ਰੂਸ ਦਾ ਲੂਨਾ-25 ਚੰਨ 'ਤੇ ਹੋਇਆ ਹਾਦਸੇ ਦਾ ਸ਼ਿਕਾਰ

    • ਲੇਖਕ, ਕ੍ਰਿਸ ਬਰੌਨਿਕ
    • ਰੋਲ, ਬੀਬੀਸੀ ਫਿਊਚਰ

ਰੂਸ ਦਾ ਲੂਨਾ-25 ਪੁਲਾੜ ਯਾਨ ਇੱਕ ਬੇਕਾਬੂ ਘੇਰੇ (ਔਰਬਿਟ) ਵਿੱਚ ਘੁੰਮਣ ਮਗਰੋਂ ਚੰਦਰਮਾ 'ਤੇ ਹਾਦਸਾਗ੍ਰਸਤ ਹੋ ਗਿਆ ਹੈ। ਇਸ ਦੀ ਤਸਦੀਕ ਅਧਿਕਾਰੀਆਂ ਨੇ ਕੀਤੀ ਹੈ।

ਮਾਨਵ ਰਹਿਤ ਲੂਨਾ ਚੰਦਰਮਾ ਦੇ ਦੱਖਣੀ ਧਰੁਵ 'ਤੇ ਆਰਾਮਦਾਇਕ ਲੈਂਡਿੰਗ ਕਰਨ ਵਾਲਾ ਸੀ, ਪਰ ਇਸ ਨੂੰ ਪ੍ਰੀ-ਲੈਂਡਿੰਗ ਘੇਰੇ ਵਿਚ ਪ੍ਰਵੇਸ਼ ਕਰਨ ਵੇਲੇ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਹ ਲੈਂਡ ਕਰਨ ਵਿੱਚ ਅਸਫ਼ਲ ਰਿਹਾ।

ਰੂਸ ਦੀ ਸਰਕਾਰੀ ਏਜੰਸੀ ਰੋਸਕੋਸਮੌਸ ਨੇ ਐਤਵਾਰ ਸਵੇਰੇ ਕਿਹਾ ਕਿ ਸ਼ਨੀਵਾਰ ਨੂੰ ਦੁਪਹਿਰ 2.57 ਤੋਂ ਥੋੜ੍ਹੀ ਦੇਰ ਬਾਅਦ ਇਸ ਦਾ ਲੂਨਾ-25 ਨਾਲ ਸੰਪਰਕ ਟੁੱਟ ਗਿਆ।

ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਖੋਜਾਂ ਤੋਂ ਪਤਾ ਚੱਲਿਆ ਹੈ ਕਿ 800 ਕਿਲੋਗ੍ਰਾਮ ਦਾ ਲੈਂਡਰ ਚੰਦਰਮਾ ਦੀ ਸਤ੍ਹਾ ਨਾਲ ਟਕਰਾਉਣ ਕਾਰਨ ਖਤਮ ਹੋ ਗਿਆ।

ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਕ ਵਿਸ਼ੇਸ਼ ਕਮਿਸ਼ਨ ਇਸ ਦੀ ਜਾਂਚ ਕਰੇਗਾ ਕਿ ਮਿਸ਼ਨ ਅਸਫਲ ਕਿਉਂ ਹੋਇਆ।

