ਵਿਰਾਸਤ ’ਚ ਮਿਲੇ 2 ਅਰਬ ਰੁਪਏ ਨੂੰ ਖਰਚ ਕਰਨ ਲਈ ਇਹ ਕੁੜੀ ਸੁਝਾਅ ਕਿਉਂ ਮੰਗ ਰਹੀ ਹੈ

    • ਲੇਖਕ, ਬੈਥਨੀ ਬੇਲ
    • ਰੋਲ, ਬੀਬੀਸੀ ਲਈ

ਆਸਟ੍ਰੋ-ਜਰਮਨ ਮੂਲ ਦੀ ਇੱਕ ਕੁੜੀ ਲੋਕਾਂ ਦਾ ਇੱਕ ਗਰੁੱਪ ਬਣਾਉਣ ਜਾ ਰਹੀ ਹੈ ਤਾਂ ਜੋ ਉਹ ਆਪਣੀ ਦਾਦੀ ਤੋਂ ਵਿਰਾਸਤ ਵਿੱਚ ਮਿਲੀ ਬਹੁਤ ਸਾਰੀ ਸੰਪਤੀ ਨੂੰ ਖਰਚਣ ਲਈ ਉਨ੍ਹਾਂ ਦੇ ਸੁਝਾਅ ਲੈ ਸਕੇ।

ਮਾਰਲੀਨ ਐਂਗਲਹੋਰਨ ਦੀ ਉਮਰ 31 ਸਾਲ ਹੈ ਅਤੇ ਉਹ ਵਿਆਨਾ ਵਿੱਚ ਰਹਿੰਦੀ ਹੈ। ਮਾਰਲੀਨ 50 ਆਸਟ੍ਰੀਅਨਾਂ ਨੂੰ ਇਸ ਲਈ ਨਾਲ ਲੈਣਾ ਚਾਹੁੰਦੀ ਹੈ ਤਾਂ ਉਹ ਕਿ ਵਿਰਾਸਤ ਵਿੱਚੋਂ ਮਿਲੇ 25 ਮਿਲੀਅਨ ਯੂਰੋ (2 ਅਰਬ ਰੁਪਏ ਤੋਂ ਜ਼ਿਆਦਾ) ਨੂੰ ਵੰਡਣ ਵਿੱਚ ਉਸ ਦੀ ਮਦਦ ਕਰ ਸਕਣ।

ਮਾਰਲੀਨ ਕਹਿੰਦੇ ਹਨ, "ਮੈਨੂੰ ਕਿਸਮਤ ਨਾਲ ਵਿਰਾਸਤ ਵਿੱਚ ਇਹ ਪੈਸਾ ਮਿਲਿਆ ਹੈ। ਮੈਨੂੰ ਇਹ ਬਿਨਾ ਕੁਝ ਕਰੇ ਮਿਲ ਗਿਆ। ਸਰਕਾਰ ਵੀ ਇਸ 'ਤੇ ਟੈਕਸ ਨਹੀਂ ਲਗਾਉਣਾ ਚਾਹੁੰਦੀ ਹੈ।"

ਆਸਟ੍ਰੀਆ ਨੇ 2008 ਵਿੱਚ ਵਿਰਾਸਤੀ ਟੈਕਸ ਨੂੰ ਖਤਮ ਕਰ ਦਿੱਤਾ ਸੀ। ਇਹ ਇੱਕ ਛੋਟਾ ਜਿਹਾ ਯੂਰਪੀਅਨ ਦੇਸ਼ ਹੈ ਜੋ ਵਿਰਾਸਤੀ ਟੈਕਸ ਨਹੀਂ ਲਗਾਉਂਦਾ ਹੈ।

ਐਂਗਲਹੋਰਨ ਦਾ ਮੰਨਣਾ ਹੈ ਕਿ ਇਹ ਗਲਤ ਹੈ।

ਮਾਰਲੀਨ ਐਂਗਲਹੋਰਨ ਕੌਣ ਹੈ?

