ਵਿਸ਼ਵ ਜੰਗ 'ਚ ਨਾਜ਼ੀਆਂ ਨੂੰ ਚਕਮਾ ਦੇਣ ਵਾਲੀ ਯਹੂਦੀ ਜਸੂਸ ਜੋ ਸ਼ਿਕਾਰੀ ਕੁੱਤਿਆਂ ਨੂੰ ਵੀ ਵੱਸ 'ਚ ਕਰ ਲੈਂਦੀ ਸੀ

    • ਲੇਖਕ, ਟਿਮ ਸਟੋਕਸ
    • ਰੋਲ, ਬੀਬੀਸੀ ਨਿਊਜ਼

ਕ੍ਰਿਸਟੀਨ ਗ੍ਰੈਨਵਿਲ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟੇਨ ਲਈ ਅਣਗਿਣਤ ਵਾਰ ਆਪਣੀ ਜਾਨ ਖ਼ਤਰੇ ਵਿੱਚ ਪਾਈ ਸੀ। ਇਸ ਦੌਰਾਨ ਉਸ ਨੇ ਬ੍ਰਿਟੇਨ ਲਈ ਲਗਭਗ ਪੂਰੇ ਯੂਰਪ ਵਿੱਚ ਜਸੂਸੀ ਕੀਤੀ। ਹਾਲਾਂਕਿ ਅੱਜ ਉਸਦੇ ਯੋਗਦਾਨ ਨੂੰ ਬਹੁਤ ਥੋੜ੍ਹਾ ਯਾਦ ਕੀਤਾ ਜਾਂਦਾ ਹੈ।

ਕੌਣ ਸੀ ਕ੍ਰਿਸਟੀਨ ਗ੍ਰੈਨਵਿਲ ਜਿਸ ਦਾ ਬ੍ਰਿਟੇਨ ਹਮੇਸ਼ਾ ਦੇਣਦਾਰ ਰਹੇਗਾ?

15 ਜੂਨ 1952 ਨੂੰ ਕ੍ਰਿਸਟੀਨ ਗ੍ਰੈਨਵਿਲ ਪੱਛਮੀ ਲੰਡਨ ਦੇ ਕੈਨਸਿੰਗਟਨ ਹੋਟਲ ਵਿੱਚ ਵਾਪਸ ਆਈ ਸੀ। ਉਸ ਨੇ ਬੈਲਜੀਅਮ ਜਾਣਾ ਸੀ ਪਰ ਇੰਜਣ ਦੇ ਨੁਕਸ ਕਾਰਨ ਉਸ ਦੀ ਉਡਾਣ ਰੱਦ ਹੋ ਗਈ ਸੀ।

ਜਦੋਂ ਉਹ ਪਹਿਲੀ ਮੰਜ਼ਿਲ ’ਤੇ ਆਪਣੇ ਕਮਰੇ ਵਿੱਚ ਪਹੁੰਚੀ ਜਿੱਥੇ ਉਹ ਅਕਸਰ ਰੁਕਦੀ ਸੀ ਉਸ ਨੂੰ ਲਾਬੀ ਵਿੱਚੋਂ ਕਿਸੇ ਦੀ ਅਵਾਜ਼ ਸੁਣੀ ਜੋ ਉੱਚੀ-ਉੱਚੀ ਉਸ ਨੂੰ ਕੁਝ ਪੁਰਾਣੀਆਂ ਚਿੱਠੀਆਂ ਮੋੜਨ ਲਈ ਕਹਿ ਰਿਹਾ ਸੀ।

ਉਹ ਥੱਲੇ ਉੱਤਰੀ ਤਾਂ ਸਾਹਮਣੇ ਉਸਦਾ ਸਾਬਕਾ ਪ੍ਰੇਮੀ ਖੜ੍ਹਾ ਸੀ ਜਿਸ ਨੇ ਤੁਰੰਤ ਹੀ ਇੱਕ ਵੱਡਾ ਕਮਾਂਡੋ ਛੁਰਾ ਉਸਦੀ ਛਾਤੀ ਵਿੱਚ ਖੋਭ ਦਿੱਤਾ, ਕ੍ਰਿਸਟੀਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।

ਦੂਜੇ ਵਿਸ਼ਵ ਯੁੱਧ ਦੌਰਾਨ ਕਈ ਮੋਰਚਿਆਂ ਉੱਪਰ ਮੌਤ ਨੂੰ ਝਕਾਨੀ ਦੇ ਚੁੱਕੀ ਕ੍ਰਿਸਟੀਨ ਦਾ ਅੰਤ ਇੱਕ ਅਜਿਹੀ ਸੁਰੱਖਿਅਤ ਥਾਂ ’ਤੇ ਹੋਣਾ ਜਿਸ ਨੂੰ ਉਹ ਅਕਸਰ ਆਪਣਾ ਘਰ ਕਹਿੰਦੀ ਸੀ, ਆਪਣੇ-ਆਪ ਵਿੱਚ ਦੁਖਾਂਤ ਹੈ।

