ਸਿੰਗਾਪੁਰ ਦੀ ਗਣਿਤ ਦੀ ਪੜ੍ਹਾਈ ਨੂੰ ਅੱਵਲ ਕਿਉਂ ਮੰਨਿਆ ਗਿਆ ਹੈ, ਕਿਵੇਂ ਇਹ ਔਖਾ ਵਿਸ਼ਾ ਸੌਖਾ ਕੀਤਾ ਗਿਆ

    • ਲੇਖਕ, ਈਸਾਰੀਆ ਈਥੋਂਗਯਮ
    • ਰੋਲ, ਬੀਬੀਸੀ ਪੱਤਰਕਾਰ

ਸਿੰਗਾਪੁਰ ਨੇ 2022 ਦੇ PISA (ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੇਂਟ) ਦੀ ਪ੍ਰੀਖਿਆ ’ਚ ਸਕੂਲੀ ਵਿਦਿਆਰਥੀਆਂ ਵਿੱਚ ਗਣਿਤ ਅਤੇ ਵਿਗਿਆਨ ਦੀ ਪੜਾਈ ਨੂੰ ਲੈ ਕੇ ਵਿਸ਼ਵ ਰੈਕਿੰਗ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਸਿੰਗਾਪੁਰ ਦੁਨੀਆਂ ਭਰ ਵਿੱਚ ਗਣਿਤ ਦੀ ਪੜਾਈ ’ਚ ਸਭ ਤੋਂ ਜ਼ਿਆਦਾ ਸਫਲ ਰਿਹਾ ਹੈ।

ਇਸ ਦਾ ਸਿਹਰਾ ਉਸ ਖਾਸ ਤਰੀਕੇ ਦੇ ਸਿਰ ਬੰਨਿਆ ਜਾਂਦਾ ਹੈ ਜਿਸ ਨਾਲ ਇਸ ਵਿਸ਼ੇ ਨੂੰ ਪੜ੍ਹਾਇਆ ਜਾਂਦਾ ਹੈ।

ਕੀ ਹੈ ਸਿੰਗਾਪੁਰ ਮੈਥਸ ਅਤੇ ਇਹ ਇੰਨਾ ਸਫਲ ਕਿਉਂ ਹੈ?

PISA (ਅੰਤਰਰਾਸ਼ਟਰੀ ਵਿਦਿਆਰਥੀ ਮੁਲਾਂਕਣ ਪ੍ਰੋਗਰਾਮ) 15 ਸਾਲ ਦੀ ਉਮਰ ਤੱਕ ਦੇ ਵਿਦਿਆਰਥੀਆਂ ਦੇ ਵਿਦਿਅਕ ਮਿਆਰਾਂ ਦੀ ਇੱਕ ਰੈਂਕਿੰਗ ਪ੍ਰਣਾਲੀ ਹੈ। ਇਸ ਦੀ ਸ਼ੁਰੂਆਤ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓਈਸੀਡੀ) ਦੁਆਰਾ ਕੀਤੀ ਗਈ ਸੀ।

ਗਣਿਤ PISA 2022 ਦੇ ਤਿੰਨ ਮੁੱਖ ਵਿਸ਼ਿਆਂ ਵਿੱਚੋਂ ਇੱਕ ਸੀ। ਸਿੰਗਾਪੁਰ ਵਿੱਚ 15 ਸਾਲ ਦੇ ਬੱਚਿਆਂ ਨੇ ਟੈਸਟ ਦੇਣ ਵਾਲੇ 81 ਦੇਸ਼ਾਂ ਦੇ ਔਸਤਨ 472 ਅੰਕਾਂ ਦੇ ਮੁਕਾਬਲੇ 575 ਅੰਕ ਹਾਸਲ ਕੀਤੇ।

ਸਿੰਗਾਪੁਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਗਣਿਤ ਦਾ ਅਧਿਐਨ ਲੋਕਾਂ ਨੂੰ ਤਰਕਪੂਰਣ ਅਤੇ ਵਿਸ਼ਲੇਸ਼ਣਾਤਮਕ ਤੌਰ 'ਤੇ ਸੋਚਣ ਦੇ ਯੋਗ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਲਈ, ਸਿੰਗਾਪੁਰ ਦੇ ਬੱਚੇ ਛੋਟੀ ਉਮਰ ਤੋਂ ਹੀ ਮਹੱਤਵਪੂਰਨ ਗਣਿਤਿਕ ਪ੍ਰਕਿਰਿਆਵਾਂ ਜਿਵੇਂ ਕਿ ਰੀਜ਼ਨਿੰਗ, ਕਮਿਊਨੀਕੇਸ਼ਨ ਅਤੇ ਮਾਡਲਿੰਗ ਆਦਿ ਵਿਕਸਿਤ ਕਰਨਾ ਸਿੱਖਦੇ ਹਨ।