ਮਾਰਲੀਨ ਜਰਮਨ ਰਸਾਇਣਕ ਅਤੇ ਫਾਰਮਾਸਿਊਟੀਕਲ ਕੰਪਨੀ, BASF ਦੇ ਸੰਸਥਾਪਕ ਫ੍ਰੀਡਰਿਕ ਐਂਗਲਹੋਰਨ ਦੇ ਵੰਸ਼ ਵਿੱਚੋਂ ਹੈ। ਸਤੰਬਰ 2022 ਵਿੱਚ ਉਸ ਦੀ ਦਾਦੀ ਦੀ ਮੌਤ ਤੋਂ ਬਾਅਦ ਉਹ ਕਰੋੜਾਂ ਦੀ ਵਿਰਾਸਤ ਦੀ ਮਾਲਕ ਬਣੀ।

ਟਰੌਡਲ ਐਂਗਲਹੋਰਨ-ਵੇਚੀਆਟੋ ਦੀ ਦੌਲਤ ਦਾ ਅੰਦਾਜ਼ਾ ਅਮਰੀਕੀ ਮੈਗਜ਼ੀਨ ਫੋਰਬਸ ਵੱਲੋਂ 4.2 ਬਿਲੀਅਨ ਡਾਲਰ ਲਗਾਇਆ ਸੀ।

ਹਾਲਾਂਕਿ, ਉਸਦੀ ਮੌਤ ਤੋਂ ਪਹਿਲਾਂ ਹੀ ਉਸਦੀ ਪੋਤੀ ਨੇ ਘੋਸ਼ਣਾ ਕੀਤੀ ਕਿ ਉਹ ਆਪਣੀ ਵਿਰਾਸਤ ਦਾ ਲਗਭਗ 90% ਪੈਸਾ ਦਾਨ ਕਰਨਾ ਚਾਹੁੰਦੀ ਹੈ।

ਪੈਸਾ ਵੰਡਣ ਵਾਲੀ ਸੰਸਥਾ ਕਿਵੇਂ ਕੰਮ ਕਰੇਗੀ ?

ਬੁੱਧਵਾਰ ਨੂੰ ਕੁਝ ਚੋਣਵੇ ਆਸਟ੍ਰੀਆ ਦੇ ਨਾਗਰਿਕਾਂ ਨੂੰ 10,000 ਚਿੱਠੀਆਂ ਲੈਟਰਬਾਕਸਾਂ ਵਿੱਚ ਮਿਲੀਆਂ ਸਨ।

ਜੋ ਐਂਗਲਹੋਰਨ ਦੀ ਇਸ ਪਹਿਲਕਦਮੀ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ, ਉਹ ਆਨਲਾਈਨ ਜਾਂ ਫ਼ੋਨ ’ਤੇ ਰਜਿਸਟਰ ਕਰ ਸਕਦੇ ਹਨ।

10,000 ਲੋਕਾਂ ਵਿੱਚੋਂ ਜੋ ਸਾਰੇ 16 ਸਾਲ ਤੋਂ ਵੱਧ ਉਮਰ ਦੇ ਹਨ, 50 ਲੋਕਾਂ ਨੂੰ ਚੁਣਿਆ ਜਾਵੇਗਾ ਅਤੇ 15 ਬਦਲ ਵਾਲੇ ਮੈਂਬਰ ਵੀ ਰੱਖੇ ਜਾਣਗੇ।

ਮਾਰਲੀਨ ਨੇ ਇੱਕ ਬਿਆਨ ਵਿੱਚ ਕਿਹਾ, "ਜੇ ਸਿਆਸਤਦਾਨ ਆਪਣਾ ਕੰਮ ਨਹੀਂ ਕਰਦੇ ਤਾਂ ਮੈਨੂੰ ਆਪਣੀ ਦੌਲਤ ਦੀ ਮੁੜ ਵੰਡ ਕਰਨੀ ਪਵੇਗੀ।"