ਕ੍ਰਿਸਟੀਨ ਦਾ ਜਨਮ ਕ੍ਰਿਸਟੀਨਾ ਜੈਨੀਨਾ ਸਾਕਰਬੈਕ ਵਜੋਂ ਸੰਨ 1908 ਵਿੱਚ ਹੋਇਆ। ਉਹ ਪੋਲੈਂਡ ਦੇ ਇੱਕ ਸਾਮੰਤ ਦੀ ਧੀ ਸੀ ਜਦਕਿ ਨਾਨਕਿਆਂ ਵੱਲੋਂ ਉਹ ਇੱਕ ਬੈਂਕਿੰਗ ਕਾਰੋਬਾਰੀ ਯਹੂਦੀ ਪਰਿਵਾਰ ਦੀ ਵਾਰਸ ਸੀ।

ਕ੍ਰਿਸਟੀਨ ਦਾ ਬਚਪਨ ਪਿੰਡ ਦੀ ਇੱਕ ਖੁੱਲ੍ਹੀ ਹਵੇਲੀ ਵਿੱਚ ਖੁੱਲ੍ਹੇ ਮਾਹੌਲ ਵਿੱਚ ਬੀਤਿਆ। ਉਸਦੇ ਬਚਪਨ ਨੇ ਉਸ ਦੀ ਅਗਲੇਰੀ ਜ਼ਿੰਦਗੀ ਦੀ ਘਾੜਤ ਨੂੰ ਬਹੁਤ ਪ੍ਰਭਾਵਿਤ ਕੀਤਾ।

'ਦਿ ਸਪਾਈ ਹੂ ਲਵਡ'

ਇਤਿਹਾਸਕਾਰ ਕਲੇਅਰ ਮੌਲੀ ਦੱਸਦੇ ਹਨ ਕਿ ਉਸ ਨੂੰ ਬਚਪਨ ਤੋਂ ਹੀ ਬਹੁਤ ਜ਼ਿਆਦਾ ਖੁੱਲ੍ਹ ਅਤੇ ਪਿਆਰ ਮਿਲਿਆ ਸੀ। ਉਸ ਨੂੰ ਘੋੜ-ਸਵਾਰੀ, ਬੰਦੂਕ ਚਲਾਉਣ ਵਰਗੀਆਂ ਸਾਰੀਆਂ ਚੀਜ਼ਾਂ ਸਿਖਾਈਆਂ ਗਈਆਂ।

ਕਲੇਅਰ ਕ੍ਰਿਸਟੀਨ ਗ੍ਰੈਨਵਿਲ ਦੀ ਜੀਵਨੀ, 'ਦਿ ਸਪਾਈ ਹੂ ਲਵਡ' ਦੀ ਲੇਖਿਕਾ ਵੀ ਹੈ।

ਕ੍ਰਿਸਟੀਨ ਦਾ ਦੂਜਾ ਪਤੀ ਇੱਕ ਪੋਲਿਸ਼ ਕੂਟਨੀਤਿਕ ਸੀ। ਸੰਤਬਰ 1939 ਵਿੱਚ ਜਦੋਂ ਦੋਵੇਂ ਜਣੇ ਦੱਖਣੀ ਅਫਰੀਕਾ ਜਾ ਰਹੇ ਸਨ ਜਦੋਂ ਪੋਲੈਂਡ ਉੱਪਰ ਨਾਜ਼ੀ ਜਰਮਨੀ ਦੇ ਹਮਲੇ ਦਾ ਪਤਾ ਲੱਗਿਆ। ਜੋੜੇ ਨੇ ਜੰਗ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਅਤੇ ਬ੍ਰਿਟੇਨ ਰਵਾਨਾ ਹੋ ਗਏ।

ਕ੍ਰਿਸਟੀਨ ਦਾ ਪਤੀ ਮਿੱਤਰ ਦੇਸਾਂ ਦੀ ਫੌਜ ਵਿੱਚ ਭਰਤੀ ਹੋਣ ਲਈ ਫਰਾਂਸ ਰਵਾਨਾ ਹੋ ਗਿਆ। ਜਦਕਿ ਕ੍ਰਿਸਟੀਨ ਜੰਗ ਵਿੱਚ ਕਿਸੇ ਹੋਰ ਤਰ੍ਹਾਂ ਯੋਗਦਾਨ ਪਾਉਣਾ ਚਾਹੁੰਦੀ ਸੀ।

ਉਹ ਸਿੱਧੀ ਐੱਮਆਈ6 (ਬ੍ਰਿਟੇਨ ਦੀ ਸੂਹੀਆ ਏਜੰਸੀ) ਦੇ ਮੁੱਖ ਦਫ਼ਤਰ ਪਹੁੰਚੀ ਜਿੱਥੇ ਉਸ ਨੇ ਬ੍ਰਿਟੇਨ ਦੀ ਸੂਹੀਆ ਏਜੰਸੀ ਵਿੱਚ ਭਰਤੀ ਕਰਨ ਲਈ ਜਿੱਦ ਕੀਤੀ।

ਉੱਥੇ ਉਸ ਨੇ ਕਾਰਪੈਂਥੀਅਨ ਪਹਾੜਾਂ ਵਿੱਚੋਂ ਬਰਫ਼ ਦੇ ਰਸਤੇ ਸਕੀਂਗ ਕਰਕੇ ਜਰਮਨ ਕਬਜ਼ੇ ਵਾਲੇ ਪੋਲੈਂਡ ਵਿੱਚ ਜਾਣ ਦੀ ਆਪਣੀ ਵਿਉਂਤ ਦੱਸੀ। ਉਹ ਚਾਹੁੰਦੀ ਸੀ ਕਿ ਉਹ ਮਿੱਤਰ ਦੇਸਾਂ ਦੀ ਪ੍ਰਚਾਰ ਸਮੱਗਰੀ ਅਤੇ ਫੰਡ ਲੈਕੇ ਜਾਵੇਗੀ ਅਤੇ ਵਾਪਸੀ ’ਤੇ ਉੱਥੋਂ ਦੀ ਸੂਹ ਲੈ ਕੇ ਆਵੇਗੀ।

