਕਿ ਉਸ ਨੂੰ ਛੁੱਟੀ ਲੈਣ ਲਈ ਆਪਣੇ ਡਾਕਟਰ ਤੋਂ ਨੋਟ ਲਿਖਵਾ ਕੇ ਦੇਣਾ ਪਿਆ। ਓਲਗਾ ਦੀ ਭੈਣ ਹੁਣ ਖੇਤੀ ਦਾ ਕੰਮ ਨਹੀਂ ਕਰਦੀ।
ਹਾਲਾਂਕਿ, ਉਹ ਅਜੇ ਵੀ ਕਰਦੀ ਹੈ।
29 ਸਾਲਾ ਦੀ ਇੱਕ ਔਰਤ ਜੋ ਖੇਤਾਂ ਵਿੱਚ ਕੰਮ ਕਰਦੀ ਹੈ, ਦਾ ਕਹਿਣਾ ਹੈ ਕਿ ਉਹ ‘ਰੋਜ਼ ਦੇ 12 ਘੰਟੇ ਕੰਮ ਵਾਲੀ ਥਾਂ ਉੱਤੇ ਰਹਿੰਦੀ ਹੈ।
ਉਹ ਕਹਿੰਦੇ ਹਨ, “ਹਾਲਾਤ ਬਿਲਕੁਲ ਵੀ ਠੀਕ ਨਹੀਂ ਹੋਏ। ਇੱਥੇ ਕੋਈ ਆਰਾਮ ਨਹੀਂ ਹੈ ਅਤੇ ਉਹ ਸਮੇਂ ਸਿਰ ਭੁਗਤਾਨ ਵੀ ਨਹੀਂ ਕਰਦੇ ਹਨ।”
"ਉਹ ਤੁਹਾਨੂੰ ਤੁਹਾਡੀ ਤਨਖ਼ਾਹ ਆਪਣੀ ਮਰਜ਼ੀ ਨਾਲ ਦਿੰਦੇ ਹਨ।"
ਬਚਾਅ ਲਈ ਕਦਮ
ਇਸ ਸਾਲ ਗਰਮੀਆਂ ਦੇ ਸ਼ੁਰੂ ਵਿੱਚ, ਯੂਐੱਸ ਡਿਪਾਰਟਮੈਂਟ ਆਫ਼ ਲੇਬਰ ਨੇ ਅਸਥਾਈ ਖੇਤ ਮਜ਼ਦੂਰਾਂ ਲਈ ਕੰਮ ਕਰਨ ਦੀਆਂ ਸਥਿਤੀਆਂ ਨੂੰ ਸੁਰੱਖਿਅਤ ਬਣਾਉਣ ਲਈ ਬਣਾਏ ਗਏ ਨਵੇਂ ਨਿਯਮ ਲਾਗੂ ਕੀਤੇ ਹਨ।
ਇਨ੍ਹਾਂ ਵਿੱਚ ਰੁਜ਼ਗਾਰਦਾਤਾ ਤੋਂ ਆਪਣੇ ਹੱਕਾਂ ਦੀ ਵਕਾਲਤ ਕਰਨ ਲਈ ਸੰਗਠਿਤ ਕਰਮਚਾਰੀਆਂ ਨੂੰ ਸੁਰੱਖਿਅਤ ਥਾਂ ਮੁਹੱਈਆ ਕਰਨ ਅਤੇ ਰੁਜ਼ਗਾਰਦਾਤਾਵਾਂ ਨੂੰ ਕਾਮਿਆਂ ਦੇ ਪਾਸਪੋਰਟ ਅਤੇ ਇਮੀਗ੍ਰੇਸ਼ਨ ਦਸਤਾਵੇਜ਼ ਆਪਣੇ ਕੋਲ ਰੱਖਣ ਤੋਂ ਰੋਕਣਾ ਸ਼ਾਮਿਲ ਹੈ।
ਪਰ ਅਧਿਕਾਰੀਆਂ ਵਲੋਂ ਪਰਵਾਸੀਆਂ ਦੇ ਸ਼ੋਸ਼ਣ, ਪਰਵਾਸੀ ਵਿਰੋਧੀ ਬਿਆਨਬਾਜ਼ੀ 'ਤੇ ਨਕੇਲ ਕੱਸਣ ਦੀ ਕੋਸ਼ਿਸ਼ ਅਤੇ ਅਮਰੀਕਾ-ਮੈਕਸੀਕੋ ਸਰਹੱਦ ਦੇ ਪਾਰ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਰਿਕਾਰਡ ਤੋੜ ਪੱਧਰਾਂ 'ਤੇ ਸਿਆਸੀ ਬਹਿਸਾਂ ਦੇ ਕਾਰਨ ਹਿਸਪੈਨਿਕ ਪਰਵਾਸੀਆਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ ਹੈ।