ਰੂਸ ਚੰਦਰਮਾ ਦੇ ਦੱਖਣੀ ਧਰੁਵ ਤੱਕ ਪਹੁੰਚਣ ਲਈ ਭਾਰਤ ਦੇ ਚੰਦਰਯਾਨ-3 ਨਾਲ ਮੁਕਾਬਲਾ ਕਰ ਰਿਹਾ ਸੀ।

ਭਾਰਤ ਦਾ ਚੰਦਰਯਾਨ-3 ਅਗਲੇ ਹਫਤੇ ਚੰਦਰਮਾ ਦੀ ਸਤਹਿ 'ਤੇ ਉਤਰਨਾ ਹੈ।

ਹੁਣ ਤੱਕ ਕੋਈ ਵੀ ਦੇਸ਼ ਚੰਦਰਮਾ ਦੇ ਦੱਖਣੀ ਧਰੁਵ ਤੱਕ ਪਹੁੰਚਣ ਵਿੱਚ ਸਫ਼ਲ ਨਹੀਂ ਹੋ ਸਕਿਆ ਹੈ। ਹਾਲਾਂਕਿ ਅਮਰੀਕਾ ਅਤੇ ਚੀਨ ਨੇ ਚੰਦਰਮਾ ਦੀ ਸਤਹਿ 'ਤੇ ਸਾਫਟ ਲੈਂਡਿੰਗ ਕੀਤੀ ਹੈ।

ਲਗਭਗ 50 ਸਾਲਾਂ ਵਿੱਚ ਇਹ ਰੂਸ ਦਾ ਪਹਿਲਾ ਚੰਦਰਮਾ ਮਿਸ਼ਨ ਸੀ।

ਲੂਨਾ-25 ਸੋਮਵਾਰ ਨੂੰ ਚੰਦਰਮਾ ਦੇ ਉਸ ਹਿੱਸੇ ਦਾ ਐਧਿਐਨ ਕਰਨ ਲਈ ਉਤਰਨ ਵਾਲਾ ਸੀ। ਜਿਸ ਬਾਰੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਉੱਥੇ ਜੰਮੇ ਹੋਏ ਪਾਣੀ ਅਤੇ ਕੀਮਤੀ ਤੱਤ ਮੌਜੂਦ ਹੋ ਸਕਦੇ ਹਨ।

ਲੂਨਾ-25 ਦਾ ਨੁਕਸਾਨ ਰੋਸਕੋਸਮੌਸ ਲਈ ਇੱਕ ਝਟਕਾ ਹੈ। ਰੂਸ ਦਾ ਨਾਗਰਿਕ ਪੁਲਾੜ ਪ੍ਰੋਗਰਾਮ ਕਈ ਸਾਲਾਂ ਤੋਂ ਗਿਰਾਵਟ ਵਿੱਚ ਹੈ, ਕਿਉਂਕਿ ਰਾਜ ਫੰਡਿੰਗ ਵਧਦੀ ਫੌਜ ਵੱਲ ਕੇਂਦਰਿਤ ਹੋ ਰਹੀ ਹੈ।

ਸੋਸ਼ਲ ਮੀਡੀਆ ’ਤੇ ਲੋਕ ਕੀ ਕਹਿ ਰਹੇ ਨੇ?

ਲੂਨਾ-25 ਦੇ ਚੰਦਰਮਾ 'ਤੇ ਨਸ਼ਟ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚੰਦਰਮਾ ਮਿਸ਼ਨ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਇਸ ਦੇ ਨਸ਼ਟ ਹੋਣ ਦੀ ਖ਼ਬਰ ਤੋਂ ਤੁਰੰਤ ਬਾਅਦ #Luna25 ਟ੍ਰੈਂਡ ਕਰਨ ਲੱਗਾ।

ਇਕ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ, "ਆਖਿਰਕਾਰ ਭਾਰਤ ਦਾ ਚੰਦਰਯਾਨ ਚੰਦਰਮਾ ਦੇ ਦੱਖਣੀ ਧਰੁਵ ’ਤੇਨੂੰ ਜਿੱਤ ਹਾਸਿਲ ਕਰਨ ਲਈ ਤਿਆਰ ਹੈ। ਰੂਸ ਦਾ ਲੂਨਾ-25 ਚੰਦਰਮਾ 'ਤੇ ਹੁਣੇ-ਹੁਣੇ ਨਸ਼ਟ ਹੋਇਆ ਹੈ। ਮੈਂ ਇਸਰੋ ਦੀ ਸਫ਼ਲਤਾ ਦੀ ਅਰਦਾਸ ਕਰਦਾ ਹਾਂ ਅਤੇ ਇਹ ਮੁਕਾਬਲਾ ਖਤਮ ਹੋ ਗਿਆ ਹੈ।"

