You’re viewing a text-only version of this website that uses less data. View the main version of the website including all images and videos.
ਲੰਡਨ ਦੇ ਪਰਵਾਸੀ ਵਿਰੋਧੀ ਪ੍ਰਦਰਸ਼ਨ: ਯੂਕੇ ਵਿੱਚ ਪਰਵਾਸੀਆਂ ਪ੍ਰਤੀ ਵਿਰੋਧ ਦੀ ਭਾਵਨਾ ਕਿਉਂ ਵੱਧ ਰਹੀ ਹੈ?
- ਲੇਖਕ, ਨਾਦੀਆ ਸੁਲੇਮਾਨ
- ਰੋਲ, ਬੀਬੀਸੀ ਪੱਤਰਕਾਰ
ਲੰਡਨ ਵਿੱਚ ਸੱਜੇ-ਪੱਖੀਆਂ ਦਾ ਇੱਕ ਇਕੱਠ ਹੋਇਆ ਜਿਸ ਨੂੰ ਦਹਾਕਿਆਂ ਵਿੱਚ ਯੂਕੇ ਦੇ ਸਭ ਤੋਂ ਵੱਡੇ ਪਰਵਾਸੀ ਵਿਰੋਧੀ ਪ੍ਰਦਰਸ਼ਨਾਂ ਵਿੱਚੋਂ ਇੱਕ ਵਜੋਂ ਦੇਖਿਆ ਜਾ ਰਿਹਾ ਹੈ।
13 ਸਤੰਬਰ 2025 ਨੂੰ ਸੱਜੇ-ਪੱਖੀ ਕਾਰਕੁਨ ਟੌਮੀ ਰੌਬਿਨਸਨ ਵੱਲੋਂ ਆਯੋਜਿਤ 'ਯੂਨਾਈਟ ਦਿ ਕਿੰਗਡਮ' ਮਾਰਚ ਲਈ 110,000 ਤੋਂ ਵੱਧ ਲੋਕ ਕੇਂਦਰੀ ਲੰਡਨ ਵਿੱਚ ਇਕੱਠੇ ਹੋਏ।
ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਯੂਨੀਅਨ ਜੈਕ, ਇੰਗਲੈਂਡ ਦੇ ਸੇਂਟ ਜਾਰਜ ਕਰਾਸ ਅਤੇ ਇੱਥੋਂ ਤੱਕ ਕਿ ਅਮਰੀਕੀ ਅਤੇ ਇਜ਼ਰਾਈਲੀ ਝੰਡੇ ਵੀ ਸਨ।ਇਸ ਦੌਰਾਨ ਇੰਨੀ ਵੱਡੀ ਗਿਣਤੀ ਲੋਕਾਂ ਨੇ ਪ੍ਰਦਰਸ਼ਨ 'ਚ ਹਿੱਸਾ ਲਿਆ ਕਿ ਪੁਲਿਸ ਸੁਰੱਖਿਆ ਵਧਾਉਣੀ ਪਈ।
ਸ਼ੁਰੂ ਵਿੱਚ ਰੈਲੀ ਨੂੰ 'ਬੋਲਣ ਦੀ ਆਜ਼ਾਦੀ ਦੇ ਤਿਉਹਾਰ' ਵਜੋਂ ਦਰਸਾਇਆ ਗਿਆ ਪਰ ਜਲਦ ਹੀ ਇਹ ਨਸਲਵਾਦੀ ਸਾਜ਼ਿਸ਼ ਸਿਧਾਂਤਾਂ ਵੱਲ ਵਧ ਗਈ ਅਤੇ ਇੱਕ ਮੁਸਲਿਮ ਵਿਰੋਧੀ ਨਫ਼ਰਤ ਭਰੇ ਭਾਸ਼ਣ ਦੇ ਸੱਦੇ ਵਜੋਂ ਖ਼ਤਮ ਹੋਈ।