ਸਿੰਗਾਪੁਰ ’ਚ ਗਣਿਤ ਪੜ੍ਹਾਉਣ ਦੇ ਇਸ ਖ਼ਾਸ ਤਰੀਕੇ ਨੂੰ ‘ਸਿੰਗਾਪੁਰ ਮਾਥਸ’ ਕਹਿੰਦੇ ਹਨ।

ਇਸ ਨੂੰ ਸਿੰਗਾਪੁਰ ਦੇ ਸਿੱਖਿਆ ਮੰਤਰਾਲੇ ਦੁਆਰਾ 1980 ਦੇ ਦਹਾਕੇ ਵਿੱਚ ਆਪਣੇ ਪਬਲਿਕ ਸਕੂਲਾਂ ਲਈ ਵਿਕਸਤ ਕੀਤਾ ਗਿਆ ਸੀ।

ਇਹ ਵਿਧੀ ਬੱਚਿਆਂ ਦਾ ਧਿਆਨ ਰੱਟਾ ਮਾਰਨ ਤੋਂ ਹਟਾ ਕੇ, ਉਹ ਕੀ ਪੜ੍ਹ ਰਹੇ ਹਨ, ਦੀ ਡੂੰਘੀ ਸਮਝ ਵਿਕਸਿਤ ਕਰਨ ਵਿੱਚ ਲਗਾਉਂਦੀ ਹੈ।

ਹਾਲ ਹੀ ਦੇ ਦਹਾਕਿਆਂ ਵਿੱਚ, ਕਈ ਹੋਰ ਦੇਸ਼ਾਂ ਨੇ ਇਸ ਨੂੰ ਵੱਖ-ਵੱਖ ਰੂਪਾਂ ਵਿੱਚ ਅਪਣਾਇਆ ਹੈ।

ਕਿਵੇਂ ਕੰਮ ਕਰਦਾ ਹੈ ਸਿੰਗਾਪੁਰ ਮੈਥਸ?

ਸਿੰਗਾਪੁਰ ਗਣਿਤ ਵਿਧੀ ਦੇ ਮੂਲ ਵਿੱਚ ਦੋ ਮੁੱਖ ਵਿਚਾਰ ਹਨ - ਕੰਕਰੀਟ, ਪਿਕਟੋਰੀਅਲ, ਐਬਸਟਰੈਕਟ ਅਪ੍ਰੋਚ (CPA) ਅਤੇ ਮਹਾਰਤ ਦੀ ਧਾਰਨਾ।

ਕੰਕਰੀਟ, ਪਿਕਟੋਰੀਅਲ, ਐਬਸਟਰੈਕਟ ਅਪ੍ਰੋਚ (CPA)

CPA ਅਮਰੀਕੀ ਮਨੋਵਿਗਿਆਨੀ ਜੇਰੋਮ ਬਰੂਨਰ ਦੁਆਰਾ 1960 ਵਿੱਚ ਵਿਕਸਤ ਕੀਤਾ ਗਿਆ ਸੀ।

ਇਹ ਇਸ ਵਿਚਾਰ 'ਤੇ ਅਧਾਰਤ ਹੈ ਕਿ ਬੱਚਿਆਂ ਜਾਂ ਇੱਥੋਂ ਤੱਕ ਕਿ ਬਾਲਗਾਂ ਨੂੰ ਵੀ ਗਣਿਤ ਔਖਾ ਲੱਗ ਸਕਦਾ ਹੈ ਕਿਉਂਕਿ ਇਹ ਸੰਖੇਪ ਹੈ।

ਇਸ ਲਈ CPA ਪਹਿਲਾਂ ਅਸਾਧਾਰਨ ਧਾਰਵਾਨਾਂ ਨੂੰ ਸਾਧਾਰਨ ਧਾਰਨਾਵਾਂ ਦੇ ਰੂਪ ਵਿੱਚ ਨੂੰ ਪੇਸ਼ ਕਰਦਾ ਹੈ ਅਤੇ ਉਸ ਤੋਂ ਬਾਅਦ ਹੀ ਹੋਰ ਗੁੰਝਲਦਾਰ ਵਿਸ਼ਿਆਂ ਵੱਲ ਵਧਦਾ ਹੈ।