ਇਕ ਹੋਰ ਯੂਜ਼ਰ ਨੇ ਲੂਨਾ-25 ਦੇ ਨਸ਼ਟ ਹੋਣ 'ਤੇ ਦੁੱਖ ਪ੍ਰਗਟ ਕੀਤਾ ਹੈ।

ਉਨ੍ਹਾਂ ਲਿਖਿਆ, "ਰੂਸ ਦਾ ਲੂਨਾ-25 ਪੁਲਾੜ ਯਾਨ ਚੰਦਰਮਾ ਨਾਲ ਟਕਰਾ ਗਿਆ ਹੈ। ਕਿੰਨੀ ਬੁਰੀ ਖ਼ਬਰ ਹੈ। ਆਓ ਆਪਣੇ ਚੰਦਰਯਾਨ-3 ਲਈ ਪ੍ਰਾਰਥਨਾ ਕਰੀਏ।"

ਇਕ ਹੋਰ ਟਵਿੱਟਰ ਯੂਜ਼ਰ ਨੇ ਲਿਖਿਆ, "ਰੋਸਕੋਸਮੌਸ ਨੇ ਦੱਸਿਆ ਕਿ ਚੰਦਰਮਾ ਦੀ ਸਤ੍ਹਾ 'ਤੇ ਲੂਨਾ-25 ਹਾਦਸਾਗ੍ਰਸਤ ਹੋ ਗਿਆ ਹੈ। ਰੋਸਕੋਸਮੌਸ ਵੱਲੋਂ ਬਹੁਤ ਦੁਖਦਾਈ ਖ਼ਬਰ ਆਈ। ਤਿੰਨ ਦਹਾਕਿਆਂ ਤੱਕ ਇਸ 'ਤੇ ਕੰਮ ਕਰਨ ਵਾਲੇ ਸਾਰੇ ਵਿਗਿਆਨੀਆਂ ਪ੍ਰਤੀ ਮੇਰੀ ਹਮਦਰਦੀ ਹੈ।”

ਲੂਨਾ-25 ਬਾਰੇ ਮੁੱਖ ਗੱਲਾਂ:

  • ਲੂਨਾ-25 ਨੇ 11 ਅਗਸਤ ਨੂੰ ਪੂਰਬੀ ਰੂਸ ਤੋਂ ਉਡਾਣ ਭਰੀ ਸੀ
  • ਇਹ ਮਾਨਵ ਰਹਿਤ ਸੀ ਤੇ ਦੱਖਣੀ ਧਰੁਵ 'ਤੇ ਲੈਂਡਿੰਗ ਕਰਨ ਵਾਲਾ ਸੀ
  • ਲਗਭਗ 50 ਸਾਲਾਂ ਵਿੱਚ ਇਹ ਰੂਸ ਦਾ ਪਹਿਲਾ ਚੰਦਰਮਾ ਮਿਸ਼ਨ ਸੀ
  • ਲੂਨਾ-25 ਦਾ ਨੁਕਸਾਨ ਰੋਸਕੋਸਮੌਸ ਲਈ ਇੱਕ ਝਟਕਾ ਹੈ
  • ਇਹ ਲੈਂਡਰ ਚੰਨ 'ਤੇ ਜੰਮੇ ਪਾਣੀ ਤੇ ਹੋਰ ਖਣਿਜ ਲੱਭਣ ਦੇ ਉਦੇਸ਼ ਨਾਲ ਚੰਨ ਵੱਲ ਗਿਆ ਸੀ