ਪੂਰਬੀ ਯੂਰਪ ਵਿੱਚ ਉਸ ਸਮੇਂ ਕੀ ਚੱਲ ਰਿਹਾ ਸੀ ਬ੍ਰਿਟੇਨ ਦੀਆਂ ਸੂਹੀਆ ਏਜੰਸੀਆਂ ਨੂੰ ਇਸ ਦੀ ਬਹੁਤ ਥੋੜ੍ਹੀ ਭਿਣਕ ਸੀ।

ਅਧਿਕਾਰੀਆਂ ਨੂੰ ਕ੍ਰਿਸਟੀਨ ਦੀ ਯੋਜਨਾ ਬਹੁਤ ਪਸੰਦ ਆਈ। ਮੌਲੀ ਦੱਸਦੇ ਹਨ ਕਿ ਉਸਦੀ ਯੋਜਨਾ ਤੋਂ ਪ੍ਰਭਾਵਿਤ ਹੋ ਕੇ ਕ੍ਰਿਸਟੀਨ ਨੂੰ ਤੁਰੰਤ ਹੀ ਐਮਆਈ6 ਦੀ ਪਹਿਲੀ ਮਹਿਲਾ ਜਸੂਸ ਵਜੋਂ ਭਰਤੀ ਕਰ ਲਿਆ ਗਿਆ।

ਆਉਣ ਵਾਲੇ ਸਾਲਾਂ ਦੌਰਾਨ ਕ੍ਰਿਸਟੀਨ ਦੇ ਹਰ ਤਬਕੇ ਦੇ ਲੋਕਾਂ ਨਾਲ ਸੰਪਰਕ ਸਨ।

'ਦਿਮਾਗ਼ ਹੀ ਉਸਦਾ ਸਭ ਤੋਂ ਵੱਡਾ ਔਜਾਰ'

ਮੌਲੀ ਮੁਤਾਬਕ, “ਉਹ ਠੀਕ ਮੌਕੇ ਉੱਤੇ ਠੀਕ ਗੱਲ ਕਰਦੀ” ਸੀ। ਉਹ ਖ਼ੁਦ ਸਿਗਰਟ ਨਹੀਂ ਪੀਂਦੀ ਸੀ ਪਰ ਮਜ਼ੇ ਲਈ ਉਹ ਬਰਫ਼ ’ਤੇ ਸਕੀਂਗ ਕਰਕੇ ਸਿਗਰਟਾਂ ਦੀ ਤਸਕਰੀ ਕਰਦੀ ਸੀ। ਉਹ ਜਾਣਦੀ ਸੀ “ਕਿਵੇਂ ਦੁਸ਼ਮਣ ਦੀਆਂ ਨਜ਼ਰਾਂ ਵਿੱਚ ਆਉਣਾ ਤੇ ਫਿਰ ਬਚ ਨਿਕਲਣਾ ਹੈ।”

ਉਸ ਨੇ ਐੱਮਆਈ6 ਲਈ ਹੰਗਰੀ, ਮਿਸਰ ਅਤੇ ਫਰਾਂਸ ਵਿੱਚ ਕੰਮ ਕੀਤਾ ਅਤੇ ਕਈ ਸਰਹੱਦਾਂ ਨੂੰ ਕਈ ਵਾਰ ਪਾਰ ਕੀਤਾ।

ਕਦੇ ਉਹ ਕਿਸੇ ਕਾਰ ਦੀ ਡਿੱਗੀ ਵਿੱਚ ਲੁਕ ਕੇ ਜਾਂਦੀ ਤਾਂ ਕਦੇ ਵਰ੍ਹਦੀਆਂ ਮਸ਼ੀਨ ਗੰਨਾਂ ਤੋਂ ਬਚ ਕੇ ਲੰਘ ਰਹੀ ਹੁੰਦੀ। ਜੰਗ ਦੌਰਾਨ ਉਸਦੇ ਬਹੁਤ ਸਾਰੇ ਪ੍ਰੇਮੀ ਬਣੇ ਅਤੇ ਉਨ੍ਹਾਂ ਵਿੱਚੋਂ ਕੋਈ ਨਾ ਕੋਈ ਅਕਸਰ ਉਸਦੇ ਨਾਲ ਹੁੰਦਾ ਸੀ।

ਇੱਕ ਮੌਕੇ ਉੱਪਰ ਕ੍ਰਿਸਟੀਨ ਨੂੰ ਇੱਕ ਮਾਈਕ੍ਰੋ-ਫਿਲਮ ਦਿੱਤੀ ਗਈ। ਫਿਲਮ ਮੁਤਾਬਕ ਜਰਮਨ ਫ਼ੌਜਾਂ ਸੋਵੀਅਤ ਰੂਸ ਦੀ ਸਰਹੱਦ ਉੱਪਰ ਇਕੱਠੀਆਂ ਹੋ ਰਹੀਆਂ ਸਨ। ਲੱਗ ਰਿਹਾ ਸੀ ਜਿਵੇਂ ਕਿਸੇ ਭਰਵੇਂ ਹਮਲੇ ਦੀ ਤਿਆਰੀ ਚੱਲ ਰਹੀ ਸੀ।