ਭਾਰੀ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਹਿੰਸਾ ਭੜਕ ਗਈ, ਜਿਸ ਵਿੱਚ ਦੋ ਦਰਜਨ ਤੋਂ ਵੱਧ ਅਧਿਕਾਰੀ ਜ਼ਖਮੀ ਹੋ ਗਏ।
ਜੋ ਕੁਝ ਸਾਹਮਣੇ ਆਇਆ ਉਹ ਇਸ ਗੱਲ ਦੀ ਸਪੱਸ਼ਟ ਯਾਦ ਦਿਵਾਉਂਦਾ ਹੈ ਕਿ ਕਿਵੇਂ ਇਮੀਗ੍ਰੇਸ਼ਨ ਇੱਕ ਲੋਕਾਂ ਨੂੰ ਵੰਡਣ ਵਾਲਾ ਮੁੱਦਾ ਬਣ ਗਿਆ ਹੈ। ਇਸ ਮਸਲੇ ਨੇ ਪਛਾਣ, ਆਪਣੀ ਜ਼ਮੀਨ ਅਤੇ ਦੇਸ਼ ਦੇ ਭਵਿੱਖ ਬਾਰੇ ਡੂੰਘੇ ਮਤਭੇਦਾਂ ਨੂੰ ਉਜਾਗਰ ਕੀਤਾ ਹੈ।
ਵੀਕਐਂਡ 'ਤੇ ਲੰਡਨ 'ਚ ਇੱਕ ਲੱਖ ਲੋਕਾਂ ਨੇ ਮਾਰਚ ਕਿਉਂ ਕੀਤਾ?
ਲੰਡਨ ਵਿੱਚ ਇੰਨੀ ਵੱਡੀ ਗਿਣਤੀ ਲੋਕ ਇਮੀਗ੍ਰੇਸ਼ਨ ਪ੍ਰਤੀ ਗੁੱਸੇ ਅਤੇ ਇਸ ਵਿਸ਼ਵਾਸ ਕਾਰਨ ਇਕੱਠੇ ਹੋਏ ਕਿ ਸਰਕਾਰ ਨੇ ਦੇਸ਼ ਦੀਆਂ ਸਰਹੱਦਾਂ 'ਤੇ ਕੰਟਰੋਲ ਗੁਆ ਦਿੱਤਾ ਹੈ।
ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਯੂਕੇ ਗ਼ੈਰ-ਕਾਨੂੰਨੀ ਪਰਵਾਸ ਨੂੰ ਰੋਕ ਕੇ ਅਤੇ ਸ਼ਰਣ ਨਿਯਮਾਂ ਨੂੰ ਸਖ਼ਤ ਕਰਕੇ ਆਪਣਾ 'ਕੰਟਰੋਲ ਵਾਪਸ ਲੈ' ਲਵੇ।
ਕਈਆਂ ਨੇ ਕਿਹਾ ਕਿ ਉਹ ਬ੍ਰਿਟਿਸ਼ ਸੱਭਿਆਚਾਰ ਦਾ ਬਚਾਅ ਕਰਨ ਲਈ ਉੱਥੇ ਸਨ, ਜਿਸ ਬਾਰੇ ਉਨ੍ਹਾਂ ਦਾ ਦਾਅਵਾ ਸੀ ਕਿ ਇਹ ਖ਼ਤਮ ਹੋ ਰਿਹਾ ਸੀ।
ਕਈ ਪ੍ਰਦਰਸ਼ਨਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਲੋਕਾਂ ਨੂੰ ਇਮੀਗ੍ਰੇਸ਼ਨ ਵਿਰੁੱਧ ਬੋਲਣ ਲਈ ਚੁੱਪ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਬੋਲਣ ਦੀ ਆਜ਼ਾਦੀ ਬਹਾਲ ਕਰਨ ਦੀ ਮੰਗ ਕੀਤੀ।