ਉਨ੍ਹਾਂ ਦਾ ਕਹਿਣਾ ਹੈ, "ਬਹੁਤ ਸਾਰੇ ਲੋਕ ਸਾਰਾ ਦਿਨ ਕੰਮ ਕਰਕੇ ਮੁਸ਼ਕਿਲ ਨਾਲ ਦੋ ਟਾਇਮ ਦੀ ਰੋਟੀ ਖਾਂਦੇ ਹਨ। ਉਹ ਆਪਣੀ ਕਮਾਈ ਦੇ ਹਰ ਯੂਰੋ ’ਤੇ ਟੈਕਸ ਦਿੰਦੇ ਹਨ । ਮੈਂ ਇਸਨੂੰ ਸਿਆਸਤ ਦੀ ਅਸਫਲਤਾ ਮੰਨਦੀ ਹਾਂ ਅਤੇ ਜੇਕਰ ਰਾਜਨੀਤੀ ਅਸਫਲ ਹੋ ਜਾਂਦੀ ਹੈ, ਤਾਂ ਆਮ ਨਾਗਰਿਕਾਂ ਨੂੰ ਖੁਦ ਇਸ ਨਾਲ ਨਜਿੱਠਣਾ ਪੈਂਦਾ ਹੈ।"

ਫੋਰਸਾਈਟ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਕ੍ਰਿਸਟੋਫ ਹੋਫਿੰਗਰ ਇਸ ਪਹਿਲਕਦਮੀ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਪਤੀ ਦੀ ਵਾਰਿਸ ਦੇ ਪੈਸੇ ਨੂੰ ਮੁੜ ਵੰਡਣ ਲਈ 50 ਲੋਕਾਂ ਦੀ ਕੌਂਸਲ ਬਣੇਗੀ ਜਿਸ ਵਿੱਚ "ਹਰ ਉਮਰ, ਸੰਘੀ ਸੂਬਿਆਂ ਅਤੇ ਸਮਾਜਿਕ ਵਰਗਾਂ ਨੂੰ ਸ਼ਾਮਿਲ ਕੀਤਾ ਜਾਵੇਗਾ।”

ਉਨ੍ਹਾਂ ਕਿਹਾ ਕਿ ਇਸ ਸਮੂਹ ਨੂੰ ਸਮਾਜ ਦੇ ਸਾਂਝੇ ਹਿੱਤਾਂ ਲਈ ਆਪਣੇ ਵਿਚਾਰਾਂ ਦਾ ਯੋਗਦਾਨ ਪਾਉਣ ਲਈ ਕਿਹਾ ਜਾਵੇਗਾ।"

ਉਹ ਇਸ ਸਾਲ ਮਾਰਚ ਤੋਂ ਜੂਨ ਤੱਕ ਅਕਾਦਮਿਕ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਨਾਲ ਸਾਲਜ਼ਬਰਗ ਵਿੱਚ ਹੋਣ ਵਾਲੀਆਂ ਮੀਟਿੰਗਾਂ ਦੀ ਇੱਕ ਲੜੀ ਵਿੱਚ ਹਿੱਸਾ ਲੈਣਗੇ।

ਪ੍ਰਬੰਧਕਾਂ ਨੇ ਹੋਰ ਕੀ ਦੱਸਿਆ

ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੀਟਿੰਗਾਂ ਬਿਨਾ ਕਿਸੇ ਰੋਕ ਦੇ ਹੋਣਗੀਆਂ। ਲੋੜ ਪੈਣ 'ਤੇ ਬੱਚਿਆਂ ਦੀ ਦੇਖਭਾਲ ਅਤੇ ਅਨੁਵਾਦਕ ਵੀ ਉਪਲਬਧ ਹੋਣਗੇ।