ਇਹ ਫਿਲਮ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਨੂੰ ਭੇਜੀ ਗਈ। ਚਰਚਿਲ ਦੀ ਬੇਟੀ, ਸਾਰਾਹ ਦਾ ਕਹਿਣਾ ਸੀ ਕਿ ਕ੍ਰਿਸਟੀਨ ਉਸ ਦੇ ਪਿਤਾ ਦੀ ਪਸੰਦੀਦਾ ਜਸੂਸ ਸੀ। ਚਰਚਿਲ ਨੇ ਸੂਹ ਲਈ ਕ੍ਰਿਸਟੀਨ ਨੂੰ ਭੇਜਣ ਲਈ ਕਿਹਾ।

ਜਰਮਨ ਫੌਜਾਂ ਨੇ ਕ੍ਰਿਸਟੀਨ ਨੂੰ ਦੋ ਵਾਰ ਫੜਿਆ ਪਰ ਉਹ ਦੋਵੇਂ ਵਾਰ ਬਚ ਨਿਕਲੀ।

ਇੱਕ ਵਾਰ ਤਾਂ ਉਸ ਨੇ ਇੰਨੇ ਜ਼ੋਰ ਦੀ ਖੰਘ ਛੇੜੀ ਅਤੇ ਆਪਣੀ ਜੀਭ ਟੁੱਕ ਕੇ ਖੂਨ ਥੁੱਕਿਆ ਕਿ ਜਰਮਨਾਂ ਨੂੰ ਯਕੀਨ ਹੋ ਗਿਆ ਕਿ ਉਹ ਤਪਦਿਕ ਦੀ ਮਰੀਜ਼ ਹੈ।

ਮੌਲੀ ਮੁਤਾਬਕ “ਦਿਮਾਗ਼ ਹੀ ਉਸਦਾ ਸਭ ਤੋਂ ਵੱਡਾ ਔਜਾਰ ਸੀ। ਉਹ ਬਹੁਤ ਤੇਜ਼ ਸੋਚਦੀ ਸੀ। ਉਹ ਗੱਲਾਂ-ਗੱਲਾਂ ਵਿੱਚ ਅੰਦਰ-ਬਾਹਰ ਹੋ ਜਾਂਦੀ ਸੀ। ਉਹ ਅਦਭੁਤ ਸੀ।”

ਆਪਣੀ ਕਿਤਾਬ ਵਿੱਚ ਮੌਲੀ ਲਿਖਦੇ ਹਨ ਕਿ ਜਾਨਵਰਾਂ ਲਈ ਵੀ ਕ੍ਰਿਸਟੀਨ ਦਾ ਕ੍ਰਿਸ਼ਮਾ ਸੀ। ਮੌਲੀ ਦੱਸਦੇ ਹਨ ਕਿ ਦੋ ਵਾਰ ਤਾਂ ਕ੍ਰਿਸਟੀਨ ਨੇ ਸਰਹੱਦੀ ਗਸ਼ਤੀ ਟੁਕੜੀ ਦੇ ਕੁੱਤਿਆਂ ਨੂੰ ਆਪਣਾ ਪਾਲਤੂ ਬਣਾ ਲਿਆ ਸੀ। ਉਹ ਉਸਦੇ ਮਗਰ-ਮਗਰ ਫਿਰਦੇ ਅਤੇ ਜਦੋਂ ਬੁਲਾਉਂਦੀ ਤਾਂ ਆ ਖੜ੍ਹੇ ਹੁੰਦੇ।

ਆਪਣੀ ਤੇਜ਼ ਬੁੱਧੀ ਅਤੇ ਬਹਾਦਰੀ ਸਦਕਾ ਕ੍ਰਿਸਟੀਨ ਵਿੱਚ ਪ੍ਰਰੇਤਿ ਕਰਨ ਅਤੇ ਮਗਰ ਲਾਉਣ ਦਾ ਅਦਭੁਤ ਕਸਬ ਸੀ।

ਸੰਨ 1944 ਵਿੱਚ ਉਹ ਐਲਪਸ ਪਹਾੜਾਂ ਉੱਪਰ ਇੱਕ ਜਰਮਨ ਚੌਕੀ ਵਿੱਚ ਜਾ ਪਹੁੰਚੀ। ਉੱਥੇ ਜਰਮਨੀ ਨੇ ਪੋਲੈਂਡ ਦੇ 63 ਫੌਜੀ ਅਫਸਰਾਂ ਨੂੰ ਧੱਕੇ ਨਾਲ ਆਪਣੀ ਫੌਜ ਵਿੱਚ ਰਲਾ ਲਿਆ ਸੀ।

ਕ੍ਰਿਸਟੀਨ ਨੇ ਇੱਕ ਲਾਊਡ ਸਪੀਕਰ ਵਿੱਚ ਜਰਮਨਾਂ ਦਾ ਸਾਥ ਛੱਡਣ ਲਈ ਕਿਹਾ। ਨਤੀਜੇ ਵਜੋਂ ਜਰਮਨੀ ਦੇ ਕਮਾਂਡਰ ਨੂੰ ਆਤਮ-ਸਮਰਪਣ ਕਰਨਾ ਪਿਆ।