ਪ੍ਰਧਾਨ ਮੰਤਰੀ ਕੀਰ ਸਟਾਰਮਰ 'ਤੇ ਕੇਂਦਰਿਤ ਨਾਅਰੇ ਅਤੇ ਤਖ਼ਤੀਆਂ ਜ਼ਰੀਏ ਵਿਆਪਕ ਸਿਆਸੀ ਬਦਲਾਅ ਦੀ ਮੰਗ ਵੀ ਕੀਤੀ ਗਈ।
ਰੌਬਿਨਸਨ ਤੋਂ ਇਲਾਵਾ ਅਮਰੀਕੀ ਅਰਬਪਤੀ ਇਲੋਨ ਮਸਕ ਨੇ ਵੀ ਇਸ ਰੈਲੀ ਦਾ ਸਮਰਥਨ ਕੀਤਾ, ਉਹ ਇੱਕ ਵੀਡੀਓ ਲਿੰਕ ਰਾਹੀਂ ਇਸ ਦਾ ਹਿੱਸਾ ਬਣੇ।
ਯੂਕੇ 'ਚ ਦੱਖਣੀ ਏਸ਼ੀਆਈ ਪਰਵਾਸੀ ਭਾਈਚਾਰੇ 'ਤੇ ਕੀ ਅਸਰ ਪੈ ਸਕਦਾ?
2021 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਯੂਕੇ ਦਾ ਦੱਖਣੀ ਏਸ਼ੀਆਈ ਭਾਈਚਾਰਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਸਲੀ ਸਮੂਹ ਹੈ।
ਯੂਕੇ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਭਾਰਤੀ, ਪਾਕਿਸਤਾਨੀ ਅਤੇ ਬੰਗਾਲੀ ਲੋਕ ਪ੍ਰਮੁੱਖ ਹਨ, ਜਿਨ੍ਹਾਂ ਵਿੱਚ ਵੱਡੀ ਆਬਾਦੀ ਸਿੰਹਾਲਾ ਅਤੇ ਨੇਪਾਲੀ ਲੋਕਾਂ ਦੀ ਹੈ।
ਭਾਵੇਂ ਵਿਰੋਧ ਪ੍ਰਦਰਸ਼ਨ ਸਖ਼ਤ ਸਰਹੱਦੀ ਨਿਯੰਤਰਣ ਉਪਾਵਾਂ ਅਤੇ ਸ਼ਰਣ ਨੀਤੀ ਦੇ ਮਕਸਦ ਨਾਲ ਕੀਤੇ ਜਾ ਰਹੇ ਹਨ, ਪਰ ਇਸਦਾ ਪ੍ਰਭਾਵ ਇਨ੍ਹਾਂ ਨਸਲੀ ਭਾਈਚਾਰਿਆਂ 'ਤੇ ਪੈ ਰਿਹਾ ਹੈ ਜੋ ਪੀੜ੍ਹੀਆਂ ਤੋਂ ਦੇਸ਼ ਵਿੱਚ ਰਹਿ ਰਹੇ ਹਨ।
ਦੇਸ਼ ਵਿੱਚ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਵਧ ਰਹੀਆਂ ਹਨ, ਖ਼ਾਸ ਕਰਕੇ ਮੁਸਲਿਮ ਅਤੇ ਸਿੱਖ ਭਾਈਚਾਰਿਆਂ ਵਿਰੁੱਧ।