ਯਾਤਰਾ ਦੇ ਖਰਚੇ ਲਈ ਅਤੇ ਮੀਟਿੰਗਾਂ ਵਿੱਚ ਭਾਗ ਲੈਣ ਵਾਲਿਆਂ ਨੂੰ ਹਰ ਹਫਤੇ 1,200 ਯੂਰੋ ਦਿੱਤੇ ਜਾਣਗੇ।

ਮਾਰਲੀਨ ਐਂਗਲਹੋਰਨ ਦਾ ਮੰਨਣਾ ਹੈ ਕਿ ਉਹਨਾਂ ਦੀਆਂ ਬਹਿਸਾਂ "ਲੋਕਤੰਤਰ ਦੀ ਸੇਵਾ" ਲਈ ਹੋਣਗੀਆਂ ਅਤੇ ਇਸ ਲਈ ਮੈਂਬਰਾਂ ਲਈ ਸਹੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

ਮਾਰਲੀਨ ਕਹਿੰਦੇ ਹਨ, "ਮੇਰੇ ਕੋਲ ਕੋਈ ਵੀਟੋ ਅਧਿਕਾਰ ਨਹੀਂ ਹੈ।"

ਉਨ੍ਹਾਂ ਕਿਹਾ, "ਮੈਂ ਆਪਣੀ ਜਾਇਦਾਦ ਇਹਨਾਂ 50 ਲੋਕਾਂ ਦੇ ਫੈਸਲੇ 'ਤੇ ਛੱਡਦੀ ਹਾਂ ਅਤੇ ਉਨ੍ਹਾਂ 'ਤੇ ਭਰੋਸਾ ਕਰਾਂਗੀ।"

ਜੇ ਉਹ ਇਸ ਗੱਲ ਬਾਰੇ ਕੋਈ ਵਿਚਾਰ ਲੈ ਕੇ ਨਹੀਂ ਆਉਂਦੇ ਕਿ ਕੀ ਕਰਨਾ ਹੈ ਤਾਂ ਇਹ ਪੈਸਾ ਐਂਗਲਹੋਰਨ ਨੂੰ ਵਾਪਸ ਚਲਾ ਜਾਵੇਗਾ।

ਇਹ ਬਿਲਕੁਲ ਸਪੱਸ਼ਟ ਨਹੀਂ ਹੈ ਕਿ ਉਸਦੀ ਵਿਰਾਸਤ ਦਾ ਕੀ ਅਨੁਪਾਤ ਦਿੱਤਾ ਜਾ ਰਿਹਾ ਹੈ।

ਹਾਲਾਂਕਿ, 2021 ਵਿੱਚ ਉਹਨਾਂ ਕਿਹਾ ਸੀ ਕਿ ਉਹ ਇਸਦਾ ਘੱਟੋ ਘੱਟ 90% ਹਿੱਸਾ ਦੇਣਾ ਚਾਹੁੰਦੀ ਹੈ ਕਿਉਂਕਿ ਉਸਨੇ ਇਸਨੂੰ ਕਮਾਉਣ ਲਈ ਕੁਝ ਨਹੀਂ ਕੀਤਾ ਸੀ ਅਤੇ ਸਿਰਫ "ਜਨਮ” ਕਾਰਨ ਉਸ ਦੀ ਲਾਟਰੀ ਨਿਕਲੀ ਹੈ।"

ਉਨ੍ਹਾਂ ਦੀ ਟੀਮ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਪਿੱਛੇ ਕਿੰਨਾ ਰੱਖ ਰਹੇ ਹਨ। ਹਾਲਾਂਕਿ, ਇਹ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਕਿਸਮ ਦਾ ਵਿੱਤੀ ਬਫਰ ਬਰਕਰਾਰ ਰੱਖ ਰਹੇ ਹਨ।

ਸਿਆਸੀ ਪਾਰਟੀਆਂ ਦਾ ਕੀ ਵਿਚਾਰ ਹੈ?