ਉਸੇ ਦਿਨ ਕ੍ਰਿਸਟੀਨ ਨੂੰ ਪਤਾ ਲੱਗਿਆ ਕਿ ਉਸ ਦਾ ਅਫ਼ਸਰ (ਸਪੈਸ਼ਲ ਓਪਰੇਸ਼ਨਜ਼ ਐਗਜ਼ਿਕਿਊਟਿਵ) ਅਤੇ ਪ੍ਰੇਮੀ, ਦੋ ਹੋਰ ਏਜੰਟਾਂ ਸਮੇਤ ਦੱਖਣ-ਪੂਰਬੀ ਫਰਾਂਸ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। (ਅਤੇ) ਫਾਇਰਿੰਗ ਸਕੁਐਡ ਦੇ ਸਾਹਮਣੇ ਖੜ੍ਹੇ ਕਰਕੇ ਗੋਲੀ ਨਾਲ ਮਾਰ ਦਿੱਤੇ ਜਾਣਗੇ।

ਆਪਣੀ ਜਾਨ ਨੂੰ ਤਲੀ ’ਤੇ ਰੱਖ ਕੇ ਕ੍ਰਿਸਟੀਨ ਨੇ ਸਾਰਿਆਂ ਨੂੰ ਰਿਹਾ ਕਰਵਾਇਆ। ਉਹ ਜੇਲ੍ਹਰ ਨੂੰ ਫੀਲਡ ਮਾਰਸ਼ਲ ਮੌਂਟਗੁਮਰੀ ਦੀ ਭਤੀਜੀ ਬਣ ਕੇ ਮਿਲੀ ਅਤੇ ਕਿਹਾ ਕਿ ਅਮਰੀਕਾ ਇੱਕ ਵੱਡੇ ਹਮਲੇ ਦੀ ਤਿਆਰੀ ਵਿੱਚ ਹੈ।

ਫੀਲਡ ਮਾਰਸ਼ਲ ਮੌਂਟਗੁਮਰੀ ਇੱਕ ਸੀਨੀਅਰ ਬ੍ਰਿਟਿਸ਼ ਫ਼ੌਜੀ ਅਫ਼ਸਰ ਸਨ ਜਿਨ੍ਹਾਂ ਨੇ ਦੋਵਾਂ ਵਿਸ਼ਵ ਯੁੱਧ ਲੜੇ ਸਨ।

ਮੌਲੀ ਦੱਸਦੇ, ਇੱਕ ਘੰਟੇ ਦੇ ਅੰਦਰ ਕ੍ਰਿਸਟੀਨ ਨੇ ਉਸ ਦਾ ਤ੍ਰਾਹ ਕੱਢ ਕੇ ਕਿਹਾ ਤੈਨੂੰ ਪਤਾ ਹੈ ਜੇ ਤੂੰ ਇਨ੍ਹਾਂ ਨੂੰ ਮਾਰਿਆ ਤਾਂ ਮੈਂ ਯਕੀਨੀ ਬਣਾਵਾਂਗੀ ਕਿ ਤੂੰ ਵੀ ਲਟਕੇਂ। ਜੇ ਤੂੰ ਮੈਨੂੰ ਕੁਝ ਕੀਤਾ ਤਾਂ ਕਿਸੇ ਖੰਭੇ ਨਾਲ ਲਟਕਦਾ ਹੋਵੇਂਗਾ ਪਰ ਜੇ ਤੂੰ ਮੇਰੀ ਮਦਦ ਕੀਤੀ ਤਾਂ ਮੈਂ ਤੇਰੀ ਗਵਾਹੀ ਦੇਵਾਂਗੀ।”

ਮੌਲੀ ਮੁਤਾਬਕ, “ਔਰਤਾਂ ਦੇ ਇਨ੍ਹਾਂ (ਸੂਹੀਆ) ਮਿਸ਼ਨਾਂ ਵਿੱਚ ਇੰਨਾ ਉਪਯੋਗੀ ਹੋਣ ਦਾ ਇੱਕ ਕਾਰਨ ਸੀ। ਬੰਦਿਆਂ ਤੋਂ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਸੀ। ਇਸ ਲਈ ਜੇ ਕੋਈ ਤੰਦਰੁਸਤ ਬੰਦਾ ਘੁੰਮਦਾ ਪਾਇਆ ਜਾਂਦਾ ਸੀ ਤਾਂ ਉਸ ਉੱਪਰ ਸ਼ੱਕ ਹੋਣਾ ਸੁਭਾਵਿਕ ਸੀ।"

"ਜਦਕਿ ਔਰਤਾਂ ਕਾਰੋਬਾਰ ਚਲਦਾ ਰੱਖਣ ਲਈ ਨਿਕਲਦੀਆਂ ਸਨ। ਉਹ ਆਪਣੇ ਪਰਿਵਾਰਾਂ ਅਤੇ ਸਹੁਰਿਆਂ ਦਾ ਖਿਆਲ ਰੱਖ ਰਹੀਆਂ ਸਨ। ਇਸ ਲਈ ਉਹ ਸਭ ਦੇ ਸਾਹਮਣੇ ਵੀ ਛੁਪੀ ਹੋਈ ਸੀ।”