ਇਸ ਸਾਲ ਦੇ ਸ਼ੁਰੂ ਵਿੱਚ ਇਸਲਾਮੋਫੋਬੀਆ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਟੇਲ ਮਾਮਾ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਕਿ 2024 ਵਿੱਚ ਮੁਸਲਿਮ ਵਿਰੋਧੀ ਨਫ਼ਰਤ ਰਿਕਾਰਡ ਪੱਧਰ ਤੱਕ ਵੱਧ ਗਈ ਹੈ।
ਪਿਛਲੇ ਹਫ਼ਤੇ ਵੈਸਟ ਮਿਡਲੈਂਡਜ਼ ਇਲਾਕੇ ਵਿੱਚ ਇੱਕ ਨੌਜਵਾਨ ਸਿੱਖ ਔਰਤ ਨਾਲ ਹੋਏ ਬਲਾਤਕਾਰ ਨੂੰ ਪੁਲਿਸ 'ਨਸਲੀ ਤੌਰ 'ਤੇ ਪ੍ਰੇਰਿਤ ਭਿਆਨਕ ਹਮਲਾ' ਮੰਨ ਰਹੀ ਸੀ।
ਪਿਛਲੇ ਕੁਝ ਮਹੀਨਿਆਂ ਵਿੱਚ ਸੱਜੇ-ਪੱਖੀ ਅਤੇ ਪਰਵਾਸੀ ਵਿਰੋਧੀ ਸਮੂਹਾਂ ਵੱਲੋਂ ਆਯੋਜਿਤ ਕਈ ਵਿਰੋਧ ਪ੍ਰਦਰਸ਼ਨ ਦੇਖੇ ਗਏ ਹਨ, ਜਿਸ ਨਾਲ ਭਾਈਚਾਰੇ ਵਿੱਚ ਅਨਿਸ਼ਚਿਤਤਾ ਅਤੇ ਚਿੰਤਾਵਾਂ ਵਧੀਆਂ ਹਨ।
ਹਫ਼ਤੇ ਦੇ ਅੰਤ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ ਲੋਕਾਂ ਨੂੰ 'ਘਰ ਜਾਣ' ਅਤੇ 'ਸਾਰੇ ਗੈਰ-ਕਾਨੂੰਨੀ ਲੋਕਾਂ ਨੂੰ ਦੇਸ਼ ਨਿਕਾਲਾ ਦੇਣ' ਦੀ ਮੰਗ ਕਰਦੇ ਹੋਏ ਤਖ਼ਤੀਆਂ ਫੜੀਆਂ ਹੋਈਆਂ ਸਨ, ਜੋ ਕਿ ਵਧਦੀ ਦੁਸ਼ਮਣੀ ਦੇ ਡਰ ਨੂੰ ਵਧਾਉਂਦੀਆਂ ਸਨ।
ਯੂਕੇ ਵਿੱਚ ਪਰਵਾਸੀ ਵਿਰੋਧੀ ਭਾਵਨਾ ਕਿਉਂ ਵੱਧ ਰਹੀ ਹੈ?
ਪਰਵਾਸੀਆਂ ਨੇ ਲੰਬੇ ਸਮੇਂ ਤੋਂ ਯੂਕੇ ਦੀ ਜਨਸੰਖਿਆ, ਸੱਭਿਆਚਾਰਕ ਅਤੇ ਆਰਥਿਕ ਪਛਾਣ ਨੂੰ ਵਿਕਸਿਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਹਾਲ ਹੀ ਦੇ ਸਮੇਂ ਵਿੱਚ ਖ਼ਾਸ ਕਰਕੇ ਬ੍ਰੈਗਜ਼ਿਟ ਤੋਂ ਬਾਅਦ, ਸੱਜੇ-ਪੱਖੀਆਂ ਦੀ ਅਗਵਾਈ ਵਾਲੇ ਪਰਵਾਸੀਆਂ ਪ੍ਰਤੀ ਅਸਹਿਣਸ਼ੀਲਤਾ ਵਧ ਗਈ ਹੈ।