ਆਸਟ੍ਰੀਆ ਦੇ ਵਿਰਾਸਤੀ ਟੈਕਸ ਨੂੰ ਖਤਮ ਕਰਨ ਦੇ 16 ਸਾਲ ਬਾਅਦ ਵੀ ਇਹ ਵਿਵਾਦਪੂਰਨ ਬਣਿਆ ਹੋਇਆ ਹੈ। ਮੁੱਖ ਸਿਆਸੀ ਪਾਰਟੀ ਅਤੇ ਵਿਰੋਧੀ ਧਿਰ ਸੋਸ਼ਲ ਡੈਮੋਕਰੇਟਸ ਇਸ ਨੂੰ ਬਹਾਲ ਕਰਨਾ ਚਾਹੁੰਦੀ ਹੈ।

ਸੋਸ਼ਲ ਡੈਮੋਕਰੇਟ ਨੇਤਾ ਐਂਡਰੀਅਸ ਬੈਬਲਰ ਨੇ ਜਨਤਕ ਪ੍ਰਸਾਰਕ ਓਆਰਐੱਫ਼ ਨੂੰ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਇਹ ਆਸਟ੍ਰੀਆ ਦੀਆਂ ਅਗਲੀਆਂ ਆਮ ਚੋਣਾਂ ਤੋਂ ਬਾਅਦ ਸੰਭਾਵੀ ਗਠਜੋੜ ਦੀ ਗੱਲਬਾਤ ਲਈ ਇੱਕ ਕੇਂਦਰੀ ਸ਼ਰਤ ਹੋਵੇ। ਆਸਟ੍ਰੀਆ ਵਿੱਚ ਇਸ ਸਾਲ ਦੇ ਅੰਤ ਵਿੱਚ ਚੋਣਾਂ ਹੋਣੀਆਂ ਹਨ।

ਕੰਜ਼ਰਵੇਟਿਵ ਪੀਪਲਜ਼ ਪਾਰਟੀ ਜੋ ਗ੍ਰੀਨਜ਼ ਨਾਲ ਆਸਟ੍ਰੀਆ ਦੀ ਗੱਠਜੋੜ ਸਰਕਾਰ ਵਿੱਚ ਮੁਖ ਭਾਈਵਾਲ ਹੈ, ਉਸ ਨੇ ਇਸ ਪ੍ਰਸਤਾਵ ਨੂੰ ਰੱਦ ਕੀਤਾ ਹੈ।

ਪਾਰਟੀ ਦੇ ਜਨਰਲ ਸਕੱਤਰ, ਕ੍ਰਿਸ਼ਚੀਅਨ ਸਟਾਕਰ ਨੇ ਕਿਹਾ ਕਿ ਜਦੋਂ ਬੈਬਲਰ "ਸਾਡੇ ਦੇਸ਼ ਵਿੱਚ ਲੋਕਾਂ 'ਤੇ ਦੌਲਤ ਅਤੇ ਵਿਰਾਸਤੀ ਟੈਕਸ ਦੀ ਮੰਗ ਨਾਲ ਹੋਰ ਬੋਝ ਪਾਉਣਾ ਚਾਹੁੰਦੇ ਸਨ, ਪੀਪਲਜ਼ ਪਾਰਟੀ ਰਾਹਤ ਪ੍ਰਦਾਨ ਕਰ ਰਹੀ ਹੈ। ਅਸੀਂ ਨਵੇਂ ਟੈਕਸਾਂ ਨੂੰ ਰੱਦ ਕਰਦੇ ਹਾਂ ਅਤੇ ਲੋਕਾਂ ਨੂੰ ਹੋਰ ਜ਼ਿਆਦਾ ਅਸਲ ਆਮਦਨ ’ਤੇ ਛੱਡਣਾ ਚਾਹਾਉਂਦੇ ਹਾਂ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)