ਹਾਲਾਂਕਿ ਉਸ ਦੇਸ ਨੇ ਜਿਸ ਲਈ ਕ੍ਰਿਸਟੀਨ ਨੇ ਵਾਰ-ਵਾਰ ਆਪਣੀ ਜਾਨ ਖ਼ਤਰੇ ਵਿੱਚ ਪਾਈ ਉਸ ਨੂੰ ਭੁਲਾ ਦਿੱਤਾ।

ਹੋਟਲਾਂ 'ਚ ਕੰਮ ਕਰਨ ਲਈ ਮਜਬੂਰ

ਮੌਲੀ ਦੱਸਦੇ ਹਨ ਕਿ ਬ੍ਰਿਟੇਨ ਦੇ ਰਿਕਾਰਡ ਵਿੱਚ ਕ੍ਰਿਸਟੀਨ ਬਾਰੇ ਆਖਰੀ ਇੰਦਰਾਜ ਇਹੀ ਕਹਿੰਦਾ ਹੈ, “ਹੁਣ ਉਸ ਦੀ ਲੋੜ ਨਹੀਂ।”

“ਲੋਕ ਜਿਨ੍ਹਾਂ ਨੇ ਸ਼ਾਇਦ ਕਦੇ ਕੋਈ ਜੰਗ ਨਹੀਂ ਲੜੀ ਉਹ ਵੀ ਕ੍ਰਿਸਟੀਨ ਦੇ ਕਾਰਨਾਮਿਆਂ ਉੱਪਰ ਸ਼ੱਕ ਕਰਦੇ ਹਨ। ਉਨ੍ਹਾਂ ਨੂੰ ਲਗਦਾ ਹੈ ਇਹ ਕੁੜੀ ਮਨਘੜਤ ਕਹਾਣੀਆਂ ਬਣਾਉਂਦੀ ਹੈ। ਇਹ ਬੇਹੱਦ ਨਿਰਾਦਰ ਪੂਰਨ ਹਨ। ਲਿੰਗਵਾਦੀ ਹੈ।”

ਸੋਵੀਅਤ ਦੀਆਂ ਸੂਹੀਆ ਏਜੰਸੀਆਂ ਤੋਂ ਖ਼ਤਰਾ ਹੋਣ ਕਾਰਨ ਕ੍ਰਿਸਟੀਨ ਕਮਿਊਨਿਸਟ ਸ਼ਾਸ਼ਿਤ ਪੋਲੈਂਡ ਵਿੱਚ ਵਾਪਸ ਨਾ ਮੁੜ ਸਕੀ। ਜਦਕਿ ਬ੍ਰਿਟੇਨ ਵਿੱਚ ਰਹਿਣ ਲਈ ਉਸਦੇ ਆਰਜੀ ਦਸਤਾਵੇਜ਼ ਨਵਿਆਏ ਨਹੀਂ ਗਏ ਅਤੇ ਕ੍ਰਿਸਟੀਨ ਨੂੰ ਬ੍ਰਿਟੇਨ ਛੱਡਣਾ ਪਿਆ।

ਆਖਰ ਜੰਗ ਵਿੱਚ ਪਾਏ ਆਪਣੇ ਯੋਗਦਾਨ ਬਦਲੇ ਮਿਲੇ ਸਨਮਾਨ (ਜੌਰਜ ਮੈਡਲ ਅਤੇ ਓਬੀਈ) ਸਰਕਾਰ ਨੂੰ ਵਾਪਸ ਕਰਨ ਕ੍ਰਿਸਟੀਨ ਬ੍ਰਿਟੇਨ ਵਾਪਸ ਆਈ। ਇਸ ਨਮੋਸ਼ੀ ਕਾਰਨ ਸਰਕਾਰ ਨੇ ਕ੍ਰਿਸਟੀਨ ਨੂੰ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਅਤੇ ਉਸ ਨੇ ਉਹ ਸਨਮਾਨ ਸਵੀਕਾਰ ਕੀਤੇ।

ਸ਼ੈੱਲਬੋਰਨ ਹੋਟਲ ਵਿੱਚ ਰਹਿੰਦਿਆਂ ਉਸ ਨੇ ਜੰਗ ਦੌਰਾਨ ਕੀਤੇ ਆਪਣੇ ਕਾਰਨਾਮਿਆਂ ਦੇ ਉਲਟ ਬਹੁਤ ਸਾਰੇ ਕੰਮ ਕਰਨੇ ਪਏ।

ਉਸ ਨੇ ਕੈਫਿਆਂ ਵਿੱਚ ਕੰਮ ਕੀਤਾ। ਫਰਾਕਾਂ ਵੇਚੀਆਂ ਅਤੇ ਅਖੀਰ ਨੂੰ ਇੱਕ ਯਾਤਰੀ ਸਮੁੰਦਰੀ ਜਹਾਜ਼ ਵਿੱਚ ਸਫ਼ਾਈ ਸੇਵਕ ਦੀ ਨੌਕਰੀ ਵੀ ਕਰਨੀ ਸਵੀਕਾਰ ਕੀਤੀ।