ਰਿਸ਼ੀ ਸੁਨਕ ਸਰਕਾਰ ਦੇ ਅਧੀਨ ਸ਼ੁੱਧ ਪਰਵਾਸ ਵਿੱਚ ਰਿਕਾਰਡ ਵਾਧੇ ਨੇ ਨਿਰਾਸ਼ਾ ਨੂੰ ਹੋਰ ਵਧਾ ਦਿੱਤਾ।
ਯੂਕੇ ਵਿੱਚ ਨੈਸ਼ਨਲ ਸਟੈਸਟਿਕਸ ਦਫਤਰ ਦੱਸਦਾ ਹੈ, 2022 ਵਿੱਚ ਸ਼ੁੱਧ ਪਰਵਾਸ ਜਾਂ ਬ੍ਰਿਟੇਨ ਵਿੱਚ ਕਾਨੂੰਨੀ ਤੌਰ 'ਤੇ ਪਹੁੰਚਣ ਵਾਲੇ ਅਤੇ ਛੱਡਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਅੰਤਰ 745,000 ਇੱਕ ਰਿਕਾਰਡ ਸੀ।
ਇਹ ਅੰਕੜਾ ਬ੍ਰੈਗਜ਼ਿਟ ਤੋਂ ਪਹਿਲਾਂ ਦੇਖੇ ਗਏ ਪੱਧਰਾਂ ਨਾਲੋਂ ਤਿੰਨ ਗੁਣਾ ਵੱਧ ਸੀ।
ਮਾਰਚ 2025 ਨੂੰ ਖ਼ਤਮ ਹੋਏ ਸਾਲ ਵਿੱਚ ਕੁੱਲ 109,343 ਲੋਕਾਂ ਨੇ ਯੂਕੇ ਵਿੱਚ ਸ਼ਰਣ ਲਈ ਅਰਜ਼ੀ ਦਿੱਤੀ, ਜੋ ਕਿ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਵੱਧ ਅੰਕੜਿਆਂ ਵਿੱਚੋਂ ਇੱਕ ਹੈ।
ਬਿਨੈਕਾਰਾਂ ਦਾ ਸਭ ਤੋਂ ਵੱਡਾ ਸਮੂਹ ਅਲਬਾਨੀਅਨ ਲੋਕਾਂ ਦਾ ਸੀ, ਉਸ ਤੋਂ ਬਾਅਦ ਅਫ਼ਗਾਨ, ਪਾਕਿਸਤਾਨੀ, ਈਰਾਨੀ ਅਤੇ ਬੰਗਲਾਦੇਸ਼ੀ ਸਨ, ਜਿਨ੍ਹਾਂ ਨੇ ਦੱਖਣ ਏਸ਼ੀਆਈ ਕੌਮੀਅਤਾਂ ਨੂੰ ਚੋਟੀ ਦੇ ਪੰਜ ਵਿੱਚ ਸ਼ਾਮਲ ਕੀਤਾ।
ਗ਼ਲਤ ਜਾਣਕਾਰੀ ਨੇ ਨਾ ਸਿਰਫ਼ ਸਰੋਤਾਂ ਦੀ ਵੰਡ ਅਤੇ ਸਮੁੱਚੀ ਸੁਰੱਖਿਆ ਬਾਰੇ ਚਿੰਤਾਵਾਂ ਨੂੰ ਹਵਾ ਦਿੱਤੀ ਹੈ ਸਗੋਂ ਪਰਵਾਸ ਵਿਰੋਧੀ ਅਤੇ ਮੁਸਲਿਮ ਵਿਰੋਧੀ ਪ੍ਰਚਾਰ ਨੂੰ ਵੀ ਹੋਰ ਵਿਗਾੜ ਦਿੱਤਾ ਹੈ।
