You’re viewing a text-only version of this website that uses less data. View the main version of the website including all images and videos.
ਨੈੱਟਫਲਿਕਸ: ਦੁਨੀਆਂ ਦੇ ਸਭ ਤੋਂ ਵੱਡੇ ਸਟ੍ਰੀਮਿੰਗ ਪਲੇਟਫਾਰਮ ’ਤੇ ਜਾਣੋ ਕਿਹੜੀ ਸੀਰੀਜ਼ ਨੂੰ ਲਗਭਗ 81 ਕਰੋੜ ਘੰਟੇ ਵੇਖਿਆ ਗਿਆ
ਨੈੱਟਫਲਿਕਸ ਨੇ ਪਹਿਲੀ ਵਾਰ ਆਪਣਾ ‘ਦਰਸ਼ਕਾਂ ਨਾਲ ਜੁੜਿਆਂ ਡਾਟਾ’ ਜਾਰੀ ਕੀਤਾ ਹੈ।
ਦੁਨੀਆਂ ਭਰ ਵਿੱਚ ਸਭ ਤੋਂ ਵੱਧ ਵੇਖੀ ਗਈ ਸੀਰੀਜ਼ ਦਾ ਨਾਮ ਹੈ – ‘ਦਿ ਨਾਈਟ ਏਜੰਟ’, ਜਿਸ ਨੂੰ 812 ਮਿਲੀਅਨ (81.2 ਕਰੋੜ) ਘੰਟਿਆਂ ਲਈ ਦੇਖਿਆ ਗਿਆ ਹੈ।
ਨੈੱਟਫਲਿਕਸ ਦੀ ਹਮੇਸ਼ਾ ਇਸ ਗੱਲ ਨੂੰ ਲੈ ਕੇ ਆਲੋਚਨਾ ਕੀਤੀ ਗਈ ਹੈ ਕਿ ਇਸ ਵੱਲੋਂ ਇਹ ਨਹੀਂ ਦੱਸਿਆ ਜਾਂਦਾ ਕਿ ਇਸ ਪਲੇਟਫਾਰਮ ’ਤੇ ਕੰਟੈਟ ਕਿਵੇਂ ਪਰਫਾਰਮ ਕੀਤਾ ਹੈ ਯਾਨੀ ਦਰਸ਼ਕਾਂ ਨੇ ਇਸ ਨੂੰ ਕਿੰਨਾ ਵੇਖਿਆ ਹੈ।
ਇਸ ਸਾਲ ਜਦੋਂ ਹਾਲੀਵੁੱਡ ਵੱਲੋਂ ਹੜਤਾਲ ਕਰਨ ਤੋਂ ਬਾਅਦ ਫ਼ਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਪੂਰੀ ਤਰ੍ਹਾਂ ਠੱਪ ਪੈ ਗਈ ਤਾਂ ਇਸ ਗੱਲ ਦੀ ਚਰਚਾ ਹੋਰ ਵੀ ਵੱਧ ਗਈ ਕਿ ਨੈੱਟਫਲਿਕਸ ਨੂੰ ਇਸ ਬਾਰੇ ਡਾਟਾ ਜਾਰੀ ਕਰਨਾ ਚਾਹੀਦਾ ਹੈ ਕਿ ਉਸ ਦੇ ਪਲੈਟਫਾਰਮ ’ਤੇ ਕੰਟੈਂਟ ਕਿੰਨੇ ਲੋਕਾਂ ਵੱਲੋਂ ਵੇਖਿਆ ਗਿਆ ਹੈ।
ਸਟ੍ਰੀਮਿੰਗ ਪਲੇਟਫਾਰਮਾਂ 'ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਸ਼ੋਅ ਲਈ ਅਦਾਕਾਰ ਅਤੇ ਲੇਖਕ ਉੱਚ ਰੌਇਲਟੀ (ਸਟ੍ਰੀਮਿੰਗ ਅਨੁਸਾਰ ਮਿਲਣ ਵਾਲੀ ਰਕਮ) ਦੀ ਮੰਗ ਕਰ ਰਹੇ ਹਨ।