ਮੌਲੀ ਟਿੱਪਣੀ ਕਰਦੇ ਹਨ, “ਤੁਹਾਨੂੰ ਯਾਦ ਰੱਖਣਾ ਪਵੇਗਾ ਕਿ ਉਹ ਜੰਗ ਦੇ ਸ਼ੁਰੂ ਵਿੱਚ ਸੇਵਾ ਲਈ ਪਹਿਲੀ ਸ਼੍ਰੇਣੀ ਦੇ ਯਾਤਰੀ ਜਹਾਜ਼ ’ਤੇ ਆਪਣੇ ਕੂਟਨੀਤਿਕ ਪਤੀ ਨਾਲ ਬ੍ਰਿਟੇਨ ਆਈ ਸੀ।"

"ਜਦਕਿ ਜੰਗ ਦੇ ਖ਼ਤਮ ਹੋਣ ਤੇ ਉਹ ਗੁਸਲਖਾਨੇ ਸਾਫ਼ ਕਰ ਰਹੀ ਸੀ ਪਰ ਘੱਟੋ-ਘੱਟ ਇਸੇ ਵਿੱਚ ਉਸ ਨੂੰ ਕੁਝ ਅਜ਼ਾਦੀ ਮਹਿਸੂਸ ਹੋਈ ਹੋਵੇਗੀ।”

ਇੱਥੇ ਵੀ ਉਸ ਨਾਲ ਵਿਤਕਰਾ ਹੋਇਆ। ਜਹਾਜ਼ ਦੇ ਕਪਤਾਨ ਨੇ ਆਪਣੇ ਸਟਾਫ਼ ਨੂੰ ਕਿਹਾ ਕਿਵੇਂ ਉਹ ਜੰਗ ਦੌਰਾਨ ਹਾਸਲ ਕੀਤੇ ਆਪਣੇ ਤਮਗੇ ਪਾਉਣ।

ਜੰਗ ਦੌਰਾਨ ਉਹ ਤਿੰਨ ਮੋਰਚਿਆਂ ’ਤੇ ਲੜੀ ਸੀ ਅਤੇ ਕ੍ਰਿਸਟੀਨ ਕੋਲ ਬਹੁਤ ਸਾਰੇ ਤਮਗੇ ਸਨ। ਜਦਕਿ ਉਸਦੇ ਸਹਿਕਰਮੀਆਂ ਨੇ ਉਸ ਨੂੰ ਝੂਠੀ ਕਿਹਾ।

ਮੌਲੀ ਦੱਸਦੇ ਹਨ, “ਉਸਦੇ ਇੱਕ ਔਰਤ ਹੋਣ ਕਾਰਨ ਕੋਈ ਉਸਦਾ ਯਕੀਨ ਨਹੀਂ ਕਰ ਰਿਹਾ ਸੀ। ਉਸ ਦਾ ਲਹਿਜ਼ਾ ਵਿਦੇਸ਼ੀ ਸੀ। ਉਸਦੇ ਕਾਲੇ ਵਾਲ ਸਨ ਅਤੇ ਯਹੂਦੀ ਲਗਦੀ ਸੀ। ਇਨ੍ਹਾਂ ਸਾਰੀਆਂ ਗ਼ਲਤ ਧਾਰਨਾਵਾਂ ਕਾਰਨ ਉਸ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।”

ਇੱਥੇ ਡੈਨਿਸ ਜੌਰਜ ਮੁਲਡੌਵਨੀ ਨਾਂ ਦੇ ਵਿਅਕਤੀ ਨੇ ਉਸਦਾ ਸਾਥ ਦਿੱਤਾ। ਦੋਵਾਂ ਨੇ ਇੱਕ ਰਿਸ਼ਤੇ ਦੀ ਸ਼ੁਰੂਆਤ ਕੀਤੀ ਪਰ ਕ੍ਰਿਸਟੀਨ ਜਲਦੀ ਹੀ ਉਸ ਤੋਂ ਅੱਕ ਗਈ।

ਕੁੰਠਿਤ ਮੁਲਡੌਵਨੀ ਬਾਅਦ ਵਿੱਚ ਕ੍ਰਿਸਟੀਨ ਨੂੰ ਜ਼ਿੰਦਗੀ ਭਰ ਤੰਗ ਕਰਦਾ ਰਿਹਾ ਅਤੇ ਆਖਰ ਉਸ ਨੇ ਕ੍ਰਿਸਟੀਨ ਨੂੰ ਸ਼ੈਲਬਰਨ ਹੋਟਲ ਵਿੱਚ ਮਾਰ ਦਿੱਤਾ।

ਕ੍ਰਿਸਟੀਨ ਦੇ ਆਖਰੀ ਪਲਾਂ ਬਾਰੇ ਮੌਲੀ ਦੱਸਦੇ ਹਨ, “ਉਹ ਪੌੜੀਆਂ ਉਤਰ ਕੇ ਹੇਠਾਂ ਆਈ... ਉਹ ਉਸ ’ਤੇ ਝਪਟਿਆ ਅਤੇ ਉਹ ਚੀਖੀ। ਹਮਲੇ ਤੋਂ ਕੁਝ ਪਲਾਂ ਵਿੱਚ ਹੀ ਉਹ ਸਦਾ ਦੀ ਨੀਂਦ ਸੌਂ ਗਈ। ਛੁਰਾ ਸਿੱਧਾ ਉਸਦੇ ਦਿਲ ਨੂੰ ਚੀਰ ਕੇ ਨਿਕਲ ਗਿਆ ਸੀ।”