ਲੰਡਨ ਅਤੇ ਬਰਮਿੰਘਮ ਵਰਗੇ ਵਿੱਤੀ ਕੇਂਦਰਾਂ ਵਿੱਚ ਤਕਰੀਬਨ 40 ਫ਼ੀਸਦ ਆਬਾਦੀ ਪਰਵਾਸੀਆਂ ਦੀ ਬਣੀ ਹੋਈ ਹੈ, ਜਿਸ ਨਾਲ ਇਹ ਭਾਵਨਾ ਪੈਦਾ ਹੁੰਦੀ ਹੈ ਕਿ ਜ਼ਿਆਦਾਤਰ ਮੌਕੇ ਅਤੇ ਸਰੋਤਾਂ ਨੂੰ ਪਰਵਾਸੀ ਲੈ ਜਾ ਰਹੇ ਹਨ।
ਸੱਜੇ-ਪੱਖੀ ਹਸਤੀਆਂ ਇਨ੍ਹਾਂ ਘਟਨਾਵਾਂ ਨੂੰ ਦੇਸ਼ ਲਈ ਇੱਕ ਖ਼ਤਰੇ ਦੇ ਸਬੂਤ ਵਜੋਂ ਪੇਸ਼ ਕਰਦੀਆਂ ਹਨ।
ਇਸ ਦੌਰਾਨ, ਵਿਆਪਕ ਆਰਥਿਕ ਅਤੇ ਸਮਾਜਿਕ ਦਬਾਅ, ਵਧਦੀਆਂ ਰਹਿਣ-ਸਹਿਣ ਦੀਆਂ ਕੀਮਤਾਂ, ਰਿਹਾਇਸ਼ ਦੀ ਘਾਟ ਅਤੇ ਸਿਆਸੀ ਅਸਥਿਰਤਾ ਨੇ ਇਮੀਗ੍ਰੇਸ਼ਨ ਨੂੰ ਇੱਕ ਸੌਖਾ ਨਿਸ਼ਾਨਾ ਬਣਾ ਦਿੱਤਾ ਹੈ।
ਸੜਕਾਂ 'ਤੇ ਪੇਂਟ ਕੀਤੇ ਯੂਨੀਅਨ ਜੈਕ ਤੋਂ ਲੈ ਕੇ ਲੰਡਨ ਵਿੱਚ ਮਾਰਚ ਕਰਨ ਤੱਕ, ਰਾਸ਼ਟਰਵਾਦੀ ਕਲਪਨਾ ਤਣਾਅ ਦਾ ਇੱਕ ਪ੍ਰਤੱਖ ਪ੍ਰਗਟਾਵਾ ਬਣ ਗਈ ਹੈ।
ਕੀ ਇਹ ਹੋਰ ਵੀ ਵਿਗੜ ਸਕਦਾ ਹੈ?
ਵੀਕਐਂਡ ਦੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਬ੍ਰਿਟੇਨ ਇੱਕ ਹੋਰ ਧਰੁਵੀਕ੍ਰਿਤ ਅਤੇ ਸੰਭਾਵੀ ਤੌਰ 'ਤੇ ਅਸਥਿਰ ਪੜਾਅ ਵਿੱਚ ਦਾਖਲ ਹੋ ਰਿਹਾ ਹੈ।
ਰੌਬਿਨਸਨ ਦੇ ਵਿਰੋਧੀ ਵਿਚਾਰ ਨਾਲ ਵੀ ਇੱਕ ਪ੍ਰਦਰਸ਼ਨ ‘ਸਟੈਂਡ ਅੱਪ ਟੂ ਰੇਸਿਜ਼ਮ’ ਵੱਲੋਂ ਆਯੋਜਿਤ ਕੀਤਾ ਗਿਆ। ਇਸ ਇਸ ਵਿਰੋਧ ਪ੍ਰਦਰਸ਼ਨ ਵਿੱਚ ਤਕਰੀਬਨ 5,000 ਲੋਕ ਸ਼ਾਮਲ ਹੋਏ। ਜੋ ਕਿ ਰੌਬਿਨਸਨ ਦੇ ਇੱਕ ਲੱਖ ਤੋਂ ਵੱਧ ਲੋਕਾਂ ਦੇ ਇਕੱਠ ਦੇ ਸਾਹਮਣੇ ਬਹੁਤ ਛੋਟਾ ਸੀ।