ਡਾਟਾ ਬਾਰੇ ਪਾਰਦਰਸ਼ਤਾ ਦੀ ਘਾਟ
ਮੀਡੀਆ ਨਾਲ ਇੱਕ ਕਾਨਫਰੰਸ ਕਾਲ 'ਤੇ ਗੱਲ ਕਰਦਿਆਂ, ਨੈੱਟਫਲਿਕਸ ਦੇ ਸਹਿ-ਮੁੱਖ ਕਾਰਜਕਾਰੀ ਟੈੱਡ ਸਰਾਂਡੋਸ ਨੇ ਮੰਨਿਆ ਕਿ ਸ਼ੋਅ ਦੀ ਪ੍ਰਸਿੱਧੀ ਬਾਰੇ ਪਾਰਦਰਸ਼ਤਾ ਦੀ ਘਾਟ ਕਾਰਨ ਨਿਰਮਾਤਾ ਭਾਈਚਾਰੇ ਵਿੱਚ ਅਵਿਸ਼ਵਾਸ ਪੈਦਾ ਹੋਇਆ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਨੈੱਟਫਲਿਕਸ ਨੇ ਸ਼ੁਰੂਆਤ ’ਚ ਆਪਣੇ ਦਰਸ਼ਕਾਂ ਨਾਲ ਜੁੜੇ ਡਾਟਾ ਨੂੰ ਨਿੱਜੀ ਰੱਖਿਆ ਸੀ ਤਾਂ ਜੋ ਇਹ ਸੰਭਾਵੀ ਪ੍ਰਤੀਯੋਗੀਆਂ ਨੂੰ ਮਹੱਤਵਪੂਰਣ ਜਾਣਕਾਰੀ ਦਿੱਤੇ ਬਿਨਾਂ ਪ੍ਰੋਗਰਾਮਾਂ ’ਤੇ ਜ਼ਿਆਦਾ ਤੋਂ ਜ਼ਿਆਦਾ ਪ੍ਰਯੋਗ ਕਰ ਸਕੇ।
ਕੰਪਨੀ ਨੇ ਇੱਕ ਬਲਾਗ ਪੋਸਟ ਵਿੱਚ ਕਿਹਾ, "ਇਹ ਨੈੱਟਫਲਿਕਸ ਅਤੇ ਸਾਡੀ ਪੂਰੀ ਇੰਡਸਟਰੀ ਲਈ ਇੱਕ ਵੱਡਾ ਕਦਮ ਹੈ।”
ਉਨ੍ਹਾਂ ਕਿਹਾ, "ਸਾਡਾ ਮੰਨਣਾ ਹੈ ਕਿ ਇਸ ਰਿਪੋਰਟ ਵਿੱਚ ਮਿਲੀ ਕੰਟੈਂਟ ਦੀ ਜਾਣਕਾਰੀ ਨਾਲ ਪ੍ਰੋਗਰਾਮ ਨਿਰਮਾਤਾਵਾਂ ਅਤੇ ਪੂਰੀ ਇੰਡਸਟਰੀ ਨੂੰ ਸਾਡੇ ਦਰਸ਼ਕਾਂ ਬਾਰੇ ਡੂੰਘੀ ਸਮਝ ਮਿਲੇਗੀ ਅਤੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਦਰਸ਼ਕਾਂ ਨੂੰ ਕਿਹੋ-ਜਿਹੇ ਪ੍ਰੋਗਰਾਮ ਪਸੰਦ ਆਉਂਦੇ ਹਨ।"
ਕੀ ਕਹਿੰਦੀ ਹੈ ਨੈੱਟਫਲਿਕਸ ਦੀ ਰਿਪੋਰਟ
ਹਾਲੀਵੁੱਡ ਦਾ ਕ੍ਰਿਏਟਿਵ ਭਾਈਚਾਰਾ ਰਵਾਇਤੀ ਪ੍ਰਸਾਰਣ ਅਤੇ ਕੇਬਲ ਟੈਲੀਵਿਜ਼ਨ ਦੇ ਸਾਲਾਨਾ ਅੰਕੜਿਆਂ ਲਈ ਡਾਟਾ ਫਰਮ ‘ਨੀਲਸਨ’ 'ਤੇ ਨਿਰਭਰ ਕਰਦਾ ਹੈ।
ਇਸ ਸਾਲ ਜਨਵਰੀ ਅਤੇ ਜੂਨ ਦੇ ਵਿਚਕਾਰ ਦੇਖੇ ਗਏ ਕੰਟੈਟ ਨੂੰ ਲੈ ਕੇ ਜਾਰੀ ਕੀਤੀ ਗਈ ‘ਵੱਟ ਵੀ ਵੌਚਡ’ ਰਿਪੋਰਟ 18,000 ਸਿਰਲੇਖਾਂ (ਟਾਈਟਲਜ਼) ਦੀ ਰੈਂਕਿਗ ਕਰਦੀ ਹੈ। ਕੰਪਨੀ ਨੇ ਕਿਹਾ ਕਿ ਉਹ ਹੁਣ ਹਰ ਛੇ ਮਹੀਨੇ ਬਾਅਦ ਰਿਪੋਰਟ ਜਾਰੀ ਕਰੇਗੀ।