ਡਾ. ਏਰੀਅਲ ਲਿੰਡੋਰਫ, ਆਕਸਫੋਰਡ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਹਨ। ਉਹ ਕਹਿੰਦੇ ਹਨ, " ਸਿੰਗਾਪੁਰ ਗਣਿਤ ਵਿੱਚ ਬੱਚੇ ਹਮੇਸ਼ਾ ਕੁਝ ਠੋਸ (ਕੰਕਰੀਟ) ਕਰਦੇ ਹਨ।"

ਉਹ ਕਹਿੰਦੇ ਹਨ, "ਉਹਨਾਂ ਕੋਲ ਜੋੜਨ ਲਈ ਕਿਊਬਸ ਹੋ ਸਕਦੇ ਹਨ ਜਿਨ੍ਹਾਂ ਨੂੰ ਇੱਕ-ਸਾਰ ਰੱਖਿਆ ਜਾ ਸਕਦਾ ਹੈ। ਉਹ ਕੁਝ ਚਿੱਤਰਕਾਰੀ ਕਰ ਸਕਦੇ ਹਨ। ਉਹਨਾਂ ਕੋਲ ਫੁੱਲਾਂ ਦੀਆਂ ਕੁਝ ਫੋਟੋਆਂ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਉਹ ਇੱਕ-ਸਾਰ ਰੱਖਦੇ ਹਨ, ਜਾਂ ਲੋਕ ਜਾਂ ਡੱਡੂ ਜਾਂ ਕੁਝ ਹੋਰ ਜਿਸ ਨੂੰ ਸਿਰਫ ਗਿਣਤੀ ਦੀ ਤੁਲਨਾ ’ਚ ਰੀਲੇਟ ਕਰਨਾ ਅਤੇ ਨੈਗੇਟਿਵ ਕਰਨਾ ਆਸਾਨ ਹੋ ਸਕਦਾ ਹੈ।"

ਇਸ ਤਰ੍ਹਾਂ CPA ਵੱਖ-ਵੱਖ ਤਰੀਕਿਆਂ ਨਾਲ ਗਣਿਤ ਨੂੰ ਸਮਝਣ ਦਾ ਤਰੀਕਾ ਪ੍ਰਦਾਨ ਕਰਦਾ ਹੈ।

ਡਾ. ਲਿੰਡਰੋਫ ਕਹਿੰਦੇ ਹਨ, "ਸਿੰਗਾਪੁਰ ਗਣਿਤ ਵਿਧੀ ਰੱਟਾ ਲਗਾਉਣ 'ਤੇ ਨਿਰਭਰ ਨਹੀਂ ਕਰਦੀ।"

ਮਹਾਰਤ ਦੀ ਧਾਰਨਾ

ਸਿੰਗਾਪੁਰ ਗਣਿਤ ਵਿਧੀ ਦਾ ਇੱਕ ਹੋਰ ਥੰਮ੍ਹ ਹੈ - ਮੁਹਾਰਤ ਦੀ ਧਾਰਨਾ। ਇਸ ਦਾ ਮਤਲਬ ਹੈ ਕਿ ਇੱਕ ਜਮਾਤ ਵਿੱਚ ਸਾਰੇ ਵਿਦਿਆਰਥੀ ਇਕੱਠੇ ਅੱਗੇ ਵਧਦੇ ਹਨ, ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਕੋਈ ਵੀ ਪਿੱਛੇ ਨਾ ਰਹੇ।

ਉਦਾਹਰਨ ਲਈ, ਜਦੋਂ ਬੱਚੇ ਜੋੜ ਵਰਗੇ ਵਿਸ਼ੇ ਨੂੰ ਸਿੱਖਦੇ ਹਨ, ਤਾਂ ਕੁਝ ਵਿਦਿਆਰਥੀ ਇਸ ਨੂੰ ਦੂਜਿਆਂ ਨਾਲੋਂ ਤੇਜ਼ੀ ਨਾਲ ਸਮਝ ਸਕਦੇ ਹਨ।

ਹਾਲਾਂਕਿ, ਉਨ੍ਹਾਂ ਵਿਦਿਆਰਥੀਆਂ ਨੂੰ ਬਿਲਕੁਲ ਵੱਖਰੇ ਵਿਸ਼ੇ 'ਤੇ ਲਿਜਾਣ ਦੀ ਬਜਾਏ, ਉਨ੍ਹਾਂ ਦੀ ਸਮਝ ਨੂੰ ਹੋਰ ਵਿਕਸਤ ਕਰਨ ਲਈ, ਉਸੇ ਵਿਸ਼ੇ ਨਾਲ ਸਬੰਧਤ ਵਾਧੂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।