ਇਹ ਅਸੰਤੁਲਨ ਨਸਲਵਾਦ ਖ਼ਿਲਾਫ਼ ਵਿਰੋਧ ਦੇ ਮੁਕਾਬਲੇ ਪਰਵਾਸੀ ਵਿਰੋਧੀ ਲਾਮਬੰਦੀ ਦੀ ਵੱਧ ਰਹੀ ਤਾਕਤ ਨੂੰ ਦਰਸਾਉਂਦਾ ਹੈ।
ਲੰਡਨ ਭਰ ਵਿੱਚ ਕਈ ਘਟਨਾਵਾਂ ਤੋਂ ਤੰਗ ਆਈ ਪੁਲਿਸ ਨੇ ਕਿਹਾ ਕਿ ਉਹ ਰੈਲੀ ਦੇ ਪੈਮਾਨੇ ਤੋਂ ਪਰੇਸ਼ਾਨ ਹੋ ਗਏ ਸਨ।
26 ਅਧਿਕਾਰੀਆਂ ਦੇ ਜ਼ਖਮੀ ਹੋਣ, 25 ਗ੍ਰਿਫ਼ਤਾਰੀਆਂ ਅਤੇ ਅਗਲੀ ਕਾਰਵਾਈ ਦੇ ਵਾਅਦੇ ਦੇ ਨਾਲ ਕਾਨੂੰਨ ਲਾਗੂ ਕਰਨ ਵਾਲੇ ਹੋਰ ਟਕਰਾਅ ਲਈ ਤਿਆਰ ਹਨ।
ਅਗਸਤ ਵਿੱਚ ਕਈ ਸਥਾਨਕ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਯੂਕੇ ਸਰਕਾਰ 'ਤੇ ਸ਼ਰਣ ਹੋਟਲਾਂ (ਸਰਣ ਮੰਗਣ ਵਾਲਿਆਂ ਨੂੰ ਪਨਾਹ ਦੇਣ ਵਾਲੀਆਂ ਰਿਹਾਇਸ਼ਾਂ) ਨੂੰ ਬੰਦ ਕਰਨ ਦੀਆਂ ਆਪਣੀਆਂ ਯੋਜਨਾਵਾਂ ਨੂੰ ਤੇਜ਼ ਕਰਨ ਲਈ ਦਬਾਅ ਵਧ ਰਿਹਾ ਹੈ।
ਇਹ ਚਿੰਤਾਵਾਂ ਹਨ ਕਿ ਸ਼ਰਣ ਹੋਟਲਾਂ ਦੇ ਬੰਦ ਹੋਣ ਨਾਲ ਸਹੂਲਤਾਂ ਸਾਂਝੀਆਂ ਕਰਨ ਵਾਲੇ ਲੋਕਾਂ ਦੇ ਗ਼ੈਰ-ਸੰਬੰਧਿਤ ਸਮੂਹਾਂ ਲਈ ਕਿਰਾਏ ਦੇ ਘਰਾਂ ਦੀ ਵਰਤੋਂ ਵਧ ਸਕਦੀ ਹੈ, ਜੋ ਇੱਕ ਹੋਰ ਤਿੱਖੀ ਪ੍ਰਤੀਕਿਰਿਆ ਨੂੰ ਭੜਕਾ ਸਕਦੀ ਹੈ।
ਬ੍ਰਿਟੇਨ ਦੇ ਪਰਵਾਸੀ ਭਾਈਚਾਰਿਆਂ ਲਈ ਹੁਣ ਚੁਣੌਤੀ ਇੱਕ ਅਜਿਹੇ ਸਿਆਸੀ ਮਾਹੌਲ ਨਾਲ ਨਜਿੱਠਣ ਦੀ ਹੈ ਜਿੱਥੇ ਪਰਵਾਸੀ ਵਿਰੋਧੀ ਭਾਵਨਾ ਦੀ ਨਾ ਸਿਰਫ਼ ਗੱਲ ਹੋ ਰਹੀ ਹੋਵੇ ਬਲਕਿ ਉਹ ਵੱਧ ਵੀ ਮੁੱਖ ਧਾਰਾ ਵਿੱਚ ਰਹੀ ਹੋਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