ਇਸ ਤੋਂ ਇਲਾਵਾ ਜਿਹੜੇ ਸ਼ੋਅਜ਼, ਜਿਨ੍ਹਾਂ ਨੂੰ ਲਗਭਗ 100 ਬਿਲੀਅਨ (100 ਅਰਬ) ਘੰਟੇ ਦੇਖਿਆ ਗਿਆ ਹੈ, ਉਸ ਵਿੱਚ ਜਿੰਨੀ ਐਂਡ ਜਾਰਜੀਆ, ਗਿਲਮੋਰ ਗਰਲਜ਼, ਸਾਈਨਫੀਲਡ, ਫ੍ਰੈਂਡਸ ਅਤੇ ਦਿ ਆਫਿਸ ਸ਼ਾਮਲ ਹਨ।
ਜੈਨੀਫਰ ਲੋਪੇਜ਼ ਦੀ 'ਦਿ ਮਦਰ' ਸਭ ਤੋਂ ਵੱਧ ਵੇਖੀ ਜਾਣ ਵਾਲੀ ਫਿਲਮ ਸੀ, ਜਿਸ ਨੂੰ 249 ਮਿਲੀਅਨ ਘੰਟਿਆਂ ਤੋਂ ਵੱਧ ਸਮੇਂ ਤੱਕ ਦੇਖਿਆ ਗਿਆ।
ਨੈੱਟਫਲਿਕਸ ਉੱਤੇ ਗੈਰ-ਅੰਗਰੇਜ਼ੀ ਸਮਗਰੀ ਕੁੱਲ ਦਰਸ਼ਕ ਡਾਟਾ ਦਾ ਲਗਭਗ ਇੱਕ ਤਿਹਾਈ ਹਿੱਸਾ ਹੈ ਅਤੇ ਨੈੱਟਫਲਿਕਸ ਨੇ ਕਿਹਾ ਕਿ ਡਾਟਾ ਇਹ ਵੀ ਦਰਸਾਉਂਦਾ ਹੈ ਕਿ ਅਜੇ ਵੀ ਪੁਰਾਣੇ ਪ੍ਰੋਗਰਾਮਾਂ ਦੀ ਮੰਗ ਹੈ।
ਕਿਵੇਂ ਬਣੀ ਦੁਨੀਆ ਦੀ ਸਭ ਤੋਂ ਵੱਡੀ ਸਟ੍ਰੀਮਿੰਗ ਸੇਵਾ
ਨੈੱਟਫਲਿਕਸ ਕੰਪਨੀ ਦੇ ਨੁਮਾਂਇਦਿਆਂ ਨੇ ਕਿਹਾ, "ਨੈੱਟਫਲਿਕਸ 'ਤੇ ਸਫਲਤਾ ਦੇ ਕਈ ਬਿੰਦੂ ਹਨ, ਅਤੇ ਇਹ ਇਕੱਲੇ ਦੇਖੇ ਗਏ ਘੰਟਿਆਂ ਉੱਤੇ ਨਿਰਧਾਰਤ ਨਹੀਂ ਕੀਤੀ ਜਾਂਦੀ ਹੈ। ਸਾਡੇ ਕੋਲ ਬਹੁਤ ਜ਼ਿਆਦਾ ਸਫ਼ਲ ਫਿਲਮਾਂ ਅਤੇ ਟੀਵੀ ਸ਼ੋਅ ਹਨ ਜਿਨ੍ਹਾਂ ਨੂੰ ਕਾਫੀ ਘੱਟ ਜਾਂ ਵੱਧ ਘੰਟੇ ਦੇਖਿਆ ਗਿਆ ਹੈ। ਇਹ ਵੀ ਵੇਖਿਆ ਜਾਂਦਾ ਹੈ ਕਿ ਕੀ ਕਿਸੀ ਫਿਲਮ ਜਾਂ ਟੀਵੀ ਸ਼ੋਅ ਨੇ ਆਪਣੇ ਦਰਸ਼ਕਾਂ ਨੂੰ ਰੋਮਾਂਚਿਤ ਕੀਤਾ ਜਾਂ ਨਹੀਂ— ਅਤੇ ਉਸ ਦੇ ਆਰਥਿਕ ਪਹਿਲੂ ਤੋਂ ਇਲਾਵਾਂ ਉਸ ਦੇ ਕ੍ਰਿਏਟਿਵ ਪਹਿਲੂ ਨੂੰ ਦੇਖਦਿਆਂ ਦਰਸ਼ਕ ਕੀ ਸੋਚਦੇ ਹਨ।”
ਵਿਸ਼ਵ ਪੱਧਰ 'ਤੇ ਲਗਭਗ 250 ਮਿਲੀਅਨ (25 ਕਰੋੜ) ਗਾਹਕਾਂ ਦੇ ਨਾਲ, ਨੈੱਟਫਲਿਕਸ ਦੁਨੀਆ ਦੀ ਸਭ ਤੋਂ ਵੱਡੀ ਸਟ੍ਰੀਮਿੰਗ ਸੇਵਾ ਹੈ।