ਡਾ. ਲਿੰਡੋਰਫ ਕਹਿੰਦੇ ਹਨ, "ਇਸਦਾ ਮਤਲਬ ਇਹ ਨਹੀਂ ਹੈ ਕਿ ਹਰ ਕਿਸੇ ਨੂੰ ਰੁਕਣਾ ਹੋਵੇਗਾ ਅਤੇ ਉਦੋਂ ਤੱਕ ਅੱਗੇ ਨਹੀਂ ਵਧਿਆ ਜਾ ਸਕਦਾ ਜਦੋਂ ਤੱਕ ਹਰ ਵਿਦਿਆਰਥੀ ਅੱਗੇ ਨਹੀਂ ਵੱਧ ਜਾਂਦਾ।"

ਉਹ ਕਹਿੰਦੇ ਹਨ, "ਵਿਚਾਰ ਇਹ ਹੈ ਕਿ ਜੇ ਕੁਝ ਬੱਚਿਆਂ ਨੂੰ ਜੋੜ ਦੀ ਬਹੁਤ ਚੰਗੀ ਸਮਝ ਹੈ, ਤਾਂ ਅਧਿਆਪਕ ਉਹਨਾਂ ਨੂੰ ਘਟਾਓ ਵੱਲ ਨਹੀਂ ਲਿਜਾਣਗੇ, ਪਰ ਉਹਨਾਂ ਨੂੰ ਕੁਝ ਅਜਿਹਾ ਦੇਣਗੇ ਜੋ ਜੋੜ ਦੀ ਧਾਰਨਾ ਨੂੰ ਥੋੜਾ ਹੋਰ ਅੱਗੇ ਵਧਾਏਗਾ।"

ਇਹ ਗਤੀਵਿਧੀਆਂ ਵੱਡੀ ਗਿਣਤੀ ਜਾਂ ਵੱਖ-ਵੱਖ ਫਾਰਮੈਟਾਂ ਨਾਲ ਕੰਮ ਕਰ ਸਕਦੀਆਂ ਹਨ।

ਇਸ ਲਈ, ਜਿਹੜੇ ਬੱਚੇ ਵਿਸ਼ੇ ਦੀ ਬਿਹਤਰ ਸਮਝ ਰੱਖਦੇ ਹਨ, ਉਹ ਫਿਰ ਵੀ ਕਲਾਸ ਦੇ ਬਾਕੀ ਬੱਚਿਆਂ ਵਾਂਗ ਪ੍ਰਸ਼ਨ ਹੱਲ ਕਰਨਗੇ, ਪਰ ਇੱਕ ਵੱਖਰੇ ਤਰੀਕੇ ਨਾਲ।

ਸਿੰਗਾਪੁਰ ਗਣਿਤ ਵਿੱਚ ਇਹ ਅਹਿਮ ਹੈ ਕਿ ਵਿਦਿਆਰਥੀ ਗਣਿਤ ਨੂੰ ਮਹੱਤਵਪੂਰਨ ਅਤੇ ਆਸਾਨ ਸਮਝਦੇ ਹਨ।

ਡਾ. ਲਿੰਡੋਰਫ ਕਹਿੰਦੇ ਹਨ, "ਇਸ ਪਿੱਛੇ ਵਿਚਾਰ ਇਹ ਹੈ ਕਿ ਅਸੀਂ ਇਹ ਮੰਨਦੇ ਹਾਂ ਕਿ ਹਰ ਕੋਈ ਗਣਿਤ ਨੂੰ ਪੜ੍ਹ ਸਕਦਾ ਹੈ ਅਤੇ ਹਰ ਕੋਈ ਕੁਝ ਹੱਦ ਤੱਕ ਉਹਨਾਂ ਧਾਰਨਾਵਾਂ ਵਿੱਚ ਮੁਹਾਰਤ ਹਾਸਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ।"

ਉਹ ਕਹਿੰਦੇ ਹਨ, "ਕੁਝ ਵਿਦਿਆਰਥੀ ਤੇਜ਼ ਹੋ ਸਕਦੇ ਹਨ, ਕੁਝ ਆਪਣੀ ਸਮਝ ਵਿੱਚ ਥੋੜੇ ਡੂੰਘੇ ਹੋ ਸਕਦੇ ਹਨ... ਅਸੀਂ ਅਕਸਰ ਸੋਚਦੇ ਹਾਂ ਕਿ ਕੁਝ ਲੋਕਾਂ ਨੂੰ ਗਣਿਤ ਆਉਂਦਾ ਹੈ ਅਤੇ ਕੁਝ ਨੂੰ ਨਹੀਂ ਆਉਂਦਾ - ਇਹ ਉਹ ਨਹੀਂ ਹੈ ਜੋ ਮੈਂ ਇਮਾਨਦਾਰੀ ਨਾਲ ਮੰਨਦੀ ਹਾਂ ਅਤੇ ਇਹ ਉਹ ਚੀਜ਼ ਨਹੀਂ ਹੈ ਜੋ ਸਿੰਗਾਪੁਰ ਮੈਥਸ ਦਾ ਆਧਾਰ ਬਣਦੀ ਹੈ।"