5 ਦਹਾਕਿਆਂ ਵਿੱਚ ਪਹਿਲਾ ਚੰਦਰਮਾ ਮਿਸ਼ਨ

ਪਿਛਲੇ ਮਹੀਨੇ ਪੰਜ ਦਹਾਕਿਆਂ ਦੇ ਲੰਬੇ ਵਕਫ਼ੇ ਤੋਂ ਬਾਅਦ ਰੂਸ ਵੀ ਚੰਦਰਮਾ 'ਤੇ ਪਹੁੰਚਣ ਦੀ ਦੌੜ 'ਚ ਸ਼ਾਮਲ ਹੋ ਗਿਆ ਸੀ।

ਲੂਨਾ-25 ਆਪਣੇ ਇੱਕ-ਇੱਕ ਲੈਂਡਰ ਨਾਲ ਪੁਲਾੜ ਵਿੱਚ ਪਹੁੰਚਿਆ ਸੀ, ਤਾਂ ਜੋ ਚੰਨ ਦੇ ਦੱਖਣੀ ਧਰੁਵ ਵਿੱਚ ਭਾਵ ਹਨੇਰੇ ਵਾਲੇ ਹਿੱਸੇ 'ਚ ਉਤਰ ਕੇ ਇਤਿਹਾਸ ਰਚ ਸਕੇ ਪਰ ਉਹ ਇਸ ਤੋਂ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਹ ਚੰਦਰਮਾ ਦਾ ਉਹ ਖੇਤਰ ਹੈ ਜਿੱਥੇ ਹੁਣ ਤੱਕ ਕੋਈ ਵੀ ਲੈਂਡਰ ਸਫ਼ਲਤਾਪੂਰਵਕ ਉਤਰ ਨਹੀਂ ਸਕਿਆ ਹੈ।

ਇਹ ਲੈਂਡਰ ਚੰਨ 'ਤੇ ਜੰਮੇ ਪਾਣੀ ਅਤੇ ਕਿਸੇ ਵੀ ਸੰਭਾਵਿਤ ਖਣਿਜ ਨੂੰ ਲੱਭਣ ਦੇ ਉਦੇਸ਼ ਨਾਲ ਚੰਨ ਵੱਲ ਗਿਆ ਸੀ।

ਰੂਸ ਨੇ 11 ਅਗਸਤ 2023 (ਮਾਸਕੋ ਦੇ ਸਮੇਂ ਅਨੁਸਾਰ) ਲੂਨਾ-25 ਨੂੰ ਲਾਂਚ ਕੀਤਾ ਸੀ, ਜਦਕਿ ਭਾਰਤ ਨੇ ਵੀ ਚੰਦਰਯਾਨ-3 ਨੂੰ 14 ਜੁਲਾਈ ਨੂੰ ਚੰਨ 'ਤੇ ਭੇਜਿਆ ਹੈ।

ਮਾਹਿਰਾਂ ਦਾ ਕਹਿਣਾ ਸੀ ਕਿ ਇਹ ਦੋਵੇਂ ਮਿਸ਼ਨ ਲਗਭਗ ਇੱਕੋ ਸਮੇਂ ਚੰਨ 'ਤੇ ਆਪਣੇ-ਆਪਣੇ ਲੈਂਡਰ ਨੂੰ ਉਤਾਰਨਗੇ।

ਦੁਨੀਆਂ ਭਰ ਦੇ ਲੋਕ ਇਸ ਗੱਲ ਦਾ ਇੰਤਜ਼ਾਰ ਸੀ ਕਿ ਚੰਦਰਮਾ ਦੇ ਦੱਖਣੀ ਧਰੁਵ 'ਤੇ ਆਪਣਾ ਲੈਂਡਰ ਪਹਿਲਾਂ ਅਤੇ ਸਫਲਤਾਪੂਰਵਕ ਕਿਹੜਾ ਦੇਸ਼ ਉਤਾਰੇਗਾ, ਭਾਰਤ ਜਾਂ ਰੂਸ?