ਸਾਲ 2021 ਤੋਂ, ਨੈੱਟਫਲਿਕਸ ਹਫਤਾਵਾਰ ਟੌਪ 10 ਅਤੇ ਸਭ ਤੋਂ ਵੱਧ ਪ੍ਰਸਿੱਧ ਸ਼ੋਅ ਦੀ ਸੂਚੀ ਜਾਰੀ ਕਰ ਰਿਹਾ ਹੈ, ਜਿਸ ਵਿੱਚ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਸਭ ਤੋਂ ਵੱਧ ਦੇਖੀਆਂ ਗਈਆਂ ਫਿਲਮਾਂ ਅਤੇ ਟੀਵੀ ਸ਼ੋਅ ਸ਼ਾਮਿਲ ਹਨ।
ਨੈੱਟਫਲਿਕਸ ਨੇ ਕਿਹਾ ਕਿ ਇਸ ਸਾਲ ਜਾਰੀ ਕੀਤੇ ਗਏ ਪ੍ਰੋਗਰਾਮਾਂ ਵਿੱਚੋਂ ਅੱਧੇ ਤੋਂ ਵੱਧ, ਹਫ਼ਤਾਵਾਰੀ ਚੋਟੀ ਦੀਆਂ 10 ਸੂਚੀਆਂ ਵਿੱਚ ਦਿਖਾਈ ਦਿੱਤੇ।
ਸਾਰਾਂਡੋਸ ਦੇ ਅਨੁਸਾਰ, ‘ਵਾਟ ਵੀ ਵੌਚਡ’ ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ ਨੈੱਟਫਲਿਕਸ ਦਾ 55% ਹਿੱਸਾ ਨਵੀਆਂ ਫਿਲਮਾਂ ਅਤੇ ਸੀਰੀਜ਼ ਅਤੇ 45% ਹਿੱਸਾ ਲਾਇਸੰਸਸ਼ੁਦਾ ਪ੍ਰੋਗਰਾਮਾਂ ਤੋਂ ਆਏ ਹਨ।
ਪਿਛਲੇ ਸਾਲ, ਨੈੱਟਫਲਿਕਸ ਨੇ ਇੱਕ ਵੱਖਰੀ ਸੇਵਾ ਸ਼ੁਰੂ ਕੀਤੀ, ਜਿਸ ਲਈ ਵਧੇਰੇ ਪਾਰਦਰਸ਼ਤਾ ਦੀ ਲੋੜ ਹੈ ਕਿਉਂਕਿ ਵਿਗਿਆਪਨਕਰਤਾ ਕੰਟੈਂਟ ਦੀ ਪ੍ਰਸਿੱਧੀ ਬਾਰੇ ਜਾਣਕਾਰੀ ਚਾਹੁੰਦੇ ਹਨ।
ਭਾਰਤ ਦੇ ਕਿਹੜੇ ਸ਼ੋਅ ਅਤੇ ਫ਼ਿਲਮਾਂ ਸੀਰੀਜ਼ ’ਚ ਸ਼ਾਮਲ
ਨੈੱਟਫਲਿਕਸ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਕਈ ਭਾਰਤੀ ਸ਼ੋਅ ਅਤੇ ਫ਼ਿਲਮਾਂ ਸ਼ਾਮਲ ਹਨ।
ਇਸ ਵਿੱਚ ਸਭ ਤੋਂ ਪਹਿਲਾਂ ਨਾਮ ਰਾਣਾ ਨਾਇਡੂ ਸੀਰੀਜ਼ ਦਾ ਹੈ।
ਇਸ ਤੋਂ ਇਲਾਵਾ ਚੋਰ ਨਿਕਲ ਕੇ ਭਾਗਾ, ਮਿਸ਼ਨ ਮਜਨੂ, ਮਿਸੇਜ਼ ਚੈਟਰਜੀ ਵਰਸਜ਼ ਨਾਰਵੇ ਅਤੇ ਆਰਆਰਆਰ ਫ਼ਿਲਮ ਇਸ ਸੂਚੀ ’ਚ ਸ਼ਾਮਿਲ ਹੈ।
ਇਸ ਤੋਂ ਇਲਾਵਾ ਵੀ ਕੁਝ ਭਾਰਤੀ ਸ਼ੋਅ ਅਤੇ ਫ਼ਿਲਮਾਂ ਇਸ ਵਿੱਚ ਸ਼ਾਮਲ ਹਨ।