ਕੀ ਸਿੰਗਾਪੁਰ ਮੈਥਸ ਕਿਧਰੇ ਹੋਰ ਵੀ ਕੰਮ ਕਰ ਸਕਦਾ ਹੈ?

ਸਿੰਗਾਪੁਰ ਗਣਿਤ ਪ੍ਰਣਾਲੀ ਅਮਰੀਕਾ, ਕੈਨੇਡਾ, ਇਜ਼ਰਾਈਲ, ਬਰਤਾਨੀਆ ਸਮੇਤ ਕਈ ਹੋਰ ਦੇਸ਼ਾਂ ਵਿੱਚ ਪਹਿਲਾਂ ਹੀ ਵਰਤੀ ਜਾ ਰਹੀ ਹੈ।

ਪਰ ਡਾਕਟਰ ਲਿੰਡੋਰਫ ਦਾ ਮੰਨਣਾ ਹੈ ਕਿ ਸਿੰਗਾਪੁਰ ਗਣਿਤ ਪ੍ਰਣਾਲੀ ਦੀ ਸਫਲਤਾ ਸਿੰਗਾਪੁਰ ਦੇ ਵਿਦਿਅਕ ਸੱਭਿਆਚਾਰ, ਸੰਦਰਭ ਅਤੇ ਇਤਿਹਾਸ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ।

ਉਹ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਸ ਤਰੀਕੇ ਨੂੰ ਅਪਣਾ ਕੇ ਕਿਸੇ ਹੋਰ ਦੇਸ਼ ਵਿੱਚ ਲਾਗੂ ਕਰ ਸਕਦੇ ਹੋ।"

ਉਹ ਕਹਿੰਦੇ ਹਨ, "ਸਿੰਗਾਪੁਰ ਦਾ ਇੱਕ ਦਿਲਚਸਪ ਅਤੇ ਵਿਲੱਖਣ ਇਤਿਹਾਸ ਹੈ। ਇਹ ਬਹੁਤ ਛੋਟੀ ਥਾਂ ਹੈ। ਸਿੰਗਾਪੁਰ ਵਿੱਚ ਵਿਦਿਅਕ ਤਬਦੀਲੀ ਬਾਰੇ ਸੋਚਣਾ, ਬ੍ਰਿਟੇਨ ਅਤੇ ਅਮਰੀਕਾ ਵਿੱਚ ਵਿੱਦਿਅਕ ਤਬਦੀਲੀ ਬਾਰੇ ਸੋਚਣ ਨਾਲੋਂ ਵੱਖਰਾ ਹੈ।"

ਉਹ ਇਹ ਵੀ ਦੱਸਦੇ ਹਨ ਕਿ ਸਿੰਗਾਪੁਰ ਵਿੱਚ ਅਧਿਆਪਕਾਂ ਕੋਲ ਹੋਰ ਦੇਸ਼ਾਂ ਦੇ ਮੁਕਾਬਲੇ ਬਿਹਤਰ ਕਰੀਅਰ ਦੀਆਂ ਸੰਭਾਵਨਾਵਾਂ ਅਤੇ ਬਿਹਤਰ ਸਮਰਥਨ ਹੈ। ਗਣਿਤ ਦੀ ਸਿੱਖਿਆ ਪ੍ਰਤੀ ਸਿੰਗਾਪੁਰ ਦੇ ਬੱਚਿਆਂ ਦਾ ਰਵੱਈਆ ਵੀ ਸਿੰਗਾਪੁਰ ਗਣਿਤ ਦੀ ਸਫਲਤਾ ਦਾ ਇੱਕ ਨਿਰਣਾਇਕ ਕਾਰਕ ਹੈ।

ਉਹ ਪੁੱਛਦੇ ਹਨ, "ਲੋਕ ਕੀ ਇਹ ਸੋਚਦੇ ਹਨ ਕਿ ਗਣਿਤ ਸਿੱਖਣ ਦੇ ਫਾਇਦੇ ਕੀ ਹਨ ਅਤੇ ਇਸ ਦਾ ਕੀ ਅਰਥ ਹੈ?"