ਰੂਸ ਦਾ ਲੂਨਾ-1 ਚੰਦਰਮਾ ਤੱਕ ਪਹੁੰਚਣ ਵਾਲਾ ਪਹਿਲਾ ਰੋਵਰ ਸੀ

ਬ੍ਰਿਟੇਨ ਦੀ ਕੁਈਨ ਮਾਰਗਰੇਟ ਯੂਨੀਵਰਸਿਟੀ 'ਚ ਸਪੇਸ ਇੰਡਸਟਰੀ ਦੀ ਪੜ੍ਹਾਈ ਕਰ ਰਹੇ ਸਟੀਫਾਨੀਆ ਪਾਲਾਦਿਨੀ ਕਹਿੰਦੇ ਹਨ ਕਿ ਜਦੋਂ ਰੂਸ ਹੋਂਦ ਵਿੱਚ ਨਹੀਂ ਸੀ, ਉਸ ਵੇਲੇ 50 ਸਾਲ ਪਹਿਲਾਂ ਸੋਵੀਅਤ ਸੰਘ ਚੰਨ 'ਤੇ ਲੈਂਡਰ ਅਤੇ ਰੋਵਰ ਉਤਾਰਨ ਦੇ ਯੋਗ ਰਿਹਾ ਸੀ, ਇਹ ਪੂਰੀ ਦੌੜ ਅਸਲ 'ਚ ਚੰਨ 'ਤੇ ਪਹੁੰਚਣ ਦੀ ਨਹੀਂ ਹੈ।

ਦੇਖਿਆ ਜਾਵੇ ਤਾਂ ਰੂਸ ਪਹਿਲਾਂ ਹੀ ਇਹ ਦੌੜ ਜਿੱਤ ਚੁੱਕਿਆ ਹੈ ਪਰ ਫਿਰ 1976 'ਚ ਲੂਨਾ-24 ਤੋਂ ਬਾਅਦ ਰੂਸ ਨੇ ਇਸ ਮਿਸ਼ਨ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ।

ਲੂਨਾ-25, ਸਾਲਾਂ ਬਾਅਦ ਰੂਸ ਦੇ ਚੰਦਰਮਾ ਮਿਸ਼ਨ ਨੂੰ ਮੁੜ ਪੱਟੜੀ 'ਤੇ ਲਿਆਉਣ ਦੀ ਕੋਸ਼ਿਸ਼ ਸੀ।

ਮੰਨਿਆ ਜਾਂਦਾ ਹੈ ਕਿ ਰੂਸ ਦਾ ਲੂਨਾ-1 ਚੰਦਰਮਾ ਤੱਕ ਪਹੁੰਚਣ ਵਾਲਾ ਪਹਿਲਾ ਰੋਵਰ ਸੀ।

ਜਾਣਕਾਰ ਕਹਿੰਦੇ ਹਨ ਕਿ ਇਸ ਦਾ ਡਿਜ਼ਾਈਨ ਕੁਝ ਇਸ ਤਰ੍ਹਾਂ ਦਾ ਸੀ ਕਿ ਇਹ ਚੰਦਰਮਾ ਤੱਕ ਪਹੁੰਚ ਕੇ ਉੱਥੇ ਉਤਰੇ, ਪਰ ਜਦੋਂ 1959 'ਚ ਇਹ ਚੰਦਰਮਾ ਕੋਲ ਪਹੁੰਚਿਆ ਤਾਂ ਉਸ ਦੀ ਸਤਹਿ ਤੋਂ 3,725 ਮੀਲ (5,995 ਕਿਲੋਮੀਟਰ) ਦੀ ਦੂਰੀ ਤੋਂ ਹੁੰਦਾ ਹੋਇਆ ਲੰਘ ਗਿਆ ਸੀ।

ਇਸ ਵਾਰ ਵੱਖਰਾ ਸੀ ਕੀ?