ਕਈ ਮੌਕਿਆਂ 'ਤੇ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਇੱਕ ‘ਹਮਲਾ’ ਕਰਾਰ ਦਿੱਤਾ ਸੀ ਅਤੇ ਉਹਨਾਂ ਨੂੰ ਜਾਨਵਰ, ਨਸ਼ੇ ਦੇ ਵਪਾਰੀ ਅਤੇ ਬਲਾਤਕਾਰੀ ਦੱਸਿਆ ਸੀ।
ਓਲਗਾ ਦਾ ਕਹਿਣਾ ਹੈ, “ਇਹ ਮੈਨੂੰ ਉਦਾਸ ਕਰ ਦਿੰਦਾ ਹੈ। ਸਾਡੇ 'ਤੇ ਹਮੇਸ਼ਾ ਪਰਵਾਸੀ ਹੋਣ ਕਰਕੇ ਹਮਲਾ ਕੀਤਾ ਜਾਂਦਾ ਹੈ।''
"ਉਨ੍ਹਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਇਸ ਦੇਸ ਰਹਿਣ ਲਈ ਆਏ ਹਾਂ।"
ਪ੍ਰੋਫੈਸਰ ਈਸਟ ਦਾ ਕਹਿਣਾ ਹੈ ਜੂਨ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਵਲੋਂ ਲਾਗੂ ਕੀਤੀਆਂ ਗਈਆਂ ਸਰਹੱਦੀ ਪਾਬੰਦੀਆਂ, ਸੁਰੱਖਿਆ ਦੀਆਂ ਸਥਿਤੀਆਂ ਨੂੰ ਵੀ ਵਿਗਾੜ ਸਕਦੀਆਂ ਹਨ।
ਉਹ ਮੰਨਦੇ ਹਨ ਕਿ ਸੰਭਾਵਨਾ ਹੈ ਕਿ ਸਖ਼ਤ ਇਮੀਗ੍ਰੇਸ਼ਨ ਕਾਨੂੰਨ ਕਾਰਨ ਪਰਵਾਸੀ ਆਪਣੀ ਸੁਰੱਖਿਆ ਬਾਰੇ ਕਰਮਚਾਰੀਆਂ ਨਾਲ ਗੱਲ ਕਰਨ ਤੋਂ ਡਰਨ।
ਹੂਗੋ ਵੀ ਕਹਿੰਦੇ ਹਨ,"ਜ਼ਿਆਦਾਤਰ ਲੋਕ ਚੁੱਪ ਰਹਿੰਦੇ ਹਨ ਕਿਉਂਕਿ ਉਹ ਕਾਨੂੰਨ ਤੋਂ ਡਰਦੇ ਹਨ।"
“ਉਹ ਸ਼ਿਕਾਇਤ ਨਹੀਂ ਕਰ ਸਕਦੇ।”
ਹੂਗੋ ਕਹਿੰਦੇ ਹਨ ਕਿ ਹਾਲ ਹੀ ਵਿੱਚ ਉਨ੍ਹਾਂ ਵਿਤਕਰੇ ਭਰੇ ਵਿਵਹਾਰ ਵਿੱਚ ਵਾਧਾ ਦੇਖਿਆ ਹੈ।
ਇੱਕ ਤਾਜ਼ਾ ਤਜ਼ਰਬੇ ਨੂੰ ਯਾਦ ਕਰਦੇ ਹਨ ਜਦੋਂ ਇੱਕ ਸਟੋਰ ਮਾਲਕ ਨੇ ਉਨ੍ਹਾਂ ਨੂੰ ਪਾਣੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ।
ਉਹ ਕਹਿੰਦੇ ਹਨ,“ਲੋਕ ਸਾਡੇ ਨਾਲ ਬਹੁਤ ਮਾੜਾ ਸਲੂਕ ਕਰਦੇ ਹਨ।”