ਕਤਲ ਤੋਂ ਦਸ ਹਫ਼ਤੇ ਬਾਅਦ ਮੁਲਡੋਵਨੀ ਨੂੰ ਵੀ ਫਾਂਸੀ ਦੇ ਦਿੱਤੀ ਗਈ। ਇਹ ਕਤਲ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਇਆ ਅਤੇ ਸਮੇਂ ਦੇ ਬੀਤਣ ਨਾਲ ਸਮੇਂ ਦੀ ਗਰਦ ਹੇਠ ਆ ਗਿਆ। ਕ੍ਰਿਸਟੀਨ ਦੀ ਯਾਦ ਭੁਲਾ ਦਿੱਤੀ ਗਈ।

“ਉਹ ਬਹੁਤ ਸਾਰੇ ਵਰਗਾਂ ਦੇ ਦਰਿਮਾਨ ਹੈ।” ਕਿਸੇ ਇੱਕ ਵਿੱਚ ਫਿੱਟ ਨਹੀਂ ਹੁੰਦੀ। ਇਸ ਲਈ ਕੋਈ ਵੀ ਉਸ ਲਈ ਹਾਅ ਦਾ ਨਾਅਰਾ ਨਹੀਂ ਮਾਰ ਰਿਹਾ।

ਮੌਲੀ ਦੱਸਦੇ ਹਨ, “ਉਹ ਇੰਨੀ ਸਰਗਰਮ ਹੈ ਕਿ ਜਨਾਨਾ ਨਹੀਂ ਰਹਿੰਦੀ। ਫਿਰ ਵੀ ਉਹ ਇੰਨੀ ਜਨਾਨਾ ਹੈ ਕਿ ਪੁਰਸ਼ ਸੈਨਿਕ ਦੇ ਚੌਖਟੇ ਵਿੱਚ ਨਹੀਂ ਆਉਂਦੀ। ਪੋਲਿਸ਼ ਲੋਕਾਂ ਲਈ ਉਹ ਪੋਲਿਸ਼ ਸਮਝੇ ਜਾਣ ਲਈ ਬਹੁਤ ਜ਼ਿਆਦਾ ਅੰਗਰੇਜ਼ ਹੈ – ਪੋਲੈਂਡ ਵਿੱਚ ਉਸ ਨੂੰ ਕਦੇ ਕੋਈ ਸਨਮਾਨ ਨਹੀਂ ਮਿਲਿਆ, ਜਦਕਿ ਬ੍ਰਿਟੇਨ ਵਾਸੀਆਂ ਦੇ ਉਸ ਨੂੰ ਸੱਚੀ ਬ੍ਰਿਟਿਸ਼ ਸਮਝਣ ਲਈ ਉਹ ਪੋਲਿਸ਼ ਹੈ।”

ਮੌਲੀ ਦੀ ਕੋਸ਼ਿਸ਼ ਹੈ ਕਿ ਕ੍ਰਿਸਟੀਨ ਗ੍ਰੈਨਵਿਲ ਦੀਆਂ ਪ੍ਰਾਪਤੀਆਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ।

ਉਨ੍ਹਾਂ ਨੇ ਹਾਲ ਹੀ ਵਿੱਚ ਕਦੇ ਸ਼ੈਲਬੌਰਨ ਹੋਟਲ ਰਹੇ, ਨੰਬਰ-1 ਲੈਕਹੈਮ ਗਾਰਡਨਸ ਦੇ ਬਾਹਰ ਇੱਕ ਨੀਲੀ ਫੱਟੀ (ਬਲੂ ਪਲੇਕ) ਲਗਵਾਈ ਹੈ। ਇਹ ਥਾਂ ਅੱਜ ਵੀ ਇੱਕ ਹੋਟਲ ਹੀ ਹੈ।

ਮੌਲੀ ਨੇ ਹੀ ਆਪਣੇ ਯਤਨਾਂ ਸਦਕਾ ਸਤੰਬਰ ਵਿੱਚ ਖੁੱਲ੍ਹੇ ਦਿ ਓ.ਡਬਲਿਊ.ਓ. ਹੋਟਲ ਵਿੱਚ ਗ੍ਰੈਨਵਿਲ ਸੂਇਟ ਸ਼ੁਰੂ ਕਰਵਾਇਆ ਹੈ ਜੋ ਕਿ ਕਦੇ ਵਾਈ੍ਹਟਹਾਲ ਵਿੱਚ ਓਲਡ ਵਾਰ ਆਫਿਸ ਹੁੰਦੀ ਸੀ ।

ਮੌਲੀ ਦੱਸਦੇ ਹਨ, “ਉਹ ਕਿਸੇ ਇੱਕ ਸ਼੍ਰੇਣੀ ਦੀ ਨਹੀਂ ਸੀ। ਉਸਦੀ ਕਹਾਣੀ ਨਾਲ ਵੀ ਮੈਨੂੰ ਲਗਦਾ ਹੈ ਇਹੀ ਹੋਇਆ ਹੈ। ਇਸ ਲਈ ਮੈਂ ਹੀ ਇਕੱਲੀ ਹੀ ਉਸ ਵੱਲੋਂ ਲੜ ਰਹੀ ਹਾਂ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)