ਚੰਦਰਮਾ 'ਤੇ ਹੁਣ ਤੱਕ ਜੋ ਵੀ ਮਿਸ਼ਨ ਭੇਜੇ ਗਏ ਹਨ, ਉਹ ਚੰਨ ਦੇ ਉੱਤਰ 'ਚ ਲੈਂਡ ਕਰਨ ਲਈ ਭੇਜੇ ਗਏ ਹਨ। ਇੱਥੇ ਉਤਰਨ ਲਈ ਜਗ੍ਹਾ ਸਮਤਲ ਹੈ ਅਤੇ ਸਹੀ ਧੁੱਪ ਵੀ ਆਉਂਦੀ ਹੈ।

ਪਰ ਦੱਖਣੀ ਧਰੁਵ ਚੰਦਰਮਾ ਦਾ ਉਹ ਖੇਤਰ ਹੈ ਜਿੱਥੇ ਰੌਸ਼ਨੀ ਨਹੀਂ ਪਹੁੰਚਦੀ। ਇਸ ਤੋਂ ਇਲਾਵਾ, ਇਸ ਸਥਾਨ 'ਤੇ ਚੰਦਰਮਾ ਦੀ ਸਤਹਿ ਪੱਥਰੀਲੀ, ਉੱਚੀ-ਨੀਵੀਂ ਅਤੇ ਟੋਇਆਂ ਨਾਲ ਭਰੀ ਹੋਈ ਹੈ।

ਕੋਲੋਰਾਡੋ ਬੋਲਡਰ ਯੂਨੀਵਰਸਿਟੀ ਵਿੱਚ ਐਸਟ੍ਰੋਫਿਜ਼ਿਕਸ ਅਤੇ ਪਲੇਨੇਟਰੀ ਸਾਇੰਸ (ਗ੍ਰਹਿ ਵਿਗਿਆਨ) ਦੇ ਪ੍ਰੋਫੈਸਰ ਜੈਕ ਬਰਨਜ਼ ਕਹਿੰਦੇ ਹਨ, "ਇੱਥੇ ਪਹੁੰਚਣ ਵਾਲੀਆਂ ਸੂਰਜ ਦੀਆਂ ਕਿਰਨਾਂ ਟੇਢੀਆਂ ਹੁੰਦੀਆਂ ਹਨ। ਚੰਦਰਮਾ ਦਾ ਵਧੇਰੇ ਹਿੱਸਾ ਮੁਕਾਬਲਤਨ ਪੱਧਰਾ ਹੈ, ਪਰ ਦੱਖਣੀ ਪਾਸੇ ਸੂਰਜ ਦੀ ਰੌਸ਼ਨੀ ਕਾਰਨ ਟੋਇਆਂ ਦੇ ਪਰਛਾਵੇਂ ਬਹੁਤ ਲੰਮੇ ਹੁੰਦੇ ਹਨ। ਇਸ ਕਾਰਨ ਇੱਥੇ ਟੋਇਆਂ ਅਤੇ ਉੱਚੀ-ਨੀਵੀਂ ਜ਼ਮੀਨ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੈ।''

ਆਰਟੇਮਿਸ-3 ਦੇ ਨਾਲ ਸਾਲ 2025 ਵਿੱਚ ਅਮਰੀਕਾ ਚੰਦਰਮਾ ਦੇ ਦੱਖਣੀ ਧਰੁਵ ਵੱਲ ਮਨੁੱਖ ਨੂੰ ਭੇਜਣਾ ਚਾਹੁੰਦਾ ਹੈ। ਅਜਿਹੇ 'ਚ ਭਾਰਤ ਅਤੇ ਰੂਸ ਦੇ ਲੈਂਡਰ ਤੋਂ ਜੋ ਜਾਣਕਾਰੀ ਮਿਲੇਗੀ, ਉਹ ਬਹੁਤ ਮਹੱਤਵਪੂਰਨ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)